ਕਾਵਿ ਕਿਆਰੀ

ਕਾਵਿ ਕਿਆਰੀ

ਗ਼ਜ਼ਲ

ਜਗਵਿੰਦਰ ਜੋਧਾ

ਜੋ ਵੀ ਸੀਨੇ ਲੱਗ ਕੇ ਮਿਲਿਆ ਓਸੇ ਦੇ ਹੀ

ਅਸਲੀ ਚਿਹਰੇ ਉੱਪਰ ਨਕਲੀ ਪਰਤ ਚੜ੍ਹੀ ਸੀ

ਜਿਉਂ ਟੇਸ਼ਣ ’ਤੇ ਟੰਗੀਆਂ ਹੋਈਆਂ ਬਾਲਟੀਆਂ ਦੇ

ਉੱਪਰ ਅੱਗ ਲਿਖੀ ਸੀ ਪਰ ਵਿਚ ਰੇਤ ਭਰੀ ਸੀ

ਬਚਪਨ ਦੇ ਸਾਥੀ ਨੂੰ ਦਿਲ ਚੋਂ ਕੱਢਣ ਲੱਗਾ

ਕੰਬ ਗਿਆ ਮੈਂ ਵਿਹੜੇ ਦਾ ਰੁੱਖ ਵੱਢਣ ਲੱਗਾ

ਦੇਖ ਕੇ ਸੁੱਕੇ-ਭੁਰਦੇ ਛਿੱਲੜ ਦੀ ਤਹਿ ਹੇਠਾਂ

ਹਾਲੇ ਵੀ ਇਕ ਪੁੰਗਰੀ ਹੋਈ ਸ਼ਾਖ ਹਰੀ ਸੀ

ਤੇਰੀ ਵੀਣੀ ਖਾਤਰ ਲਈਆਂ ਹਰੀਆਂ ਵੰਗਾਂ

ਮਾਫ਼ ਕਰੀਂ, ਹੋਟਲ ਦੇ ਕਮਰੇ ਵਿਚ ਰਹਿ ਗਈਆਂ

ਇਕ ਤਾਂ ਉਸ ਕਸਬੇ ਦਾ ਮੌਸਮ ਖੁਸ਼ਕ ਜਿਹਾ ਸੀ

ਦੂਜਾ ਮੈਨੂੰ ਗੱਡੀ ਫੜਨ ਦੀ ਕਾਹਲ ਬੜੀ ਸੀ

ਮੁੱਦਤ ਹੋਈ ਪਿਛਲੇ ਜਨਮ ਦੀ ਗੱਲ ਲਗਦੀ ਹੈ

ਵਿਛੜਨ ਦਾ ਉਹ ਮੰਜ਼ਰ ਹਾਲੇ ਤਕ ਤਾਜ਼ਾ ਹੈ

ਮੇਰੇ ਸਾਹਾਂ ਵਿਚ ਕਿੰਨੇ ਝੱਖੜ ਝੁੱਲੇ ਸਨ

ਤੇਰੇ ਨੈਣਾਂ ਦੇ ਵਣ ਅੰਦਰ ਸ਼ਾਮ ਢਲੀ ਸੀ

ਜੇ ਉਸ ਸ਼ਹਿਰ ਗਿਆ ਤਾਂ ਸ਼ਾਂਤ-ਨਗਰ ਵੀ ਜਾਈਂ

ਜਗਵਿੰਦਰ ਕੁਝ ਦੇਰ ਕਿਰਾਏਦਾਰ ਸੀ ਓਥੇ

ਦੋ ਨੰਬਰ ਬੀਹੀ ਵਿਚ ਸੱਜੇ ਹੱਥ ਤੀਜਾ ਘਰ

ਦਰਵਾਜ਼ੇ ’ਤੇ ਇਸ਼ਕ-ਪੇਚ ਦੀ ਵੇਲ ਚੜ੍ਹੀ ਸੀ
ਸੰਪਰਕ: 94654-64502


ਪੈਰੀਂ ਜਲਧਾਰਾ ਹੋਵੇ...

ਉੱਤਮਵੀਰ ਸਿੰਘ ਦਾਊਂ

ਰੁੱਖਾਂ ਦੀ ਜੀਰਾਂਦ ਵਿੱਚ ਖੁੱਲ੍ਹੀ ਜਈ ਚਰਾਂਦ ਵਿੱਚ

ਮੋਰਨੀ ਪਪੀਹਾ ’ਕੱਠੇ ਗਾਉਂਦੇ ਕੋਈ ਗੀਤ ਹੋਣ

ਖਿੜੇ ਚੰਬੇ ਦੀ ਟਹਿਕ ’ਚ ਚਮੇਲੀ ਦੀ ਮਹਿਕ ’ਚ

ਇਕਮਿਕ ਹੋਈਏ ਜਦੋਂ ਤਪੇ ਹਉਕੇ ਸੀਤ ਹੋਣ

ਰੱਬ ਦੀ ਰਜ਼ਾ ਦੇ ਵਿੱਚ ਪਾਕ ਫ਼ਿਜ਼ਾ ਦੇ ਵਿੱਚ

ਦੇਖਦਾ ਦੀਵਾਨਿਆਂ ਨੂੰ ’ਕੱਲ੍ਹਾ-’ਕੱਲ੍ਹਾ ਤਾਰਾ ਹੋਵੇ

ਪੈਰੀਂ ਜਲਧਾਰਾ ਹੋਵੇ ਵੱਖਰਾ ਨਜ਼ਾਰਾ ਹੋਵੇ

ਸੱਜਣਾਂ ਦਾ ਹੱਥ ਫੜਾਂ ਨੈਣਾਂ ’ਚ ਇਸ਼ਾਰਾ ਹੋਵੇ

ਕੋਇਲ ਦੀ ਚਹਿਕ ਸੁਣਾਂ ਸੁਪਨੇ ’ਚੋਂ ਖ਼ਿਆਲ ਬੁਣਾਂ

ਮੱਥੇ ਨੂੰ ਜ਼ੁਲਫ਼ ਚੁੰਮੇ ਜ਼ੁਲਫ਼ ’ਚੋਂ ਮੋਤੀ ਚੁਣਾਂ

ਯਾਰਾ ਦਿਲ ਤਣੇ ਉੱਤੇ ਖੁਣਾਂ ਤ੍ਰੇਲ ਪੱਤਿਆਂ ਤੋਂ ਚੁਣਾਂ

ਵੰਝਲੀ ਦੀ ਸੁਰ ਸੰਗ ਮਿੱਠੇ ਰਾਗ ਛਿੜੇ ਹੋਣ

ਰੱਬ ਦੀ ਰਜ਼ਾ ਦੇ ਵਿੱਚ ਪਾਕ ਫ਼ਿਜ਼ਾ ਦੇ ਵਿੱਚ

ਝਿਲਮਿਲ ਝਰਨੇ ਦੇ ਕੰਢੇ ਦਾ ਕਿਨਾਰਾ ਹੋਵੇ

ਪੈਰੀਂ ਜਲਧਾਰਾ ਹੋਵੇ ਵੱਖਰਾ ਨਜ਼ਾਰਾ ਹੋਵੇ

ਸੱਜਣਾਂ ਦਾ ਹੱਥ ਫੜਾਂ ਨੈਣਾਂ ’ਚ ਇਸ਼ਾਰਾ ਹੋਵੇ

ਜਦੋਂ ਕਰਾਂ ਪਿਆਰ ਦਾ ਆਗ਼ਾਜ਼ ਰੂਹਾਂ ਵਿੱਚ ਛਿੜੇ ਸਾਜ਼

ਉੱਤਮ ਕਹਿਕਸ਼ੀ ਨਜ਼ਾਰਿਆਂ ਦੇ ਵਿੱਚੋਂ ਵਗੇ ਪੌਣ

ਕਦੇ ਚੰਨ ਮੰਗੇ ਨਾ ਵਿਆਜ ਵੰਡੇ ਰਿਸ਼ਮਾਂ ਦੀ ਨਿਆਜ਼

ਤੂੰ ਦੁੱਧ ਚਾਨਣੀ ’ਚ ਦਾਊਂਵਾਲੇ ਛੇੜੀ ਕੋਈ ਗੌਣ

ਰੱਬ ਦੀ ਰਜ਼ਾ ਦੇ ਵਿੱਚ ਪਾਕ ਫ਼ਿਜ਼ਾ ਦੇ ਵਿੱਚ

ਜੁਗਨੂੰ ਚੁਫ਼ੇਰੇ ਹੋਣ ਸੱਜਣ ਓਹ ਪਿਆਰਾ ਹੋਵੇ

ਪੈਰੀਂ ਜਲਧਾਰਾ ਹੋਵੇ ਵੱਖਰਾ ਨਜ਼ਾਰਾ ਹੋਵੇ

ਸੱਜਣਾ ਦਾ ਹੱਥ ਫੜਾਂ ਨੈਣਾਂ ’ਚ ਇਸ਼ਾਰਾ ਹੋਵੇ
ਸੰਪਰਕ: 87290-00242

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All