ਤੇਲ ਕੀਮਤਾਂ ਵਿੱਚ ਵਾਧੇ ਦਾ ਵਿਰੋਧ : ਕਾਂਗਰਸ ਵੱਲੋਂ ਕੇਂਦਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ

ਤੇਲ ਕੀਮਤਾਂ ਵਿੱਚ ਵਾਧੇ ਦਾ ਵਿਰੋਧ : ਕਾਂਗਰਸ ਵੱਲੋਂ ਕੇਂਦਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ

ਤਲਵੰਡੀ ਸਾਬੋ ਵਿੱਚ ਕਾਂਗਰਸੀ ਆਗੂ ਤੇ ਵਰਕਰ ਪ੍ਰਦਰਸ਼ਨ ਕਰਦੇ ਹੋਏ।

ਸ਼ਗਨ ਕਟਾਰੀਆ
ਬਠਿੰਡਾ, 29 ਜੂਨ

ਡੀਜ਼ਲ ਅਤੇ ਪੈਟਰੌਲ ਦੀਆਂ ਆਏ ਦਿਨ ਛੜੱਪੇ ਮਾਰ ਕੇ ਵਧਦੀਆਂ ਕੀਮਤਾਂ ਸਬੰਧੀ ਅੱਜ ਕਾਂਗਰਸ ਨੇ ਇਥੇ ਕੇਂਦਰ ਸਰਕਾਰ ਖ਼ਿਲਾਫ਼ ਹੱਲਾ ਬੋਲਿਆ। ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਕਾਂਗਰਸੀ ਆਗੂਆਂ ਨੇ ਭਾਜਪਾ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ’ਤੇ ਵਧੀਆਂ ਕੀਮਤਾਂ ਦੀ ‘ਰਸਮੀ ਵਿਰੋਧਤਾ’ ਦਾ ਜ਼ਿਕਰ ਕਰਦਿਆਂ ਬਾਦਲ ਪਰਿਵਾਰ ’ਤੇ ਸਿਰਫ ਕੇਂਦਰੀ ਵਜ਼ਾਰਤ ਦੀ ਇੱਕੋ-ਇੱਕ ਕੁਰਸੀ ਦੇ ਸਕੇ ਹੋਣ ਦਾ ਦੋਸ਼ ਲਾਇਆ। ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਕੇਵਲ ਕ੍ਰਿਸ਼ਨ ਅਗਰਵਾਲ, ਰਾਜਨ ਗਰਗ, ਪਵਨ ਮਾਨੀ, ਅਸ਼ੋਕ ਕੁਮਾਰ ਪ੍ਰਧਾਨ, ਅਰੁਣ ਵਧਾਵਨ ਆਦਿ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਹੁਣ ਤੋਂ ਕਿਤੇ ਜ਼ਿਆਦਾ ਹੋਣ ਦੇ ਬਾਵਜੂਦ ਦੇਸ਼ ’ਚ ਤੇਲ ਦੇ ਰੇਟ ਨਹੀਂ ਵਧੇ ਸਨ। ਹੁਣ ਕੌਮਾਂਤਰੀ ਪੱਧਰ ’ਤੇ ਤੇਲ ਕੌਡੀਆਂ ਦੇ ਭਾਅ ਹੈ ਪਰ ਮੋਦੀ ਸਰਕਾਰ ਇਕ ਮਹੀਨੇ ਤੋਂ ਰੋਜ਼ਾਨਾ ਰੇਟ ਵਧਾ ਕੇ ਲੋਕਾਂ ਦੀ ਛਿੱਲ ਲਾਹ ਰਹੀ ਹੈ। ਵਫ਼ਦ ਨੇ ਕੇਂਦਰ ਸਰਕਾਰ ਦੇ ਨਾਂਅ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੂੰ ਇਕ ਮੰਗ-ਪੱਤਰ ਵੀ ਦਿੱਤਾ। ਇਸੇ ਤਰ੍ਹਾਂ ਵਿਦਿਆਰਥੀ ਜਥੇਬੰਦੀ ਐੱਨਐੱਸਯੂਆਈ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ।

ਮਾਨਸਾ (ਜੋਗਿੰਦਰ ਸਿੰਘ ਮਾਨ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬੇਮਿਸਾਲ ਕੀਤੇ ਜਾ ਰਹੇ ਵਾਧੇ ਖ਼ਿਲਾਫ਼ ਅੱਜ ਕੇਂਦਰ ਸਰਕਾਰ ਦੀਆਂ ਅਸਫ਼ਲ ਨੀਤੀਆਂ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਜ਼ਿਲ੍ਹਾ ਕਾਂਗਰਸ ਕਮੇਟੀ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ। ਧਰਨੇ ਨੂੰ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਅਤੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਨੇ ਸੰਬੋਧਨ ਕੀਤਾ। ਇਸੇ ਦੌਰਾਨ ਵੱਖਰੇ ਤੌਰ ’ਤੇ ਸ਼ਹਿਰ ਦੇ ਬਾਰਾਂ ਹੱਟਾਂ ਚੌਕ ਵਿੱਚ ਜ਼ਿਲ੍ਹਾ ਪਰਿਸ਼ਦ ਮੈਂਬਰ ਅਰਸ਼ਦੀਪ ਗਾਗੋਵਾਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ। ਇਸ ਮੌਕੇ ਦੀਦਾਰ ਸਿੰਘ, ਚਰਨਜੀਤ ਸਿੰਘ, ਪ੍ਰੇਮ ਸਾਗਰ ਭੋਲਾ ਐੱਮਸੀ, ਗੁਰਜੰਟ ਸਿੰਘ, ਪਰਮਪ੍ਰੀਤ ਖਿੱਲਣ, ਰਜਿੰਦਰ ਕੌਰ ਐਡ., ਦਵਿੰਦਰ ਕੌਰ ਐਡਵੋਕੇਟ ਨੇ ਵੀ ਸੰਬੋਧਨ ਕੀਤਾ।

ਬਰਨਾਲਾ (ਪਰਸ਼ੋਤਮ ਬੱਲੀ): ਅੱਜ ਸਥਾਨਕ ਡੀਸੀ ਦਫ਼ਤਰ ਵਿੱਚ ਨਗਰ ਸੁਧਾਰ ਟਰੱਸਟ ਚੇਅਰਮੈਨ ਮੱਖਣ ਸ਼ਰਮਾ ਤੇ ਸਾਬਕਾ ਵਿਧਾਇਕ ਮਹਿਲ ਕਲਾਂ ਬੀਬੀ ਹਰਚੰਦ ਕੌਰ ਘਨੌਰੀ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਰੋਸ ਧਰਨਾ ਦੇ ਕੇ ਕੇਂਦਰੀ ਮੋਦੀ ਸਰਕਾਰ ਦਾ ਪਿੱਟਸਿਆਪਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਮੱਖਣ ਸ਼ਰਮਾ, ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਅਸ਼ੋਕ ਸ਼ਹਿਣਾ, ਬੀਬੀ ਹਰਚੰਦ ਕੌਰ ਘਨੌਰੀ ਤੋਂ ਇਲਾਵਾ ਦੀਪ ਸੰਘੇੜਾ, ਹੈਪੀ ਢਿੱਲੋਂ, ਸਤੀਸ਼ ਜੱਜ, ਮਹਿੰਦਰਪਾਲ ਪੱਖੋ, ਹਰਵਿੰਦਰ ਚਹਿਲ, ਡਿੰਪਲ ਉਪਲੀ, ਜਸਮੇਲ ਡੇਅਰੀ ਵਾਲਾ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਭੁਪਿੰਦਰ ਝਲੂਰ ਹਾਜ਼ਰ ਸਨ।

ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਅੱਜ ਖੰਡਾ ਚੌਕ ਵਿੱਚ ਰੋਸ ਮਾਰਚ ਕੀਤਾ। ਕਾਂਗਰਸੀ ਆਗੂ ਤੇ ਵਰਕਰ ਪਹਿਲਾਂ ਖੰਡਾ ਚੌਂਕ ਵਿੱਚ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਦੇ ਨਿੱਜ਼ੀ ਸਹਾਇਕ ਰਣਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਇਕੱਠੇ ਹੋਏ। ਧਰਨੇ ਨੂੰ ਬਲਾਕ ਕਾਂਗਰਸ ਪ੍ਰਧਾਨ ਦਿਲਪ੍ਰੀਤ ਸਿੰਘ ਜਗ੍ਹਾ, ਰਣਜੀਤ ਸਿੰਘ ਸੰਧੂ, ਜ਼ਿਲ੍ਹਾ ਯੂਥ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਸਾਬਕਾ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ, ਨਗਰ ਪੰਚਾਇਤ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਨੇ ਸੰਬੋਧਨ ਕੀਤਾ। ਧਰਨੇ ਬਾਅਦ ਜਿੱਥੇ ਧਰਨਾਕਾਰੀਆਂ ਨੇ ਬੰਦ ਟਰੈਕਟਰ ਨੂੰ ਧੱਕੇ ਨਾਲ ਤੋਰ ਕੇ ਰੋਸ ਪ੍ਰਦਰਸ਼ਨ ਕੀਤਾ, ਉੱਥੇ ਰੋਸ ਮਾਰਚ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਜਸਕਰਨ ਸਿੰਘ ਗੁਰੂਸਰ, ਉਪ ਪ੍ਰਧਾਨ ਨਗਰ ਪੰਚਾਇਤ ਅਜੀਜ਼ ਖਾਨ ਸਮੇਤ ਹੋਰ ਵਰਕਰ ਸ਼ਾਮਲ ਸਨ।

ਨਥਾਣਾ ਵਿੱਚ ਪ੍ਰਦਰਸ਼ਨ ਕਰਦੇ ਹੋਏ ਕਾਂਗਰਸੀ ਆਗੂ।

ਨਥਾਣਾ (ਭਗਵਾਨ ਦਾਸ ਗਰਗ): ਯੂਥ ਕਾਂਗਰਸ ਵੱਲੋਂ ਅੱਜ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਸਪੁੱਤਰ ਐਡਵੋਕੇਟ ਰੁਪਿੰਦਰ ਸਿੰਘ ਕੋਟਭਾਈ ਅਤੇ ਯੂਥ ਕਾਂਗਰਸ ਦੇ ਵਿਧਾਨ ਸਭਾ ਹਲਕਾ ਪ੍ਰਧਾਨ ਜਸਵਿੰਦਰ ਸਿੰਘ ਜਸ ਬੱਜੋਆਣਾ ਦੀ ਅਗਵਾਈ ਹੇਠ ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਭੁੱਚੋ ਦੇ ਚੇਅਰਮੈਨ ਨਾਹਰ ਸਿੰਘ, ਨਥਾਣਾ ਦੇ ਉਪ ਚੇਅਰਮੈਨ ਧਰਮ ਸਿੰਘ ਮਾੜੀ, ਸਰਬਜੀਤ ਸਿੰਘ ਨਥਾਣ, ਜ਼ਿਲ੍ਹਾ ਪਰਿਸ਼ਦ ਮੈਂਬਰ ਸਰਦੂਲ ਸਿੰਘ ਗੋਬਿੰਦਪੁਰਾ, ਸਹਿਕਾਰੀ ਸਭਾ ਕਲਿਆਣ ਸੁੱਖਾ ਦੇ ਪ੍ਰਧਾਨ ਹਰਦੀਪ ਸਿੰਘ ਗੋਰਾ, ਬੂਟਾ ਸਿੰਘ ਸਰਪੰਚ ਹਾਜ਼ਰ ਸਨ।

ਸ਼ਹਿਣਾ (ਪ੍ਰਮੋਦ ਸਿੰਗਲਾ): ਕਾਂਗਰਸ ਆਗੂਆਂ ਵੱਲੋਂ ਬੱਸ ਸਟੈਂਡ ਸ਼ਹਿਣਾ ਵਿੱਚ ਜ਼ਿਲ੍ਹਾ ਸ਼ਿਕਾਇਤ ਨਿਰਵਾਰਨ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਸਿਰਸਾ (ਪ੍ਰਭੂ ਦਿਆਲ): ਪੈਟਰੋਲ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਤੇ ਬਹੁਜਨ ਸਮਾਜ ਪਾਰਟੀ ਦੇ ਕਾਰਕੁਨਾਂ ਨੇ ਪ੍ਰਦਰਸ਼ਨ ਕੀਤਾ। ਦੋਵਾਂ ਪਾਰਟੀਆਂ ਦੇ ਕਾਰਕੁਨਾਂ ਨੇ ਵੱਖ-ਵੱਖ ਪ੍ਰਦਰਸ਼ਨ ਕਰਕੇ ਰਾਜਪਾਲ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਆਪਣੇ ਮੰਗ ਪੱਤਰ ਸੌਂਪੇ ਹਨ। ਕਾਂਗਰਸੀ ਆਗੂ ਤੇ ਕਾਰਕੁਨ ਬਰਨਾਲਾ ਰੋਡ ਸਥਿਤ ਸਰਕਾਰੀ ਮਹਿਲਾ ਕਾਲਜ ਦੇ ਬਾਹਰ ਇਕੱਠੇ ਹੋਏ। ਇਸੇ ਦੌਰਾਨ ਬਸਪਾ ਕਾਰਕੁਨ ਮਿਨੀ ਸਕੱਤਰੇਤ ਇਕੱਠੇ ਹੋਏ।

ਬਾਘਾਪੁਰਾਣਾ (ਯਸ਼ ਚਟਾਨੀ): ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਅੱਜ ਇਥੇ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਕੇਂਦਰ ਸਰਕਾਰ ਤੱਕ ਲੋਕਾਂ ਦੇ ਰੋਸ ਨੂੰ ਪੁੱਜਦਾ ਕਰਨ ਲਈ ਅਤੇ ਤੇਲ ਕੀਮਤਾਂ ਵਿੱਚ ਕਟੌਤੀ ਕਰਨ ਦੀ ਮੰਗ ਕਰਦਾ ਇਕ ਮੰਗ ਪੱਤਰ ਐੱਸਡੀਐੱਮ ਬਾਘਾਪੁਰਾਣਾ ਰਾਹੀਂ ਭੇਜਿਆ ਗਿਆ।

ਕਾਂਗਰਸੀਆਂ ਵੱਲੋਂ ਡੀਡੀਪੀਓ ਨੂੰ ਪੱਤਰ

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਡੀਜ਼ਲ ਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਆਗੂਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਕਾਰਨ ਅੱਜ ਉਨ੍ਹਾਂ ਜੋਤ ਜਵਾਹਰੇਵਾਲਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਮੰਗ ਪੱਤਰ ਦਿੱਤਾ। ਆਗੂਆਂ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਤੇਲ ਖਰੀਦ ਸਸਤੇ ਭਾਅ ਰਹੀ ਹੈ ਤਾਂ ਨਿੱਤ ਭਾਅ ਵਧਾਉਣ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਕੇਂਦਰ ਸਰਕਾਰ ਨੂੰ ਭਾਅ ਘਟਾਉਣ ਦੀ ਮੰਗ ਕੀਤੀ।

ਗੋਲੇਵਾਲਾ ’ਚ ਕਿਸਾਨ ਯੂਨੀਅਨ ਦੀ ਮੀਟਿੰਗ

ਫ਼ਰੀਦਕੋਟ (ਜਸਵੰਤ ਜੱਸ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਪਿੰਡ ਗੋਲੇਵਾਲਾ ਵਿਖੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨਾਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ, ਡੀਜ਼ਲ-ਪੈਟਰੋਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਅਤੇ ਬਿਜਲੀ ਕਾਨੂੰਨ ਸੋਧ ਬਿੱਲ 2020 ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਵਰਕਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਗੋਲੇਵਾਲਾ ਅਤੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ ਨੇ ਸੰਬੋਧਨ ਕੀਤਾ। ਵਿਚਾਰ ਚਰਚਾ ਦੌਰਾਨ ਇਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਸਖ਼ਤ ਵਿਰੋਧ ਕੀਤਾ ਗਿਆ। ਇਸ ਉਪਰੰਤ ਵਰਕਰਾਂ ਵੱਲੋਂ ਵਿਰੋਧ ਵਜੋਂ ਜਾਰੀ ਹੋਏ ਕਿਸਾਨ ਵਿਰੋਧੀ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ ਗਈਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All