ਸਿਟੀ ਬਿਊਟੀਫੁੱਲ ਵਿੱਚ ਵਾਇਰਸ ਕਾਰਨ ਦੋ ਮੌਤਾਂ

* 12 ਹੋਰ ਨਵੇਂ ਕੇਸ ਸਾਹਮਣੇ ਆਏ; * ਮਰੀਜ਼ਾਂ ਦਾ ਕੁੱਲ ਅੰਕੜਾ 600 ’ਤੇ ਅੱਪੜਿਆ

ਸਿਟੀ ਬਿਊਟੀਫੁੱਲ ਵਿੱਚ ਵਾਇਰਸ ਕਾਰਨ ਦੋ ਮੌਤਾਂ

ਪਿੰਡ ਜਵਾਹਰਪੁਰ ਦਾ ਦ੍ਰਿਸ਼। -ਫੋਟੋ: ਨਿਤਿਨ ਮਿੱਤਲ

ਕੁਲਦੀਪ ਸਿੰਘ
ਚੰਡੀਗੜ੍ਹ, 14 ਜੁਲਾਈ

ਸ਼ਹਿਰ ਵਿੱਚ ਅੱਜ ਕਰੋਨਾਵਾਇਰਸ ਪੀੜਤ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੋਵੇਂ ਮਰੀਜ਼ ਪੀਜੀਆਈ ਵਿਚ ਜ਼ੇਰੇ ਇਲਾਜ ਸਨ। ਮ੍ਰਿਤਕਾਂ ਵਿੱਚ ਪਿੰਡ ਧਨਾਸ ਦਾ 50 ਸਾਲਾਂ ਦਾ ਵਿਅਕਤੀ ਵੀ ਸ਼ਾਮਲ ਹੈ ਜਿਸ ਨੂੰ 3 ਜੁਲਾਈ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਇਹ ਵਿਅਕਤੀ ਕੈਂਸਰ ਦਾ ਮਰੀਜ਼ ਸੀ ਅਤੇ ਉਸ ਨੂੰ ਕੀਮੋਥੈਰੇਪੀ ਦਿੱਤੀ ਜਾ ਰਹੀ ਸੀ। ਦੂਸਰਾ ਮਰੀਜ਼ ਸੈਕਟਰ 46 ਦੀ ਵਸਨੀਕ 52 ਸਾਲਾਂ ਦੀ ਔਰਤ ਹੈ ਜਿਸ ਨੂੰ 11 ਜੁਲਾਈ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਊਹ ਸ਼ੱਕਰ ਰੋਗ ਦੀ ਮਰੀਜ਼ ਸੀ। ਦੋਵਾਂ ਦੀ ਅੱਜ ਪੀਜੀਆਈ ਵਿੱਚ ਮੌਤ ਹੋ ਗਈ। ਇਨ੍ਹਾਂ ਮੌਤਾਂ ਉਪਰੰਤ ਸ਼ਹਿਰ ਵਿੱਚ ਕਰੋਨਾ ਮ੍ਰਿਤਕਾਂ ਦੀ ਗਿਣਤੀ 10 ਹੋ ਗਈ ਹੈ। ਹਾਲ ਦੀ ਘੜੀ ਸ਼ਹਿਰ ਵਿੱਚ 144 ਐਕਟਿਵ ਕੇਸ ਹਨ। ਯੂ.ਟੀ. ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਅੱਜ ਕਰੋਨਾ ਵਾਇਰਸ ਦੇ 12 ਨਵੇਂ ਕੇਸ ਆਏ ਹਨ ਤੇ ਪੀੜ੍ਹਤਾਂ ਦੀ ਕੁੱਲ ਗਿਣਤੀ 600 ਹੋ ਗਈ ਹੈ।

ਮੁਹਾਲੀ ਜ਼ਿਲ੍ਹੇ ਵਿੱਚ 21 ਹੋਰ ਪਾਜ਼ੇਟਿਵ ਕੇਸ

ਮੁਹਾਲੀ (ਦਰਸ਼ਨ ਸਿੰਘ ਸੋਢੀ); ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੇ 21 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 444 ’ਤੇ ਪਹੁੰਚ ਗਈ ਹੈ। ਇਨ੍ਹਾਂ ’ਚ 158 ਨਵੇਂ ਕੇਸ ਐਕਟਿਵ ਹਨ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਮੁਹਾਲੀ ਜ਼ਿਲ੍ਹੇ ਵਿੱਚ 21 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਦਕਿ 2 ਮਰੀਜ਼ ਠੀਕ ਹੋ ਗਏ ਹਨ ਅਤੇ ਜਿਨ੍ਹਾਂ ਦੋ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ, ਉਹ ਪਹਿਲਾਂ ਤੋਂ ਹੀ ਬਿਮਾਰੀਆਂ ਤੋਂ ਪੀੜਤ ਸਨ। ਇਨ੍ਹਾਂ ’ਚੋਂ 65 ਸਾਲ ਦਾ ਬਜ਼ੁਰਗ ਨਿਊ ਚੰਡੀਗੜ੍ਹ ਦਾ ਵਸਨੀਕ ਹੈ, ਜੋ ਪੀਜੀਆਈ ਵਿੱਚ ਜ਼ੇਰੇ ਇਲਾਜ ਸੀ। ਨਵੇਂ ਮਰੀਜ਼ਾਂ ਵਿੱਚ ਇੱਥੋਂ ਦੇ ਸੈਕਟਰ-68 ਦਾ 56 ਸਾਲਾਂ ਦਾ ਵਿਅਕਤੀ ਅਤੇ ਫੇਜ਼-9 ਦੀ 22 ਸਾਲਾਂ ਦੀ ਮੁਟਿਆਰ ਅਤੇ ਫੇਜ਼-4 ਤੋਂ 30 ਸਾਲਾਂ ਦੀ ਔਰਤ ਸਮੇਤ ਤਿੰਨ ਬੱਚਿਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਇਸੇ ਤਰ੍ਹਾਂ ਪੀਰ ਮੁਛੱਲਾ ਤੋਂ ਇਕ, ਢਕੋਲੀ ਤੋਂ ਦੋ, ਡੇਰਾਬੱਸੀ ਤੋਂ ਤਿੰਨ, ਜਵਾਹਰਪੁਰ ਤੋਂ ਇਕ, ਖਰੜ ’ਚੋਂ ਪੰਜ ਵਿਅਕਤੀ ਕਰੋਨਾ ਪੀੜਤ ਮਿਲੇ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 444 ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ’ਚੋਂ 9 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 279 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਇਸ ਸਮੇਂ ਮੁਹਾਲੀ ਵਿੱਚ ਐਕਟਿਵ ਕੇਸਾਂ ਦੀ ਗਿਣਤੀ 158 ਹੈ।

ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ 10 ਹੋਰ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 9 ਮਰੀਜ਼ ਪੰਚਕੂਲਾ ਜ਼ਿਲ੍ਹੇ ਨਾਲ ਸਬੰਧਤ ਹਨ ਜਦਕਿ ਇੱਕ ਮਰੀਜ਼ ਚੰਡੀਗੜ੍ਹ ਦਾ ਵਸਨੀਕ ਹੈ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ। ਇਨ੍ਹਾਂ ਮਰੀਜ਼ਾਂ ਵਿੱਚ ਸੈਕਟਰ 25 ਦਾ ਵਸਨੀਕ, ਕਾਲਕਾ ਦਾ 55 ਸਾਲਾਂ ਦਾ ਬਜ਼ੁਰਗ, ਸੈਕਟਰ 10 ਦਾ 31 ਸਾਲਾਂ ਦਾ ਵਿਅਕਤੀ, ਸੈਕਟਰ 21 ਦੇ ਮਹੇਸ਼ਪੁਰ ਦਾ ਵਸਨੀਕ, ਸੈਕਟਰ-9 ਦੀ ਮਹਿਲਾ, ਸੈਕਟਰ-7 ਦਾ ਪੁਰਸ਼ ਤੇ ਸੈਕਟਰ-26 ਦਾ ਨੌਜਵਾਨ ਸ਼ਾਮਲ ਹੈ। ਬਰਵਾਲਾ ਬਲਾਕ ਦੇ ਪਿੰਡ ਅਲੀਪੁਰ ਦਾ ਨੌਜਵਾਨ, ਪੰਚਕੂਲਾ ਦੇ ਸੈਕਟਰ 26 ਦੀ ਬਜ਼ੁਰਗ ਮਹਿਲਾ ਅਤੇ ਚੰਡੀਗੜ੍ਹ ਦੇ ਸੈਕਟਰ 26 ਦੀ 60 ਸਾਲਾਂ ਦੀ ਬਿਰਧ ਮਹਿਲਾ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸੇ ਦੌਰਾਨ ਪੰਚਕੂਲਾ ਦੇ ਸੈਕਟਰ-25 ਅਤੇ 26 ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ ਮਿਲਣ ਮਗਰੋਂ ਪ੍ਰਸ਼ਾਸਨ ਨੇ ਇਸ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ।

ਰੂਪਨਗਰ (ਬਹਾਦਰਜੀਤ ਸਿੰਘ): ਰੂਪਨਗਰ ਦੇ ਤਿੰਨ ਡਾਕਟਰ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਐਪਡੋਮੋਲੋਜਿਸਟ ਤੋਂ ਇਲਾਵਾ ਇਵਲਸ ਹਸਪਤਾਲ ਰੂਪਨਗਰ ਵਿਖੇ ਤਾਇਨਾਤ ਦੋ ਹੋਰ ਡਾਕਟਰ ਕਰੋਨਾ ਪੀੜਤ ਪਾਏ ਗਏ ਹਨ। ਇਨ੍ਹਾਂ ਸਾਰੇ ਡਾਕਟਰਾਂ ਨੇ ਆਪਣੇ ਆਪ ਨੂੰ ਘਰ ਵਿੱਚ ਹੀ ਇਕਾਂਤਵਾਸ ਕਰ ਲਿਆ ਹੈ। ਇਸ ਤਰ੍ਹਾਂ ਹੁਣ ਰੂਪਨਗਰ ਜ਼ਿਲ੍ਹੇ ਵਿੱਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ ਵੱਧ ਕੇ 41 ਹੋ ਗਈ ਹੈ। ਜ਼ਿਲ੍ਹੇ ਵਿੱਚ 412 ਸੈਂਪਲਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ।

ਪੀਜੀਆਈ ’ਚ ਕਰੋਨਾ ਕਾਰਨ ਤਿੰਨ ਮੌਤਾਂ

ਚੰਡੀਗੜ੍ਹ: ਪੀਜੀਆਈ ਦੇ ਕੋਵਿਡ ਹਸਪਤਾਲ ਵਿੱਚ ਕਰੋਨਾ ਵਾਇਰਸ ਨਾਲ ਅੱਜ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਜ਼ਿਲ੍ਹਾ ਮੁਹਾਲੀ ਦੇ ਪਿੰਡ ਜਵਾਹਰਪੁਰ ਦਾ ਵਸਨੀਕ ਮੁਹੰਮਦ ਸੁਲੇਮਾਨ, ਪੰਜਾਬ ਦੇ ਸੁਜਾਨਪੁਰ ਸ਼ਹਿਰ ਦਾ ਵਸਨੀਕ ਬਲਦੇਵ ਸਿੰਘ 53 ਅਤੇ ਸੈਕਟਰ 6 ਚੰਡੀਗੜ੍ਹ ਦਾ ਵਸਨੀਕ ਐਸ.ਐਸ. ਸੈਣੀ 65 ਸ਼ਾਮਲ ਹਨ ਪਰ ਐੱਸਐੱਸ ਸੈਣੀ ਨੂੰ ਯੂਟੀ ਦੇ ਸਿਹਤ ਵਿਭਾਗ ਨੇ ਹਾਲੇ ਚੰਡੀਗੜ੍ਹ ਦੇ ਵਸਨੀਕਾਂ ਵਿੱਚ ਨਹੀਂ ਗਿਣਿਆ ਹੈ। ਪਤਾ ਲੱਗਾ ਹੈ ਕਿ ਇਸ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੀਜੀਆਈ ਵਿੱਚ ਲਿਖਾਇਆ ਗਿਆ ਐਡਰੈੱਸ ਵੀ ਗਲਤ ਜਾਪ ਰਿਹਾ ਹੈ। ਖੁਦ ਪੀਜੀਆਈ ਪ੍ਰਸ਼ਾਸਨ ਵੀ ਅਜੇ ਇਸ ਮਰੀਜ਼ ਬਾਰੇ ਕੁਝ ਵੀ ਸਪੱਸ਼ਟ ਨਹੀਂ ਕਰ ਸਕਿਆ ਹੈ।
-ਪੱਤਰ ਪ੍ਰੇਰਕ

ਵਾਇਰਸ ਕਾਰਨ ਜਵਾਹਰਪੁਰ ਦੇ ਦੁਕਾਨਦਾਰ ਦੀ ਮੌਤ

ਹਰਜੀਤ ਸਿੰਘ
ਡੇਰਾਬੱਸੀ, 14 ਜੁਲਾਈ

ਇਥੋਂ ਦੇ ਪਿੰਡ ਜਵਾਹਰਪੁਰ ਵਿਚ ਕਰੋਨਾਵਾਇਰਸ ਕਾਰਨ 48 ਸਾਲਾਂ ਦੇ ਦੇ ਦੁਕਾਨਦਾਰ ਦੀ ਮੌਤ ਹੋ ਗਈ ਹੈ। ਕਰੋਨਾ ਦਾ ਹੌਟਸਪੌਟ ਰਹਿ ਚੁੱਕੇ ਪਿੰਡ ਜਵਾਹਰਪੁਰ ਵਿੱਚ ਵਾਇਰਸ ਕਾਰਨ ਇਹ ਪਹਿਲੀ ਮੌਤ ਹੋਈ ਹੈ। ਇਸ ਤੋਂ ਇਲਾਵਾ ਹਲਕਾ ਡੇਰਾਬੱਸੀ ਵਿੱਚ ਅੱਜ ਕਰੋਨਾਵਾਇਰਸ ਦੇ ਦਸ ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਇਕ ਮਰੀਜ਼ ਜਵਾਹਰਪੁਰ ਦਾ ਰਹਿਣ ਵਾਲਾ ਹੈ। ਹਲਕਾ ਡੇਰਾਬੱਸੀ ਵਿੱਚ ਅੱਜ ਸਾਹਮਣੇ ਆਏ ਮਰੀਜ਼ਾਂ ਵਿੱਚੋਂ ਚਾਰ ਪੀਰਮੁਛੱਲਾ ਦੇ ਵਸਨੀਕ ਹਨ, ਦੋ ਢਕੋਲੀ, ਤਿੰਨ ਡੇਰਾਬੱਸੀ ਸ਼ਹਿਰੀ ਖੇਤਰ ਅਤੇ ਇਕ ਪਿੰਡ ਜਵਾਹਰਪੁਰ ਦਾ ਵਸਨੀਕ ਹੈ। ਸਿਵਲ ਹਸਪਤਾਲ ਦੀ ਐੱਸਐਮਓ ਡਾ. ਸੰਗੀਤਾ ਜੈਨ ਨੇ ਕਿਹਾ ਕਿ ਪੀੜਤ ਦੁਕਾਨਦਾਰ ਦੀ ਲੰਘੀ ਰਾਤ ਚੰਡੀਗੜ੍ਹ ਦੇ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਊਸ ਦੀ ਰਿਪੋਰਟ 6 ਜੁਲਾਈ ਨੂੰ ਪਾਜ਼ੇਟਿਵ ਆਈ ਸੀ। ਉਸ ਦੀ ਤਬੀਅਤ ਵਿਗੜਨ ’ਤੇ ਊਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਜਿਥੋਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਉਥੋਂ ਉਸ ਦਾ ਕਰੋਨਾ ਟੈਸਟ ਪਾਜ਼ੇਟਿਵ ਆਉਣ ’ਤੇ ਊਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All