T20 World Cup: ਭਾਰਤ-ਪਾਕਿਸਤਾਨ ਮੈਚ ਦੌਰਾਨ No Handshake ਨੀਤੀ ਰਹੇਗੀ ਜਾਰੀ
ਪਹਿਲਗਾਮ ਹਮਲੇ ਦੇ ਸ਼ਹੀਦਾਂ ਅਤੇ ਭਾਰਤੀ ਫੌਜ ਦੇ ਸਨਮਾਨ ’ਚ ਲਿਆ ਫੈਸਲਾ
T20 World Cup: ਅੱਜ ਹੋਣ ਵਾਲੇ ਹਾਈ-ਵੋਲਟੇਜ ਮੁਕਾਬਲੇ ਵਿੱਚ ਇੱਕ ਵਾਰ ਫਿਰ ਭਾਰਤੀ ਟੀਮ ਆਪਣੀ ‘ਨੋ ਹੈਂਡਸ਼ੇਕ’ (ਹੱਥ ਨਾ ਮਿਲਾਉਣ) ਦੀ ਨੀਤੀ ’ਤੇ ਕਾਇਮ ਰਹੇਗੀ। ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਟਾਸ ਦੇ ਸਮੇਂ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨਾਲ ਹੱਥ ਨਹੀਂ ਮਿਲਾਉਣਗੇ।
ਬੀ.ਸੀ.ਸੀ.ਆਈ. (BCCI) ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਫੈਸਲਾ ਪਿਛਲੇ ਸਾਲ ਦੁਬਈ ਵਿੱਚ ਹੋਏ ਏਸ਼ੀਆ ਕੱਪ ਤੋਂ ਬਾਅਦ ਲਗਾਤਾਰ ਜਾਰੀ ਹੈ, ਜੋ ਕਿ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤ ਪਰਿਵਾਰਾਂ ਪ੍ਰਤੀ ਸਨਮਾਨ ਅਤੇ ‘ਅਪਰੇਸ਼ਨ ਸਿੰਧੂਰ’ ਤੋਂ ਬਾਅਦ ਭਾਰਤੀ ਫੌਜ ਨਾਲ ਇੱਕਜੁੱਟਤਾ ਪ੍ਰਗਟਾਉਣ ਲਈ ਲਿਆ ਗਿਆ ਹੈ।
ਸਿਰਫ਼ ਟਾਸ ਵੇਲੇ ਹੀ ਨਹੀਂ, ਸਗੋਂ ਮੈਚ ਖ਼ਤਮ ਹੋਣ ਤੋਂ ਬਾਅਦ ਵੀ ਦੋਵਾਂ ਟੀਮਾਂ ਦੇ ਖਿਡਾਰੀਆਂ ਅਤੇ ਸਪੋਰਟ ਸਟਾਫ਼ ਵਿਚਾਲੇ ਕੋਈ ਹੱਥ ਨਹੀਂ ਮਿਲਾਇਆ ਜਾਵੇਗਾ। ਪਿਛਲੇ ਦਿਨੀਂ ਦੁਬਈ ਵਿੱਚ ਪੀ.ਸੀ.ਬੀ. (PCB) ਚੇਅਰਮੈਨ ਨਾਲ ਹੱਥ ਮਿਲਾਉਣ ’ਤੇ ਸੂਰਿਆਕੁਮਾਰ ਯਾਦਵ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਭਾਰਤੀ ਟੀਮ ਨੇ ਇਸ ਵਾਰ ਸਖ਼ਤ ਰੁਖ਼ ਅਪਣਾਇਆ ਹੈ। ਜਦੋਂਕਿ ਪਾਕਿਸਤਾਨੀ ਕਪਤਾਨ ਨੇ ਖੇਡ ਭਾਵਨਾ (Spirit of Cricket) ਦੀ ਦੁਹਾਈ ਦਿੱਤੀ ਹੈ ਪਰ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਦੇ ਜਜ਼ਬਾਤ ਅਤੇ ਸ਼ਹੀਦਾਂ ਦਾ ਸਨਮਾਨ ਖੇਡ ਤੋਂ ਉੱਪਰ ਹੈ।

