ਕਰੋਨਾ ਸੰਕਟ: ਦੁਬਈ ਤੋਂ 174 ਭਾਰਤੀ ਵਤਨ ਪਰਤੇ

ਸਰਬੱਤ ਦਾ ਭਲਾ ਟਰੱਸਟ ਨੇ ਵਿਸ਼ੇਸ਼ ਉਡਾਣ ਰਾਹੀਂ ਲਿਆਂਦੇ ਨੌਜਵਾਨ

ਕਰੋਨਾ ਸੰਕਟ: ਦੁਬਈ ਤੋਂ 174 ਭਾਰਤੀ ਵਤਨ ਪਰਤੇ

ਵਤਨ ਵਾਪਸੀ ਮੌਕੇ ਯੂਏਈ ਦੇ ਹਵਾਈ ਅੱਡੇ ’ਤੇ ਲਿਆਂਦੇ ਭਾਰਤੀ ਨੌਜਵਾਨ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਜੁਲਾਈ

ਕਰੋਨਾ ਸੰਕਟ ਦੌਰਾਨ ਦੁਬਈ ਵਿਚ ਫਸੇ ਭਾਰਤੀਆਂ ਨੂੰ ਵਤਨ ਵਾਪਸ ਲਿਆਉਣ ਦੀ ਚੱਲ ਰਹੀ ਪ੍ਰਕਿਰਿਆ ਤਹਿਤ ਅੱਜ ਸਰਬੱਤ ਦਾ ਭਲਾ ਟਰੱਸਟ ਵੱਲੋਂ 174 ਭਾਰਤੀਆਂ ਨੂੰ ਆਪਣੇ ਖਰਚੇ ’ਤੇ ਵਿਸ਼ੇਸ਼ ਉਡਾਣ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਲਿਆਂਦਾ ਗਿਆ।

ਟਰੱਸਟ ਦੇ ਮੁਖੀ ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਖਾੜੀ ਮੁਲਕਾਂ ਵਿਚ ਫਸੇ ਭਾਰਤੀਆਂ ਨੂੰ ਵਤਨ ਵਾਪਸ ਲਿਆਉਣ ਵਾਸਤੇ ਫ਼ਿਲਹਾਲ ਚਾਰ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਤਹਿਤ ਅੱਜ ਦੂਜੀ ਉਡਾਣ ਰਾਹੀਂ 174 ਭਾਰਤੀਆਂ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ 7 ਜੁਲਾਈ ਨੂੰ 177 ਭਾਰਤੀਆਂ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਲਿਆਂਦਾ ਗਿਆ ਸੀ। ਅੱਜ ਉਡਾਣ ਰਾਹੀਂ ਪਰਤੇ ਵਿਅਕਤੀਆਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਕੁਝ ਪੰਜਾਬ ਤੇ ਕੁਝ ਹਰਿਆਣਾ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਵਧੇਰੇ ਵਿਅਕਤੀਆਂ ਦਾ ਸਾਰਾ ਖਰਚਾ ਟਰੱਸਟ ਵੱਲੋਂ ਕੀਤਾ ਗਿਆ ਹੈ। ਦਸਤਾਵੇਜ਼ੀ ਤੇ ਸਿਹਤ ਜਾਂਚ ਮਗਰੋਂ ਯਾਤਰੂਆਂ ਨੂੰ ਇਕਾਂਤਵਾਸ ਲਈ ਭੇਜਿਆ ਗਿਆ ਹੈ।

ਡਾ. ਓਬਰਾਏ ਨੇ ਦੱਸਿਆ ਕਿ ਬੇਰੁਜ਼ਗਾਰ ਹੋ ਕੇ ਪਰਤ ਰਹੇ ਵਿਅਕਤੀਆਂ ਨੂੰ ਸਵੈ-ਰੁਜ਼ਗਾਰ ਦੇ ਰਾਹ ਪਾਉਣ ਲਈ ਟਰੱਸਟ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਵਿਚ ਪੁਨਰ ਵਿਕਾਸ ਕੇਂਦਰ ਖੋਲ੍ਹਣ ਦੀ ਵੀ ਯੋਜਨਾ ਹੈ। ਅਗਲੇ ਮਹੀਨੇ ਟਰੱਸਟ ਵੱਲੋਂ ਭਾਰਤੀਆਂ ਦੀ ਵਤਨ ਵਾਪਸੀ ਲਈ ਆਪਣੇ ਖਰਚੇ ’ਤੇ ਚਾਰ ਹੋਰ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇਗਾ।

ਸਾਊਦੀ ਅਰਬ ਵਿਚ ਮਰੇ ਨੌਜਵਾਨ ਦਾ ਜੱਦੀ ਪਿੰਡ ’ਚ ਸਸਕਾਰ

ਮਹਿਲ ਕਲਾਂ (ਪੱਤਰ ਪ੍ਰੇਰਕ): ਰੁਜ਼ਗਾਰ ਦੀ ਭਾਲ ਵਿਚ ਪਿਛਲੇ ਸਾਲ ਸਾਊਦੀ ਅਰਬ ਗਏ ਪਿੰਡ ਛਾਪਾ ਦੇ ਨੌਜਵਾਨ ਹਰਪਾਲ ਸਿੰਘ (34) ਪੁੱਤਰ ਤੇਜਿੰਦਰ ਸਿੰਘ ਦੀ ਮ੍ਰਿਤਕ ਦੇਹ ਸਿਆਸੀ ਆਗੂਆਂ ਦੇ ਉਪਰਾਲੇ ਸਦਕਾ ਅੱਜ ਪਿੰਡ ਪਹੁੰਚੀ, ਜਿਸ ਮਗਰੋਂ ਉਸ ਦਾ ਸਸਕਾਰ ਕੀਤਾ ਗਿਆ। ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਕਰਜ਼ੇ ਕਾਰਨ ਘਰ ਦੀ ਸਾਰੀ ਜ਼ਮੀਨ ਵਿਕਣ ਮਗਰੋਂ ਬੇਰੁਜ਼ਗਾਰੀ ਦਾ ਝੰਬਿਆ ਹਰਪਾਲ ਸਿੰਘ ਰੁਜ਼ਗਾਰ ਦੀ ਭਾਲ ਵਿਚ 30 ਮਈ, 2019 ਨੂੰ ਸਾਊਦੀ ਅਰਬ ਗਿਆ ਸੀ। ਤਿੰਨ ਕੁ ਮਹੀਨੇ ਹੀ ਉਸ ਨੂੰ ਕੰਮ ਕਰਦਿਆਂ ਹੋਏ ਸਨ ਕਿ ਬੀਤੀ 7 ਫਰਵਰੀ ਨੂੰ ਪਰਿਵਾਰ ਨੂੰ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਸਬੰਧੀ ਪਤਾ ਲੱਗਾ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਹਰਪਾਲ ਦੀ ਮੌਤ ਮਗਰੋਂ ਹੁਣ ਘਰ ਵਿਚ ਕੋਈ ਵਿਅਕਤੀ ਕਮਾਉਣ ਵਾਲਾ ਨਹੀਂ ਰਿਹਾ। ਮ੍ਰਿਤਕ ਦੀ ਇਕ ਲੜਕੀ ਅੱਠਵੀਂ ਜਮਾਤ ਤੇ ਦੂਜੀ ਨੌਵੀਂ ਜਮਾਤ ਵਿਚ ਪੜ੍ਹਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All