Asian Games Hockey: ਭਾਰਤ ਨੇ ਆਖ਼ਰੀ ਮਿੰਟ ਵਿੱਚ ਗੋਲ ਕਰ ਪਾਕਿਸਤਾਨ ਨੂੰ ਸੈਮੀਫਾਈਨਲ ਵਿਚ ਹਰਾਇਆ
ਕਪਤਾਨ ਹਰਮਨਪ੍ਰੀਤ ਦੇ ਦੋ ਗੋਲਾਂ ਸਦਕਾ ਫਾਈਨਲ ਵਿੱਚ ਪੁੱਜੀ ਭਾਰਤੀ ਟੀਮ; ਮਲੇਸ਼ੀਆ ਨਾਲ ਹੋਵੇਗਾ ਸਾਹਮਣਾ
Asian Games Hockey: ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ਵਿੱਚ ਆਖਰੀ ਸੀਟੀ ਵੱਜਣ ਤੋਂ 45 ਸੈਕਿੰਡ ਪਹਿਲਾਂ ਅਭਿਸ਼ੇਕ ਵੱਲੋਂ ਕੀਤੇ ਗਏ ਸ਼ਾਨਦਾਰ ਗੋਲ ਦੀ ਬਦੌਲਤ ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਹੁਣ 3 ਅਕਤੂਬਰ ਨੂੰ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਮਲੇਸ਼ੀਆ ਨਾਲ ਹੋਵੇਗਾ, ਜਿਸ ਨੇ ਦੂਜੇ ਸੈਮੀਫਾਈਨਲ ਵਿੱਚ ਕੋਰੀਆ ਨੂੰ ਹਰਾਇਆ ਹੈ।
ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ (5ਵੇਂ ਅਤੇ 13ਵੇਂ ਮਿੰਟ) ਨੇ ਪੈਨਲਟੀ ਕਾਰਨਰ 'ਤੇ ਦੋ ਗੋਲ ਕੀਤੇ, ਜਦਕਿ ਸੁਖਜੀਤ ਸਿੰਘ (23ਵੇਂ ਮਿੰਟ) ਅਤੇ ਅਭਿਸ਼ੇਕ (60ਵੇਂ ਮਿੰਟ) ਨੇ ਫੀਲਡ ਗੋਲ ਦਾਗੇ। ਪਾਕਿਸਤਾਨ ਵੱਲੋਂ ਕਪਤਾਨ ਅਬੂ ਬਕਰ ਨੇ 30ਵੇਂ ਮਿੰਟ ਵਿੱਚ ਪੈਨਲਟੀ ਕਾਰਨਰ 'ਤੇ ਪਹਿਲਾ ਗੋਲ ਕੀਤਾ, ਜਦਕਿ ਸ਼ਾਹਿਦ ਹਨਾਨ (45ਵੇਂ ਮਿੰਟ) ਅਤੇ ਰਾਣਾ ਵਾਹਿਦ (49ਵੇਂ ਮਿੰਟ) ਨੇ ਪੰਜ ਮਿੰਟਾਂ ਦੇ ਅੰਦਰ ਦੋ ਗੋਲ ਕਰਕੇ ਵਾਪਸੀ ਕੀਤੀ।
ਭਾਰਤ ਨੂੰ ਪਹਿਲੇ ਕੁਆਰਟਰ ਵਿੱਚ ਕਈ ਪੈਨਲਟੀ ਕਾਰਨਰ ਮਿਲੇ। ਚਾਰ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਹਰਮਨਪ੍ਰੀਤ ਨੇ ਪੰਜਵੇਂ ਮਿੰਟ ਵਿੱਚ ਦਮਦਾਰ ਡਰੈਗ ਫਲਿੱਕ ਨਾਲ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਮਨਪ੍ਰੀਤ ਸਿੰਘ ਵੱਲੋਂ ਦਿਵਾਏ ਸੱਤਵੇਂ ਪੈਨਲਟੀ ਕਾਰਨਰ ਨੂੰ ਹਰਮਨਪ੍ਰੀਤ ਨੇ 13ਵੇਂ ਮਿੰਟ ਵਿੱਚ ਗੋਲ ਵਿੱਚ ਬਦਲ ਕੇ ਬੜ੍ਹਤ ਦੁੱਗਣੀ ਕਰ ਦਿੱਤੀ। ਉੱਥੇ ਹੀ 23ਵੇਂ ਮਿੰਟ ਵਿੱਚ ਸ਼ਿਲਾਨੰਦ ਲਾਕੜਾ ਵੱਲੋਂ ਖੱਬੇ ਪਾਸਿਓਂ ਮਿਲੇ ਪਾਸ ਨੂੰ ਸੁਖਜੀਤ ਨੇ ਗੋਲ ਵਿੱਚ ਤਬਦੀਲ ਕੀਤਾ।
ਇਸ ਤਰ੍ਹਾਂ ਮੈਚ ਦੇ ਪਹਿਲੇ ਹਾਫ ਵਿੱਚ ਭਾਰਤ ਦਾ ਪੂਰਾ ਦਬਦਬਾ ਰਿਹਾ ਅਤੇ ਟੀਮ ਨੇ 3-0 ਦੀ ਮਜ਼ਬੂਤ ਬੜ੍ਹਤ ਬਣਾ ਲਈ ਸੀ। ਪਰ ਦੂਜੇ ਹਾਫ ਵਿੱਚ ਪਾਕਿਸਤਾਨ ਦੇ ਨੌਜਵਾਨ ਖਿਡਾਰੀ ਪੂਰੀ ਤਰ੍ਹਾਂ ਹਾਵੀ ਰਹੇ, ਜਿਸ ਕਾਰਨ ਭਾਰਤੀ ਡਿਫੈਂਸ ਕਈ ਵਾਰ ਲੜਖੜਾਇਆ ਅਤੇ ਪਾਕਿਸਤਾਨ ਨੇ 3-3 ਨਾਲ ਸਕੋਰ ਬਰਾਬਰ ਕਰ ਦਿੱਤਾ। ਅਜਿਹਾ ਲੱਗ ਰਿਹਾ ਸੀ ਕਿ ਮੈਚ ਪੈਨਲਟੀ ਸ਼ੂਟਆਊਟ ਤੱਕ ਜਾਵੇਗਾ, ਪਰ ਆਖਰੀ ਮਿੰਟ ਵਿੱਚ ਅਭਿਸ਼ੇਕ ਨੇ ਪਾਕਿਸਤਾਨੀ ਗੋਲਕੀਪਰ ਅਲੀ ਰਜ਼ਾ ਅਤੇ ਡਿਫੈਂਡਰ ਸੂਫੀਆਨ ਨੂੰ ਚਕਮਾ ਦੇ ਕੇ ਜੇਤੂ ਗੋਲ ਦਾਗ ਦਿੱਤਾ।
ਆਖਰੀ ਮਿੰਟਾਂ ਵਿੱਚ ਪਾਕਿਸਤਾਨ ਨੇ ਆਕਰਾਮਕ ਖੇਡ ਦਿਖਾਈ ਪਰ ਭਾਰਤੀ ਗੋਲਕੀਪਰ ਸੂਰਜ ਕਰਕੇਰਾ ਨੇ ਕਈ ਅਹਿਮ ਬਚਾਅ ਕੀਤੇ। ਹੂਟਰ ਤੋਂ ਦੋ ਮਿੰਟ ਪਹਿਲਾਂ ਪੈਨਲਟੀ ਕਾਰਨਰ ਦੀ ਭਾਰਤੀ ਅਪੀਲ ਨੂੰ ਵੀਡੀਓ ਰੈਫਰਲ ਰਾਹੀਂ ਰੱਦ ਕਰ ਦਿੱਤਾ ਗਿਆ ਸੀ, ਪਰ ਅੰਤ ਵਿੱਚ ਅਭਿਸ਼ੇਕ ਦੀ ਸੂਝ-ਬੂਝ ਭਾਰਤ ਲਈ ਫੈਸਲਾਕੁੰਨ ਸਾਬਤ ਹੋਈ।

