ਭਾਰਤ ਦਾ ਟੀਚਾ ਕਾਮਨਵੈਲਥ 2030 ਤੋਂ ਬਾਅਦ 2036 ਓਲੰਪਿਕ ਗੁਜਰਾਤ ਵਿੱਚ ਕਰਵਾਉਣ ਹੈ: ਜੈ ਸ਼ਾਹ
ਕਾਮਨਵੈਲਥ 2030 ਤੋਂ ਬਾਅਦ ਹੁਣ 2036 ਓਲੰਪਿਕ ’ਤੇ ਭਾਰਤ ਦੀ ਨਜ਼ਰ
ਕੌਮਾਂਤਰੀ ਕ੍ਰਿਕਟ ਕੌਂਸਲ (ICC) ਦੇ ਚੇਅਰਮੈਨ ਜੈ ਸ਼ਾਹ ਨੇ ਸੂਰਤ ਵਿੱਚ ਇੱਕ ਸਮਾਗਮ ਦੌਰਾਨ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਲ 2030 ਵਿੱਚ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਕਰਨ ਤੋਂ ਬਾਅਦ, ਭਾਰਤ ਦਾ ਅਗਲਾ ਟੀਚਾ 2036 ਵਿੱਚ ਗੁਜਰਾਤ ਵਿੱਚ ਓਲੰਪਿਕ ਖੇਡਾਂ ਕਰਵਾਉਣਾ ਹੈ।
‘ਰਨ ਫਾਰ ਗਰਲ ਚਾਈਲਡ’ ਮੈਰਾਥਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਖੇਡਾਂ ਨੂੰ ਗੁਜਰਾਤ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸ਼ਾਹ ਨੇ ਭਰੋਸਾ ਜਤਾਇਆ ਕਿ ਭਾਰਤ ਆਉਣ ਵਾਲੇ ਸਮੇਂ ਵਿੱਚ ਖੇਡ ਜਗਤ ਵਿੱਚ ਇੱਕ ਵੱਡੀ ਸ਼ਕਤੀ ਵਜੋਂ ਉਭਰੇਗਾ।
ਜੈ ਸ਼ਾਹ ਨੇ 2036 ਓਲੰਪਿਕ ਲਈ ਦੇਸ਼ ਨੂੰ ਘੱਟੋ-ਘੱਟ 100 ਮੈਡਲ ਜਿੱਤਣ ਦਾ ਟੀਚਾ ਦਿੱਤਾ ਹੈ, ਜਿਸ ਵਿੱਚੋਂ 10 ਮੈਡਲ ਇਕੱਲੇ ਗੁਜਰਾਤ ਦੇ ਖਿਡਾਰੀਆਂ ਵੱਲੋਂ ਲਿਆਉਣ ਦੀ ਉਮੀਦ ਜਤਾਈ ਗਈ ਹੈ।
ਉਨ੍ਹਾਂ ਖ਼ਾਸ ਤੌਰ ’ਤੇ ਮਹਿਲਾ ਖਿਡਾਰੀਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਹੁਣ ਮਾਪੇ ਆਪਣੀਆਂ ਧੀਆਂ ਨੂੰ ਸਮ੍ਰਿਤੀ ਮੰਧਾਨਾ ਅਤੇ ਹਰਮਨਪ੍ਰੀਤ ਕੌਰ ਵਰਗੀਆਂ ਸਟਾਰ ਖਿਡਾਰਨਾਂ ਬਣਦੇ ਦੇਖਣਾ ਚਾਹੁੰਦੇ ਹਨ।
ਇਸ ਮੌਕੇ ਉਨ੍ਹਾਂ ਨੇ ਭਾਰਤੀ ਪੁਰਸ਼ ਕ੍ਰਿਕਟ ਟੀਮ ਵੱਲੋਂ 2024 ਟੀ-20 ਵਿਸ਼ਵ ਕੱਪ ਅਤੇ 2025 ਚੈਂਪੀਅਨਜ਼ ਟਰਾਫੀ ਵਿੱਚ ਹਾਸਲ ਕੀਤੀਆਂ ਸ਼ਾਨਦਾਰ ਜਿੱਤਾਂ ਦਾ ਵੀ ਜ਼ਿਕਰ ਕੀਤਾ।

