ਪੈਟਰੋਲ-ਡੀਜ਼ਲ: ‘ਆਪ’ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਪੈਟਰੋਲ-ਡੀਜ਼ਲ: ‘ਆਪ’ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਭਾਜਪਾ ਹੈੱਡਕੁਆਰਟਰ ਨੇਡ਼ੇ ਵਧੀਆਂ ਤੇਲ ਕੀਮਤਾਂ ਵਿਰੁੱਧ ਰੋਸ ਮੁਜ਼ਾਹਰਾ ਕਰਦੇ ਹੋਏ ‘ਆਪ’ ਕਾਰਕੁਨ। -ਫੋਟੋ: ਮਾਨਸ ਰੰਜਨ ਭੂਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਜੁਲਾਈ 

ਆਮ ਆਦਮੀ ਪਾਰਟੀ (ਆਪ) ਵੱਲੋਂ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਮੁੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਬੀਤੇ ਕਈ ਦਿਨਾਂ ਤੋਂ ਲਗਾਤਾਰ ਵਧਾਈਆਂ ਜਾ ਰਹੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ਦੀਆਂ ਨੀਤੀਆਂ ਦੀਆਂ ਨਾਕਾਮੀਆਂ ਉਜਾਗਰ ਨੂੰ ਕੀਤਾ ਗਿਆ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਹੈੱਡਕੁਆਰਟਰ ਡੀਡੀਯੂ ਮਾਰਗ ਤੋਂ ਭਾਜਪਾ ਦੇ ਕੌਮੀ ਹੈੱਡਕੁਆਰਟਰ ਵੱਲ ‘ਆਪ’ ਕਾਰਕੁਨਾਂ ਨੇ ਰੋਸ ਮਾਰਚ ਸ਼ੁਰੂ ਕੀਤਾ, ਜਿਸ ਨੂੰ ਦਿੱਲੀ ਪੁਲੀਸ ਨੇ ਰਾਹ ਵਿੱਚ ਹੀ ਰੋਕ ਦਿੱਤਾ ਤੇ ਆਗੂਆਂ ਨੂੰ ਭਾਜਪਾ ਦੇ ਕਰੀਬ 500 ਮੀਟਰ ਦੂਰ ਮੁੱਖ ਦਫ਼ਤਰ ਦੇ ਨੇੜੇ ਵੀ ਨਹੀਂ ਫਰਕਣ ਦਿੱਤਾ। ਭਾਜਪਾ ਦਾ ਮੁੱਖ ਦਫ਼ਤਰ ਵੀ ਡੀਡੀਯੂ ਮਾਰਗ ’ਤੇ ਹੀ ਸੜਕ ਦੇ ਦੂਜੇ ਪਾਸੇ ਉਪਰੋਕਤ ਦੂਰੀ ’ਤੇ ਸਥਿਤ ਹੈ। ਦਿੱਲੀ ਪੁਲੀਸ ਨੇ ਆਈਟੀਓ ਚੌਕ ਦੇ ਨੇੜੇ ਦੀ ਟਰੈਫਿਕ ਨੂੰ ਕੁਝ ਦੇਰ ਲਈ ਡੀਡੀਯੂ ਮਾਰਗ ਤੋਂ ਹੋਰ ਪਾਸੇ ਮੋੜ ਦਿੱਤਾ। ਪੁਲੀਸ ਦੀਆਂ ਰੋਕਾਂ ਤੋੜ ਕੇ ਅੱਗੇ ਵਧਣ ਅਤੇ ਭਾਜਪਾ ਦਫ਼ਤਰ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ 4 ਦਰਜਨ ਕਾਰਕੁਨਾਂ ਤੇ ਆਗੂਆਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਲੈ ਲਿਆ ਤੇ ਫਿਰ ਰਾਜਿੰਦਰ ਨਗਰ ਥਾਣੇ ਲਿਜਾ ਕੇ ਕੁਝ ਦੇਰ ਮਗਰੋਂ ਰਿਹਾਅ ਕਰ ਦਿੱਤਾ। ਖੇਤੀ ਉਤਪਾਦ ਮਾਰਕੀਟਿੰਗ ਕਮੇਟੀ ਦੇ ਚੇਅਰਮੈਨ ਤੇ ‘ਆਪ’ ਦੇ  ਆਗੂ ਆਦਿੱਲ ਅਹਿਮਦ ਖ਼ਾਂ ਨੇ ਦੱਸਿਆ ਕਿ ‘ਆਪ’ ਦੇ ਪ੍ਰਦਰਸ਼ਨਕਾਰੀਆਂ ਨੂੰ ਕਰੀਬ ਡੇਢ ਘੰਟੇ ਤਕ ਪੁਲੀਸ ਹਿਰਾਸਤ ਵਿੱਚ ਰੱਖਿਆ ਗਿਆ। ਦਿੱਲੀ ਦੇ ਕਿਰਤ ਮੰਤਰੀ ਗੋਪਾਲ ਰਾਏ ਮੁਤਾਬਕ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ 40 ਡਾਲਰ ਪ੍ਰਤੀ ਬੈਰਲ ਪੁੱਜ ਚੁੱਕੀਆਂ ਹਨ ਪਰ ਮੋਦੀ ਸਰਕਾਰ ਵੱਲੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਨਹੀਂ ਘਟਾਈਆਂ। ਕਰੋਨਾ ਮਹਾਮਾਰੀ ਦੌਰਾਨ ਜਿਥੇ ਸਨਅਤਾਂ ਤੇ ਆਮ ਲੋਕ ਪ੍ਰੇਸ਼ਾਨ ਹਨ ਉੱਥੇ ਹੀ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ ਨਾਲ ਸਭ ਪਾਸੇ ਮਹਿੰਗਾਈ ਦੀ ਹਾਹਾਕਾਰ ਮੱਚ ਚੁੱਕੀ ਹੈ। ਦਿੱਲੀ ਵਿੱਚ 1 ਜੁਲਾਈ ਨੂੰ ਡੀਜ਼ਲ ਦੀ ਕੀਮਤ 80.53 ਰੁਪਏ ਪ੍ਰਤੀ ਲਿਟਰ ਤੇ ਪੈਟਰੋਲ ਦੀ ਕੀਮਤ 80.43 ਰੁਪਏ ਲਿਟਰ ਰਹੀ ਤੇ ਬੀਤੇ 20 ਤੋਂ ਵੱਧ ਦਿਨਾਂ ਤੋਂ ਰੋਜ਼ਾਨਾ ਤੇਲ ਉਤਪਾਦਾਂ ਦੀਆਂ ਕੀਮਤਾਂ ਵਧਦੀਆਂ ਰਹੀਆਂ ਹਨ। ‘ਆਪ’ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਡੀਜ਼ਲ ਹੁਣ ਪੈਟਰੋਲ ਨਾਲੋਂ ਮਹਿੰਗਾ ਹੋਣ ਕਰਕੇ ਖੇਤੀ ਖੇਤਰ ਤੇ ਟਰਾਂਸਪੋਰਟ ਖੇਤਰ ਉਪਰ ਬਹੁਤ ਬੋਝ ਵਧਿਆ ਹੈ ਜੋ ਹੋਰ ਖੇਤਰਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। 

ਭਾਜਪਾ ਵੱਲੋਂ  ਦਿੱਲੀ ਸਰਕਾਰ ’ਤੇ ਵੈਟ ਵਧਾਉਣ ਦਾ ਦੋਸ਼

ਦਿੱਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕੀਤੇ ਗਏ ਵਿਰੋਧ ਪ੍ਰਦਰਸ਼ਨ ਉੱਤੇ ਦਿੱਲੀ ਭਾਜਪਾ ਨੇ ਜਵਾਬੀ ਕਾਰਵਾਈ ਕੀਤੀ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਸਮਾਜਿਕ ਦੂਰੀਆਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ ਜਿਸ ਨਾਲ ਕਰੋਨਾ ਵਿਰੁੱਧ ਦਿੱਲੀ ਦੀ ਲੜਾਈ ਕਮਜ਼ੋਰ ਹੋ ਸਕਦੀ ਹੈ। ਇਸ ਦੇ ਨਾਲ ਸ੍ਰੀ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਦਿੱਲੀ ਵਾਸੀਆਂ ਨੂੰ ਗੁਮਰਾਹ ਕਰਨ ਲਈ ਪ੍ਰਦਰਸ਼ਨਾਂ ਦਾ ਵਿਖਾਵਾ ਕਰ ਰਹੀ ਹੈ ਤਾਂ ਕਿ ਉਨ੍ਹਾਂ ਦੀ ਸਰਕਾਰ ਦੇ ਸਵਾਲ ਨਾ ਪੁੱਛੇ ਜਾਣ। ਦਿੱਲੀ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦਾ ਕਾਰਨ ਖੁਦ ਦਿੱਲੀ ਸਰਕਾਰ ਹੈ। ਦਿੱਲੀ ਸਰਕਾਰ ਵੱਲੋਂ ‘ਵੈਟ’ ਟੈਕਸ ਵਿੱਚ ਵਾਧੇ ਕਾਰਨ ਦਿੱਲੀ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੁਹ ਰਹੀਆਂ ਹਨ। ਪ੍ਰਧਾਨ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਤਾਲਾਬੰਦੀ ਦੌਰਾਨ ਪੈਟਰੋਲ ‘ਤੇ ਵੈਟ 27 ਫ਼ੀਸਦ ਤੋਂ ਵਧਾ ਕੇ 30 ਫ਼ੀਸਦ ਕਰ ਦਿੱਤਾ ਹੈ। ਡੀਜ਼ਲ ‘ਤੇ ਵੈਟ ਵੀ 16.75 ਫ਼ੀਸਦ ਤੋਂ ਵਧਾ ਕੇ 30 ਫ਼ੀਸਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਦੇਖਿਆ ਜਾਵੇ ਤਾਂ ਦਿੱਲੀ ਸਰਕਾਰ ਨੇ ਡੀਜ਼ਲ ’ਤੇ ਵੈਟ ਦੁੱਗਣਾ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਦਿੱਲੀ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜਿੱਥੇ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਪਾਰ ਹੋ ਗਈ।  

ਤੇਲ ਕੀਮਤਾਂ ਖ਼ਿਲਾਫ਼ ਜ਼ਿਲ੍ਹਾ ਅਧਿਕਾਰੀ ਨੂੰ ਮੰਗ ਪੱਤਰ 

ਫਰੀਦਾਬਾਦ (ਕੁਲਵਿੰਦਰ ਕੌਰ ਦਿਓਲ): ਆਮ ਆਦਮੀ ਪਾਰਟੀ ਫਰੀਦਾਬਾਦ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਨੂੰ ਮੰਗ ਪੱਤਰ ਸਥਾਨਕ ਜ਼ਿਲ੍ਹਾ ਅਧਿਕਾਰੀ ਰਾਹੀਂ ਭੇਜਿਆ। ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਧਰਮਬੀਰ ਭੰਡਾਣਾ ਨੇ ਕਿਹਾ ਕਿ ਕੀਮਤਾਂ ਵਿੱਚ ਵਾਧਾ ਕਰਕੇ ਆਮ ਆਦਮੀ ਦੀ ਦਿਨ ਦਿਹਾੜੇ ਲੁੱਟ ਕੀਤੀ ਜਾ ਰਹੀ ਹੈ। ਸਰਕਾਰ ਨੈਤਿਕ ਜ਼ਿੰਮੇਵਾਰੀਆਂ ਤੋਂ ਭਟਕ ਗਈ ਹੈ ਤੇ ਮਜ਼ਬੂਤ ਬਹੁਮਤ ਹੋਣ ਦੇ ਬਾਵਜੂਦ ਸੱਤਾ ਵਿਚ ਬਣੇ ਰਹਿਣ ਦਾ ਅਧਿਕਾਰ ਗੁਆ ਚੁੱਕੀ ਹੈ। ਦੱਖਣੀ ਹਰਿਆਣਾ ਪ੍ਰਦੇਸ਼ ਦੇ ਬੁਲਾਰੇ ਵਿਨੈ ਯਾਦਵ ਨੇ ਕਿਹਾ ਕਿ ਕੀਮਤਾਂ ’ਚ ਲਗਾਤਾਰ ਵਾਧਾ ਕੇਂਦਰ ਸਰਕਾਰ ਦੀ ਅਸਫਲਤਾ ਨੂੰ ਸਾਬਤ ਕਰਦਾ ਹੈ ਤੇ ਲੋਕਾਂ ਵਿੱਚ ਸਰਕਾਰ ਖ਼ਿਲਾਫ਼ ਗੁੱਸਾ ਹੈ। ਸਰਕਾਰ ਗੂੰਗੇ ਅਤੇ ਬੋਲ਼ੇ ਆਮ ਆਦਮੀ ਦਾ ਦਰਦ ਨਹੀਂ ਸੁਣ ਰਹੀ। ਆਮ ਆਦਮੀ ਪਾਰਟੀ ਸੜਕ ‘ਤੇ ਲੋਕਾਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ। ਇਸ ਮੌਕੇ ਦੱਖਣੀ ਹਰਿਆਣਾ ਜ਼ੋਨ ਦੇ ਅਧਿਕਾਰੀ, ਮਹਿਲਾ ਪ੍ਰਧਾਨ ਮੰਜੂ ਗੁਪਤਾ, ਸੱਕਤਰ ਬ੍ਰਿਜੇਸ਼ ਨਗਰ, ਉਪ-ਪ੍ਰਧਾਨ ਰਾਜੂਦੀਨ ਖਾਨ ਸਮੇਤ ਸੁਨੀਲ ਗਰੋਵਰ, ਤੇਜਵੰਤ ਸਰਦਾਰ, ਨਰਿੰਦਰ ਸਰੋਹਾ, ਰਾਜਨ ਗੁਪਤਾ, ਸੁਮਨ ਵਸ਼ਿਸ਼ਟ, ਵਿਨੋਦ ਭਾਟੀ, ਲੋਕੇਸ਼ ਅਗਰਵਾਲ, ਤਰੁਣ ਜਿੰਦਲ, ਅਨਿਲ ਜਿੰਦਲ, ਅਮਨ ਗੋਇਲ , ਰਾਜਕੁਮਾਰ ਪੰਚਾਲ, ਜੈਪ੍ਰਕਾਸ਼, ਡੀਐਸ ਚਾਵਲਾ, ਜਗਦੀਸ਼ ਵੈਦ, ਵੀਨਾ ਵਾਸਿਸ਼ਾ ਤੇ ਹੋਰ ਮੌਜੂਦ ਸਨ।

‘ਆਪ’ ਵਰਕਰਾਂ ਵੱਲੋਂ ਅੱਧਨੰਗੇ ਹੋ ਕੇ ਪ੍ਰਦਰਸ਼ਨ

ਯਮੁਨਾਨਗਰ (ਦਵਿੰਦਰ ਸਿੰਘ): ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਅੱਧਨੰਗੇ ਹੋ ਕੇ ਪ੍ਰਦਰਸ਼ਨ ਕੀਤਾ ਅਤੇ ਜ਼ਿਲ੍ਹਾ ਪ੍ਰਧਾਨ ਡਾ. ਨਰੇਸ਼ ਲਾਲ ਕੰਬਜ ਦੀ ਅਗਵਾਈ ਵਿੱਚ ਰਾਸ਼ਟਰਪਤੀ ਦੇ ਨਾਂ ’ਤੇ ਯਾਦ ਪੱਤਰ ਦਿੱਤਾ । ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਕੰਬੋਜ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਅਤੇ ਮਹਿੰਗਾਈ ਨਾਲ ਆਮ ਜਨਤਾ ਅਤੇ ਗਰੀਬ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਰਿਹਾ ਹੈ, ਪਰ ਸਰਕਾਰ ’ਤੇ ਇਸ ਦਾ ਕੋਈ ਅਸਰ ਨਹੀਂ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All