ਢੀਂਡਸਾ ਧੜੇ ਦਾ ਪੱਲੜਾ ਭਾਰੀ ਹੋਣ ਲੱਗਾ

ਢੀਂਡਸਾ ਧੜੇ ਦਾ ਪੱਲੜਾ ਭਾਰੀ ਹੋਣ ਲੱਗਾ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਜੁਲਾਈ

ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦਾ ਪੱਲੜਾ ਭਾਰਾ ਹੁੰਦਾ ਜਾ ਰਿਹਾ ਹੈ। ਇਸੇ ਤਹਿਤ ਹੀ ਯੂਨਾਈਟਡ ਅਕਾਲੀ ਦਲ (ਮੋਹਕਮ ਸਿੰਘ) ਵੀ ਇਸ ਬੇੜੇ ਵਿਚ ਸਵਾਰ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਅਕਾਲੀ ਦਲ 1920 ਵੱਲੋਂ ਵੀ ਇਸ ਨੂੰ ਸਮਰਥਨ ਦਿੱਤਾ ਜਾ ਚੁੱਕਾ ਹੈ ਅਤੇ ਕਈ ਫੈਡਰੇਸ਼ਨ ਧੜੇ ਇਸ ਵਿਚ ਸ਼ਾਮਲ ਹੋ ਚੁੱਕੇ ਹਨ। ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਮਗਰੋਂ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸੁਖਦੇਵ ਸਿੰਘ ਢੀਂਡਸਾ, ਇਥੇ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਦੇ ਘਰ ਵੀ ਗਏ ਸਨ। ਭਾਈ ਮੋਹਕਮ ਸਿੰਘ ਨੇ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸੱਤਾ ਤੋਂ ਪਾਸੇ ਕਰਨ ਲਈ ਮਜ਼ਬੂਤ ਵਿਰੋਧੀ ਧਿਰ ਦੀ ਲੋੜ ਹੈ ਅਤੇ ਸ੍ਰੀ ਢੀਂਡਸਾ ਇਕ ਮਜ਼ਬੂਤ ਵਿਰੋਧੀ ਧਿਰ ਬਣਾ ਸਕਦੇ ਹਨ। ਇਸੇ ਲਈ ਉਨ੍ਹਾਂ ਨੇ ਸ੍ਰੀ ਢੀਂਡਸਾ ਦੇ ਨਾਲ ਰਲ ਕੇ ਚੱਲਣ ਦਾ ਫੈਸਲਾ ਕੀਤਾ ਹੈ। ਅਕਾਲੀ ਦਲ 1920 ਦੇ ਸੀਨੀਅਰ ਮੀਤ ਪ੍ਰਧਾਨ ਰਘਬੀਰ ਸਿੰਘ ਰਾਜਾਸਾਂਸੀ ਨੇ ਦੱਸਿਆ ਕਿ ਪਾਰਟੀ ਪਹਿਲਾਂ ਹੀ ਸ੍ਰੀ ਢੀਂਡਸਾ ਨੂੰ ਪੂਰੇ ਸਮਰਥਨ ਦਾ ਐਲਾਨ ਕਰ ਚੁੱਕੀ ਹੈ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਢੀਂਡਸਾ ਸਮਰਥਕਾਂ ਵਲੋਂ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਨਾਰਾਜ਼ਗੀ ਨੂੰ ਖਤਮ ਕਰਨ ਅੇ ਉਨ੍ਹਾਂ ਦਾ ਸਮਰਥਨ ਲੈਣ ਲਈ ਯਤਨ ਕੀਤੇੇ ਜਾ ਰਹੇ ਹਨ। ਟਕਸਾਲੀ ਦਲ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ੍ਰੀ ਬ੍ਰਹਮਪੁਰਾ ਇਸ ਲਈ ਵਧੇਰੇ ਨਾਰਾਜ਼ ਹਨ ਕਿ ਉਨ੍ਹਾਂ ਦੇ ਸਹਿਯੋਗੀਆਂ ਨੂੰ ਇਸ ਢੰਗ ਨਾਲ ਨਵੀਂ ਪਾਰਟੀ ਵਿਚ ਸ਼ਾਮਲ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਢੀਂਡਸਾ ਵੱਲ ਗਏ ਪਾਰਟੀ ਆਗੂ ਉਜਾਗਰ ਸਿੰਘ ਬਡਾਲੀ, ਬੱਬੀ ਬਾਦਲ ਤੇ ਹੋਰਾਂ ਨੇ ਮੁੜ ਸ੍ਰੀ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੀ ਹੈ।

ਅਕਾਲੀ ਦਲ ਦਾ ਇਤਿਹਾਸ ਦਾਗਦਾਰ ਕਰਨ ਵਾਲਿਆਂ ਖ਼ਿਲਾਫ਼ ਜੱਦੋਜਹਿਦ ਜਾਰੀ ਰਹੇਗੀ: ਬ੍ਰਹਮਪੁਰਾ

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਜਦੋਂ ਤੱਕ ਡੇਰਾਵਾਦ ਨੂੰ ਉਤਸ਼ਾਹਿਤ ਕਰਨ ਵਾਲੇ, ਡੇਰੇ ’ਤੇ ਜਾ ਕੇ ਵੋਟਾਂ ਮੰਗਣ ਵਾਲੇ ਅਤੇ ਅਕਾਲ ਤਖ਼ਤ ਤੋਂ ਮੁਆਫੀ ਦਿਵਾਉਣ ਵਾਲਿਆਂ ਨੂੰ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਨਹੀਂ ਮਿਲਦੀ, ਉਨ੍ਹਾਂ ਦੀ ਪਾਰਟੀ ਇਸ ਮਾਮਲੇ ਵਿੱਚ ਆਪਣੀ ਜੱਦੋਜਹਿਦ ਜਾਰੀ ਰੱਖੇਗੀ। ਪਾਰਟੀ ਦੇ ਬੁਲਾਰੇ ਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਕਲੰਕਿਤ ਕੀਤਾ ਹੈ, ਉਨ੍ਹਾਂ ਨੂੰ ਪੰਥਕ ਰਵਾਇਤਾਂ ਅਨੁਸਾਰ ਸਜ਼ਾਵਾਂ ਦਿਵਾਉਣ ਲਈ ਜੱਦੋਜਹਿਦ ਜਾਰੀ ਰੱਖੀ ਜਾਵੇਗੀ।

ਪੁੱਤਰਾਂ ਦੇ ਭਵਿੱਖ ਲਈ ਲੜਾਈ ਲੜ ਰਹੇ ਨੇ ਬਾਦਲ ਤੇ ਢੀਂਡਸਾ: ਯੂਨਾਈਟਡ ਅਕਾਲੀ ਦਲ

ਇਸ ਦੌਰਾਨ ਯੂਨਾਈਟਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ ਧੜੇ ਨੇ ਕਿਹਾ ਕਿ ਉਹ ਸ੍ਰੀ ਢੀਂਡਸਾ ਨੂੰ ਸਮਰਥਨ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਬਾਦਲ ਅਤੇ ਢੀਂਡਸਾ ਦੋਵੇਂ ਆਪੋ ਆਪਣੇ ਪੁੱਤਰਾਂ ਦੇ ਭਵਿੱਖ ਲਈ ਲੜਾਈ ਲੜ ਰਹੇ ਹਨ ਅਤੇ ਦੋਵਾਂ ਕੋਲ ਕੋਈ ਪੰਥਕ ਏਜੰਡਾ ਨਹੀਂ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਯੂਨਾਈਟਡ ਅਕਾਲੀ ਦਲ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All