ਹਰੀਸ਼ ਪੁਰੀ
ਇਸ ਲੇਖ ਦਾ ਮਕਸਦ ਇਹ ਵਿਚਾਰ ਕਰਨਾ ਹੈ ਕਿ 1947 ਵਿਚ ਭਾਰਤ ਤੇ ਪੰਜਾਬ ਦੀ ਵੰਡ ਦਾ ਉਸ ਵੇਲੇ ਅਛੂਤ ਜਾਂ ਹਰੀਜਨ ਜਾਂ ਪੱਟੀਦਰਜ ਜਾਤੀਆਂ ਕਹੇ ਜਾਂਦੇ ਤਬਕੇ, ਜਿਹਨੂੰ ਅੱਜ ਕੱਲ੍ਹ ਦਲਿਤ ਕਿਹਾ ਜਾਂਦਾ ਹੈ, ਲਈ ਕੀ ਮਤਲਬ ਬਣਦਾ ਸੀ। ਇਸ ਵੰਡ ਦੀ ਸਿਆਸਤ ਵਲ ਦਲਿਤ ਜਮਾਤਾਂ (ਜੱਥੇਬੰਦੀਆਂ) ਦਾ ਕੀ ਰਵੱਈਆ ਸੀ। ਉਸ ਵੇਲੇ ਦੀ ਕੱਟ-ਵੱਢ, ਉਜਾੜੇ, ਲੁੱਟ, ਤਸੀਹੇ, ਜਬਰ-ਜ਼ਨਾਹ ਤੇ ਸ਼ਰਣਾਰਥੀਆਂ ਦੀਆਂ, ਮੁੜ-ਵਸੇਬੇ ਦੀਆਂ ਮੁਸ਼ਕਿਲਾਂ ਬਾਰੇ ਬਹੁਤ ਕੁਝ ਲਿਖਿਆ ਮਿਲ਼ਦਾ ਹੈ। ਕਿਉਂਕਿ ਇਹ ਵੰਡ ਮਜ਼ਹਬੀ ਇਕਾਈਆਂ – ਹਿੰਦੂ, ਮੁਸਲਿਮ, ਸਿੱਖ – ਦੇ ਹਿਸਾਬ ਨਾਲ਼ ਹੋਈ ਸੀ; ਇਸ ਲਈ ਅਛੂਤਾਂ, ਹਰੀਜਨਾਂ ਦੀ ਹੋਣੀ ਦੀ ਕਹਾਣੀ ਅਣਗੌਲ਼ੀ ਰਹਿ ਗਈ। ਇਹ ਕਿਹੜੇ ਪਾਸੇ ਦੇ ਸਨ, ਉਨ੍ਹਾਂ ਦਾ ਇਸ ਵਲ ਕੀ ਨਜ਼ਰੀਆ ਸੀ; ਉਨ੍ਹਾਂ ਦੇ ਹਿਤ ਤੇ ਸੰਸੇ ਕੀ ਸਨ, ਉਸ ਕਤਲ-ਓ-ਗ਼ਾਰਤ ਤੇ ਉਜਾੜੇ ਵਿਚ ਹਰੀਜਨਾਂ, ਦਲਿਤਾਂ ਨਾਲ਼ ਕੀ ਵਾਪਰਿਆ; ਉਨ੍ਹਾਂ ਦਾ ਪੱਖ – ਉਸ ਵੰਡ ਦੀ ਤਾਰੀਖ਼ ਤੇ ਇਸ ਬਾਰੇ ਲਿਖੇ ਸਾਹਿਤ ਵਿਚ ਅਣਡਿੱਠ ਹੀ ਰਿਹਾ। ਇਸ ਚੁੱਪ ਦੇ ਪਿੱਛੇ, ਜਾਂ ਉਰਵਸ਼ੀ ਬੁਤਾਲੀਆ ਦੇ ਕਹਿਣ ਵਾਂਗ ‘ਚੁੱਪ ਦਾ ਦੂਜਾ ਪਾਸਾ’ ਵੇਖਣ ਦੀ ਲੋੜ ਹੈ।
ਉਸ ਭਿਆਨਕ ਕੱਟਾ-ਵੱਢੀ ਵਿਚ ਹਰੀਜਨਾਂ ਦੀ ਹਾਲਤ ਕੀ ਸੀ; ਦੂਜੇ ਗ਼ੈਰ ਦਲਿਤ-ਹਿੰਦੂ, ਮੁਸਲਿਮ ਸਿੱਖਾਂ ਦਾ ਉਨ੍ਹਾਂ ਵੱਲ ਕੀ ਨਜ਼ਰੀਆ ਸੀ, ਤੇ ਉਨ੍ਹਾਂ ਦੀ ਅਪਣੀ ਨਿਗਾਹ ਵਿਚ ਉਨ੍ਹਾਂ ਦੀ ਕੀ ਔਕਾਤ ਸੀ – ਇਸ ਬਾਰੇ ਉਰਵਸ਼ੀ ਬੁਤਾਲੀਆ ਦੀ ਹਰੀਜਨ ਔਰਤ ਮਾਯਾ ਰਾਣੀ ਨਾਲ਼ ਕੀਤੀ ਇੰਟਰਵਿਊ ਦੀ ਗੱਲ ਕਰਨਾ ਮੁਨਾਸਬਿ ਰਹੇਗਾ।
ਮਾਯਾ ਗੁਰਦਾਸਪੁਰ ਜ਼ਿਲੇ ਦੇ ਦੀਨਾ ਨਗਰ ਸ਼ਹਿਰ ਵਿਚ ਹੋਈ ਫ਼ਿਰਕੂ ਮਾਰ-ਧਾੜ ਤੇ ਕਤਲ-ਓ-ਗ਼ਾਰਤ ਦੀ ਬਾਲੜੀ ਗਵਾਹ ਸੀ। ਪਹਿਲਾਂ ਜਦੋਂ ਅਫ਼ਵਾਹ ਫੈਲੀ ਕਿ ਗੁਰਦਾਸਪੁਰ ਜ਼ਿਲਾ ਪਾਕਿਸਤਾਨ ਵਿਚ ਚਲੇ ਗਿਆ ਹੈ, ਤਾਂ ਉਹਨੇ ਵੇਖਿਆ ਕਿ ਮਾਰ-ਧਾੜ ਦਾ ਸ਼ਿਕਾਰ ਹਿੰਦੂ-ਸਿੱਖ ਹੋ ਰਹੇ ਸਨ। ਪਰ ਦੋ-ਤਿੰਨ ਦਿਨਾਂ ਬਾਅਦ ਏਲਾਨ ਹੋਇਆ ਕਿ ਗੁਰਦਾਸਪੁਰ-ਦੀਨਾ ਨਗਰ ਵਗ਼ੈਰਾ ਤਾਂ ਭਾਰਤ ਵਿਚ ਹੀ ਰਹਿਣਗੇ। ਤਦ ਮੁਸਲਮਾਨਾਂ ਉੱਤੇ ਕਹਿਰ ਬਰਸਿਆ, ਕਤਲ ਹੋਏ, ਘਰਾਂ ਨੂੰ ਅੱਗਾਂ ਲੱਗੀਆਂ। ਮਾਯਾ ਨੇ ਇਹ ਸਭ ਕੁਝ ਅੱਖੀਂ ਵੇਖਿਆ ਸੀ। ਮਾਯਾ ਦੀ ਹਮਉਮਰ ਕੋਈ ਗਿਆਰਾਂ ਕੁੜੀਆਂ ਭਾਣੇ ਇਸ ਅਫੜਾ-ਤਫੜੀ ਤੇ ਉੱਜੜੇ – ਜਲ਼ ਰਹੇ ਖ਼ਾਲੀ ਘਰਾਂ ਦੇ ਮਾਹੌਲ ਵਿਚ, ਲੁੱਟ-ਮਾਰ ਕਰਨ ਦੀ ਮੌਜ ਲੱਗ ਗਈ ਸੀ। ਉਹ ਕੋਠੇ ਟੱਪ ਕੇ ਘਰੀਂ ਜਾ ਵੜਦੀਆਂ ਤੇ ਜੋ ਕੁਝ ਹੱਥ ਲੱਗਦਾ ਚੁੱਕ-ਚੁੱਕ ਅਪਣੇ ਘਰਾਂ ਨੂੰ ਲਿਜਾਂਦੀਆਂ ਰਹੀਆਂ। ਉਹਨੇ ਬੁਤਾਲੀਆ ਨੂੰ ਦੱਸਿਆ ਕਿ ਘਰੇਲੂ ਸਾਜ਼ੋ-ਸਾਮਾਨ ਛੋਟੇ-ਵੱਡੇ ਭਾਂਡੇ, ਕੱਪੜਿਆਂ ਦੇ ਥਾਨ, ਰਜ਼ਾਈਆਂ, ਆਟਾ, ਦੇਸੀ ਘਿਉ, ਬਾਦਾਮ ਆਦਿ – ਸਭ ਕੁਝ ਉਨ੍ਹਾਂ ਨੇ ਲੁੱਟਿਆ। ‘ਅਸੀਂ ਗਿਆਰਾਂ ਕੁੜੀਆਂ ਸਾਂ, ਅਸੀਂ ਸਾਰੀਆਂ ਨੇ ਲੁੱਟੇ ਮਾਲ ਨਾਲ਼ ਅਪਣਾ-ਅਪਣਾ ਦਾਜ ਬਣਾ ਲਿਆ।
‘ਤੁਹਾਨੂੰ ਡਰ ਨਹੀਂ ਸੀ ਲੱਗਿਆ?’ ਬੁਤਾਲੀਆ ਨੇ ਪੁੱਛਿਆ। ‘ਨਾ, ਸਾਨੂੰ ਕੋਈ ਡਰ ਨਹੀਂ ਲੱਗਾ’ ਮਾਯਾ ਨੇ ਸਹਿਜ-ਸੁਭਾਅ ਜਵਾਬ ਦਿੱਤਾ। ‘ਹਰ ਕੋਈ ਸਾਨੂੰ ਡਰਾਉਂਦਾ ਸੀ। ਸਾਡੇ ਮਾਪਿਆਂ ਨੇ ਵੀ ਕਿਹਾ ਕਿ ਤੁਹਾਨੂੰ ਕੋਈ ਜਾਨੋਂ ਮਾਰ ਦੇਵੇਗਾ। ਪਰ ਸਾਡੇ ਮਨ ਵਿਚ ਸੀ ਕਿ ਸਾਨੂੰ ਕੀਹਨੇ ਮਾਰਨਾ? ਅਸੀਂ ਤਾਂ ਹਰੀਜਨ ਅਖਵਾਉਂਦੇ ਹਾਂ… ਸਾਨੂੰ ਕੋਈ ਨਹੀਂ ਲਿਜਾ ਸਕਦਾ… ਸਾਨੂੰ ਕੋਈ ਖ਼ਤਰਾ ਨਹੀਂ ਸੀ। ਅਸੀਂ ਤਾਂ ਹਰੀਜਨ ਸਾਂ। ਭਾਵੇਂ ਕਿਤੇ ਪਾਕਿਸਤਾਨ ਬਣੇ ਜਾਂ ਹਿੰਦੋਸਤਾਨ, ਸਾਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ।’
ਬੁਤਾਲੀਆ ਦੇ ਵਿਚਾਰ ਵਿਚ ‘ਮਾਯਾ ਤੇ ਉਹਦੇ ਮਾਪਿਆਂ ਨੂੰ ਇਹ ਬਿਲਕੁਲ ਸਹੀ ਜਾਪਦਾ ਸੀ ਕਿ ਉਹ ਹਰੀਜਨ ਸਨ, ਤੇ ਹਰੀਜਨ ਅਪਣੇ ਆਪ ਨੂੰ ਹਿੰਦੂ, ਈਸਾਈ ਜਾਂ ਇਹੋ-ਜਿਹਾ ਕੁਝ ਹੋਰ ਨਹੀਂ ਸੀ ਸਮਝਦੇ। ਬਲਕਿ ਉਨ੍ਹਾਂ ਦੀ ਅਪਣੀ ਵੱਖਰੀ ਪਛਾਣ ਸੀ; ਕਿ ਹਿੰਦੂ ਸਮਾਜ ਦੀ ਮੁੱਖਧਾਰਾ ਵਿਚ, ਉਨ੍ਹਾਂ ਦਾ ਨਜ਼ਰ ਨਾ ਆਉਣਾ ਇਸੇ ਗੱਲ ’ਤੇ ਟਿਕਿਆ ਸੀ ਕਿ ਉਹ ਹਿੰਦੂ ਸਮਾਜ ਦੀ ਜ਼ਾਤ-ਪਾਤ ਵਾਲ਼ੀ ਵਲਗਣ ਤੋਂ ਬਾਹਰ ਸਨ। ਵੰਡ ਵੇਲੇ ਦੇ ਤਸ਼ੱਦਦ ਵਿਚ ਹਰੀਜਨ ਲੋਕ ਅਲੋਪ ਸਨ।’ ਬੁਤਾਲੀਆ ਮੁਤਾਬਿਕ ਇਹ ਹਾਲਤ ਤਾਂ ‘ਤਾਰੀਖ਼ ਦਾ ਓਹਲਾ’ ਬਣ ਗਈ ਸੀ, ‘ਕਿਉਂ ਜੋ ਤਾਰੀਖ਼ ਦੇ ਲਿਖਣ ਵਿਚ ਵੀ ਇਹ ਲੋਕ ਤਕਰੀਬਨ ਓਹਲੇ (ਅਛੂਤ) ਹੀ ਲੁਕੇ ਰਹੇ।’
2013 ਵਿਚ ਛਪੀ ਇਸ਼ਤਿਆਕ ਅਹਿਮਦ ਦੀ ਪੰਜਾਬ ਦੀ ਵੰਡ ਬਾਰੇ ਕਿਤਾਬ ਵਿਚ ਵੀ ਇਹ ਵਾਜ਼ਿਆ ਕੀਤਾ ਗਿਆ ਕਿ ਉਸ ਵੱਡੇ ਪੈਮਾਨੇ ਦੇ ਘੱਲੂਘਾਰੇ, ਕ਼ਤਲ-ਏ-ਆਮ ਤੇ ਗ਼ੈਰ-ਮੁਸਲਮਾਨਾਂ ਨੂੰ ਬਾਹਰ ਕੱਢੇ ਜਾਣ ਵੇਲੇ ‘ਸਿਰਫ਼ ਅਛੂਤ ਹਿੰਦੂ ਹੀ ਬਚ ਸਕੇ ਸਨ।’
ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਮਿਲ਼ਦੀਆਂ ਹਨ ਕਿ ਵੰਡ ਵੇਲੇ ਦੇ ਕ਼ਤਲ-ਏ-ਆਮ ਵਿਚ ਅਛੂਤ ਜਾਂ ਦਲਿਤ ਉਸ ਤਰ੍ਹਾਂ ਦੇ ਤਸ਼ੱਦਦ ਦਾ ਸ਼ਿਕਾਰ ਨਹੀਂ ਹੋਏ; ਜਿਵੇਂ ਹਿੰਦੂ, ਮੁਸਲਮਾਨ, ਸਿੱਖ ਸ਼ਿਕਾਰ ਹੋਏ ਸਨ। ਜਲੰਧਰ ਸ਼ਹਿਰ ਦੇ ਪਤਵੰਤੇ ਅੰਬੇਡਕਰੀ ਦਲਿਤ ਵਿਦਵਾਨ ਲਾਹੌਰੀ ਰਾਮ ਬਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਵਾਲਿਦ ਨੇ ਦੱਸਿਆ ਸੀ ਕਿ ਚਮਾਰ ਭਾਈਚਾਰੇ ਦੇ ਕੁਝ ਲੋਕਾਂ ਨੇ ਅਪਣੇ ਹੱਥ ਰੰਗ ਕੇ, ਰੰਗ ਵਾਲ਼ੀਆਂ ਬਾਲਟੀਆਂ ਚੁੱਕੀ ਰੱਖੀਆਂ, ਤਾਂ ਕਿ ਸਭਨਾਂ ਨੂੰ ਪਤਾ ਰਹੇ ਕਿ ਇਹ ਤਾਂ ਚਮੜਾ ਰੰਗਣ ਵਾਲ਼ੇ ਚਮਾਰ ਹਨ ਤੇ ਉਹ ਕ਼ਤਲ ਕਰਦੇ ਫਿਰਦੇ ਜੱਥਿਆਂ ਹੱਥੋਂ ਬਚੇ ਰਹਿਣ।
ਉਸ ਤਸ਼ੱਦਦ ਵਿਚ ਦਲਿਤ ਲੋਕਾਂ ਦੇ ਕਾਫ਼ੀ ਹੱਦ ਤਕ ਬਚੇ ਰਹਿਣ ਵਾਲੀ ਗੱਲ ਦਰੁਸਤ ਹੈ, ਪਰ ਇਹ ਉਸ ਵੇਲੇ ਦੀ ਅਸਲੀਅਤ ਦਾ ਸਿਰਫ਼ ਇਕ ਪੱਖ ਹੈ। ਜਿਵੇਂ ਕਿ ਅਸੀਂ ਅੱਗੇ ਚਲ ਕੇ ਵੇਖਾਂਗੇ, ਦਲਿਤ ਜਾਂ ਅਛੂਤ ਲੋਕਾਂ ਨੂੰ ਜਿਹੜੀ ਤਸ਼ੱਦਦ ਤੋਂ ਬਚੇ ਰਹਿਣ ਵਾਲ਼ੀ ਖ਼ੁਸ਼ਫ਼ਹਿਮੀ ਸੀ; ਉਹ ਸਹੀ ਨਹੀਂ ਸੀ। ਪਾਕਿਸਤਾਨ ਵਿੱਚੋਂ ਜਬਰਨ ਬਾਹਰ ਧੱਕੇ ਜਾਣ ਦੀ ਬਜਾਏ ਵੱਡੇ ਪੈਮਾਨੇ ਤੇ ਉਨ੍ਹਾਂ ਨੂੰ ਜਬਰਨ ਮੁਸਲਮਾਨ ਬਣਾਉਣ ਦੀ ਮੁਹਿੰਮ ਚਲਾਈ ਗਈ ਸੀ; ਤਾਂ ਕਿ ਉਨ੍ਹਾਂ ਤੋਂ ਜਹਾਲਤ, ਜ਼ਿੱਲਤ ਤੇ ਜਿਸਮਾਨੀ ਕਸ਼ਟ ਸਹਿੰਦਿਆਂ ਹੋਇਆਂ – ਗੰਦਗੀ ਦੀ ਸਫ਼ਾਈ ਤੇ ਐਸੇ ਹੋਰ ਕੰਮ ਕਰਵਾਏ ਜਾ ਸਕਣ। ਬਾਅਦ ਵਿਚ ਉਨ੍ਹਾਂ ਦੀ ਵੱਡੀ ਗਿਣਤੀ ਦੇ ਨਿਕਾਸ ਤੋਂ ਬਾਅਦ ਸ਼ਰਣਾਰਥੀ ਕੈਂਪਾਂ ਦੇ ਵਿਚ ਜ਼ਾਤ-ਪਾਤ ਦੇ ਵਿਤਕਰੇ ਤੇ ਨਦਾਮਤ ਤੇ ਮੁੜ-ਵਸੇਬੇ ਵਿਚ ਉਨ੍ਹਾਂ ਨੂੰ ਅਛੂਤ ਬਣਾਈ ਰੱਖਣ ਦੀਆਂ ਨੀਤੀਆਂ ਰਾਹੀਂ ਉਨ੍ਹਾਂ ਦੇ ਬਚਾਉ ਵਾਲ਼ੀਆਂ ਉਮੀਦਾਂ ਦਾ ਭੈੜਾ ਮਜ਼ਾਕ ਸਾਬਿਤ ਹੋਈਆਂ। ਪਰ ਇਹ ਸਭ ਕੁਝ ਉਸ ਵੰਡ ਦੇ ਬਿਆਨ ਤੇ ਵੰਡ ਦੇ ਸਾਹਿਤ ਵਿਚ ਅਣਡਿੱਠ ਹੀ ਰਿਹਾ। ਇਸ ਲੇਖ ਦਾ ਮਕਸਦ ਉਨ੍ਹਾਂ ਦੇ ਪੱਖ ਦੇ ਅਲੋਪ ਰਹਿ ਗਏ ਜ਼ਿਕਰ ਦੀ ਘੋਖ ਕਰਨਾ ਹੈ।
ਵੰਡ ਦਾ ਸਵਾਲ ਤੇ ਪੰਜਾਬ ਦੇ ਦਲਿਤਾਂ ਦੀਆਂ ਉਮੰਗਾਂ
ਭਾਰਤ ਦੇ ਅਛੂਤਾਂ ਵਿਚ ਕਿਸੇ ਖ਼ਾਸ ਧਰਮ ਨਾਲ਼ ਲਗਾਉ ਦਾ ਕਾਫ਼ੀ ਦੇਰ ਤੋਂ ਸਾਫ਼ ਪਤਾ ਨਹੀਂ। ਹਿੰਦੂ ਧਰਮ ਤੇ ਸਮਾਜ ਵਿਚ ਇਨ੍ਹਾਂ ਨੂੰ ਚਾਰ ਵਰਣਾਂ ਤੋਂ ਬਾਹਰ ਆਊਟਕਾਸਟ, ਗੰਦੇ ਤੇ ਹੀਣੇ ਗਿਣਿਆ ਜਾਂਦਾ ਸੀ। ਦਲਿਤਾਂ ਨੂੰ ਭਿੱਟੇ, ਉੱਚ ਜ਼ਾਤਾਂ ਤੋਂ ਬਿਲਕੁਲ ਵੱਖਰੇ, ਤੇ ਦੂਰ ਰਹਿਣ ਵਾਲ਼ੇ ਮੰਨਿਆ ਜਾਂਦਾ ਸੀ। ਪੰਜਾਬ ਵਿਚ ਬ੍ਰਾਹਮਣਵਾਦ ਤੇ ਛੂਤ-ਛਾਤ ਦਾ ਅਸਰ ਦੂਜੇ ਸੂਬਿਆਂ ਦੇ ਮੁਕਾਬਲੇ ਕਾਫ਼ੀ ਘੱਟ ਸੀ। ਆਮ ਵਰਤਾਰਾ ਇਸ ਤਰ੍ਹਾਂ ਦਾ ਸੀ ਕਿ ਜਿਨ੍ਹਾਂ ਪਿੰਡਾਂ ਦੀ ਚੌਧਰ ਜ਼ਿਮੀਂਦਾਰ ਮੁਸਲਮਾਨਾਂ ਦੀ ਸੀ, ਉਨ੍ਹਾਂ ਪਿੰਡਾਂ ਵਿਚ ਅਛੂਤ ਕਾਮੇ ਮੁਸਲਮਾਨਾਂ ਵਾਲ਼ੇ ਕਲਚਰ ਵਿਚ ਢਲ਼ ਜਾਂਦੇ ਸਨ ਤੇ ਹਿੰਦੂ ਜਾਂ ਸਿੱਖਾਂ ਦੀ ਅਕਸਰੀਅਤ ਤੇ ਚੌਧਰ ਵਾਲ਼ੇ ਪਿੰਡਾਂ ਵਿਚ ਉਨ੍ਹਾਂ ਵਰਗੇ ਰਸਮੋ-ਰਿਵਾਜ ਅਪਣਾਅ ਲੈਂਦੇ ਸਨ। ਆਰੀਆ ਸਮਾਜ ਦੇ ਸੁਧਾਰਵਾਦੀ ਵਲਵਲੇ ਹੇਠ ਛੂਤ-ਛਾਤ ਨੂੰ ਖ਼ਤਮ ਕਰਨ ਵਾਲ਼ੇ ਪ੍ਰੋਗਰਾਮਾਂ, ਦਲਿਤਾਂ ਲਈ ਤਾਲੀਮ ਤੇ ਸ਼ੁੱਧੀ ਕਰਨ ਦੇ ਜਤਨਾਂ ਨਾਲ਼ ਇਨ੍ਹਾਂ ਦੀ ਕਾਫ਼ੀ ਗਿਣਤੀ ਦਾ ਹਿੰਦੂ ਸ਼ਨਾਖ਼ਤ ਵਲ ਰੁਜਹਾਨ ਬਣ ਗਿਆ ਸੀ। ਪਰ ਜਦੋਂ ਮਾਨਟੈਗੂ-ਚੈਮਸਫ਼ੋਰਡ ਸੁਧਾਰਾਂ ਕਰ ਕੇ ਸਿਆਸੀ ਨੁਮਾਇੰਦਗੀ ਦੀ ਅਹਮੀਅਤ ਨਜ਼ਰ ਆਈ, ਤਾਂ ਪੰਜਾਬ ਦੇ ਦਲਿਤਾਂ ਦੇ ਤਰੱਕੀਯਾਫ਼ਤਾ ਚਮਾਰਾਂ ਵਿਚ ਅਪਣੀ ਵੱਖਰੀ ਪਛਾਣ ਤੇ ਸਿਆਸੀ ਨੁਮਾਇੰਦਗੀ ਦੀ ਲਹਿਰ ਸ਼ੁਰੂ ਹੋ ਗਈ। 1926 ਵਿਚ ਹੁਸ਼ਿਆਰਪੁਰ ਜ਼ਿਲੇ ਦੇ ਮੂਗੋਵਾਲ ਪਿੰਡ ਵਿਚ ਵੱਡੀ ਕਾਨਫ਼ਰੰਸ ਹੋਈ। ਇੱਥੇ ਇਨਕਲਾਬੀ ਫ਼ੈਸਲਾ ਕੀਤਾ ਗਿਆ ਕਿ ਦਲਿਤਾਂ ਦਾ ਵੱਖਰਾ ਧਰਮ ‘ਆਦਿ-ਧਰਮ’ ਬਣਾਇਆ ਜਾਵੇ। ਇਹ ਦਾਅਵਾ ਪੇਸ਼ ਕੀਤਾ ਗਿਆ ਕਿ ਅਛੂਤ ਵੱਖਰੀ ‘ਕੌਮ’ ਹਨ – ਉਸੇ ਤਰ੍ਹਾਂ, ਜਿਵੇਂ ਹਿੰਦੂ, ਮੁਸਲਮਾਨ, ਸਿੱਖ ਖ਼ਾਸ ਕੌਮਾਂ ਹਨ। ਪਾਸ ਕੀਤੇ ਮਤੇ ਵਿਚ ਸਾਫ਼ ਏਲਾਨ ਕੀਤਾ ਗਿਆ:
‘‘ਅਸੀਂ ਹਿੰਦੂ ਨਹੀਂ ਹਾਂ। ਅਸੀਂ ਸਰਕਾਰ ਨੂੰ ਪੁਰਜ਼ੋਰ ਦਰਖ਼ਾਸਤ ਕਰਦੇ ਹਾਂ ਕਿ ਸਾਨੂੰ ਹਿੰਦੂ ਨਾ ਸਮਝਿਆ ਜਾਵੇ। ਸਾਡਾ ਧਰਮ ਹਿੰਦੂ ਨਹੀਂ, ਆਦਿ-ਧਰਮ ਹੈ। ਅਸੀਂ ਹਿੰਦੂਆਂ ਦਾ ਹਿੱਸਾ ਨਹੀਂ ਹਾਂ ਤੇ ਹਿੰਦੂ ਸਾਡੇ ਵਿੱਚੋਂ ਨਹੀਂ ਹਨ। ਅਸੀਂ ਇਸ ਦੇਸ਼ ਦੇ ਆਦਿਵਾਸੀ ਹਾਂ ਤੇ ਸਾਡਾ ਧਰਮ ਆਦਿ-ਧਰਮ ਹੈ।’’
ਇਸ ਤਨਜ਼ੀਮ ਦਾ ਲੀਡਰ ਮੰਗੂ ਰਾਮ ਸੀ। ਉਸ ਵੇੇਲੇ ਸਿਆਸੀ ਪਾਰਟੀਆਂ ਵਿਚ ਫ਼ਿਰਕਾਪ੍ਰਸਤੀ ਤੇ ਬਰਤਾਨਵੀ ਸਰਕਾਰ ਦੇ ਖ਼ਿਲਾਫ਼ ਜੋਸ਼ ਵਧ ਰਿਹਾ ਸੀ। ਇਸ ਉਭਾਰ ਦੇ ਉਲ਼ਟ ਆਦਿ-ਧਰਮ ਮੰਡਲ ਨੇ ਅੰਗ੍ਰੇਜ਼ ਸਰਕਾਰ ਨਾਲ਼ ਪੂਰੀ ਵਫ਼ਾਦਾਰੀ ਦਾ ਏਲਾਨ ਕੀਤਾ ਕਿ ‘‘ਅਸੀਂ ਹਮੇਸ਼ਾ ਹੀ ਵਫ਼ਾਦਾਰ ਸੀ, ਹਾਂ, ਤੇ ਅੱਗੇ ਨੂੰ ਵੀ ਰਹਾਂਗੇ।’’
ਇਸ ਤੋਂ ਇਲਾਵਾ ਆਦਿ-ਧਰਮ ਮੰਡਲ ਦੀ ਰੀਪੋਰਟ 1926-1931 ਵਿਚ ਇਹ ਚੇਤਾਵਨੀ ਦਿੱਤੀ ਗਈ ਕਿ ‘‘ਜਦੋਂ ਤਕ ਅਛੂਤ ਦੂਜਿਆਂ ਦੇ ਬਰਾਬਰ ਤੇ ਆਜ਼ਾਦ ਨਹੀਂ ਹੋ ਜਾਂਦੇ, ਓਨਾ ਚਿਰ ਭਾਰਤ ਨੂੰ ਆਜ਼ਾਦੀ ਨਾ ਦਿੱਤੀ ਜਾਵੇ। ਨਹੀਂ ਤਾਂ ਬਰਤਾਨਵੀ ਰਾਜ ਲਈ ਇਹ ਬੇਇਜ਼ਤੀ ਵਾਲ਼ੀ ਗੱਲ ਹੋਵੇਗੀ।’’
ਮੰਗੂ ਰਾਮ (1886-1980)
1929 ਵਿਚ ਆਦਿ-ਧਰਮ ਮੰਡਲ ਨੇ ਸਰਕਾਰ ਕੋਲ਼ੋਂ ਮੰਗ ਕੀਤੀ ਸੀ ਕਿ ਆਦਿ-ਧਰਮ ਨੂੰ ਅਲੱਗ ਧਰਮ ਮੰਨ ਲਿਆ ਜਾਵੇ ਤੇ ਆਉਣ ਵਾਲ਼ੀ 1931 ਦੀ ਮਰਦਮਸ਼ੁਮਾਰੀ ਵਿਚ ਅਛੂਤਾਂ ਨੂੰ ਖੁੱਲ੍ਹ ਦਿੱਤੀ ਜਾਵੇ ਕਿ ਅਪਣੇ ਆਪ ਨੂੰ ਆਦਿ-ਧਰਮ ਦੇ ਪੈਰੋਕਾਰ ਦਸ ਸਕਣ। ਉਨ੍ਹਾਂ ਦਾ ਸੁਝਾਅ ਮੰਨ ਲਿਆ ਗਿਆ ਤੇ ਇਸ ਮਰਦਮਸ਼ੁਮਾਰੀ ਵਿਚ 4 ਲੱਖ 18 ਹਜ਼ਾਰ 789 ਅਛੂਤ ਲੋਕਾਂ ਨੇ ਅਪਣੇ ਆਪ ਨੂੰ ਆਦਿਧਰਮੀ ਲਿਖਵਾਇਆ; ਹਿੰਦੂ ਜਾਂ ਸਿੱਖ ਨਹੀਂ। ਇਹ ਸਮਾਂ ਆਦਿ-ਧਰਮ ਦੀ ਵੱਖਰੀ ਪਛਾਣ ਤੇ ਹਠਧਰਮੀ ਦੀ ਚੜ੍ਹਤ ਦਾ ਸਿਖਰ ਸੀ। 1937 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਦਿਧਰਮ ਮੰਡਲ ਦੀ ਹਿਮਾਇਤ ਵਾਲ਼ੀਆਂ 8 ਰਿਜ਼ਰਵਡ ਸੀਟਾਂ ਵਿੱਚੋਂ 7 ਉਮੀਦਵਾਰ ਕਾਮਯਾਬ ਹੋ ਗਏ ਸਨ। ਪੰਜਾਬ ਦੀ ਯੂਨੀਅਨਿਸਟ ਪਾਰਟੀ ਦੀ ਸਰਕਾਰ ਮੁਸਲਿਮ ਲੀਗ ਦੀ ਪਾਕਿਸਤਾਨ ਵਾਲੀ ਮੰਗ ਦੇ ਖ਼ਿਲਾਫ਼ ਸੀ ਤੇ ਮੰਗੂ ਰਾਮ ਇਸ ਪਾਰਟੀ ਦੇ ਨਾਲ਼ ਖਲੋਤਾ ਸੀ।
ਵੰਡ ਬਾਰੇ ਅੰਬੇਡਕਰ ਦੇ ਵਿਚਾਰ ਤੇ ਅਛੂਤਾਂ ਦੀ ਦੁਚਿੱਤੀ
ਦਲਿਤਾਂ ਦਾ ਸਿਰਕੱਢ ਨੇਤਾ ਬੀ.ਆਰ. ਅੰਬੇਡਕਰ ਉਨ੍ਹਾਂ ਸਭ ਤੋਂ ਮੁੱਢਲੇ ਨੇਤਾਵਾਂ ਵਿੱਚੋਂ ਸੀ, ਜਿਨ੍ਹਾਂ ਨੇ ਪਾਕਿਸਤਾਨ ਦਾ ਸਵਾਲ ਬਹੁਤ ਸੰਜੀਦਗੀ ਨਾਲ਼ ਵਿਚਾਰਿਆ ਸੀ। ਮੁਸਲਿਮ ਲੀਗ ਨੇ 23 ਮਾਰਚ 1940 ਨੂੰ ਲਹੌਰ ਵਿਚ ਪਾਕਿਸਤਾਨ ਦੀ ਮੰਗ ਦਾ ਮਤਾ ਪਾਸ ਕੀਤਾ ਤੇ ਅੰਬੇਡਕਰ ਦੀ ਇੰਡੀਅਨ ਲੇਬਰ ਪਾਰਟੀ ਦੀ ਐਗਜ਼ੈਕਟਿਵ ਨੇ ਇਕਦਮ ਫ਼ੈਸਲਾ ਕੀਤਾ ਕਿ ਇਸ ਮਾਮਲੇ ਵਿਚ ਦਲਿਤਾਂ ਦੀ ਧਿਰ ਦਾ ਰਵੱਈਆ ਕੀ ਹੋਵੇ, ਇਸ ਬਾਰੇ ਸੋਚ ਸਮਝ ਕੇ ਫ਼ੈਸਲਾ ਕੀਤਾ ਜਾਵੇ। ਅੰਬੇਡਕਰ ਨੇ ਜ਼ਿੰਮੇਵਾਰੀ ਚੁੱਕੀ ਤੇ ਦਸੰਬਰ 1940 ਦੇ ਅਖ਼ੀਰ ਵਿਚ ‘ਥੌਟਸ ਔਨ ਪਾਕਿਸਤਾਨ’ (ਪਾਕਿਸਤਾਨ ਬਾਰੇ ਵਿਚਾਰ) ਨਾਂ ਦੀ 380 ਸਫ਼ੇ ਦੀ ਕਿਤਾਬ ਤਿਆਰ ਕਰ ਦਿੱਤੀ। ਮੁਸਲਿਮ ਲੀਗ ਦੀਆਂ ਦਲੀਲਾਂ ਤੇ ਹਿੰਦੂਆਂ ਦੇ ਏਤਰਾਜ਼ਾਂ ਬਾਰੇ ਗਹਿਰਾਈ ਨਾਲ਼ ਵਿਚਾਰ ਕਰਦਿਆਂ ਤੇ ਸਮੱਸਿਆ ਦੇ ਵੱਖ-ਵੱਖ ਮੁਮਕਿਨ ਹੱਲਾਂ ਦੀ ਨਿਰਪੱਖ ਢੰਗ ਨਾਲ਼ ਘੋਖ ਕਰਦਿਆਂ ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦਾ ਬਣਾਇਆ ਜਾਣਾ ਲਾਜ਼ਿਮੀ ਹੈ। ‘ਭਾਰਤ ਇਕ ਨੇਸ਼ਨ ਨਹੀਂ ਹੈ। ਇਸ ਵਿਚ ਦੋ ਕੌਮਾਂ ਹਨ, ਤੇ ਦੋਵਾਂ ਵਿਚ ਆਪਸੀ ਸਮਝੌਤੇ ਦੇ ਇਮਕਾਨ ਨਾ ਹੋਣ ਕਾਰਣ ਵੰਡ ਰਾਹੀਂ ਪਾਕਿਸਤਾਨ ਇਕ ਵੱਖਰਾ ਮੁਲਕ ਬਣਾਇਆ ਜਾਣਾ ਦੋਵਾਂ ਕੌਮਾਂ ਦੇ ਹਿਤ ਵਿਚ ਹੋਵੇਗਾ।’ ਅੰਬੇਡਕਰ ਨੂੰ ਇਸ ਗੱਲ ਦਾ ਫ਼ਖ਼ਰ ਸੀ ਕਿ ਉਹ ਅਸਲ ਵਿਚ ‘ਪਾਕਿਸਤਾਨ ਦਾ ਫ਼ਿਲਾਸਫ਼ਰ’ ਬਣ ਗਿਆ ਸੀ। ਉਹਦਾ ਵਿਚਾਰ ਸੀ ਕਿ ‘ਇਹ ਮੇਰੀ ਕਿਤਾਬ ਹੀ ਸੀ ਜਿਹਨੇ ਜਿਨਾਹ ਨੂੰ ਪਾਕਿਸਤਾਨ ਦੀ ਮੰਗ ਬਾਰੇ ਵਿਚਾਰ ਤੇੇ ਨੁਕਤੇ ਸੁਝਾਏ ਸਨ।’
ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੰਬੇਡਕਰ ਨੇ ਇਹ ਵਿਚਾਰ ਨਹੀਂ ਸੀ ਕੀਤਾ ਕਿ ਇਸ ਤਰ੍ਹਾਂ ਦੀ ਵੰਡ ਵਿਚ ਦਲਿਤਾਂ ਅਛੂਤਾਂ ਦਾ ਪੱਖ ਤੇ ਹੋਣੀ ਕੀ ਹੋਵੇਗੀ। ਉਹ ਕਿੱਧਰ ਦੇ ਸਨ? ਜਦੋਂ ਹਿੰਦੂ-ਮੁਸਲਮਾਨਾਂ ਦਾ ਧਰਮ ਦੇ ਹਿਸਾਬ ਲੋਕਾਂ ਦਾ ਤਬਾਦਲਾ ਹੋਵੇਗਾ, ਤਾਂ ਉਨ੍ਹਾਂ ਵਿਚਲੇ ਅਛੂਤ ਲੋਕ ਕਿਹੜੇ ਪਾਸੇ ਦੇ ਹੋਣਗੇ। ਜਦੋਂ ਹਾਲਾਤ ਕਾਫ਼ੀ ਵਿਗੜ ਗਏ ਤੇ ਧਾਰਮਿਕ ਫ਼ਿਰਕਿਆਂ ਦੇ ਹਿਸਾਬ ਨਾਲ਼ ਵੰਡ ਕੀਤੇ ਜਾਣ ਦਾ ਵੇਲਾ ਆ ਗਿਆ, ਤਾਂ ਦਲਿਤ ਲੀਡਰ ਤੇ ਦਲਿਤ ਜੱਥੇਬੰਦੀਆਂ ਲਈ ਸੋਚਣਾ ਬਣ ਗਿਆ ਕਿ ਉਨ੍ਹਾਂ ਦਾ ਫ਼ੈਸਲਾ ਕੀ ਹੋਵੇ। ਅੰਬੇਡਕਰ ਦੀ ਸਿਆਸੀ ਜੱਦੋਜਹਿਦ ਦਾ ਕੇਂਦਰੀ ਮੁੱਦਾ ਇਹ ਸੀ ਕਿ ਅਛੂਤਾਂ ਨੂੰ, ਮੁਸਲਮਾਨਾਂ ਤੇ ਈਸਾਈਆਂ ਵਾਂਗ, ਇਕ ਮਿਨੌਰਿਟੀ – ਅਕਲੀਅਤ – ਧਿਰ ਮੰਨਿਆ ਜਾਵੇ, ਤੇ ਇਸ ਤਰ੍ਹਾਂ ਉਨ੍ਹਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ। ਸਿਆਸੀ ਲੇਖਾ-ਜੋਖਾ ਕਰਦਿਆਂ ਉਨ੍ਹਾਂ ਨੂੰ ਮੁਸਲਿਮ ਮਿਨੌਰਿਟੀ ਨਾਲ਼ ਗੱਠਜੋੜ ਕਰਨਾ ਮੁਨਾਸਬਿ ਲੱਗਦਾ ਸੀ। 1931 ਦੀ ਗੋਲ਼ ਮੇਜ਼ ਕਾਨਫਰੰਸ ਵੇਲੇ ਵੀ ਉਨ੍ਹਾਂ ਨੇ ਦੂਜੀਆਂ ਮਿਨੌਰਿਟੀ ਕਮਿਊਨੀਟੀਜ਼ ਨਾਲ਼ ਮਿਲ ਕੇ ‘ਮਿਨੌਰਿਟੀ ਪੈਕਟ’ ਤਿਆਰ ਕੀਤਾ ਸੀ। ਉਸੇ ਆਧਾਰ ’ਤੇ 1932 ਦਾ ‘ਕਮਿਊਨਲ ਐਵਾਰਡ’ ਦਿੱਤਾ ਗਿਆ ਸੀ, ਜਿਹਦਾ ਮਹਾਤਮਾ ਗਾਂਧੀ ਨੇ ਵਿਰੋਧ ਕੀਤਾ ਸੀ ਤੇ ਅੰਤ ਵਿਚ ਪੂਨਾ ਸਮਝੌਤਾ ਕਰਨਾ ਪਿਆ ਸੀ। ਅੰਬੇਡਕਰ ਦੀ ਪੱਕੀ ਧਾਰਣਾ ਬਣ ਗਈ ਸੀ ਕਿ ਹਿੰਦੂ ਸਮਾਜ ਵਿਚ ਅਛੂਤਾਂ ਨੂੰ ਇਨਸਾਫ਼ ਜਾਂ ਇਜ਼ਤ ਮਿਲਣ ਦਾ ਕੋਈ ਇਮਕਾਨ ਨਹੀਂ। ਇਸੇੇ ਲਈ 1935 ਵਿਚ ਅੰਬੇਡਕਰ ਨੇ ਏਲਾਨ ਕੀਤਾ ਕਿ ਉਹਦਾ ਜਨਮ ਤਾਂ ਹਿੰਦੂ ਸਮਾਜ ਵਿਚ ਹੋਇਆ, ਪਰ ਮੌਤ ਤੋਂ ਪਹਿਲਾਂ ਹਿੰਦੂ ਧਰਮ ਤੋਂ ਬਾਹਰ ਹੋ ਜਾਣਗੇ। ਉਨ੍ਹਾਂ ਦਾ ਵੱਡਾ ਤੌਖਲਾ ਇਹ ਸੀ ਕਿ ਸਵਰਾਜ ਜਾਂ ਆਜ਼ਾਦੀ ਤੋਂ ਬਾਅਦ ਹਿੰਦੂ ਬਹੁਮਤ ਦੀ ਧੌਂਸ ਤੇ ਦਬਾਉ ਵਾਲ਼ੇ ਮਾਹੌਲ ਵਿਚ ਅਛੂਤਾਂ ਦੇ ਭਾਗ ਬਹੁਤ ਮਾੜੇ ਹੋਣਗੇ। (ਦਲਿਤ ਅੱਜ ਸੋਚਦੇ ਹੋਣਗੇ ਕਿ ਅੰਬੇਡਕਰ ਦਾ ਡਰ ਤੇ ਫ਼ਿਕਰ ਕਿੰਨਾ ਸੱਚਾ ਸੀ।) ਇਸ ਡਰ ਕਾਰਣ ਅੰਬੇਡਕਰ ਦਾ ਝੁਕਾਅ ਕੁਝ-ਕੁਝ ਜਿਨਾਹ ਦੀ ਮੁਸਲੀਮ ਲੀਗ ਵੱਲ ਹੋ ਗਿਆ ਸੀ। ਬੰਗਾਲ ਦੇ ਸੂਬੇ ਵਿਚ ਤਾਂ ਅੰਬੇਡਕਰ ਦੀ ਕੁਲ ਹਿੰਦ ਸ਼ੈਡਿਉਲਡ ਕਾਸਟ ਫ਼ੈਡਰੇਸ਼ਨ ਨੇ ਮੁਸਲਿਮ ਲੀਗ ਨਾਲ਼ ਸਿੱਧਾ ਸਮਝੌਤਾ ਕਰ ਲਿਆ ਸੀ। ਪਰ ਜਦੋਂ ਕੈਬਿਨੇਟ ਮਿਸ਼ਨ ਪਲੈਨ ਦਾ ਏਲਾਨ ਹੋਇਆ, ਤਾਂ ਇਸ ਪਲੈਨ ਦਾ ਜ਼ੋਰਦਾਰ ਵਿਰੋਧ ਕਰਦਿਆਂ ਮਤਾ ਪਾਸ ਕੀਤਾ ਗਿਆ ਸੀ ਕਿ ‘ਪੱਟੀਦਰਜ ਜਾਤੀਆਂ ਨੂੰ ਕੋਈ ਆਈਨ ਮੰਨਜ਼ੂਰ ਨਹੀਂ ਹੋਏਗਾ, ਜਦੋਂ ਤਕ ਇਹ ਮੰਨ ਨਾ ਲਿਆ ਜਾਵੇ ਕਿ ਪੱਟੀਦਰਜ ਜਾਤੀਆਂ, ਹਿੰਦੂ ਸਮਾਜ ਤੋਂ ਵੱਖਰੀ ਖ਼ਾਸ ਪਛਾਣ ਵਾਲ਼ੀ, ਭਾਰਤ ਦੇ ਕੌਮੀ ਜੀਵਨ ਦੀ ਅਹਿਮ ਧਿਰ ਹੈ।’
ਪਰ 1946 ਦੀਆਂ ਚੋਣਾਂ ਤੋਂ ਬਾਅਦ ਏ.ਆਈ.ਐੱਸ.ਐੱਫ਼ ਦੀ ਸਿਆਸੀ ਤਾਕਤ ਘੱਟ ਗਈ ਸੀ। ਜਿਸ ਵੇਲੇ ਭਾਰਤ ਦੀ ਤਕਸੀਮ ਦਾ ਹੋ ਜਾਣਾ ਤੈਅ ਹੋ ਗਿਆ, ਤਦ ਅੰਬੇਡਕਰ ਤੇ ਉਹਦੀ ਪਾਰਟੀ ਲਈ ਵੱਡਾ ਮਸਲਾ ਬਣ ਗਿਆ। ਉਹਦੇ ਵਿਚਾਰ ਵਿਚ ਮੁੱਖ ਮੁੱਦਾ ਪੱਟੀਦਰਜ ਜਾਤੀਆਂ ਦੀ ਸਿਆਸੀ ਤਾਕਤ ਦਾ ਸੀ – ਜੇ ਤਾਕਤ ਵਿਚ ਹਿੱਸਾ ਹੋਵੇ, ਤਦ ਹੀ ਇਨ੍ਹਾਂ ਦੇ ਸਮਾਜੀ-ਸਕਾਫ਼ਤੀ ਰੁੱਤਬੇ ਦੀ ਉਮੀਦ ਹੋ ਸਕਦੀ ਸੀ। ਅੰਬੇਡਕਰ ਨੂੰ ਹਿੰਦੂ ਲੀਡਰਾਂ ਤੇ ਕਾਂਗਰਸ ਪਾਰਟੀ ਦਾ ਰਤਾ ਯਕੀਨ ਨਹੀਂ ਸੀ। ਜਿੱਨਾਹ ਨੇ ਐਸੀ ਉਮੀਦ ਦੀ ਕਿਰਣ ਦਿਖਾਈ ਸੀ ਕਿ ਪਾਕਿਸਤਾਨ ਵਿਚ ਅਛੂਤ ਲੋਕਾਂ ਨਾਲ਼ ਬੇਹਤਰ ਸਲੂਕ ਕੀਤਾ ਜਾਵੇਗਾ। ਅੰਬੇਡਕਰ ਨੂੰ ਲੀਗ ਉੱਤੇ ਵੀ ਯਕੀਨ ਨਹੀਂ ਸੀ, ਪਰ ਤਾਂ ਵੀ ਇੰਜ ਜਾਪਦਾ ਸੀ ਕਿ ਸ਼ਾਇਦ ਮੁਸਲਮਾਨਾਂ ਦਾ ਅਛੂਤਾਂ ਵੱਲ ਰਵੱਈਆ ਹਿੰਦੂਆਂ ਨਾਲ਼ੋਂ ਚੰਗਾ ਰਹੇ। ਇਸ ਦੁਚਿੱਤੀ ਦੀ ਹਾਲਤ ਵਿਚ ਯੂ.ਪੀ. ਦੀ ਏ.ਆਈ.ਐਸ.ਐਫ਼ ਨੇ ਵੀ ਬੰਗਾਲ ਪਾਰਟੀ ਸ਼ਾਖਾ ਵਾਂਗ ਲੀਗ ਨਾਲ਼ ਗੱਠਜੋੜ ਕਰ ਲਿਆ। ਪਰ ਸੰਸੇ ਬਣੇ ਰਹੇ। ਉਹਨੇ 2 ਜੂਨ 1947 ਦੀ ਜੋਗੇਂਦਰਨਾਥ ਮੰਡਲ ਨੂੰ ਲਿਖੀ ਚਿੱਠੀ ਵਿਚ ਅਪਣੇ ਖ਼ਦਸ਼ੇ ਦੀ ਗੱਲ ਫੇਰ ਦੁਹਰਾਈ:
‘ਪੱਟੀਦਰਜ ਜਾਤੀਆਂ ਦਰਅਸਲ ਇਸ ਤਕਸੀਮ ਦੇ ਸਵਾਲ ਦਾ ਕੋਈ ਠੋਸ ਹੱਲ ਨਹੀਂ ਕਰ ਸਕਦੀਆਂ। ਨਾ ਤੇ ਉਹ ਇਸ ਤਕਸੀਮ ਲਈ ਜ਼ੋਰ ਪਾ ਸਕਦੀਆਂ ਹਨ ਤੇ ਨਾ ਹੀ ਇਹਨੂੰ ਰੋਕ ਸਕਦੀਆਂ ਹਨ…। ਪੱਟੀਦਰਜ ਜਾਤੀਆਂ ਲਈ ਇੱਕੋ-ਇਕ ਰਸਤਾ ਇਹ ਹੈ ਕਿ ਉਨ੍ਹਾਂ ਦੇ ਹਿੱਤਾਂ (ਸੇਫ਼ਗਾਰਡਜ਼) ਲਈ ਜੂਝਿਆ ਜਾਵੇ। … ਮੇਰਾ ਖ਼ਿਆਲ ਇਹ ਹੈ ਕਿ ਮੁਸਲਮਾਨ ਪੱਟੀਦਰਜ ਜਾਤੀਆਂ ਦੇ ਹਿੰਦੂਆਂ ਨਾਲ਼ੋਂ ਵੱਡੇ ਦੋਸਤ ਨਹੀਂ ਹਨ। ਪਰ ਤਾਂ ਵੀ ਉਹ ਪੱਟੀਦਰਜ ਜਾਤੀਆਂ ਲਈ ਵੱਖਰੇ ਚੋਣ ਹਲਕੇ ਬਣਾਉਣ ਲਈ ਰਾਜ਼ੀ ਹੋ ਜਾਣਗੇ, ਕਿਉਂ ਜੋ ਉਹ ਆਪ ਵੀ ਅਪਣੀ ਮਿਨੌਰਿਟੀ ਲਈ ਵੱਖਰੇ ਚੋਣ ਹਲਕੇ ਚਾਹੁੰਦੇ ਹਨ।’’
ਪਰ ਪੱਟੀਦਰਜ ਜਾਤੀਆਂ ਦੀ ਦੂਜੀ ਤਨਜ਼ੀਮ ਜਗਜੀਵਨ ਰਾਮ ਵਾਲ਼ੀ ਡੀਪ੍ਰੈੱਸਡ ਕਲਾਸਿਜ਼ ਲੀਗ ਮੁਸਲਿਮ ਲੀਗ ਦੇ ਖ਼ਿਲਾਫ਼ ਕਾਂਗਰਸ ਪਾਰਟੀ ਨਾਲ਼ ਜੁੜੀ ਹੋਈ ਸੀ।
ਪੰਜਾਬ ਵਾਲ਼ੀ ਪੱਟੀਦਰਜ ਜਾਤੀਆਂ ਦੀ ਫ਼ੈਡਰੇਸ਼ਨ ਦੀ ਸ਼ਾਖ਼ਾ ਨੇ ਵੀ ਪੰਜਾਬ ਦੀ ਵੰਡ ਦੇ ਸਵਾਲ ’ਤੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ। ਪਰ ਦਿਲਚਸਪ ਗੱਲ ਇਹ ਹੈ ਕਿ ਏਸੇ ਪੱਟੀਦਰਜ ਜਾਤੀਆਂ ਦੀ ਫ਼ੈਡਰੇਸ਼ਨ ਦੇ ਸਰਕਰਦਾ ਨੇਤਾ ਐੱਨ. ਰਾਜਭੋਜ ਨੇ ਅਛੂਤ ਲੋਕਾਂ ਲਈ ਵੱਖਰੇ ਅਛੂਤਿਸਤਾਨ ਦੀ ਮੰਗ ਪੇਸ਼ ਕਰ ਦਿੱਤੀ। ਉਹ ਦੀ ਦਲੀਲ ਇਹ ਸੀ:
‘‘ਪੱਟੀਦਰਜ ਜਾਤੀਆਂ ਦੀ ਹਿੰਦੂ (ਉੱਚ) ਜਾਤੀਆਂ ਨਾਲ਼ ਕੋਈ ਸਾਂਝ ਨਹੀਂ ਹੈ। ਤੇ ਦੂਜੇ ਪਾਸੇ ਸਿੱਖ ਵੀ ਅਸਲ ਵਿਚ ਹਿੰਦੂਆਂ ਦੇ ਹੀ ਨਹੁੰ-ਮਾਸ ਹਨ। ਪੱਟੀਦਰਜ ਜਾਤੀਆਂ ਦੀ ਸੰਖਿਆਂ, ਮਜ਼੍ਹਬੀ ਸਿੱਖਾਂ ਨੂੰ ਮਿਲ਼ਾ ਕੇ, ਸਿੱਖਾਂ ਦੀ ਗਿਣਤੀ ਦੇ ਬਰਾਬਰ ਹੈ। ਇਸ ਲਈ ਜੇ ਪੰਜਾਬ ਦੀ ਵੰਡ ਕਰਨੀ ਹੋਵੇ, ਤਾਂ ਇਹ ਤਿੰਨ ਹਿੱਸਿਆਂ ਵਿਚ ਹੋਣੀ ਚਾਹੀਦੀ ਹੈ – ਯਾਨੀ ਮੁਸਲਿਮ ਪੰਜਾਬ, ਸਿੱਖ-ਹਿੰਦੂ ਪੰਜਾਬ ਤੇ ਪੱਟੀਦਰਜ ਜਾਤੀਆਂ ਦਾ ਪੰਜਾਬ।’’
ਨਵੰਬਰ 1946 ਤੱਕ ਪੱਟੀਦਰਜ ਜਾਤੀਆਂ ਦੇ ਕੁਝ ਲੋਕਾਂ ਨੇ ਕੁਲ-ਹਿੰਦ ਅਛੂਤਸਤਾਨ ਮੋਰਚਾ ਲਾ ਦਿੱਤਾ। ਪੰਜਾਬ ਦੇ ਬਰਤਾਨਵੀ ਗਵਰਨਰ ਨੂੰ ਲਿਖੀ ਲੰਬੀ ਚਿੱਠੀ ਰਾਹੀਂ ਇਸ ਤਹਰੀਕ ਦੇ ਬਾਨੀ ਬੀਆਹ ਲਾਲ ਨੇ ਦਲੀਲ ਪੇਸ਼ ਕੀਤੀ ਕਿ ਕਿਉਂਕਿ ਪੱਟੀਦਰਜ ਜਾਤੀਆਂ ਨਾ ਤੇ ਹਿੰਦੂ ਹਨ ਤੇ ਨਾ ਹੀ ਮੁਸਲਮਾਨ ਤੇ ਕਿਉਂ ਜੋ ਉਹ ਪਹਿਲਾਂ ਹੀ ਪੀੜਿਤ ਹਨ, ਇਸ ਲਈ ਤਕਸੀਮ ਕੀਤੇ ਪੰਜਾਬ ਵਿਚ ਕਿਸੇ ਹੋਰ ਇਕ ਧਰਮ ਦੀ ਨਿਰੋਲ ਮੇਜੌਰਿਟੀ ਦੇ ਰਾਜ ਅਧੀਨ ਹੋਣ ਨਾਲ਼ੋਂ ਉਹ ਤਾਂ ਮੌਤ ਨੂੰ ਤਰਜੀਹ ਦੇਣਗੇ। ਇਹ ਵੱਖਰੀ ਗੱਲ ਹੈ ਕਿ ਕਿਸੇ ਵੀ ਧਿਰ ਨੇ ਇਸ ਗ਼ੈਰ-ਮੁਨਾਸਬਿ ਦਾਅਵੇ ਵੱਲ ਧਿਆਨ ਨਹੀਂ ਦਿੱਤਾ।
ਪੱਟੀਦਰਜ ਜਾਤੀਆਂ ਦੀ ਤਕਦੀਰ ਬਾਰੇ ਦੂਜੀਆਂ ਧਿਰਾਂ ਦਾ ਰਵੱਈਆ
ਆਰੀਆ ਸਮਾਜ ਤੇ ਹਿੰਦੂ ਮਹਾਸਭਾ ਜਿਹੀਆਂ ਹਿੰਦੂ ਜੱਥੇਬੰਦੀਆਂ ਨੂੰ ਪੱਟੀਦਰਜ ਜਾਤੀਆਂ ਜਾਂ ਦਲਿਤ ਨੇਤਾਵਾਂ ਦੇ ਮੁਸਲਿਮ ਲੀਗ ਵਲ ਝੁਕਾਅ ਕਾਰਣ ਤੇ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਬਾਰੇ ਤਸ਼ਵੀਸ਼ ਪੈਦਾ ਹੋ ਰਹੀ ਸੀ। ਇਸ ਲਈ ਉਨ੍ਹਾਂ ਨੇ ਅਛੂਤ ਜਾਤੀਆਂ ਨੂੰ ਅਪਣੇ ਵੱਲ ਮੋੜਨ ਲਈ ਹਿੰਦੂ ਮੰਦਿਰਾਂ ਤੇ ਪਿੰਡਾਂ ਦੇ ਪਾਣੀ ਦੇ ਖੂਹਾਂ ਨੂੰ ਉਨ੍ਹਾਂ ਲਈ ਖੋਲ੍ਹਣਾ ਸ਼ੁਰੂ ਕਰ ਦਿੱਤਾ ਤੇ ਖ਼ਾਸ ਮੌਕਿਆਂ ਵਿਚ ਉਨ੍ਹਾਂ ਨੂੰ ਸੱਦਾ ਵੀ ਦੇਣ ਲਗ ਪਏ। ਉਨ੍ਹਾਂ ਨੂੰ ਅਪਣੀ ਕੁੱਲ ਗਿਣਤੀ ਵਿਚ ਸ਼ਾਮਿਲ ਕਰਨ ਲਈ ਕਾਂਗਰਸ ਤੇ ਲੀਗ, ਦੋਹਵਾਂ ਨੇ ਕਈ ਤਰ੍ਹਾਂ ਦੇ ਢੰਗ-ਤਰੀਕੇ ਵਰਤਣੇ ਸ਼ੁਰੂ ਕੀਤੇ। ਧਰਮ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਦਲਿਤ ਲੀਡਰਾਂ ਨੇ ਪੰਜਾਬ ਦੇ ਗਵਰਨਰ ਨੂੰ ਲਿਖਤੀ ਸ਼ਿਕਾਇਤ ਕੀਤੀ ਕਿ ਮੁਸਲਿਮ, ਸਿੱਖ, ਈਸਾਈ ਧਰਮ ਪ੍ਰਚਾਰਕਾਂ ਨੇ ਪੱਟੀਦਰਜ ਜਾਤੀਆਂ ਵਿਚ ਧਰਮ-ਬਦਲੀ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਤਾਂ ਕਿ ਨਿਰੋਲ ਸਿਆਸੀ ਮਕਸਦ ਲਈ ਅਪਣੀ-ਅਪਣੀ ਗਿਣਤੀ ਵਧਾਅ ਸਕਣ।
ਇਹ ਜਾਨਣਾ ਦਿਲਚਸਪ ਹੈ ਕਿ ਇਕ ਧਿਰ ਨੇ ਦੂਜੀ ਧਿਰ ਦੀ ਆਬਾਦੀ ਨੂੰ ਘਟਾ ਕੇ ਪੇਸ਼ ਕਰਨ ਲਈ ਉਸ ਵਿੱਚੋਂ ਦਲਿਤਾਂ ਦੀ ਗਿਣਤੀ ਨੂੰ ਬਾਹਰ ਕੱਢ ਕੇ, ਪਰ ਅਪਣੀ ਗਿਣਤੀ ਵਿਚ ਸ਼ਾਮਿਲ ਕਰਨ ਦੀਆਂ ਹਾਸੋਹੀਣੀਆਂ ਹਰਕਤਾਂ ਕੀਤੀਆਂ। ਇਸ ਹਵਾਲੇ ਨਾਲ਼ ਪਾਲ ਬਰਾਸ ਨੇ ਪੰਜਾਬ ਬਾਊਂਡਰੀ ਕਮਿਸ਼ਨ ਦੇ ਸਾਹਮਣੇ ਸਿੱਖਾਂ ਦੇ ਨੁਮਾਇੰਦੇ ਹਰਨਾਮ ਸਿੰਘ ਦੀ ਪੇਸ਼ ਕੀਤੀ ਦਲੀਲ ਵੱਲ ਧਿਆਨ ਦੁਆਣਾ ਮੁਨਾਸਬਿ ਸਮਝਿਆ। ਸਿੱਖ ਕਮਿਊਨਿਟੀ ਦਾ ਇਹ ਦਾਅਵਾ ਕਿ ਕੇਂਦਰੀ ਪੰਜਾਬ ਜ਼ਿਲਿਆਂ ਦੀ ਹੱਦਬੰਦੀ ਕਰਕੇ ਸਿੱਖ ਹੋਮਲੈਂਡ ਬਣਾਇਆ ਜਾ ਸਕਦਾ ਹੈ, ਹਰਨਾਮ ਸਿੰਘ ਨੇ ਕਿਹਾ ਕਿ ਸਿੱਖ ‘ਧਰਤੀ ਦੇ ਅਸਲ ਸਪੂਤ’ ਅਰਥਾਤ ਮਾਲਿਕ ਕਿਸਾਨ ਹਨ। ਦੂਜੇ ਪਾਸੇ, ਮੁਸਲਮਾਨਾਂ ਵਿੱਚੋਂ ਬਹੁਤੇ ਤਾਂ ਫ਼ਕੀਰ, ਮੰਗਤੇ, ਤੇਲੀ, ਗਾ ਕੇ ਮੰਗਣ ਵਾਲ਼ੇ, ਨਾਈ, ਲੁਹਾਰ, ਧੋਬੀ, ਮਾਲੀ, ਕਸਾਈ ਤੇ ਮਰਾਸੀ ਹਨ। ਇਹ ਐਸੇ ਲੋਕ ਹਨ, ਜਿਨ੍ਹਾਂ ਨੂੰ ਸੈਟਲਮੈਂਟ ਰਿਪੋਰਟਾਂ ਵਿਚ ਬੇਜ਼ਮੀਨੇ ਤੇ ਕੰਮੀ ਕਿਹਾ ਗਿਆ ਹੈ।’’ ਬਰਾਸ ਨੇ ਇਸ ਗੱਲ ਵੱਲ ਖ਼ਾਸ ਧਿਆਨ ਦੁਆਇਆ ਕਿ ਜਿੱਥੇ ਸਿੱਖ ਨੁਮਾਇੰਦਾ ਮਜ਼ਹਬੀਆਂ ਨੂੰ (ਤੇ ਨੀਵੀਂ ਸ਼੍ਰੇਣੀ ਦੇ ਹੋਰ ਸਿੱਖਾਂ ਨੂੰ) ਅਪਣੀ ਵੱਸੋਂ ਦੇ ਕੁੱਲ ਜੋੜ ਵਿਚ ਸ਼ਾਮਿਲ ਕਰਦਾ ਸੀ, ਉਥੇ ਉਨ੍ਹਾਂ ਦੀ ਦਲੀਲ ਇਹ ਸੀ ਕਿ ਉਪਰੋਕਤ ਜਾਤੀਆਂ ਦੇ ਲੋਕਾਂ ਨੂੰ ਮੁਸਲਿਮ ਕਮਿਊਨਿਟੀ ਦੀ ਵੱਸੋਂ ਦੀ ਕੁੱਲ ਗਿਣਤੀ ਵਿਚ ਸ਼ਾਮਿਲ ਨਾ ਕੀਤਾ ਜਾਏ।’’ ਦੂਸਰੇ ਲਫ਼ਜ਼ਾਂ ਵਿਚ ਉਪਰ ਦੱਸੀਆਂ ਕਮਿਊਨੀਟੀਆਂ ਦੇ ਲੋਕ ‘ਬੰਦੇ’ ਨਹੀਂ ਸਨ। ਇਨ੍ਹਾਂ ਗ਼ੈਰ-ਬੰਦਿਆਂ ਨੂੰ ਬਾਹਰ ਰੱਖ ਕੇ ਇਨ੍ਹਾਂ ਜ਼ਿਲਿਆਂ ਵਿਚ ਮੁਸਲਮਾਨ ਜਿਹੜੇ 1941 ਦੀ ਮਰਦਮਸ਼ੁਮਾਰੀ ਅਨੁਸਾਰ ਮੈਜੌਰਿਟੀ ਵਿਚ ਸਨ, ਉਨ੍ਹਾਂ ਨੂੰ ਮਿਨੌਰਿਟੀ ਵਿਚ ਬਦਲਿਆ ਜਾ ਸਕਦਾ ਸੀ। ਇਸੇ ਤਰ੍ਹਾਂ ਇਹ ਵੀ ਪਤਾ ਲੱਗਾ ਸੀ ਕਿ ਜਿਨਾਹ ਨੇ ਇਹ ਤਜਵੀਜ਼ ਦਿੱਤੀ ਸੀ ਕਿ ਕਿਉਂ ਜੋ ਅਛੂਤ ਨਾ ਹਿੰਦੂ ਹਨ ਤੇ ਨਾ ਮੁਸਲਮਾਨ, ਉਨ੍ਹਾਂ ਨੂੰ ਹਿੰਦੋਸਤਾਨ ਤੇ ਪਾਕਿਸਤਾਨ ਵਿਚ ਅੱਧੋ-ਅੱਧ ਵੰਡ ਲਿਆ ਜਾਵੇ, ਜਿਵੇਂ ਇਹ ਕੋਈ ਪਸ਼ੂ ਜਾਂ ਜਾਇਦਾਦ ਹੋਵਣ। ਇਸ ਨਾਲ਼ ਮੁਸਲਮਾਨਾਂ ਦੀ ਗਿਣਤੀ ਵੱਧ ਜਾਂਦੀ ਸੀ ਤੇ ਪਾਕਿਸਤਾਨ ਨੂੰ ਸਫ਼ਾਈ ਕਰਨ ਵਾਲ਼ੇ, ਮਰੇ ਡੰਗਰਾਂ ਨੂੰ ਸਾਂਭਣ, ਚਮੜੇ ਦਾ ਕੰਮ ਕਰਨ ਵਾਲੇ ਕਾਫ਼ੀ ਗਿਣਤੀ ਵਿਚ ਮਿਲ਼ ਸਕਦੇ ਸਨ।
ਵੰਡ ਦੇ ਉਜਾੜੇ ਵੇਲੇ ਅਛੂਤਾਂ ਦੀ ਹੋਣੀ
ਵੰਡ ਵਾਲ਼ੇ ਤਸ਼ੱਦਦ, ਉਜਾੜੇ ਤੇ ਹਿਜਰਤ ਦੇ ਵੇਲੇ ਦੇ ਜ਼ੁਲਮ ਤੇ ਦੁਸ਼ਵਾਰੀਆਂ ਜੋ ਹਿੰਦੂ, ਸਿੱਖ, ਮੁਸਲਿਮ ਲੋਕਾਂ ਨੇ ਹੰਢਾਈਆਂ ਸਨ; ਉਨ੍ਹਾਂ ਬਾਰੇ ਹੁਣ ਤਕ ਕਾਫ਼ੀ ਅਦਬੀ ਤੇ ਤਾਰੀਖ਼ੀ ਬਿਆਨ ਮਿਲ਼ਦਾ ਹੈ। ਹੱਸਾਸ ਇਤਿਹਾਸਕਾਰਾਂ ਉਰਵਸ਼ੀ ਬੁਤਾਲੀਆ, ਰਿਤੂ ਮੈਨਨ, ਕਮਲਾ ਭਸੀਨ, ਕ੍ਰਿਸ਼ਣਾ ਸੋਬਤੀ, ਅਹਿਮਦ ਸਲੀਮ ਜਿਹੇ ਹੋਰਨਾਂ ਨੇ ਜਿਊਂਦੇ ਬਚ ਰਹੇ ਮਜ਼ਲੂਮਾਂ ਦੇ ਅਪਣੇ ਆਪ ’ਤੇ ਬੀਤੀਆਂ ਤੇ ਅੱਖੀਂ-ਡਿੱਠੀਆਂ ਘਟਨਾਵਾਂ ਦੇ ਰਿਕਾਰਡ ਕਲਮਬੰਦ ਕੀਤੇ। ਪਰ ਇਹ ਤਕਰੀਬਨ ਸਾਰੇ ਬਿਰਤਾਂਤ ਗ਼ੈਰ-ਅਛੂਤ (ਉੱਚੀਆਂ ਜਾਤਾਂ ਦੇ) ਲੋਕਾਂ ਦੇ ਪੇਸ਼ ਕੀਤੇ ਹੋਏ ਹਨ। ਅਛੂਤ ਤੇ ਹੇਠਲੇ ਤਬਕੇ ਦੇ ਸੰਤਾਪ ਦੀ ਗੱਲ ਦੱਸਣ ਵਾਲ਼ਿਆਂ ਦੇ ਬਿਆਨ ਨਹੀਂ ਲੱਭਦੇ।
ਦਲਿਤ ਪੰਜਾਬੀ ਲੇਖਕ ਸਰੂਪ ਸਿਆਲਵੀ ਨੇ ਅਪਣੀ ਸਵੈ-ਜੀਵਨੀ ‘ਜ਼ਲਾਲਤ’ ਵਿਚ ਪਰਵਾਸ ਦੌਰਾਨ ਅਪਣੀ ਭੂਆ ਦੇ ਉਧਾਲੇ ਜਾਣ ਤੇ ਜਬਰ-ਜ਼ਨਾਹ ਤੇ ਇਕ ਬੱਚੇ ਦੀ ਮੌਤ ਦਾ ਬਿਆਨ ਕੀਤਾ ਤੇ ਪੂਰਬੀ ਪੰਜਾਬ ਵਿਚ ਆ ਕੇ ਸ਼ਰਣਾਰਥੀਆਂ ਵਜੋਂ ਭੁਗਤੀ ਨਦਾਮਤ ਤੇ ਜ਼ਲਾਲਤ ਦੀ ਤਸਵੀਰ ਪੇਸ਼ ਕੀਤੀ ਹੈ। ਇਹ ਤਜਰਬਾ ਇੰਨਾ ਦੁਖਦਾਈ ਸੀ ਕਿ ਉਹਦੇ ਦਾਦਾ ਜੀ ਅਪਣੇ ਪੁੱਤਰ ਨੂੰ ਕੋਸਦੇ ਹੋਏ ਕੁੱਟਣ ਨੂੰ ਪੈਂਦੇ ਸਨ ਕਿ ਮੁਸਲਮਾਨ ਅਕਸਰੀਅਤ ਤੇ ਚੌਧਰ ਵਾਲੇ ਲਾਇਲਪੁਰ ਬਾਰ ਦੇ ਪਿੰਡ ਤੋਂ ਹਿੰਦੋਸਤਾਨ ਵਾਲ਼ੇ ਪਾਸੇ ਪਰਵਾਸ ਕਰਨ ਦਾ ਫ਼ੈਸਲਾ ਕਿਉਂ ਕੀਤਾ। ਓਥੋਂ ਦੇ ਮੁਸਲਮਾਨ ਜ਼ਿਮੀਦਾਰ ਮਾਲਿਕ ਦੇ ਕੰਮੀਂ ਬਣ ਕੇ ਆਰਾਮ ਨਾਲ਼ ਰਹੀ ਜਾਂਦੇ: ‘‘ਏਥੇ ਆ ਕੇ ਤਾਂ ਸਾਡੀ ਪਛਾਣ ਸਿਰਫ਼ ਚਮਾਰ ਵਾਲੀ ਹੀ ਰਹਿ ਗਈ।’’ ਪਰ ਜਿਸ ਵੇਲੇ ਦਾਦੇ ਨੂੰ ਪੁੱਛਿਆ ਕਿ ਉਸ ਪਾਕਿਸਤਾਨ ਦੇ ਪਿੰਡ ਵਿਚ ਤੁਹਾਡੀ ਪਛਾਣ ਕਿਹੋ ਜਿਹੀ ਸੀ, ਤਾਂ ਉਹਨੇ ਬਿਨਾਂ ਝਿਜਕ ਦੱਸਿਆ ਕਿ ਦਲਿਤਾਂ ਦੀ ਹਾਲਤ ਤਾਂ ਤਕਰੀਬਨ ਪਸ਼ੂਆਂ ਵਾਲ਼ੀ ਹੁੰਦੀ ਸੀ ਤੇ ਪਛਾਣ ਤਾਂ ਮਾਲਿਕ ਦੇ ਨਾਲ਼ ਜੁੜੇ ਗ਼ੁੁਲਾਮ ਵਾਲੀ ਹੀ ਸੀ।
ਪਾਕਿਸਤਾਨ ਵਿਚ ਅਛੂਤ ਲੋਕਾਂ, ਖ਼ਾਸ ਕਰ ਕੇ ਅਖੌਤੀ ‘ਜਰਾਇਮੀ ਕਬੀਲਿਆਂ’ ਦੇ ਬੰਦਿਆਂ ਦੇ ਕਾਫ਼ੀ ਵੱਡੀ ਗਿਣਤੀ ਵਿਚ ਕਤਲ ਕੀਤੇ ਗਏ ਸਨ। ਪਰ ਜ਼ਿਆਦਾ ਤਸ਼ੱਦਦ ਉਨ੍ਹਾਂ ਦੇ ਧਰਮ ਬਦਲਣ ਲਈ ਕੀਤਾ ਗਿਆ ਸੀ। ਇਸ ਤੋਂ ਇਲਾਵਾ 1948 ਦੇ ਇਸੈਨਸ਼ਲ ਸਰਵੀਸੀਜ਼ ਆਰਡੀਨੈਂਨਸ ਰਾਹੀਂ ਦਲਿਤ ਲੋਕਾਂ ਨੂੰ ਭਾਰਤ ਵੱਲ ਜਾਣ ਤੋਂ ਰੋਕ ਲਾ ਦਿੱਤੀ ਗਈ ਸੀ। ਦਲੀਲ ਇਹ ਸੀ ਕਿ ਜੇ ਇਹ ਸਫ਼ਾਈ ਕਰਨ ਵਾਲ਼ੇ, ਚਮੜੇ ਦਾ ਕੰਮ ਕਰਨ ਵਾਲ਼ੇ ਭਾਰਤ ਚਲੇ ਗਏ, ਤਾਂ ਪਾਕਿਸਤਾਨ ਦਾ ਇਨ੍ਹਾਂ ਬਿਨਾਂ ਗੁਜ਼ਾਰਾ ਨਹੀਂ ਹੋਣਾ ਤੇ ਹਰ ਪਾਸੇ ਗੰਦਗੀ ਫੈਲ ਜਾਵੇਗੀ।
ਉਸ ਵੇਲੇ ਭਾਰਤ ਸਰਕਾਰ ਦੇ ਕਾਨੂੰਨ ਵਜ਼ੀਰ ਅੰਬੇਡਕਰ ਨੂੰ ਮਿਲ਼ੀ ਇਤਲਾਹ ਨੇ ਬਹੁਤ ਪਰੇਸ਼ਾਨ ਕੀਤਾ ਕਿ ਪਾਕਿਸਤਾਨ ਵਿਚ ਬਹੁਤ ਵੱਡੀ ਗਿਣਤੀ ਦਲਿਤਾਂ ਨੂੰ ਜਬਰਨ ਭਾਰਤ ਵਲ ਆਉਣੋਂ ਰੋਕਿਆ ਗਿਆ ਹੈ ਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਜਬਰਨ ਮੁਸਲਮਾਨ ਬਣਾਇਆ ਜਾ ਰਿਹਾ ਹੈ। ਉਹਨੇ ਕਿਹਾ ਕਿ ‘‘ਬਿਪਤਾ ਵਿਚ ਫਸੇ ਦਲਿਤ ਲੋਕਾਂ ਨੂੰ ਧੀਰਜ ਦੇਣਾ ਮੇਰੇ ਵੱਸ ਤੋਂ ਬਾਹਰ ਹੈ।’’ ਪਰ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਪਾਕਿਸਤਾਨ ਵਿਚ ਪੱਟੀਦਰਜ ਜਾਤੀਆਂ ਲਈ ਇਹ ਧਰਮ ਬਦਲ ਕੇ ਮੁਸਲਮਾਨ ਬਣਨਾ ਘਾਤਕ ਹੋਵੇਗਾ। ਇਹ ਵੀ ਗਿਲਾ ਕੀਤਾ ਕਿ ਪੱਟੀਦਰਜ ਜਾਤੀਆਂ ਵਿਚ ਇਹ ਆਦਤ ਬਣ ਗਈ ਜਾਪਦੀ ਹੈ ਕਿ ਕਿਉਂਕਿ ਮੁਸਲਮਾਨ ਹਿੰਦੂਆਂ ਨੂੰ ਪਸੰਦ ਨਹੀਂ ਕਰਦੇ, ਇਸ ਲਈ ਉਹ ਦਲਿਤਾਂ ਦੇ ਮਿੱਤਰ ਲਗਦੇ ਸਨ। ‘‘ਇਹ ਭੁਲੇਖਾ ਹੈ।’’ ਅੰਬੇਡਕਰ ਨੇ ਜਿਨਾਹ ਉਪਰ ਬੇਵਫ਼ਾਈ ਦਾ ਇਲਜ਼ਾਮ ਲਾਇਆ ਕਿ ਉਹਨੇ ਦਲਿਤਾਂ ਨੂੰ ਘਟਗਿਣਤੀ ਵਜੋਂ ਵੱਖਰੀ ਪਛਾਣ ਦੇਣ ਦੇ ਅਪਣੇ ਵਾਅਦੇ ਤੋਂ ਮੂੰਹ ਮੋੜ ਲਿਆ ਹੈ।
ਅੰਬੇਡਕਰ ਤੇ ਜਵਾਹਰ ਲਾਲ ਨਹਿਰੂ ਨੇ ਖ਼ੁਦ ਪਾਕਿਸਤਾਨ ਦੀ ਸਰਕਾਰ ਨੂੰ ਸ਼ਿਕਾਇਤ ਕਰਕੇ ਦਲਿਤ ਲੋਕਾਂ ਨੂੰ ਓਥੋਂ ਕੱਢ ਕੇ ਭਾਰਤ ਲੈ ਕੇ ਆਉਣ ਲਈ ਖ਼ਾਸ ਅਫ਼ਸਰ ਤਾਇਨਾਤ ਕੀਤੇ ਤੇ ਮਹਿਫ਼ੂਜ਼ ਸਫ਼ਰ ਦੇ ਵੱਡੇ ਪ੍ਰਬੰਧ ਕੀਤੇ। ਇਸ ਵਿਸ਼ੇ ਦੀ ਖੋਜ ਕਰ ਰਹੇ ਕਿਸੇ ਇਤਿਹਾਸਕਾਰ ਮੁਤਾਬਕ ਪੱਛਮੀ ਪੰਜਾਬ ਵਿਚ ਹਿੰਦੂ ਤੇ ਸਿੱਖ ਕਮਿਊਨਿਟੀ ਦੇ ਅਛੂਤ ਲੋਕਾਂ ਦੀ ਗਿਣਤੀ ਕੋਈ ਤਿੰਨ ਲੱਖ ਸੀ। ਗ਼ੈਰ-ਮੁਸਲਿਮ ਵੱਸੋਂ ਦੇ ਪਰਵਾਸ ਕਰਨ ਵਾਲ਼ਿਆਂ ਵਿਚ ਇਹ ਉਹ ਲੋਕੀਂ ਹਨ, ਜਿਨ੍ਹਾਂ ਦਾ ਪੱਖ ਵੰਡ ਦੇ ਬਿਆਨ ਵਿੱਚੋਂ ਗ਼ਾਇਬ ਹੈ। ਦਲਿਤਾਂ ਦੀ ਵੱਡੀ ਗਿਣਤੀ ਨੂੰ ਸਭ ਤੋਂ ਬਾਅਦ ਅਪ੍ਰੈਲ-ਮਈ 1948 ਵਿਚ ਪਾਕਿਸਤਾਨ ਤੋਂ ਕੱਢਵਾਇਆ ਜਾ ਸਕਿਆ, ਭਾਵੇਂ ਇਨ੍ਹਾਂ ਵਿੱਚੋਂ ਬਹੁਤੇ ਉਸ ਵੇਲੇ ਤਕ ਧਰਮ ਬਦਲ ਕੇ ਮੁਸਲਮਾਨ ਹੋ ਚੁੱਕੇ ਸਨ।
ਅਛੂਤ ਸ਼ਰਣਾਰਥੀਆਂ ਦਾ ਮੁੜ-ਵਸੇਬਾ
ਭਾਰਤ ਦੇ ਪੂਰਬੀ ਪੰਜਾਬ ਵਿਚ ਸ਼ਰਣਾਰਥੀਆਂ ਦੀ ਸੇਵਾ-ਸੰਭਾਲ਼ ਤੇ ਰਾਹਤ ਦੇ ਪ੍ਰਬੰਧ ਕਰਨ ਵਾਲੇ ਅਫ਼ਸਰ ਤੇ ਸਮਾਜਸੇਵੀ ਵਲੰਟਰੀਆਂ ਨੂੰ ਜਲਦੀ ਚੇਤੇ ਆ ਗਿਆ ਸੀ ਕਿ ਦਲਿਤ ਸ਼ਰਣਾਰਥੀਆਂ ਨੂੰ ਦੂਜੇ ਸ਼ਰਣਾਰਥੀਆਂ ਲਈ ਬਣਾਏ ਹੋਏ ਕੈਂਪਾਂ ਵਿਚ ਭਰਤੀ ਨਹੀਂ ਕੀਤਾ ਜਾ ਸਕਦਾ। ਇਸ ਦਾ ਹਰ ਥਾਂ ਸਖ਼ਤ ਵਿਰੋਧ ਸ਼ੁਰੂ ਹੋ ਗਿਆ ਸੀ। ਇਸ ਭਿਆਨਕ ਆਫ਼ਤ ਦੇ ਮਾਹੌਲ ਵਿਚ ਉਧਰੋਂ ਬਿਲਕੁੱਲ ਉੱਜੜ ਕੇ ਆਏ ਨਿਹਾਇਤ ਪੀੜਿਤ ਤੇ ਬੇਸਹਾਰਾ ਹਿੰਦੂ-ਸਿੱਖ ਸ਼ਰਣਾਰਥੀਆਂ ਲਈ ਇਹ ਬਰਦਾਸ਼ਤ ਕਰਨਾ ਮੁਮਕਿਨ ਨਹੀਂ ਸੀ ਕਿ ਅਛੂਤ ਸ਼ਰਣਾਰਥੀ ਉਨ੍ਹਾਂ ਦੇ ਨਾਲ਼ ਰਹਿਣ। ਇਸ ਲਈ ਹਿੰਦੂ-ਸਿੱਖਾਂ ਦੇ ਕੈਂਪਾਂ ਤੋਂ ਅਲੱਗ ਤੇ ਦੂਰ-ਦੂਰ ਸ਼ਹਿਰਾਂ ਵਿਚ ਦਲਿਤ ਸ਼ਰਣਾਰਥੀ ਕੈਂਪ ਬਣਾਉਣੇ ਪਏ। ਜਲੰਧਰ ਸ਼ਹਿਰ ਵਿਚ ਭਾਰਗੋ ਕੈਂਪ, ਕੁਰੂਕਸ਼ੇਤਰ ਵਿਚ ਗਾਂਧੀ ਕੈਂਪ ਵਿਸ਼ੇਸ਼ ਦਲਿਤ ਸ਼ਰਣਾਰਥੀ ਕੈਂਪ ਸਨ। ਅੰਬੇਡਕਰ ਨੇ ਪ੍ਰਧਾਨ ਮੰਤਰੀ ਨਹਿਰੂ ਕੋਲ ਖ਼ਾਸ ਸ਼ਿਕਾਇਤ ਕੀਤੀ ਕਿ ‘‘ਪੱਟੀਦਰਜ ਜਾਤੀਆਂ ਦੇ ਰੀਫ਼ੀਊਜੀਆਂ ਨੂੰ ਸ਼ਰਣਾਰਥੀ ਕੈਂਪਾਂ ਵਿਚ ਆਸਰਾ ਨਹੀਂ ਮਿਲ਼ ਰਿਹਾ।’’ ਸ਼ਰਣਾਰਥੀਆਂ ਦੀ ਦੇਖਭਾਲ ਦੀ ਸਰਕਾਰੀ ਵਿਸ਼ੇਸ਼ ਲੀਡਰ ਰਾਜੇਸ਼ਵਰੀ ਨਹਿਰੂ ਨੇ ਪ੍ਰਧਾਨ ਮੰਤਰੀ ਨਹਿਰੂ ਨੂੰ ਖਿੱਝ ਕੇ ਲਿਖਿਆ: ‘‘ਢਾਈ ਲੱਖ ਹਰੀਜਨ ਸ਼ਰਣਾਰਥੀ ਪੂਰਬੀ ਪੰਜਾਬ ਦੇ ਕੈਂਪਾਂ ਵਿਚ ਸੜ ਰਹੇ ਹਨ।’’ ਮੁੜ-ਵਸੇਬੇ ਦੇ ਜੋ ਅਸੂਲ ਬਣਾਏ ਗਏ ਸਨ, ਉਨ੍ਹਾਂ ਦੇ ਹਵਾਲੇ ਨਾਲ਼ ਦਲਿਤ ਲੋਕਾਂ ਦੀ ਚਾਰਾਜੋਈ ਨਹੀਂ ਸੀ ਹੋ ਸਕਦੀ। ਇਹ ਕਾਸ਼ਤਕਾਰ ਤਾਂ ਸਨ, ਪਰ ਬੇ-ਜ਼ਮੀਨੇ ਸਨ। ਮੁਆਵਜ਼ੇ ਦੇ ਤੌਰ ’ਤੇ ਜ਼ਮੀਨ ਸਿਰਫ਼ ਉਨ੍ਹਾਂ ਨੂੰ ਦਿੱਤੀ ਜਾ ਸਕਦੀ ਸੀ, ਜਿਹੜੇ ਉਸ ਪਾਸੇ ਮਾਲਿਕ ਕਿਸਾਨ ਸਨ। ਪਰ ਉਨ੍ਹਾਂ ਨੂੰ ਤਾਂ ਬਹੁਤੀ ਥਾਂਵੇਂ ਸਿਰ ਢੱਕਣ ਦੀ ਥਾਂ ਨਹੀਂ ਸੀ ਲੱਭ ਰਹੀ। ਦਲਿਤ ਰਿਫ਼ਯੂਜੀ ਪਰਿਵਾਰਾਂ ਨੂੰ ਪਿੰਡਾਂ ਵਿਚ ਉਥੋਂ ਦੇ ਲੋਕਾਂ ਕੋਲ਼ੋਂ ਵੀ ਤੇ ਪੁਲਿਸ ਕੋਲ਼ੋਂ ਵੀ ਦੁਰ-ਦੁਰ ਕਰਕੇ ਧੱਕੇ ਪੈਂਦੇ ਸਨ। ਅਛੂਤਾਂ ਦੇ ਜ਼ਾਤੀ ਨਾਂ ਲੈ ਕੇ ਜ਼ਲੀਲ ਕੀਤਾ ਜਾਂਦਾ ਸੀ। ਸਿਆਲਵੀ ਦੇ ਪਰਿਵਾਰ ਨੂੰ ਤਾਂ ਰੜੇ ਮੈਦਾਨ ਵਿਚ ਰਾਤ ਕੱਟਣ ਨਹੀਂ ਦਿੱਤੀ ਜਾਂਦੀ ਸੀ ਤੇ ਅਛੂਤਾਂ ਨੂੰ ਆਮ ਕਰਕੇ ਪਿੰਡ ਦੇ ਖੂਹ ਤੋਂ ਪਾਣੀ ਲੈਣ ਦੀ ਮਨਾਹੀ ਸੀ।
ਮੁੜ-ਵਸੇਬੇ ਵਿਚ ਦਲਿਤ ਪਰਿਵਾਰਾਂ ਨਾਲ਼ ਹੋਏ ਵਿਤਕਰੇ ਵਾਲ਼ੇ ਅਣਛੋਹੇ ਮੌਜ਼ੂ ‘ਤੇ ਖੋਜ ਕਰ ਰਹੀਆਂ ਵਿਦਵਾਨ ਬੀਬੀਆਂ ਰਵਿੰਦਰ ਕੌਰ ਤੇ ਅਕਾਂਕਸ਼ਾ ਕੁਮਾਰ ਨੇ ਪਿਛਲੇ ਕੁਝ ਸਾਲਾਂ ਵਿਚ ਕਾਫ਼ੀ ਕੁਝ ਲਿਖਿਆ ਹੈ। ਰਵਿੰਦਰ ਕੌਰ ਨੇ 1947 ਤੋਂ 1965 ਦੇ ਦਰਮਿਆਨ ਮੁੜ-ਵਸੇਬੇ ਦੀਆਂ ਨੀਤੀਆਂ, ਅਸੂਲਾਂ ਤੇ ਸਰਕਾਰ ਦੇ ਅਮਲੀ ਸਲੂਕ ਦੇ ਸਬੂਤ ਦੇ ਕੇ ਸਾਫ਼ ਲਿਖਿਆ ਹੈ ਕਿ ਕਿਵੇਂ ‘‘ਅਛੂਤ ਪਰਵਾਸੀਆਂ ਨੂੰ ਉੱਚੀਆਂ ਜ਼ਾਤਾਂ ਦੇ ਹਿੰਦੂਆਂ ਤੋਂ ਦੂਰ ਰੱਖਣ ਦੇ ਉਪਰਾਲੇ ਕੀਤੇ ਗਏ।’’ ਬਹੁਤੇ ਪੰਜਾਬੀ ਹਿੰਦੂ-ਸਿੱਖ ਰੀਫ਼ੀਊਜੀ ਦਿੱਲੀ ਵਿਚ ਕਰੋਲ ਬਾਗ਼ ਵਿਚ ਜਾ ਟਿਕੇ ਸਨ। ਪਰ ਦਲਿਤ ਹਿੰਦੂ ਸਿੱਖਾਂ ਨੂੰ ਨੇੜਲੇ ਰੈਹਗੜਪੁਰੇ ਵਿਚ ਕੱਚੀਆਂ ਝੁੱਗੀਆਂ ਵਿਚ ਵਸਾਇਆ ਗਿਆ ਤੇ ਛੱਤਾਂ ਨੂੰ ਕੱਜਣ ਲਈ ਤਾਰਪੋਲੀਨ ਦਿੱਤੀ ਗਈ। ਸਰਕਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਫ਼ਰਵਰੀ 1948 ਵਿਚ ਰੀ-ਹੈਬਿਲੀਟੇਸ਼ਨ ਵਜ਼ਾਰਤ ਵਿਚ ਖ਼ਾਸ ‘‘ਹਰੀਜਨ ਸੈਕਸ਼ਨ’’ ਬਣਾਇਆ ਗਿਆ ਸੀ, ਜਿਹਦਾ ਕੰਮ ‘‘ਉੱਜੜੇ ਹਰੀਜਨਾਂ ਨੂੰ ਵਸਾਉਣਾ’’ ਸੀ। ਵਲੰਟਰੀ ਸੇਵਾ ਸੰਸਥਾਵਾਂ, ਖ਼ਾਸ ਕਰਕੇ ‘‘ਹਰੀਜਨ ਸੇਵਕ ਸੰਘ’’ ਨੇ ਦਲਿਤਾਂ ਦੀ ਰਾਹਤ ਲਈ ਕਾਫ਼ੀ ਕੰਮ ਕੀਤਾ। ਸਰਕਾਰ ਹੋਵੇ ਜਾਂ ਸਮਾਜ ਸੇਵੀ ਸੰਸਥਾਵਾਂ, ਦਲਿਤਾਂ ਨੂੰ ਦਲਿਤ ਹੀ ਬਣਾਈ ਰੱਖੇ ਜਾਣ ਬਾਰੇ ਸਹਿਜ-ਸੁਭਾ ਸਹਿਮਤੀ ਬਣੀ ਜਾਪਦੀ ਸੀ।
ਦੋ-ਤਿੰਨ ਸਾਲ ਪਹਿਲਾਂ ਅਕਾਂਕਸ਼ਾ ਕੁਮਾਰ ਨੇ ‘‘ਪੰਜਾਬ ਦੀ ਵੰਡ ਤੋਂ ਬਾਅਦ ਰੀਫ਼ੀਊਜੀਆਂ ਦੇ ਮੁੜ ਵਸਾਉਣ ਵਿਚ ਜ਼ਾਤ ਦਾ ਸਵਾਲ’’ ਮੌਜ਼ੂ ’ਤੇ ਜੋ ਪੀਐੱਚ.ਡੀ. ਥੀਸਿਸ ਲਿਖਿਆ, ਉਸ ਵਿਚ ਇਹ ਸਾਫ਼ ਲਿਖਿਆ ਹੈ ਕਿ ਸਰਕਾਰੀ ਨੀਤੀਆਂ ਤੇ ਸਮੁੱਚੀ ਸਰਕਾਰੀ ਕਾਰਵਾਈ ਦਾ ਮਕਸਦ ਤੇ ਰੁਜਹਾਨ ਜ਼ਾਤ-ਪਾਤ ਵਾਲ਼ੀ ਉਚ-ਨੀਚ ਨੂੰ ਬਣਾਈ ਰੱਖਣ ਵਲ ਸੀ। ਇਕ ਦੂਜੇ ਪੱਖ ਵੱਲ ਧਿਆਨ ਦੁਆਂਦਿਆਂ ਪੰਜਾਬੀ ਕਵੀ ਲਾਲ ਸਿੰਘ ਦਿਲ ਨੇ ਅੱਖੀਂ-ਡਿੱਠੀਆਂ ਕਾਰਵਾਈਆਂ ਦਾ ਦੱਸਿਆ ਹੈ। ਉਸ ਮੁਤਾਬਿਕ ਵੰਡ ਤੋਂ ਬਾਅਦ ਪਿੰਡਾਂ ਦੀ ਸ਼ਾਮਲਾਤ ਜ਼ਮੀਨ ਜੋ ਕਿ ਦਲਿਤਾਂ ਲਈ ਇੱਕੋ-ਇਕ ਐਸੀ ਸਪੇਸ ਸੀ, ਜਿੱਥੇ ਉਹ ਵਿਚਰ ਸਕਦੇ ਸਨ – ਉਹ ਵੀ ਨਵੇਂ ਆਏ ਅਸਰ-ਰਸੂਖ਼ ਵਾਲ਼ਿਆਂ ਨੇ ਖੋਹ ਲਈ। ‘‘ਸਿੱਖਾਂ ਨੇ ਸਾਰੀ ਜ਼ਮੀਨ ’ਤੇ ਕਬਜ਼ਾ ਕਰ ਲਿਆ, ਪਿੰਡ ਵਿਚ ਸ਼ਾਮਲਾਤ ਜ਼ਮੀਨ ਦਾ ਇਕ ਟੋਟਾ ਵੀ ਨਹੀਂ ਬਚਿਆ।’’
ਪਾਕਿਸਤਾਨ ਵਿਚ ਰਹਿ ਗਏ ਦਲਿਤਾਂ ਦੀ ਹਾਲਤ
ਮੁਸਲਿਮ ਲੀਗ ਦੀ ਪਾਕਿਸਤਾਨ ਦੀ ਮੰਗ ਦਾ ਜੋ ਵਿਰੋਧ ਹੋਇਆ, ਉਸ ਵਿਚ ਇਕ ਇਲਜ਼ਾਮ ਇਹ ਵੀ ਲਾਇਆ ਜਾਂਦਾ ਸੀ ਕਿ ਹਿੰਦੂ ਜ਼ਾਤ-ਪਾਤ ਨਜ਼ਾਮ ਵਿਚ ਮੁਸਲਮਾਨਾਂ ਨਾਲ਼ ਅਛੂਤਾਂ ਵਰਗਾ ਸਲੂਕ ਕੀਤਾ ਜਾਂਦਾ ਸੀ। ਹਿੰਦੂ ਸ਼ੁੱਧ ਤੇ ਮੁਸਲਮਾਨ ਅਸ਼ੁੱਧ। ਸ਼ੁੱਧੀਕਰਣ ਦਾ ਮਤਲਬ ਹੀ ਇਹ ਸੀ ਕਿ ਨਾਪਾਕ ਗੰਦੇ ਲੋਕਾਂ ਨੂੰ ਸੁੱਚੇ ਬਣਾਇਆ ਜਾਵੇ। ਇਹ ਬਰਦਾਸ਼ਤ ਨਹੀਂ ਸੀ ਕੀਤਾ ਜਾ ਸਕਦਾ। ਵਖਰੇਵੇਂ ਤੇ ਵੰਡ ਦੇ ਬੀਜ ਇਸ ਛੂਤ-ਛਾਤ ਵਿਚ ਪਏ ਸਨ। ਜਿਨਾਹ ਨੇ ਵੀ ਇਸ਼ਾਰਾ ਕੀਤਾ ਸੀ ਕਿ ਵੰਡ ਦਾ ਇਹ ਵੀ ਇਕ ਕਾਰਣ ਸੀ। ਇਹ ਦਾਅਵਾ ਕੀਤਾ ਜਾਂਦਾ ਸੀ ਕਿ ਮੁਸਲਿਮ ਧਰਮ ਤੇ ਭਾਈਚਾਰੇ ਵਿਚ ਬਰਾਬਰੀ ਹੈ, ਕੋਈ ਜ਼ਾਤ-ਪਾਤ ਊਚ-ਨੀਚ ਨਹੀਂ ਹੈ। ਪਰ ਕੀ ਅਸਲ ਵਿਚ ਹਿੰਦੂਆਂ ਹੱਥੋਂ ਹੁੰਦਾ ਮੁਸਲਮਾਨਾਂ ਦੇ ਖ਼ਾਸ ਮੁਲਕ ਪਾਕਿਸਤਾਨ ਵਿਚ ਜ਼ਾਤ-ਪਾਤ ਦਾ ਵਿਤਕਰਾ ਖ਼ਤਮ ਜਾਂ ਘੱਟ ਹੋ ਗਿਆ ਹੈ? ‘‘ਪਾਕਿਸਤਾਨ ਵਿਚ ਦਲਿਤਾਂ ਨਾਲ਼ ਸਰਕਾਰ ਤੇ ਆਮ ਲੋਕ ਜਿਹੜਾ ਸਲੂਕ ਕਰਦੇ ਹਨ, ਉਸ ਵਿਚ ਭਾਰਤ ਦੇ ਮੁਕਾਬਲੇ ਕੋਈ ਫ਼ਰਕ ਨਹੀਂ ਹੈ।’’ ਪਾਕਿਸਤਾਨ ਦੇ ਦਲਿਤਾਂ ਦੀ ਕਹਾਣੀ ਵੱਖਰੀ ਨਹੀਂ ਹੋ ਸਕੀ। ਵੰਡ ਤੋਂ ਬਾਅਦ ਦਲਿਤਾਂ ਦੇ ਜਬਰੀ ਧਰਮ ਪਰਿਵਰਤਨ ਦੀ ਲਹਿਰ, ਉਨ੍ਹਾਂ ਉਪਰ ਪਰਵਾਸ ਬਾਰੇ ਲਾਈ ਕਾਨੂੰਨੀ ਰੋਕ ਕਾਰਣ ਦਲਿਤਾਂ ਉਪਰ ਜ਼ੁਲਮ ਹੋਏ ਸਨ। ਪਰ ਇਸ ਤੋਂ ਇਲਾਵਾ ਮੁਸਲਿਮ ਸਮਾਜ ਦੇ ਅਪਣੇ ਅੰਦਰਲੀ ਜ਼ਾਤ-ਪਾਤ ਊਚ-ਨੀਚ ਬਾਰੇ ਬਹੁਤ ਘੱਟ ਲਿਖਿਆ ਮਿਲ਼ਦਾ ਹੈ। ਇਸ ਪੱਖ ’ਤੇ ਚੁੱਪ ਵਰਤੀ ਹੋਈ ਹੈ। ਪਾਕਿਸਤਾਨ ਵਿਚ ਦਲਿਤਾਂ ਦੀ ਦਸ਼ਾ ਬਾਰੇ ਕੁਝ ਪ੍ਰਾਪਤ ਜਾਣਕਾਰੀ ਤੇ ਸਾਹਿਤ ਤੋਂ ਉਸੇ ਤਰ੍ਹਾਂ ਦੀ ਦਰਦਨਾਕ ਹਾਲਤ ਦਾ ਪਤਾ ਲੱਗਦਾ ਹੈ। 1956 ਵਿਚ ਪਾਕਿਸਤਾਨ ਦੇ ‘ਪੱਟੀਦਰਜ ਜਾਤੀਆਂ ਦੇ ਕਾਨੂੰਨ’ ਵਿਚ 36 ਵੱਖਰੀਆਂ ਅਛੂਤ ਜਾਤੀਆਂ ਦੀ ਪਛਾਣ ਕੀਤੀ ਗਈ ਸੀ। ਯੋਗਿੰਦਰ ਸਿਕੰਦ ਮੁਤਾਬਕ ਦਲਿਤ ਇਸ ਗੱਲ ਬਾਰੇ ‘ਕਨਫ਼ਿਊਜ਼ਡ’ ਤੇ ਪਰੇਸ਼ਾਨ ਹਨ ਕਿ ਉਨ੍ਹਾਂ ਉੱਤੇ ਹਾਲਾਂ ਵੀ ਹਿੰਦੂ ਅਛੂਤ ਹੋਣ ਦੀ ਤੁਹਮਤ ਲਾਈ ਜਾਂਦੀ ਹੈ। ਮੁਸਲਮਾਨਾਂ ਵਿਚ ਉਸੇ ਤਰ੍ਹਾਂ ਦੀ ਜ਼ਾਤ ਦੀ ਦਰਜਾਬੰਦੀ ਹੈ ਤੇ ਉਨ੍ਹਾਂ ਦਾ ਦਲਿਤਾਂ ਨਾਲ਼ ਉਸੇ ਤਰ੍ਹਾਂ ਦਾ ਨਜ਼ਰੀਆ ਤੇ ਸਲੂਕ ਹੈ, ਜਿਵੇਂ ਦਾ ਹਿੰਦੂਆਂ ਵਿਚ ਬ੍ਰਾਹਮਣਾਂ ਦਾ ਹੁੰਦਾ ਹੈ। ਪਿੰਡ ਸੇਹਵਾਨ ਵਿਚ ਹਜ਼ਰਤ ਲਾਲ ਸ਼ਾਹਬਾਜ਼ ਦੀ ਦਰਗਾਹ ’ਤੇ ਜੁੜੇ ਕਿਸੇ ਅਛੂਤ ਨੇ ਦੱਸਿਆ ਕਿ ਲਾਹੌਰ ਦੇ ਭੰਗੀ ਤੇ ਲਾਲ ਬੇਗੀ ਸਫ਼ਾਈ ਕਰਨ ਵਾਲਿਆਂ ਦੀ ਹਾਲਤ ਵਿਚ ਕੋਈ ਫ਼ਰਕ ਨਹੀਂ। ਸੱਪ ਫੜਨ ਵਾਲ਼ੇ ਜੋਗੀਆਂ ਤੇ ਫੇਰੀ ਲਾ ਕੇ ਨਿਕਸੁਕ ਵੇਚਣ ਵਾਲ਼ੇ ਗੁਰਗਲਿਆਂ ਵਿਚ ਵੀ ਊਚ-ਨੀਚ ਬਣੀ ਹੋਈ ਹੈ। ਪਾਕਿਸਤਾਨ ਦੇ ਪ੍ਰਭੂਲਾਲ ਸਤਿਆਨੀ ਦੀ ਉਰਦੂ ਵਿਚ ਛਪੀ ਪੁਸਤਕ ‘ਹਮੇ ਭੀ ਜੀਨੇ ਦੋ: ਪਾਕਿਸਤਾਨ ਮੇਂ ਅਛੂਤ ਲੋਗੋਂ ਕੀ ਸੂਰਤ-ਏ-ਹਾਲ’ ਵਿਚ ਇਹ ਵੱਡਾ ਗਿਲਾ ਤੇ ਅਫ਼ਸੋਸ ਕੀਤਾ ਗਿਆ ਹੈ ਕਿ ਦਲਿਤ, ਇਸਲਾਮ ਕਬੂਲ ਕਰਨ ਤੋਂ ਬਾਅਦ ਦੀਨਦਾਰ, ਚੰਘੜ ਜਾਂ ਮੁਸੱਲੀ ਅਖਵਾਏ ਜਾਂਦੇ ਲੋਕ, ਨਫ਼ਰਤ ਦੇ ਸ਼ਿਕਾਰ ਤੇ ਬਦਬਖ਼ਤ ਦਲਿੱਦਰੀ ਬਣੇ ਹੋਏ ਹਨ। ਜਿਹੜਾ ਭਰਮ ਪੈਦਾ ਕੀਤਾ ਹੋਇਆ ਸੀ ਕਿ ਮੁਸਲਮਾਨਾਂ ਵਿਚ ਜ਼ਾਤ-ਪਾਤ ਦਾ ਵਿਤਕਰਾ ਨਹੀਂ ਤੇ ਪਾਕਿਸਤਾਨ ਬਣਨ ਨਾਲ਼ ਜਾਤ-ਪਾਤ ਤੋਂ ਨਿਜਾਤ ਮਿਲ਼ ਜਾਏਗੀ, ਕੋਰਾ ਧੋਖਾ ਸਾਬਤ ਹੋਇਆ। ‘‘ਇਹ ਨਾਬਰਾਬਰੀ ਇਨੀ ਗਹਿਰੀ ਹੱਡਾਂ ਵਿਚ ਰੱਚੀ ਹੋਈ ਹੈ ਕਿ ਇਸ ਵਲ ਕਿਸੇ ਦਾ ਧਿਆਨ ਨਹੀਂ ਜਾਂਦਾ।’’
ਵੰਡ ਦੌਰਾਨ ਤੇ ਉਸ ਤੋਂ ਬਾਅਦ ਅਛੂਤ ਜਾਂ ਦਲਿਤ ਅਖਵਾਏ ਜਾਂਦੇ ਲੋਕਾਂ ਦੀ ਹੋਣੀ ਬਾਰੇ ਹੱਸਾਸ ਖੋਜ ਦੀ ਲੋੜ ਹੈ। ਤਾਰੀਖ਼ ਤੇ ਸਾਹਿਤ ਵਿਚ ਸਿਰਫ਼ ਉੱਚੀਆਂ ਜਾਂ ਤਰੱਕੀਯਾਫ਼ਤਾ ਧਿਰਾਂ ਦਾ ਪੱਖ ਹੀ ਪੇਸ਼ ਕਰਨਾ ਸਹੀ ਨਹੀਂ। ਦਲਿਤਾਂ ਦੀ ਅਪਣੀ ਆਪ-ਬੀਤੀ, ਉਨ੍ਹਾਂ ਦੇ ਮੂੰਹੋਂ ਸੁਣੀਆਂ ਹੱਡਬੀਤੀਆਂ ਤਾਂ ਹਾਲਾਂ ਲਿਖੀਆਂ ਜਾਣੀਆਂ ਹਨ।