ASIA CUP 2026: ਭਾਰਤੀ ਖਿਡਾਰਨਾਂ ਨੇ ਸ੍ਰੀਲੰਕਾ ਨੂੰ 5 ਵਿਕਟਾਂ ਨਾਲ ਦਿੱਤੀ ਮਾਤ; ਫਾਈਨਲ ’ਚ ਸ਼ਾਨਦਾਰ ਐਂਟਰੀ
ASIA CUP 2026: ਕਪਤਾਨ ਰਾਧਾ ਯਾਦਵ ਦਾ ਸ਼ਾਨਦਾਰ ਪ੍ਰਦਰਸ਼ਨ
ASIA CUP 2026: ਬੈਂਕਾਕ ਵਿੱਚ ਖੇਡੇ ਗਏ ‘ਵੂਮੈਨਜ਼ ਏਸ਼ੀਆ ਕੱਪ ਰਾਈਜ਼ਿੰਗ ਸਟਾਰਸ 2026’ ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ-ਏ ਦੀਆਂ ਮਹਿਲਾਵਾਂ ਨੇ ਸ੍ਰੀਲੰਕਾ-ਏ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਭਾਰਤੀ ਕਪਤਾਨ ਰਾਧਾ ਯਾਦਵ ਇਸ ਜਿੱਤ ਦੀ ਅਸਲ ਸੂਤਰਧਾਰ ਰਹੀ, ਜਿਸ ਨੇ ਪਹਿਲਾਂ ਗੇਂਦਬਾਜ਼ੀ ਵਿੱਚ ਕਮਾਲ ਕਰਦਿਆਂ 19 ਦੌੜਾਂ ਦੇ ਕੇ 4 ਅਹਿਮ ਵਿਕਟਾਂ ਲਈਆਂ ਅਤੇ ਫਿਰ ਬੱਲੇਬਾਜ਼ੀ ਵਿੱਚ ਸਿਰਫ਼ 18 ਗੇਂਦਾਂ ’ਤੇ ਨਾਬਾਦ 31 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ।
ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਪਰ ਭਾਰਤੀ ਸਪਿਨਰਾਂ ਦੇ ਜਾਲ ਵਿੱਚ ਫਸ ਕੇ ਪੂਰੀ ਟੀਮ 19.4 ਓਵਰਾਂ ਵਿੱਚ ਮਹਿਜ਼ 118 ਦੌੜਾਂ ’ਤੇ ਹੀ ਸਿਮਟ ਗਈ। ਪ੍ਰੇਮਾ ਰਾਵਤ ਅਤੇ ਤਨੂਜਾ ਕੰਵਰ ਨੇ ਵੀ 2-2 ਵਿਕਟਾਂ ਲਈਆਂ।
119 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਹਾਲਾਂਕਿ ਜਲਦੀ ਵਿਕਟਾਂ ਗਵਾਈਆਂ ਪਰ ਵ੍ਰਿੰਦਾ ਦਿਨੇਸ਼ (42 ਦੌੜਾਂ) ਅਤੇ ਅਨੁਸ਼ਕਾ ਸ਼ਰਮਾ (27 ਦੌੜਾਂ) ਦੀ 48 ਦੌੜਾਂ ਦੀ ਅਹਿਮ ਸਾਂਝੇਦਾਰੀ ਨੇ ਭਾਰਤ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ। ਅਖੀਰ ਵਿੱਚ ਕਪਤਾਨ ਰਾਧਾ ਯਾਦਵ ਨੇ ਸੰਭਾਲਿਆ ਅਤੇ ਭਾਰਤ ਨੂੰ 13.3 ਓਵਰਾਂ ਵਿੱਚ ਹੀ ਜਿੱਤ ਦਵਾ ਦਿੱਤੀ। ਹੁਣ 22 ਫਰਵਰੀ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਬੰਗਲਾਦੇਸ਼-ਏ ਜਾਂ ਪਾਕਿਸਤਾਨ-ਏ ਵਿੱਚੋਂ ਜੇਤੂ ਰਹਿਣ ਵਾਲੀ ਟੀਮ ਨਾਲ ਹੋਵੇਗਾ।

