ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

ਸੱਭਿਆਚਾਰ ਕਿਸੇ ਵੀ ਖਿੱਤੇ ਦੀ ਜੀਵਨ ਜਾਚ ਹੁੰਦਾ ਹੈ। ਉਸ ਖਿੱਤੇ ਦੀ ਵੱਖਰੀ ਪਛਾਣ। ਉਸ ਖਿੱਤੇ ਦੀ ਸੰਪੂਰਨ ਰਹਿਣੀ-ਬਹਿਣੀ, ਖਾਣ-ਪੀਣ, ਪਹਿਨਣ, ਅਦਬ-ਆਦਾਬ। ਇਹ ਕਾਰਜ ਸ਼ੈਲੀ ਹੌਲੀ ਹੌਲੀ ਜੁੜਦੀ ਹੈ ਤੇ ਜੀਵਨ ਸ਼ੈਲੀ ਦਾ ਹਿੱਸਾ ਬਣਦੀ ਹੈ। ਇਹ ਤਬਦੀਲ ਵੀ ਹੁੰਦੀ ਹੈ, ਜਦੋਂ ਦੋ ਵੱਖ ਵੱਖ ਸਭਿਆਚਾਰਾਂ ਦੇ ਲੋਕਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ, ਜਿਵੇਂ ਅੱਜ ਅਸੀਂ ਦੇਖ ਰਹੇ ਹਾਂ। ਪੂਰਬ-ਪੱਛਮ, ਉੱਤਰ-ਦੱਖਣ ਆਦਿ ਦੇ ਖਾਣੇ ਅਤੇ ਪਹਿਰਾਵੇ। ਸਭਿਆਚਾਰ ਦੀ ਉਸਾਰੀ ਪਿੱਛੇ, ਮੁੱਖ ਤੌਰ ਤੇ ਉਸ ਖਿੱਤੇ ਦਾ ਭੂਗੌਲਿਕ ਵਾਤਾਵਰਨ ਹੁੰਦਾ ਹੈ; ਭਾਵੇਂ ਆਰਥਿਕ, ਸਮਾਜਿਕ ਰੀਤੀ-ਰਿਵਾਜ, ਇਥੋਂ ਤਕ ਕਿ ਰਾਜਨੀਤਕ ਦਖਲ ਵੀ ਹੁੰਦਾ ਹੈ ਪਰ ਅਪਣਾਈ ਉਦੋਂ ਹੀ ਜਾਂਦੀ ਹੈ, ਜਦੋਂ ਸਰੀਰਕ ਅਤੇ ਮਾਨਸਿਕ ਲੋੜਾਂ ਦੇ ਅਨੁਕੂਲ ਹੁੰਦੀ ਹੈ।

ਆਪਣੇ ਦੇਸ਼ ਵਿਚ ਪਿਛਲੇ ਛੇ ਸਾਲ ਤੋਂ ਵਿਸ਼ੇਸ਼ ਕਰ ਕੇ, ਅਸੀਂ ਕਈ ਤਬਦੀਲੀਆਂ ਮਹਿਸੂਸ ਕਰ ਸਕਦੇ ਹਾਂ ਪਰ ਹੁਣ ਚਾਰ-ਪੰਜ ਮਹੀਨਿਆਂ ਤੋਂ ਕਰੋਨਾ ਮਹਾਮਾਰੀ ਨੇ ਕਈ ਨਵੇਂ ਰਾਹ ਖੋਲ੍ਹੇ ਹਨ ਅਤੇ ਵਿਸ਼ਵੀ ਸੱਭਿਆਚਾਰ ਵੱਲ ਧੱਕਣ ਦੀ ਕੋਸ਼ਿਸ਼ ਹੋ ਰਹੀ ਹੈ, ਕਿਉਂ ਜੋ ਬਿਮਾਰੀ ਦਾ ਸੁਭਾਅ ਗਲੋਬਲੀ ਹੈ। ਕਰੋਨਾ ਦੀ ਸ਼ੁਰੂਆਤ ਵੇਲੇ ਸਭ ਤੋਂ ਪਹਿਲਾਂ ਜੋ ਨਿਰਦੇਸ਼ ਆਏ, ਉਹ ਸੀ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ। ਫਿਰ ਸੈਨੇਟਾਈਜ਼ਰ ਦੀ ਥਾਂ ਆਮ ਸਾਬਣ ਨਾਲ ਹੱਥ ਧੋਣ ਦੀ ਗੱਲ ਹੋਈ। ਇਹ ਸਾਡੀਆਂ ਸਿਹਤਮੰਦ ਆਦਤਾਂ ਦੇ ਹਿੱਸੇ ਵਜੋਂ ਪਹਿਲਾਂ ਹੀ ਮੌਜੂਦ ਸੀ ਪਰ ਇਸ ਨੂੰ ਕੁਝ ਸੰਜੀਦਾ ਹੋ ਕੇ ਅਪਣਾਇਆ ਜਾਣ ਲੱਗਾ। ਇਸ ਤੋਂ ਅਗਲੀ ਸਮਝ ਤਹਿਤ ਛੇ ਫੁੱਟ ਦੀ ਦੂਰੀ ਦੀ ਗੱਲ ਆਈ ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਇਸ ਨੂੰ ਪੇਂਡੂ ਸਮਝ ਦੇ ਹਾਣ ਦਾ ਬਣਾਉਂਦੇ ਹੋਏ ਸੰਗੀਤਕ ਵਾਕ ਵਿਚ ਪੇਸ਼ ਕੀਤਾ: ‘ਦੋ ਗਜ਼ ਦੂਰੀ, ਬਹੁਤ ਜ਼ਰੂਰੀ’ ਅਤੇ ਇਨ੍ਹਾਂ ਦੋਹਾਂ ਪੱਖਾਂ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਸਲਾਹ ਵੀ ਦਿੱਤੀ।

ਤਾਲਾਬੰਦੀ ਵਾਲੇ ਦੌਰ ਤੋਂ ਹੌਲੀ ਹੌਲੀ ਰਾਹਤ ਮਿਲ ਰਹੀ ਹੈ ਪਰ ਇਨ੍ਹਾਂ ਦੋਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਦੇ ਨਿਰਦੇਸ਼ ਵੀ ਹੋਏ ਹਨ। ਕੁਝ ਲੋਕਾਂ ਨੇ ਇਸ ਨੂੰ ਆਦਤ ਵੀ ਬਣਾ ਲਿਆ। ਵੈਸੇ ਵੀ ਇਕ ਮਨੋਵਿਗਿਆਨਕ ਅਧਿਐਨ ਹੈ ਕਿ ਤਿੰਨ ਹਫ਼ਤੇ ਤੱਕ ਕਿਸੇ ਵੀ ਆਦਤ ਨੂੰ ਅਪਣਾਇਆ ਜਾਵੇ, ਉਹ ਜੀਵਨ ਵਿਚ ਢਲ ਜਾਂਦੀ ਹੈ। ਜੇ ਆਪਣੇ ਇਸ ਮੁਲਕ ਦੇ ਸਭਿਆਚਾਰ ਦੀ ਗੱਲ ਕਰੀਏ ਤਾਂ ਇਹ ਦੂਰੀ ਸਾਡੀ ਰਵਾਇਤ ਨਹੀਂ ਹੈ। ਵਿਦੇਸ਼ੀ-ਪੱਛਮੀ, ਭੱਜ-ਨੱਠ ਅਤੇ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਦੂਰੋਂ ਦੂਰੋਂ ਗੱਲ ਕਰਨੀ, ਕੰਮ ਦੀ ਗੱਲ ਕਰਨੀ ਆਦਿ ਜ਼ਰੂਰ ਅਪਣਾਏ ਗਏ ਹਨ ਪਰ ਸਾਡੇ ਵਰਗੇ ਖੇਤੀ ਪ੍ਰਧਾਨ ਦੇਸ਼ ਵਿਚ ਫ਼ਸਲ ਦੀ ਬਿਜਾਈ ਅਤੇ ਕਟਾਈ ਦੇ ਹੱਡ-ਭੰਨਵੇਂ, ਲੰਮੇ ਕਾਰਜ ਤੋਂ ਬਾਅਦ ਕੁਝ ਸਮਾਂ ਸੱਥ ਲਈ ਹੁੰਦਾ ਹੈ, ਮਿਲ ਬੈਠਣ ਦਾ ਅਤੇ ਗੱਪ-ਸ਼ੱਪ ਦਾ ਹੁੰਦਾ ਹੈ।

ਪਿਛਲੇ ਕੁਝ ਸਾਲਾਂ ਤੇ ਝਾਤੀ ਮਾਰੀਏ ਤਾਂ ਸਮਾਰਟ ਫੋਨ ਅਤੇ ਇੰਟਰਨੈੱਟ ਦੇ ਫੈਲਾਓ ਨੇ ਘਰ ਦੇ ਚਾਰ ਜੀਆਂ ਨੂੰ ਚਾਰੇ ਨੁੱਕਰਾਂ ਵਿਚ ਵਾੜ ਦਿੱਤਾ ਹੈ। ਹੁਣ ਇਹੀ ਵਰਤਾਰਾ ਵਿਧਾਨਕ ਆਦੇਸ਼ ਬਣ ਕੇ ਸਾਡੇ ਜੀਵਨ ਵਿਚ ਦਾਖ਼ਲ ਹੋ ਰਿਹਾ ਹੈ। ਤੁਸੀਂ ਸੋਚੋ, ਕਿਸੇ ਵੀ ਦੁਕਾਨ, ਮਾਲ ਜਾਂ ਅਜਿਹੀ ਥਾਂ ਤੇ ਮਾਸਕ ਪਾ ਕੇ, ਇਕ-ਦੂਸਰੇ ਨੂੰ ਪਛਾਨਣ ਤੇ ਫਿਰ ਛੇ ਫੁੱਟ ਤੇ ਖੜ੍ਹ ਕੇ ਕੁਝ ਸਾਂਝ ਪਾਉਣੀ ਕਿੰਨੀ ਕੁ ਸਹਿਜ ਰਹਿ ਜਾਵੇਗੀ? ਇਸ ਤਰ੍ਹਾਂ ਹਾਲ-ਚਾਲ ਪੁੱਛਣ ਦਾ ਰਵਾਇਤੀ ਢੰਗ ਹੈਲੋ, ਹਾਏ, ਓਕੇ ਵਿਚ ਸਿਮਟ ਕੇ ਰਹਿ ਜਾਵੇਗਾ।

ਜੀਵ ਵਿਕਾਸ ਦੀ ਲੜੀ ਵਿਚ ਅਸੀਂ ਸੋਸ਼ਲ ਹੋਏ ਹਾਂ, ਅਸੀਂ ਆਪਣੇ ਨਾਲ ਸਮਾਜਿਕ ਪ੍ਰਾਣੀ ਦਾ ਵਿਸ਼ੇਸ਼ਣ ਲਗਾਇਆ ਹੈ। ਸਾਡੇ ਤੋਂ ਪਿਛਲੀ ਪੌੜੀ ਤੇ ਖੜ੍ਹੇ ਜੀਵ ਇਕੱਠੇ ਜ਼ਰੂਰ ਰਹਿੰਦੇ ਹਨ ਪਰ ਉਹ ਝੁੰਡ ਹਨ। ਅਸੀਂ ਸਮਾਜ ਬਣਾਇਆ, ਜੇਕਰ ਸਹੀ ਅਰਥਾਂ ਵਿਚ ਸਮਝੀਏ ਤਾਂ ਸਾਡੇ ਅੰਦਰ ਵਿਕਸਤ ਹੋਈ ਸਵੈ-ਚੇਤਨਾ ਨੇ ਆਲੇ-ਦੁਆਲੇ ਪ੍ਰਤੀ ਸੁਚੇਤ ਹੋਣ ਦੀ ਕਾਬਲੀਅਤ ਨੇ ਅਤੇ ਆਪਸ ਵਿਚ ਇਕ-ਦੂਸਰੇ ਨੂੰ ਮਿਲਣ ਦੀ ਚਾਹਤ ਨੇ ਸਮਾਜ ਬਣਾਉਣ ਲਈ ਪ੍ਰੇਰਿਆ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਮਿਲਣਾ, ਮਦਦ ਕਰਨਾ, ਕੋਈ ਸਮਾਜਿਕ ਨੇਮ ਨਹੀਂ ਹੈ, ਇਹ ਸਾਡੀ ਸਰੀਰਕ ਬਣਤਰ ਦਾ ਕੁਦਰਤੀ ਹਿੱਸਾ ਹੈ।

ਵਿਸ਼ਵ ਸਿਹਤ ਸੰਸਥਾ ਨੇ ਆਪਣੀ ਕਾਇਮੀ ਤੋਂ ਬਾਅਦ 1948 ਵਿਚ ਸਿਹਤ ਦੀ ਵਿਆਖਿਆ ਕਰਦਿਆਂ ਇਸ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਪੱਖੋਂ ਨਰੋਏ ਹੋਣ ਤਹਿਤ ਲਿਆ। ਸਮਾਜਿਕ ਸਿਹਤ ਤਹਿਤ, ਨਰੋਏ ਰਿਸ਼ਤੇ, ਸਬੰਧਾਂ ਦੇ ਧੜਕਦੇ-ਥਿੜਕਦੇ ਹੋਣ ਦੀ ਭਾਵਨਾ ਹੈ। ਇਹ ਤਿੰਨੋਂ ਪੱਖ ਇਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਤੇ ਹੁੰਦੇ ਹਨ। ਇਸ ਸਮਾਜਿਕ/ਸਰੀਰਕ ਦੂਰੀ ਨੂੰ ਰਵਾਇਤ ਬਣਾ ਕੇ, ਅਸੀਂ ਗ਼ੈਰ-ਕੁਦਰਤੀ ਕਾਰਜ ਕਰਨ ਵੱਲ ਵਧ ਰਹੇ ਹਾਂ।

ਸਾਡੇ ਸਰੀਰ ਅੰਦਰ ਖ਼ੁਸ਼ੀ ਨਾਲ ਜੁੜੇ ਚਾਰ ਹਾਰਮੋਨਜ਼ ਹਨ। ਡੋਪਾਸੀਨ, ਐਂਡਰੋਫਿਨ, ਔਕਸੀਟੋਸਿਨ ਅਤੇ ਸਿਰੋਟਾਨਿਨ। ਇਹ ਕੁਦਰਤੀ ਤੌਰ ਤੇ ਉਦੋਂ ਪੈਦਾ ਹੁੰਦੇ ਹਨ ਜਦੋਂ ਅਸੀਂ ਆਪਸ ਵਿਚ ਮਿਲਦੇ ਹਾਂ; ਇਕ ਦੂਸਰੇ ਤੋਂ ਕੁਝ ਲੈਂਦੇ ਤੇ ਦਿੰਦੇ ਹਾਂ; ਕਿਸੇ ਦੀ ਮਦਦ ਕਰਦੇ ਹਾਂ; ਇਕ ਦੂਸਰੇ ਨੂੰ ਛੂੰਹਦੇ ਹਾਂ; ਹੱਥ ਮਿਲਾਉਂਦੇ, ਗੱਲਵਕੜੀ ਪਾਉਂਦੇ ਹਾਂ। ਮਾਂ ਬੱਚੇ ਨੂੰ ਪਾਲਦੀ, ਦੁੱਧ ਪਿਲਾਉਂਦੀ ਹੈ। ਉਸ ਦਾ ਇਹ ਕਾਰਜ ਖ਼ੁਸ਼ੀ ਅਤੇ ਆਨੰਦ ਦਿੰਦਾ ਹੈ ਤੇ ਐਕਸੀਟੋਸਿਨ ਹਾਰਮੋਨ ਨਾਲ ਜੁੜਿਆ ਹੈ।

ਕਰੋਨਾ ਦੇ ਇਸ ਦੌਰ ਤੋਂ ਅੱਗੇ ਅਸੀਂ ਕਿਸ ਸੱਭਿਆਚਾਰ ਵੱਲ ਵਧ ਰਹੇ ਹਾਂ? ਹਰ ਮੇਲ-ਮਿਲਾਪ ਤੁਹਾਨੂੰ ਨਵੀਂ ਊਰਜਾ ਦਿੰਦਾ ਹੈ। ਮੇਲ-ਮਿਲਾਪ ਨਾਲ ਇਹ ਗਿਆਨ ਹੁੰਦਾ ਹੈ ਕਿ ਅਸੀਂ ਸਾਰੇ ਇਕ ਰੂਪ ਹਾਂ। ਬੰਦੇ ਅੰਦਰ ਪਏ-ਪਸਰੇ, ਨਿਵੇਕਲੇ ਅਤੇ ਮਹਾਨ ਹੋਣ ਦਾ ਭਰਮ ਟੁੱਟਦਾ ਹੈ ਤੇ ਇਕਜੁੱਟ ਹੋਣ ਦੀ ਸ਼ੁਰੂਆਤ ਹੁੰਦੀ ਹੈ। ਕੀ ਕਰੋਨਾ ਕਾਲ ਦੌਰਾਨ ਤਾਲਾਬੰਦੀ ਅਤੇ ਇਹ ਦੂਰੀ ਵਾਲੇ ਬਦਲਾਓ ਨੂੰ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਕੇ ਸਭ ਨੂੰ ਆਪੋ-ਆਪਣੇ ਕਕੂਨ ਵਿਚ ਸਮੇਟ ਕੇ, ਸਾਂਝੀ ਸਿਆਣਪ ਅਤੇ ਮਿਲ ਕੇ ਚੰਗੇ ਸੁਪਨੇ ਸਿਰਜਣ ਦੀ ਕੋਸ਼ਿਸ਼ ਨੂੰ ਖੋਰਾ ਤਾਂ ਨਹੀਂ ਲਗਾਇਆ ਜਾ ਰਿਹਾ, ਇਸ ਪ੍ਰਤੀ ਜ਼ਰੂਰ ਸੁਚੇਤ ਰਹਿਣ ਦੀ ਲੋੜ ਹੈ। ਇਸੇ ਤਰਜ਼ ਤੇ ਇਕ ਜੋ ਹੋਰ ਤਬਦੀਲੀ ਅਸੀਂ ਦੇਖਾਂਗੇ ਜਾਂ ਕਹੀਏ ਕਿ ਸਾਡੇ ਜੀਵਨ ਦਾ ਹਿੱਸਾ ਬਣਾਉਣ ਦੀ ਵਿਉਂਤ ਬਣ ਰਹੀ ਹੈ ਤੇ ਪੁਰਜ਼ੋਰ ਕੋਸ਼ਿਸ਼ ਹੋ ਰਹੀ ਹੈ ਕਿ ਅਸੀਂ ਘਰ ਬੈਠ ਕੇ, ਹਰ ਕੰਮ ਨੂੰ ਨਿਬੇੜਨ ਅਤੇ ਖੁਦ ਨੂੰ ਘਰ ਦੀ ਚਾਰਦੀਵਾਰੀ ਤੱਕ ਮਹਿਦੂਦ ਕਰ ਲਈਏ। ਕਰੋਨਾ ਕਾਲ ਇਸ ਰੁਝਾਨ ਲਈ ਪੂਰਾ ਮਾਹੌਲ ਬਣਾ ਰਿਹਾ ਹੈ।

‘ਤੁਹਾਡੀ ਸਿਹਤ ਸਾਡੀ ਪਹਿਲੀ ਚਿੰਤਾ ਹੈ, ਘਰ ਬੈਠੇ ਹੀ ਆਪਣੇ ਫੋਨ ਨੂੰ ਸਾਡੀ ਐਪ ਤੋਂ ਰਿਚਾਰਜ ਕਰਵਾਓ’, ‘ਆਫਿਸ ਘਰ ਆ ਗਿਆ ਹੈ, ਦੋਸਤਾਂ ਨਾਲ ਵੀ ਗੱਪ-ਸ਼ੱਪ ਹੋ ਗਈ ਹੈ, ਸਾਡੀ ਕਿਸ਼ਤæææ ਇਕ ਮਿੰਟ ਤੋਂ ਵੀ ਘੱਟ। ਸਮਾਂ ਬਚਾਓ ਘਰੇ ਰਹੋ, ਸੁਰੱਖਿਅਤ ਰਹੋ’, ਆਦਿ ਸੁਨੇਹੇ, ਇਸ਼ਤਿਹਾਰ ਹੁਣ ਲਗਾਤਾਰ ਆ ਰਹੇ ਹਨ ਜੋ ਪਹਿਲਾਂ ਕਦੇ ਕਦੇ ਆਉਂਦੇ ਸਨ। ਪਹਿਲੇ ਦੌਰ ਵਿਚ ਤਾਲਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਮਕਸਦ ਨਾਲ ਕੁਝ ਕੁ ਜ਼ਰੂਰੀ ਵਸਤੂਆਂ ਜਿਵੇਂ ਰਾਸ਼ਨ, ਦੁੱਧ, ਸਬਜ਼ੀ ਅਤੇ ਦਵਾਈਆਂ ਘਰੇ ਪਹੁੰਚਾਉਣ ਦਾ ਪ੍ਰਬੰਧ ਕਰਨ ਨੂੰ ਕਿਹਾ ਗਿਆ ਪਰ ਕੁਝ ਦੁਕਾਨਦਾਰ ਮੁਕਾਬਲੇ ਦੀ ਭਾਵਨਾ ਤਹਿਤ ਪਹਿਲਾਂ ਹੀ ਰਾਸ਼ਨ ਦੀ ਹੋਮ ਡਿਲੀਵਰੀ ਕਰਨ ਲੱਗ ਪਏ ਹਨ ਅਤੇ ਦੁੱਧ, ਸਬਜ਼ੀ ਤਾਂ ਗਲੀ ਗਲੀ, ਘਰ ਘਰ ਪਹੁੰਚਾਉਣ ਦਾ ਸਾਡਾ ਸੱਭਿਆਚਾਰ ਹੈ ਹੀ। ਪਿਛਲੇ ਕੁਝ ਕੁ ਸਾਲਾਂ ਤੋਂ ਡਿਜੀਟਲ ਇੰਡੀਆ ਦੇ ਸੰਕਲਪ ਨੂੰ ਅਪਣਾਉਣ ਲਈ ਕਈ ਨਵੀਆਂ ਐਪਸ ਆਈਆਂ ਹਨ। ਬਿਜਲੀ ਦੇ ਬਿੱਲ, ਬੈਂਕ ਦੇ ਭੁਗਤਾਨ ਆਦਿ ਲਈ ਲੰਮੀਆਂ ਲਾਈਨਾਂ ਤੋਂ ਛੁਟਕਾਰਾ ਮਿਲਿਆ ਹੈ। ਉਂਜ ਇਹ ਵਿਵਸਥਾ ‘ਕੈਸ਼ਲੈੱਸ ਸੁਸਾਇਟੀ’ ਵੱਲ ਲਿਜਾਣ ਦੀ ਕੋਸ਼ਿਸ਼ ਵੱਧ ਸੀ।

ਕੁਝ ਸਮੇਂ ਤੋਂ ਕੰਪਨੀਆਂ ਨੇ ਆਪਣੇ ਕੁਝ ਕੁ ਕੰਮ ਇੰਟਰਨੈੱਟ ਉੱਤੇ ਕਰਵਾਉਣ ਲਈ ‘ਘਰ ਬੈਠ ਕੇ ਕਮਾਓ’ ਦੀ ਨਵੀਂ ਵਿਵਸਥਾ ਨੂੰ ਜਨਮ ਦਿੱਤਾ ਹੈ ਤੇ ਹੁਣ ਕੁਝ ਕੁ ਸਾਲਾਂ ਵਿਚ ‘ਈ-ਕਾਮਰਸ’ ਦਾ ਕਾਫ਼ੀ ਦਬਦਬਾ ਬਣ ਗਿਆ ਹੈ। ਪਹਿਲਾਂ ਤਾਂ ਕੁਝ ਕੁ ਭਾਰਤੀ ਕੰਪਨੀਆਂ ਹੀ ਸਨ ਪਰ ਹੁਣ ਕੁਝ ਕੌਮਾਂਤਰੀ ਕੰਪਨੀਆਂ ਨੇ ਤਾਂ ਇਸ ਨੂੰ ਕਾਫੀ ਵਿਸਥਾਰ ਦੇ ਦਿੱਤਾ ਹੈ। ਤਕਰੀਬਨ ਹਰ ਚੀਜ਼ ਘਰ ਪਹੁੰਚਾਈ ਜਾ ਰਹੀ ਹੈ, ਫਰਿੱਜ, ਟੀਵੀæ ਤੋਂ ਲੈ ਕੇ ਬੂਟ-ਚੱਪਲਾਂ ਤੱਕ। ਇਹ ਭਾਵੇਂ ਸਾਡੇ ਦੇਸ਼ ਦੇ ਆਰਥਿਕ ਸਭਿਆਚਾਰ ਤਹਿਤ ਇਕ ਟਕਰਾਓ ਦੀ ਹਾਲਤ ਬਣਦੀ ਹੈ, ਜਿੱਥੇ ਕਰੋੜਾਂ ਲੋਕ ਗਲੀ-ਮੁਹੱਲਿਆਂ ਅਤੇ ਪਿੰਡਾਂ ਵਿਚ ਆਪਣੀ ਰੋਜ਼ੀ-ਰੋਟੀ ਇਨ੍ਹਾਂ ਨਿੱਕੇ-ਮੋਟੇ ਸਾਮਾਨ ਦੀ ਵਿਕਰੀ ਰਾਹੀਂ ਕਮਾਉਂਦੇ ਹਨ। ਤਾਲਾਬੰਦੀ ਦੇ ਦੂਸਰੇ ਪੜਾਅ ਤੇ ਆ ਕੇ ਹੋਰ ਦੋ ਹਫ਼ਤੇ ਵਧਾਏ ਗਏ ਅਤੇ ਨਾਲ ਹੀ ਇਹ ਪ੍ਰਭਾਵ ਵੀ ਪੈਣ ਲੱਗਿਆ ਕਿ ਪਤਾ ਨਹੀਂ, ਇਹ ਹਾਲਾਤ ਕਿੰਨਾ ਚਿਰ ਰਹਿਣੇ ਹਨ। ਇਸ ਮਗਰੋਂ ਦੇਸ਼ ਦੇ ਵਿੱਦਿਅਕ ਅਦਾਰਿਆਂ ਨੇ ‘ਈ-ਲਰਨਿੰਗ’ ਦਾ ਜ਼ਰੀਆ ਲੱਭਿਆ।

ਇਕ ਵਾਰੀ ਫਿਰ ਇਹ ਗੱਲ ਸਮਝਾਉਣ-ਉਭਾਰਨ ਦੀ ਲੋੜ ਹੈ ਕਿ ਸਾਡੇ ਵਰਗੇ ਮੁਲਕ ਵਿਚ ਜਿੱਥੇ ਆਰਥਿਕ ਪਾੜਾ ਹੈ, ਉੱਥੇ ਲੈਪਟਾਪ, ਸਮਾਰਟਫੋਨ, ਇੰਟਰਨੈੱਟ ਦਾ ਹਰ ਥਾਂ ਤੇ ਹਰ ਵੇਲੇ ਮਿਲਣਾ ਆਦਿ ਸਹੂਲਤਾਂ ਸਭ ਕੋਲ ਨਹੀਂ ਹਨ। ਇਹ ਇਕ ਤਰ੍ਹਾਂ ਦਾ ਇਸ ਪਾੜੇ ਨੂੰ ਹੋਰ ਡੂੰਘਾ ਕਰਨ ਵੱਲ ਕਦਮ ਹੈ। ਕੁਝ ਸਾਲਾਂ ਤੋਂ ਮੱਧਵਰਗੀ ਪਰਿਵਾਰ ਜਿਸ ਉੱਪਰ ਇਹ ਸਾਰਾ ਨਵਾਂ ਦ੍ਰਿਸ਼ ਉਸਾਰਿਆ ਜਾ ਰਿਹਾ ਹੈ, ਜੋ ਵੀਕਐਂਡ ਮਨਾਉਣ ਲਈ ਸਿਨੇਮਾ, ਪਾਰਕ, ਰੈਸਤਰਾਂ ਵਿਚ ਖਾਣ ਦਾ ਸ਼ੌਕੀਨ ਹੋ ਰਿਹਾ ਸੀ। ਇਸ ਤਰ੍ਹਾਂ ਹਫ਼ਤੇ ਵਿਚ ਇਕ ਸ਼ਾਮ ਪਰਿਵਾਰ ਮਿਲ ਕੇ ਹੱਸਦਾ-ਖੇਡਦਾ ਸੀ ਜੋ ਮਾਨਸਿਕ ਸਿਹਤ ਲਈ ਚੰਗੀ ਸ਼ੁਰੂਆਤ ਹੈ। ਹੁਣ ਸਿਨੇਮਾ ਸਮੇਤ ਹਰ ਚੀਜ਼ ਦੀਆਂ ਐਪਸ ਹਨ। ਇਨ੍ਹਾਂ ਕੰਪਨੀਆਂ ਨੇ ਹਰ ਦਿਨ ਹੀ ਮੌਜ-ਮਸਤੀ ਵਾਲਾ ਬਣਾਉਣ ਲਈ ਆਪਣੇ ਬਾਜ਼ਾਰ ਨੂੰ ਹੋਰ ਵਿਸਥਾਰ ਦਿੱਤਾ ਹੈ।

ਮਨੋਵਿਗਿਆਨਕ ਸਮਝ ਹੈ ਕਿ ਇਕੱਲਤਾ ਸਭ ਤੋਂ ਵੱਡੀ ਸਜ਼ਾ ਹੈ। ਇਸ ਨਾਲ ਉਦਾਸੀ ਪੈਦਾ ਹੁੰਦੀ ਹੈ ਅਤੇ ਫਿਰ ‘ਅਜਿਹੇ ਜੀਣ ਤੋਂ ਕੀ ਲੈਣਾ’ ਵਰਗੇ ਖਿਆਲ ਆਉਂਦੇ ਹਨ। ਇਕੱਲੇ ਰਹਿਣ ਨੂੰ ਜੀਅ ਕਰਨਾ ਅਤੇ ਇਕੱਲਤਾ ਦੋ ਵੱਖਰੇ ਪਹਿਲੂ ਹਨ। ਵਿਦਿਆਰਥੀਆਂ ਦੇ ਪਹਿਲੂ ਤੋਂ ਵੀ ਆਪਸ ਵਿਚ ਮਿਲ ਕੇ ਵਿਚਾਰ-ਚਰਚਾ ਨਾ ਕਰਨੀ ਬੌਧਿਕ ਸਮਰੱਥਾ ਦੇ ਵਿਕਾਸ ਨੂੰ ਰੋਕਦਾ ਹੈ ਅਤੇ ਯਾਦਾਸ਼ਤ ਉੱਤੇ ਅਸਰ ਪੈਂਦਾ ਹੈ। ਨਸ਼ਿਆਂ ਦੀ ਲੋੜ ਵਧਦੀ ਹੈ।

ਕਰੋਨਾ ਦੇ ਡਰ ਤਹਿਤ ਜੋ ਘਰ ਬੈਠਣ ਦੀ ਰਵਾਇਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਹਰ ਚੀਜ਼ ਦੀ ਸਹੂਲਤ ਨੂੰ ਨਵੇਂ ਯੁੱਗ ਤੇ ਵਿਕਾਸ ਦਾ ਪ੍ਰਤੀਕ ਬਣਾ ਕੇ ਪ੍ਰਚਾਰਿਆ ਜਾ ਰਿਹਾ ਹੈ, ਇਹ ਲੋਕਾਂ ਨੂੰ ਆਪੋ-ਆਪਣੇ ਵਿਚ ਰਹਿਣ ਅਤੇ ਨਿੱਜ ਤੱਕ ਸੀਮਤ ਕੀਤੇ ਜਾਣ ਵੱਲ ਕਦਮ ਹੈ। ਇਹ ਗ਼ੈਰ-ਕੁਦਰਤੀ ਹੈ। ਇਹ ਨਾ ਹੋਵੇ ਕਿ ਕਰੋਨਾ ਦੇ ਸਰੀਰਕ ਪ੍ਰਭਾਵਾਂ ਤੋਂ ਬਚਦੇ ਬਚਦੇ ਅਸੀਂ ਮਾਨਸਿਕ ਅਤੇ ਸਮਾਜਿਕ ਤੌਰ ਤੇ ਟੁੱਟ ਜਾਈਏ।

ਮਨੁੱਖ ਹੀ ਹੈ ਜੋ ਆਪਣੇ ਆਪ ਨੂੰ ਗਤੀਸ਼ੀਲ ਰੱਖਣ ਲਈ, ਕੁਦਰਤ ਅਤੇ ਆਪਣੇ ਸਭਿਆਚਾਰ ਤੋਂ ਤੌਰ-ਤਰੀਕਾ ਗ੍ਰਹਿਣ ਕਰਦਾ ਹੈ। ਕਰੋਨਾ ਸੰਕਟ ਜ਼ਰੂਰ ਹੈ, ਇਹ ਪਹਿਲਾਂ ਸੰਕਟ ਵੀ ਨਹੀਂ ਹੈ; ਗੱਲ ਇਸ ਸੰਕਟ ਦੀ ਤਹਿ ਤਕ ਜਾਣ ਦੀ ਹੈ, ਨਾ ਕਿ ਆਪਣੇ ਸਭਿਆਚਾਰ ਨੂੰ ਗੈਰ-ਕੁਦਰਤੀ ਅਤੇ ਅਸਮਾਜਿਕ ਬਣਾ ਕੇ ਰਹਿਣ ਦੀ।

*ਪ੍ਰੋਫੈਸਰ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ।

ਸੰਪਰਕ: 98158-08506

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All