ਨਾਜਾਇਜ਼ ਖਣਨ ਨੇ ਪਿੰਡਾਂ ਦਾ ਭੂਗੋਲ ਵਿਗਾੜਿਆ

ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਫਿਰਨੀਆਂ ਬੁਰੀ ਤਰ੍ਹਾਂ ਟੁੱਟੀਆਂ; ਭਾਰੀ ਵਾਹਨਾਂ ਦੇ ਸ਼ੋਰ ਵਿੱਚ ਰਹਿਣਾ ਮੁਹਾਲ

ਨਾਜਾਇਜ਼ ਖਣਨ ਨੇ ਪਿੰਡਾਂ ਦਾ ਭੂਗੋਲ ਵਿਗਾੜਿਆ

ਪਿੰਡ ਟੋਰੋਵਾਲ ਵਿੱਚ ਹੋ ਰਹੀ ਮਾਈਨਿੰਗ ਦੀ ਝਲਕ।

ਜੇ.ਬੀ. ਸੇਖੋਂ

ਗੜ੍ਹਸ਼ੰਕਰ, 3 ਅਗਸਤ

ਗੜ੍ਹਸ਼ੰਕਰ ਤਹਿਸੀਲ ਦੇ ਸ੍ਰੀ ਆਨੰਦਪੁਰ ਸਾਹਿਬ ਰੋਡ ’ਤੇ ਪੈਂਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡਾਂ ਵਿੱਚ ਚੱਲ ਰਹੇ ਨਾਜਾਇਜ਼ ਖਣਨ ਨੇ ਇਲਾਕੇ ਦਾ ਭੂਗੋਲ ਵਿਗਾੜ ਕੇ ਰੱਖ ਦਿੱਤਾ ਹੈ। ਇਨ੍ਹਾਂ ਪਿੰਡਾਂ ਟੋਰੋਵਾਲ, ਚਾਂਦਪੁਰ ਰੁੜਕੀ, ਕਰੀਮਪੁਰ ਚਾਹਵਾਲਾ, ਕਰੀਮਪੁਰ ਧਿਆਨੀ, ਕੁਨੈਲ  ਆਦਿ ਵਿੱਚ ਖਣਨ ਮਾਫੀਆ ਵੱਲੋਂ ਵਾਹੀਯੋਗ ਜ਼ਮੀਨ ਵਿੱਚੋਂ 20 ਤੋਂ 50 ਫੁੱਟ ਤੱਕ ਮਿੱਟੀ ਅਤੇ ਰੇਤਾ ਕੱਢ ਕੇ ਆਲੇ-ਦੁਆਲੇ ਦੇ ਨਿਰਮਾਣ ਕਾਰਜਾਂ ਵਿੱਚ ਸਪਲਾਈ ਕੀਤਾ ਜਾ ਰਿਹਾ ਹੈ। ਇਸ ਸਬੰਧੀ ਥਾਣਾ ਪੋਜੇਵਾਲ ਦੀ ਪੁਲੀਸ ਵੱਲੋਂ ਕਈ ਵਾਰ ਟਰੈਕਟਰ-ਟਰਾਲੀਆਂ ਨੂੰ ਫੜਨ ਤੇ ਨਾਜਾਇਜ਼ ਖਣਨ ਰੋਕਣ ਦੇ ਦਾਅਵੇ ਕੀਤੇ ਗਏ ਹਨ ਪਰ ਪੋਕਲੇਨ ਤੇ ਜੀਸੀਬੀ ਮਸ਼ੀਨਾਂ ਵੱਲੋਂ ਰੇਤਾ ਚੁੱਕ ਕੇ ਟਿੱਪਰਾਂ ਤੇ ਟਰੱਕਾਂ ਰਾਹੀਂ ਕੀਤੀ ਜਾ ਨਾਜਾਇਜ਼ ਮਾਈਨਿੰਗ ਨੂੰ ਰੋਕਣ ਵਿੱਚ ਪ੍ਰਸ਼ਾਸਨ ਅਸਮਰੱਥ ਨਜ਼ਰ ਆ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਨਾਜਾਇਜ਼ ਖਣਨ ਸਬੰਧੀ ਕਈ ਵਾਰ ਕੰਢੀ ਸੰਘਰਸ਼ ਕਮੇਟੀ ਵੱਲੋਂ ਧਰਨੇ-ਮੁਜ਼ਾਹਰੇ ਕੀਤੇ ਗਏ ਹਨ ਪਰ ਦੋ-ਚਾਰ ਦਿਨ ਖਣਨ ਦਾ ਇਹ ਵਰਤਾਰਾ ਬੰਦ ਕਰਨ ਪਿੱਛੋਂ ਮੁੜ ਰੇਤੇ ਤੇ ਮਿੱਟੀ ਦੀ ਅੰਨ੍ਹੇਵਾਹ ਸਪਲਾਈ ਸ਼ੁਰੂ ਹੋ ਜਾਂਦੀ ਹੈ। ਅੱਜਕੱਲ੍ਹ ਚਾਂਦਪੁਰ ਰੁੜਕੀ ਤੇ ਟੋਰੋਵਾਲ ਪਿੰਡਾਂ ਵਿੱਚੋਂ ਹੋ ਰਹੀ ਨਾਜਾਇਜ਼ ਮਾਈਨਿੰਗ ਨੇ ਇਨ੍ਹਾਂ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਫਿਰਨੀਆਂ ਬੁਰੀ ਤਰ੍ਹਾਂ ਤੋੜ ਦਿੱਤੀਆਂ ਹਨ। ਇਸ ਬਾਰੇ ਇਲਾਕੇ ਦੇ ਨੌਜਵਾਨ ਆਗੂ ਪਰਮਜੀਤ ਸਿੰਘ ਰੌੜੀ ਨੇ ਕਿਹਾ ਕਿ ਖਣਨ ਮਾਫੀਆ ਦੇ ਕਰਿੰਦਅਿਾਂ ਵੱਲੋਂ ਲੋਕਾਂ ਦੀ ਪੱਥਰ ਵਾਲੀ ਜ਼ਮੀਨ ਨੂੰ ਪੱਧਰਾ ਕਰਨ ਅਤੇ ਰੇਤ ਤੇ ਪੱਥਰ ਕੱਢ ਕੇ ਮੁੜ ਮਿੱਟੀ ਪਾ ਕੇ ਉਪਜਾਊ ਜ਼ਮੀਨ ਬਣਾਉਣ ਦਾ ਝਾਂਸਾ ਦਿੱਤਾ ਜਾਂਦਾ ਹੈ ਅਤੇ ਕਈ ਥਾਵਾਂ ’ਤੇ ਸ਼ਾਮਲਾਟ ਜ਼ਮੀਨ ਵਿੱਚੋਂ ਵੀ ਰੇਤ ਤੇ ਪੱਥਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰੀ ਵਾਹਨਾਂ ਦੇ ਸ਼ੋਰ ਵਿੱਚ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ ਪਰ ਸਿਆਸੀ ਮਿਲੀਭੁਗਤ ਹੋਣ ਕਰ ਕੇ ਖਣਨ ਦਾ ਵਰਤਾਰਾ ਬੰਦ ਨਹੀਂ ਹੋ ਰਿਹਾ। 

ਕੀ ਕਹਿੰਦੇ ਨੇ ਅਧਿਕਾਰੀ

ਮਾਈਨਿੰਗ ਵਿਭਾਗ ਦੇ ਐੱਸਡੀਓ ਜੀਨੇਸ਼ ਗੋਇਲ ਨੇ ਕਿਹਾ ਕਿ  ਕੁਝ ਥਾਵਾਂ ’ਤੇ ਖਣਨ ਵਿਭਾਗ ਦੀਆਂ ਸ਼ਰਤਾਂ ਤਹਿਤ ਮਾਈਨਿੰਗ ਦੀ ਆਗਿਆ ਲਈ ਗਈ ਹੈ ਪਰ ਬੇਨਿਯਮੀਆਂ ਸਬੰਧੀ ਉਹ ਪੜਤਾਲ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All