Asian Games 2026: ਏਸ਼ਿਆਈ ਖੇਡਾਂ 'ਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਅਥਲੀਟ ਗੁਰਵਿੰਦਰਵੀਰ ਸਿੰਘ ਦਾ ਭੋਗਪੁਰ ਪੁੱਜਣ 'ਤੇ ਸ਼ਾਨਦਾਰ ਸਵਾਗਤ
ਸਰਕਾਰ ਦੀ ਬੇਰੁੱਖੀ ਤੋਂ ਕੋਚ ਨਾਰਾਜ਼
ਜਪਾਨ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ-2026 ਦੌਰਾਨ ਮਿਕਸਡ 4x400 ਮੀਟਰ ਰਿਲੇਅ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਕੌਮਾਂਤਰੀ ਅਥਲੀਟ ਗੁਰਵਿੰਦਰਵੀਰ ਸਿੰਘ ਦਾ ਅੱਜ ਇੱਥੇ ਪੁੱਜਣ 'ਤੇ ਇਲਾਕਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਖੁਲ੍ਹੀ ਜੀਪ ਵਿੱਚ ਸਵਾਰ ਅਥਲੀਟ ਦਾ ਕਾਫ਼ਲਾ ਜਦੋਂ ਕੌਮੀ ਮਾਰਗ ’ਤੇ ਸਥਿਤ ਗਰਿੱਲ ਹੱਟ ਜੰਕਸ਼ਨ ਵਿਖੇ ਪੁੱਜਿਆ, ਤਾਂ ਲੋਕਾਂ ਨੇ ਗੁਰਵਿੰਦਰਵੀਰ ਸਿੰਘ, ਉਨ੍ਹਾਂ ਦੇ ਕੋਚ ਸਰਬਜੀਤ ਸਿੰਘ ਹੈਪੀ ਅਤੇ ਸਰਵਣ ਸਿੰਘ ਬੀਰਮਪੁਰ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ। ਇਸ ਮੌਕੇ ਢੋਲ ਦੀ ਥਾਪ ’ਤੇ ਖ਼ੁਸ਼ੀ ਮਨਾਈ ਗਈ ਅਤੇ ਲੱਡੂ ਵੰਡਣ ਦੇ ਨਾਲ-ਨਾਲ ਚਾਹ-ਪਾਣੀ ਦਾ ਲੰਗਰ ਵੀ ਲਗਾਇਆ ਗਿਆ।
ਇਸ ਉਪਰੰਤ, ਜਦੋਂ ਇਹ ਕਾਫ਼ਲਾ ਗੁਰਵਿੰਦਰਵੀਰ ਦੇ ਜੱਦੀ ਪਿੰਡ ਪਤਿਆਲਾਂ ਪਹੁੰਚਿਆ, ਤਾਂ ਸਰਪੰਚ ਬਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਮੂਹ ਪਿੰਡ ਵਾਸੀਆਂ ਨੇ ਭੰਗੜੇ ਪਾ ਕੇ ਜੇਤੂ ਖਿਡਾਰੀ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਅਥਲੀਟ ਗੁਰਵਿੰਦਰਵੀਰ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਹੋਣ ਵਾਲੇ ਕੌਮਾਂਤਰੀ ਮੁਕਾਬਲਿਆਂ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਦੇਸ਼, ਪੰਜਾਬ ਅਤੇ ਸਿੱਖ ਕੌਮ ਦਾ ਨਾਂ ਰੌਸ਼ਨ ਕਰਨ ਲਈ ਸਖ਼ਤ ਮਿਹਨਤ ਕਰੇਗਾ।

