ਧਨਾਸ ਤੇ ਮਨੀਮਾਜਰਾ ਦੇ ਕੁਝ ਹਿੱਸੇ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ

* ਹਰ ਤਰ੍ਹਾਂ ਦੀ ਆਵਾਜਾਈ ’ਤੇ ਪਾਬੰਦੀ; * ਪ੍ਰਸ਼ਾਸਕ ਵੱਲੋਂ ਡਿਪਟੀ ਕਮਿਸ਼ਨਰ ਨੂੰ ਹੋਰ ਇਕਾਂਤਵਾਸ ਕੇਂਦਰ ਸਥਾਪਿਤ ਕਰਨ ਦੇ ਆਦੇਸ਼

ਧਨਾਸ ਤੇ ਮਨੀਮਾਜਰਾ ਦੇ ਕੁਝ ਹਿੱਸੇ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ

ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਮੀਟਿੰਗ ਦੀ ਅਗਵਾਈ ਕਰਦੇ ਹੋਏ।

ਆਤਿਸ਼ ਗੁਪਤਾ
ਚੰਡੀਗੜ੍ਹ, 3 ਅਗਸਤ

ਸਿਟੀ ਬਿਊਟੀਫੁੱਲ ਵਿੱਚ ਨਿਤ ਵਧ ਰਹੇ ਕਰੋਨਾ ਦੇ ਕੇਸਾਂ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਦੋ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਏ ਹਨ ਜਿਨ੍ਹਾਂ ਵਿੱਚ ਮਨੀਮਾਜਰਾ ਦੇ ਪੀਪਲੀ ਵਾਲਾ ਟਾਉੂਨ ਦੇ ਕੁਝ ਘਰ ਅਤੇ ਧਨਾਸ ਦੀ ਈਡਬਲਯੂਐੱਸ ਕਲੋਨੀ ਦੇ ਕੁਝ ਰਿਹਾਇਸ਼ੀ ਬਲਾਕ ਸ਼ਾਮਲ ਹਨ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕੋਵਿਡ-19 ਦੇ ਪ੍ਰਬੰਧਾਂ ਦੀ ਸਮੀਖਿਆ ਬੈਠਕ ਦੌਰਾਨ ਕੀਤਾ।

ਪ੍ਰਸ਼ਾਸਕ ਨੇ ਸ਼ਹਿਰ ਦੇ ਜਿਨ੍ਹਾਂ ਇਲਾਕਿਆਂ ਵਿੱਚ ਕਰੋਨਾ ਦੇ ਵਧ ਕੇਸ ਪਾਏ ਜਾ ਰਹੇ ਹਨ, ਉਨ੍ਹਾਂ ਇਲਾਕਿਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਜਾਣ ਦੇ ਆਦੇਸ਼ ਦਿੱਤੇ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ ਹਰ ਤਰ੍ਹਾਂ ਦੀ ਆਵਾਜਾਈ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਉਸ ਇਲਾਕੇ ਵਿੱਚ ਲੋੜੀਂਦੀਆਂ ਸਾਰੀਆਂ ਵਸਤੂਆਂ ਪ੍ਰਸ਼ਾਸਨ ਵੱਲੋਂ ਪਹੁੰਚਾਈਆਂ ਜਾਣਗੀਆਂ। ਪ੍ਰਸ਼ਾਸਕ ਨੇ ਇਨ੍ਹਾਂ ਇਲਾਕਿਆਂ ਵਿੱਚ ਸਿਹਤ ਵਿਭਾਗ ਨੂੰ ਥਰਮਲ ਸਕਰੀਨਿੰਗ ਕਰਨ ਲਈ ਕਿਹਾ ਹੈ।

ਇਸ ਦੇ ਨਾਲ ਹੀ ਸ਼ਹਿਰ ਵਿੱਚ ਵਧ ਰਹੇ ਕਰੋਨਾ ਦੇ ਕੇਸਾਂ ਨੂੰ ਵੇਖਦਿਆਂ ਪ੍ਰਸ਼ਾਸਕ ਨੇ ਡਿਪਟੀ ਕਮਿਸ਼ਨਰ ਨੂੰ ਸ਼ਹਿਰ ਦੇ ਕਮਿਊਨਿਟੀ ਸੈਂਟਰ ਜਾਂ ਹੋਰਨਾਂ ਥਾਵਾਂ ਨੂੰ ਇਕਾਂਤਵਾਸ ਕੇਂਦਰ ਵਜੋਂ ਸਥਾਪਿਤ ਕਰਨ ਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਰੋਨਾ ਦੇ ਕੇਸ ਵਧਣ ’ਤੇ ਇਨ੍ਹਾਂ ਇਕਾਂਤਵਾਸ ਕੇਂਦਰਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।

ਨਗਰ ਨਿਗਮ ਦੇ ਕਮਿਸ਼ਨਰ ਕੇ.ਕੇ. ਯਾਦਵ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਡੇਂਗੂ, ਮਲੇਰੀਆ ਅਤੇ ਹੋਰਨਾਂ ਬਿਮਾਰੀਆਂ ਨੂੰ ਵੇਖਦਿਆਂ ਸਾਫ਼ ਸਫ਼ਾਈ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਸ਼ਹਿਰ ਦੇ ਪੀਣ ਵਾਲੇ ਪਾਣੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸ਼ਹਿਰ ਵਿੱਚ ਸਮਾਜਿਕ ਦੁੂਰੀ ਤੇ ਮਾਸਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਤਾਲਾਬੰਦੀ ਦੌਰਾਨ ਸਾਈਕਲ ਚਲਾਉਣ ਵਾਲਿਆਂ ਦੀ ਗਿਣਤੀ ਵਧੀ

ਕਰੋਨਾਵਾਇਰਸ ਕਰਕੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਤਾਲਾਬੰਦੀ ਦੌਰਾਨ ਸ਼ਹਿਰ ਦੇ ਲੋਕਾਂ ਦਾ ਸਾਈਕਲ ਚਲਾਉਣ ਵੱਲ ਰੁਝਾਨ ਵਧਿਆ ਹੈ ਪਰ ਸੁਖਨਾ ਝੀਲ ’ਤੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਲੋਕਾਂ ਦੀ ਆਵਾਜਾਈ ’ਤੇ ਪਾਬੰਦੀ ਲਗਾਉਣ ਨਾਲ ਵਾਧੂ ਗਿਣਤੀ ਵਿੱਚ ਲੋਕ ਸਾਈਕਲ ਦੀ ਵਰਤੋਂ ਕਰ ਰਹੇ ਹਨ। ਇਸ ਬਾਰੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਬਾਹਰ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ।

ਸ਼ਹਿਰ ਵਿੱਚ ਸ਼ਰਾਬ ਤਸਕਰਾਂ ’ਤੇ ਸਖਤੀ ਵਰਤਣ ਦੇ ਹੁਕਮ

ਪੰਜਾਬ ਵਿੱਚ ਨਕਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਨੂੰ ਵੇਖਦਿਆਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਵਾਲ ਨੂੰ ਸ਼ਹਿਰ ਵਿੱਚਲੇ ਸ਼ਰਾਬ ਕਾਰੋਬਾਰੀਆਂ ’ਤੇ ਸਖਤੀ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਪੁਲੀਸ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਚੰਡੀਗੜ੍ਹ ਵਿੱਚ ਨਕਲੀ ਸ਼ਰਾਬ ਦੀ ਸਪਲਾਈ ਨਾ ਹੋਵੇ ਤਾਂ ਜੋ ਸਿਟੀਬਿਊਟੀਫੁਲ ਵਿੱਚ ਪੰਜਾਬ ਵਰਗੀਆਂ ਘਟਨਾਵਾਂ ਨਾ ਵਾਪਰਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All