ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 7 ਜੁਲਾਈ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੀਸ ਮਾਮਲੇ ਦੀ ਸੁਣਵਾਈ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਤੋਂ ਪੁੱਛਿਆ ਹੈ ਕਿ ਉਹ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦਾ ਹੱਲ ਕਰੇ। ਅਦਾਲਤ ਨੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਸਕੂਲ ਛੱਡਣ ਵਾਲਿਆਂ ਵਿਦਿਆਰਥੀਆਂ ਦੇ ਸਕੂਲ ਲੀਵਿੰਗ ਸਰਟੀਫਿਕੇਟ ਮੁਹੱਈਆ ਕਰਵਾਉਣ ਦੇ ਵੇਰਵੇ ਦੀ ਪੇਸ਼ ਕਰੇ। ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਨਿੱਜੀ ਸਕੂਲਾਂ ਨੂੰ ਫੀਸ ਨਾ ਵਧਾਉਣ ਦੇ ਹੁਕਮ ਜਾਰੀ ਕੀਤੇ ਸਨ।
ਜਸਟਿਸ ਅਰਵਿੰਦ ਸਾਂਗਵਾਨ ਨੇ ਕਿਹਾ ਕਿ ਇਹ ਪਤਾ ਲੱਗਾ ਹੈ ਕਿ ਜਿਹੜੇ ਮਾਪੇ ਕਰੋਨਾ ਤੇ ਤਾਲਾਬੰਦੀ ਕਾਰਨ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨਹੀਂ ਦੇ ਸਕਦੇ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣਾ ਚਾਹੁੰਦੇ ਹਨ ਪਰ ਸਕੂਲ ਉਨ੍ਹਾਂ ਨੂੰ ਸਕੂਲ ਲੀਵਿੰਗ ਸਰਟੀਫਿਕੇਟ ਜਾਰੀ ਨਹੀਂ ਕਰ ਰਹੇ। ਅਦਾਲਤ ਨੇ ਇਹ ਵੀ ਕਿਹਾ ਹੈ ਹਰਿਆਣਾ ਸਰਕਾਰ ਨੇ ਆਪਣੇ ਰਾਜ ਦੇ ਨਿੱਜੀ ਸਕੂਲਾਂ ਨੂੰ ਅਜਿਹੇ ਵਿਦਿਆਰਥੀਆਂ ਨੂੰ ਸਕੂਲ ਲੀਵਿੰਗ ਸਰਟੀਫਿਕੇਟ ਜਾਰੀ ਕਰਵਾਉਣ ਲਈ ਕਿਹਾ ਹੈ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਜਿਸ ਕਰਕੇ ਪ੍ਰਸ਼ਾਸਨ ਇਸ ਮਾਮਲੇ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕਰੇ।
ਸਕੂਲਾਂ ਵਿੱਚ ਅਧਿਆਪਕ ਨਾ ਸੱਦਣ ਦੇ ਹੁਕਮ ਅੱਜ ਹੋਣਗੇ ਜਾਰੀ
ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਅੱਜ ਸਾਰੇ ਰਾਜਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਕਰੋਨਾ ਕਾਰਨ ਕਿਸੇ ਵੀ ਸਿੱਿਖਆ ਸੰਸਥਾਨ ਵਿਚ ਅਧਿਆਪਕ ਨਾ ਸੱਦੇ ਜਾਣ। ਯੂਟੀ ਦੇ ਡਾਇਰੈਕਟਰ ਹਾਇਰ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਬੀਤੇ ਕੱਲ੍ਹ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਕਾਲਜਾਂ ਦੇ ਲੈਕਚਰਾਰਾਂ ਨੂੰ ਤਾਂ ਵੀ 31 ਜੁਲਾਈ ਤਕ ਘਰ ਤੋਂ ਹੀ ਕੰਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ ਪਰ ਸਕੂਲਾਂ ਸਬੰਧੀ ਅਜਿਹੇ ਹੁਕਮ ਜਾਰੀ ਨਹੀਂ ਕੀਤੇ ਗਏ ਸਨ। ਡਾਇਰੈਕਟਰ ਸ੍ਰੀ ਬਰਾੜ ਨੇ ਦੱਸਿਆ ਿਕ ਸਕੂਲਾਂ ਵਿਚ ਅਧਿਆਪਕ ਨਾ ਸੱਦਣ ਲਈ ਭਲਕੇ ਹੁਕਮ ਜਾਰੀ ਕੀਤੇ ਜਾਣਗੇ। ਇਸ ਤੋਂ ਪਹਿਲਾਂ ਸਕੂਲਾਂ ਵਿਚ ਪੰਜਾਹ ਫੀਸਦੀ ਸਟਾਫ ਸੱਦਿਆ ਜਾ ਰਿਹਾ ਸੀ। ਹੁਣ ਸਕੂਲਾਂ ਦੇ ਅਧਿਆਪਕਾਂ ਨੂੰ ਘਰ ਤੋਂ ਹੀ ਕੰਮ ਕਰਨ ਲਈ ਕਿਹਾ ਜਾਵੇਗਾ।
ਐਸਡੀ ਕਾਲਜ ਵਿੱਚ ਵੋਟਾਂ ਮੌਕੇ ਹੰਗਾਮਾ
ਜੀਜੀਡੀ ਐਸਡੀ ਕਾਲਜ ਸੈਕਟਰ-32 ਵਿਚ ਅੱਜ ਅਧਿਆਪਕ ਜਥੇਬੰਦੀ ਦੀ ਚੋਣ ਮੌਕੇ ਹੰਗਾਮਾ ਹੋਇਆ। ਇਸ ਮੌਕੇ ਕਾਲਜ ਪ੍ਰਸ਼ਾਸਨ ਨੇ ਪੁਲੀਸ ਬੁਲਾ ਲਈ ਪਰ ਅਧਿਆਪਕ ਜਥੇਬੰਦੀ ਵਲੋਂ ਸਮਾਜਿਕ ਦੂਰੀ ਤੇ ਹੋਰ ਨਿਯਮਾਂ ਦਾ ਪਾਲਣ ਕਰਕੇ ਚੋਣ ਕਰਵਾਈ ਜਾ ਰਹੀ ਸੀ। ਇਸ ਕਰਕੇ ਪੁਲੀਸ ਵਾਪਸ ਚਲੀ ਗਈ। ਕਾਲਜ ਦੀ ਪ੍ਰਧਾਨ ਮਧੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ ਬਾਰੇ ਐਲਾਨ ਤਾਂ ਪਹਿਲਾਂ ਹੀ ਹੋ ਗਿਆ ਸੀ ਤੇ ਕਾਲਜ ਵਿਚ ਅੱਜ ਵੋਟਾਂ ਪਾਉਣ ਵੇਲੇ ਕਾਲਜ ਪ੍ਰਬੰਧਕਾਂ ਨੇ ਅੰਦਰ ਹੀ ਨਹੀਂ ਜਾਣ ਦਿੱਤਾ ਪਰ ਬਾਅਦ ਵਿਚ ਉਨ੍ਹਾਂ ਨੇ ਬਾਹਰ ਦੀ ਮੇਨ ਗੇਟ ’ਤੇ ਵੋਟਾਂ ਪਵਾਈਆਂ ਤੇ ਮਧੂ ਸ਼ਰਮਾ ਜੇਤੂ ਰਹੇ।