ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ 72 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਅਗਲੇ ਦੋ ਮਹੀਨਿਆਂ ਲਈ ਮੁਫ਼ਤ ਰਾਸ਼ਨ ਮੁਹੱਈਆ ਕਰਵਾਏ ਜਾਣ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਕੋਵਿਡ-19 ਸੰਕਟ ਤੋਂ ਉਭਰਨ ਵਿੱਚ ਲੋਕਾਂ ਦੀ ਮਦਦ ਲਈ ਆਟੋ ਰਿਕਸ਼ਾ ਤੇ ਟੈਕਸੀ ਚਾਲਕਾਂ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉਪਰੋਕਤ ਐਲਾਨ ਦਾ ਇਹ ਮਤਲਬ ਨਾ ਕੱਢਿਆ ਜਾਵੇ ਕਿ ਕੌਮੀ ਰਾਜਧਾਨੀ ਵਿੱਚ ਕਰੋਨਾਵਾਇਰਸ ਦੇ ਫੈਲਾਅ ਨੂੰ ਠੱਲ੍ਹਣ ਲਈ ਲਾਗੂ ਲੌਕਡਾਊਨ ਦੋ ਮਹੀਨੇ ਤੱਕ ਚੱਲੇਗਾ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦਿੱਲੀ ਵਿੱਚ ਹਾਲਾਤ ਸੁਧਰਨਗੇ ਤੇ ਲੌਕਡਾਊਨ ਦੀ ਲੋੜ ਹੀ ਨਹੀਂ ਪਏਗੀ। ਚੇਤੇ ਰਹੇ ਕਿ ਕੇਜਰੀਵਾਲ ਸਰਕਾਰ ਨੇ ਪਿਛਲੇ ਸਾਲ ਦੇਸ਼ਿਵਆਪੀ ਲੌਕਡਾਊਨ ਦੌਰਾਨ ਵੀ ਦਿੱਲੀ ਦੇ 1.56 ਲੱਖ ਆਟੋ ਤੇ ਟੈਕਸੀ ਚਾਲਕਾਂ ਨੂੰ ਪੰਜ-ਪੰਜ ਹਜ਼ਾਰ ਦੀ ਵਿੱਤੀ ਸਹਾਇਤਾ ਦਿੱਤੀ ਸੀ। ਕੋਵਿਡ-19 ਦੇ ਵਧਦੇ ਕੇਸਾਂ ਕਰਕੇ ਕੌਮੀ ਰਾਜਧਾਨੀ ਵਿੱਚ 10 ਮਈ ਤੱਕ ਲੌਕਡਾਊਨ ਆਇਦ ਹੈ। -ਪੀਟੀਆਈ