ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਜੂਨ
ਕੇਂਦਰ ਸਰਕਾਰ ਨੇ ਕਰੋਨਾਵਾਇਰਸ ਕਰਕੇ ਲਗਾਈ ਗਈ ਤਾਲਾਬੰਦੀ ਦੌਰਾਨ ਅਨਲੌਕ-2 ਦੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਦੀ ਪਾਲਣਾ ਕਰਦਿਆਂ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰ ਦਿੱਤਾ ਹੈ ਜੋ ਕਿ ਪਹਿਲਾਂ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਸੀ। ਜਦਕਿ ਹਾਲੇ ਸ਼ਹਿਰ ਵਿਚਲੇ ਬਾਜ਼ਾਰਾਂ ਨੂੰ ਖੋਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਹੀ ਰਹੇਗੀ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ।
ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਕੇਂਦਰ ਵੱਲੋਂ ਜਾਰੀ ਹਦਾਇਤਾਂ ਦੀ ਚੰਡੀਗੜ੍ਹ ਵਿੱਚ ਵੀ 31 ਜੁਲਾਈ 2020 ਤੱਕ ਪਾਲਣਾ ਕੀਤੀ ਜਾਵੇਗੀ। ਇਨ੍ਹਾਂ ਆਦੇਸ਼ਾਂ ਤਹਿਤ ਸ਼ਹਿਰ ਵਿਚਲੇ ਸਕੂਲ, ਕਾਲਜ, ਸਿਨੇਮਾ ਘਰ, ਜਿੰਮ, ਸਵੀਮਿੰਗ ਪੂਲ, ਐਂਟਰਟੈਨਮੈਂਟ ਪਾਰਕ, ਬਾਰ ਆਦਿ ਬੰਦ ਰਹਿਣਗੇ ਅਤੇ ਸ਼ਾਦੀ-ਵਿਆਹ ਦੇ ਸਮਾਗਮ ਵਿੱਚ ਜਾਂ ਅੰਤਿਮ ਅਰਦਾਸ ਮੌਕੇ ਜ਼ਿਆਦਾ ਭੀੜ ਕਰਨ ’ਤੇ ਵੀ ਪਾਬੰਦੀ ਜਾਰੀ ਰਹੇਗੀ। ਸਲਾਹਕਾਰ ਪਰੀਦਾ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ, ਜੇਕਰ ਕੋਈ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਯੂਟੀ ਦੇ ਪ੍ਰਸ਼ਾਸਨ ਵੱਲੋਂ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਕਰਨ ਅਤੇ ਸਾਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹੋਏ ਹਨ। ਉਨ੍ਹਾਂ ਪੁਲੀਸ ਨੂੰ ਸਖਤ ਹਦਾਇਤ ਕੀਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣ।
ਰੈਸਤਰਾਂ 50 ਫ਼ੀਸਦ ਟੇਬਲਾਂ ਨਾਲ ਚਲਾਉਣ ਦੀ ਪ੍ਰਵਾਨਗੀ
ਕੇਂਦਰ ਸਰਕਾਰ ਵੱਲੋਂ ਅਣਲੌਕ-1 ਵਿੱਚ ਰੈਸਟੋਰੈਂਟ ਨੂੰ 50 ਫ਼ੀਸਦ ਟੇਬਲਾਂ ਨਾਲ ਚਲਾਉਣ ਸਬੰਧੀ ਪ੍ਰਵਾਨਗੀ ਦਿੱਤੀ ਗਈ ਸੀ। ਯੂਟੀ ਪ੍ਰਸ਼ਾਸਨ ਵੱਲੋਂ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਦਿਆਂ ਸ਼ਹਿਰ ਵਿੱਚ 50 ਫ਼ੀਸਦ ਟੇਬਲਾਂ ਨਾਲ ਰੈਸਤਰਾਂ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਸੀ ਜਿਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੈਸਟੋਰੈਂਟ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਮਾਸਕ ਤੋਂ ਬਿਨਾਂ ਕਿਸੇ ਨੂੰ ਰੈਸਤਰਾਂ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ।