ਕੇਂਦਰ ਤੇ ਰਾਜ ਮਿਲ ਕੇ ਕਰੋਨਾ ਨਾਲ ਲੜਨ ਦੇ ਸਮਰੱਥ: ਮੋਦੀ

10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ; ਕੈਪਟਨ ਅਮਰਿੰਦਰ ਨੇ ਕਰੋਨਾ ਕੇਸ ਵਧਣ ਦਾ ਹਵਾਲਾ ਦੇ ਕੇ ਵਿੱਤੀ ਪੈਕੇਜ ਮੰਗਿਆ

ਕੇਂਦਰ ਤੇ ਰਾਜ ਮਿਲ ਕੇ ਕਰੋਨਾ ਨਾਲ ਲੜਨ ਦੇ ਸਮਰੱਥ: ਮੋਦੀ

ਨਵੀਂ ਦਿੱਲੀ, 11 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੇ ਕੁੱਲ ਸਰਗਰਮ ਕੇਸਾਂ ’ਚੋਂ 80 ਫੀਸਦ ਦੇ ਦਸ ਰਾਜਾਂ ਨਾਲ ਸਬੰਧਤ ਹੋਣ ਦਾ ਨੋਟਿਸ ਲੈਂਦਿਆਂ ਅੱਜ ਕਿਹਾ ਕਿ ਜੇਕਰ ਇਨ੍ਹਾਂ ਸੂਬਿਆਂ ਵਿੱਚ ਵਾਇਰਸ ’ਤੇ ਫ਼ਤਿਹ ਹਾਸਲ ਕਰ ਲਈ ਤਾਂ ਦੇਸ਼ ਕਰੋਨਾ ਮਹਾਮਾਰੀ ਖ਼ਿਲਾਫ਼ ਵਿੱਢੀ ਇਸ ਲੜਾਈ ਵਿੱਚ ਜੇਤੂ ਹੋ ਕੇ ਉਭਰੇਗਾ। ਸ੍ਰੀ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ, ਬਿਹਾਰ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਤੇ ਤਾਮਿਲ ਨਾਡੂ ਸਮੇਤ ਦਸ ਰਾਜਾਂ ਦੇ ਮੁੱਖ ਮੰਤਰੀਆਂ ਤੇ ਨੁਮਾਇੰਦਿਆਂ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋਨਾਵਾਇਰਸ ਦੀ ਲਾਗ ਤੋਂ ਸਿਹਤਯਾਬ ਹੋਣ ਦੀ ਦਰ ਦਾ ਉਪਰ ਨੂੰ ਜਾਣਾ ਇਹ ਸਾਬਤ ਕਰਦਾ ਹੈ ਕਿ ਸਰਕਾਰ ਵੱਲੋਂ ਕੀਤੇ ਯਤਨ ਪ੍ਰਭਾਵਸ਼ਾਲੀ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਕੇਂਦਰ ਸਰਕਾਰ ਤੇ ਸੂਬੇ ਇਕ ਟੀਮ ਵਜੋਂ ਮਿਲ ਕੇ ਕੰਮ ਕਰਨ ਦੇ ਸਮਰੱਥ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ‘ਸਾਡਾ ਹੁਣ ਤੱਕ ਦਾ ਤਜਰਬਾ ਕਹਿੰਦਾ ਹੈ ਕਿ ਕੰਟੇਨਮੈਂਟ, ਸੰਪਰਕ ਵਿੱਚ ਆਉਣ ਵਾਲਿਆਂ ਦੀ ਪਛਾਣ ਤੇ ਚੌਕਸੀ, ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਸਭ ਤੋਂ ਅਸਰਦਾਰ ਹਥਿਆਰ ਹਨ। ਮਾਹਿਰਾਂ ਦਾ ਇਹ ਵਿਚਾਰ ਹੈ ਕਿ ਜੇਕਰ ਕੇਸਾਂ ਦੀ 72 ਘੰਟਿਆਂ ਅੰਦਰ ਪਛਾਣ ਹੋ ਜਾਵੇ ਤਾਂ ਲਾਗ ਫੈਲਣ ਦੀ ਰਫ਼ਤਾਰ ਨੂੰ ਕਾਫ਼ੀ ਹੱਦ ਤਕ ਮੱਠਾ ਪਾਇਆ ਜਾ ਸਕਦਾ ਹੈ।’ ਇਕ ਅਧਿਕਾਰਤ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਕਰੋਨਾ ਪੀੜਤ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ 72 ਘੰਟਿਆਂ ’ਚ ਪਛਾਣ ਤੇ ਟੈਸਟ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਕਿਹਾ ਕਿ ਇਸ ਪੂਰੇ ਅਮਲ ਦੀ ‘ਮੰਤਰ’ ਵਜੋਂ ਪਾਲਣਾ ਕੀਤੀ ਜਾਵੇ।

ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਕੁੱਲ ਸਰਗਰਮ ਕੇਸਾਂ ਦੀ ਗਿਣਤੀ ਛੇ ਲੱਖ ਤੋਂ ਵਧ ਹੈ ਤੇ ਵੱਡੀ ਗਿਣਤੀ ਕੇਸ 10 ਰਾਜਾਂ ਤੋਂ ਰਿਪੋਰਟ ਹੋਏ ਹਨ। ਉਨ੍ਹਾਂ ਕਿਹਾ ਅੱਜ 80 ਫੀਸਦ ਕੇਸ ਇਨ੍ਹਾਂ ਦਸ ਰਾਜਾਂ ਤੋਂ ਹਨ, ਲਿਹਾਜ਼ਾ ਕਰੋਨਾਵਾਇਰਸ ਖ਼ਿਲਾਫ਼ ਇਸ ਲੜਾਈ ਵਿੱਚ ਇਨ੍ਹਾਂ ਦੀ ਭੂਮਿਕਾ ਕਾਫ਼ੀ ਵੱਡੀ ਹੈ। ਉਨ੍ਹਾਂ ਕਿਹਾ, ‘ਹਸਪਤਾਲਾਂ ਤੇ ਸਾਡੇ ਸਿਹਤ ਕਾਮਿਆਂ ’ਤੇ ਦਬਾਅ ਹੈ। ਨਿੱਤ ਦੇ ਕੰਮ ਵਿੱਚ ਲਗਾਤਾਰਤਾ ਦੀ ਘਾਟ ਹੈ। ਇਹ ਹਰ ਰੋਜ਼ ਇਕ ਨਵੀਂ ਚੁਣੌਤੀ ਲੈ ਕੇ ਆਉਂਦੇ ਹਨ। ਅੱਜ ਲੋੜ ਹੈ ਇਹ ਦਸ ਸੂਬੇ ਇਕੱਠੇ ਬੈਠ ਕੇ ਹਾਲਾਤ ’ਤੇ ਨਜ਼ਰਸਾਨੀ ਤੇ ਚਰਚਾ ਕਰਨ। ਇਸ ਵਿਚਾਰ ਚਰਚਾ ਤੇ ਇਕ ਦੂਜੇ ਦੇ ਤਜਰਬਿਆਂ ਤੋਂ ਅਸੀਂ ਬਹੁਤ ਕੁਝ ਸਿੱਖਾਂਗੇ।’ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਔਸਤ ਮੌਤ ਦਰ ਵਿੱਚ ਨਿਘਾਰ ’ਤੇ ਤਸੱਲੀ ਜ਼ਾਹਿਰ ਕਰਦਿਆਂ ਕਿਹਾ ਕਿ ਆਲਮੀ ਪੱਧਰ ਦੀ ਔਸਤ ਦੇ ਮੁਕਾਬਲੇ ਇਹ ਅੰਕੜਾ ਕਿਤੇ ਘੱਟ ਹੈ। ਵਰਚੁਅਲ ਮੀਟਿੰਗ ’ਚ ਸ਼ਾਮਲ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਸੂਬਿਆਂ ਦੇ ਜ਼ਮੀਨੀ ਹਾਲਾਤ ਤੋਂ ਜਾਣੂ ਕਰਵਾਇਆ। ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਸਿਹਤ ਮੰਤਰੀ ਹਰਸ਼ ਵਰਧਨ ਤੇ ਗ੍ਰਹਿ ਰਾਜ ਮੰਤਰੀ ਵੀ ਮੌਜੂਦ ਸਨ।

ਇਸ ਦੌਰਾਨ ਕੋਵਿਡ ਮਾਮਲਿਆਂ ਵਿੱਚ ਭਾਰੀ ਵਾਧੇ ਅਤੇ ਪੰਜਾਬ ਵਿੱਚ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਮਾਲੀੲੇ ਵਿੱਚ ਆਈ 50 ਫੀਸਦ ਗਿਰਾਵਟ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਿੱਤੀ ਪਾੜੇ ਨੂੰ ਪੂਰਨ ਲਈ ਰਾਜਾਂ ਵਾਸਤੇ ਉਦਾਰ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ। ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਯੂਜੀਸੀ ਦੇ ਉਸ ਫੈਸਲੇ ’ਤੇ ਨਜ਼ਰਸਾਨੀ ਕਰਨ ਜਿਸ ਵਿੱਚ ਲਾਜ਼ਮੀ ਪ੍ਰੀਖਿਆ ਦੀ ਗੱਲ ਕੀਤੀ ਗਈ ਹੈੇ। ਮੁੱਖ ਮੰਤਰੀ ਨੇ ਕਿਹਾ ਕਿ ਸਤੰਬਰ ਮਹੀਨੇ ਵਿੱਚ ਪੰਜਾਬ ਅੰਦਰ ਕਰੋਨਾ ਦਾ ਸਿਖਰ ਹੋਣ ਦੀ ਸੰਭਾਵਨਾ ਹੈ, ਜਿਸ ਕਰਕੇ ਪ੍ਰੀਖਿਆਵਾਂ ਕਰਵਾਉਣੀਆ ਅਸੰਭਵ ਹੋ ਜਾਣਗੀਆਂ। ਪ੍ਰਧਾਨ ਮੰਤਰੀ ਦੀ ਕਰੋਨਾ ਮਾਮਲੇ ’ਤੇ ਮੁੱਖ ਮੰਤਰੀਆਂ ਨਾਲ ਇਹ ਸੱਤਵੀਂ ਬੈਠਕ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All