DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Iran-Israel War Live Updates: ਇਰਾਨ ਦੀ ਤਜਵੀਜ਼ ਤੋਂ ‘ਸੰਤੁਸ਼ਟ’ ਨਹੀਂ : ਟਰੰਪ

  • fb
  • twitter
  • whatsapp
  • whatsapp
featured-img featured-img
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ।
Advertisement

Iran-Israel War Live Updates: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਇਰਾਨ ਵੱਲੋਂ ਜੰਗ ਖਤਮ ਕਰਨ ਲਈ ਪੇਸ਼ ਕੀਤੀ ਗਈ ਤਾਜ਼ਾ ਤਜਵੀਜ਼ ਤੋਂ ਸੰਤੁਸ਼ਟ ਨਹੀਂ ਹਨ। ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇਰਾਨ ਅਜਿਹੀਆਂ ਮੰਗਾਂ ਰੱਖ ਰਿਹਾ ਹੈ ਜਿਨ੍ਹਾਂ ਨੂੰ ਉਹ ਕਦੇ ਪ੍ਰਵਾਨ ਨਹੀਂ ਕਰ ਸਕਦੇ। ਉਨ੍ਹਾਂ ਦਾ ਇਹ ਬਿਆਨ ਸੰਕੇਤ ਦਿੰਦਾ ਹੈ ਕਿ ਦੋ ਮਹੀਨਿਆਂ ਤੋਂ ਜਾਰੀ ਇਸ ਖੂਨੀ ਜੰਗ ਦਾ ਹੱਲ ਫਿਲਹਾਲ ਨਿਕਲਦਾ ਨਜ਼ਰ ਨਹੀਂ ਆ ਰਿਹਾ।

ਦੂਜੇ ਪਾਸੇ, ਅਮਰੀਕਾ ਦੇ ਆਪਣੇ ਪੁਰਾਣੇ ਸਹਿਯੋਗੀ ਦੇਸ਼ਾਂ ਨਾਲ ਸਬੰਧ ਵੀ ਸੁਖਾਵੇਂ ਨਹੀਂ ਰਹੇ। ਟਰੰਪ ਪ੍ਰਸ਼ਾਸਨ ਨੇ ਜਰਮਨੀ ਤੋਂ ਆਪਣੇ 5,000 ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਅਚਨਚੇਤ ਐਲਾਨ ਕਰ ਦਿੱਤਾ ਹੈ। ਇਹ ਕਦਮ ਜਰਮਨ ਚਾਂਸਲਰ ਫ੍ਰੀਡਰਿਕ ਮਰਜ਼ ਦੀ ਉਸ ਟਿੱਪਣੀ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਕੋਲ ਜੰਗ ਤੋਂ ਬਾਹਰ ਨਿਕਲਣ ਦੀ ਕੋਈ ਸਪੱਸ਼ਟ ਰਣਨੀਤੀ ਨਹੀਂ ਹੈ। ਪੈਂਟਾਗਨ ਦੇ ਅਧਿਕਾਰੀਆਂ ਨੇ ਜਰਮਨ ਚਾਂਸਲਰ ਦੇ ਬਿਆਨ ਨੂੰ ‘ਗੈਰ-ਜ਼ਰੂਰੀ ਅਤੇ ਅਪਮਾਨਜਨਕ’ ਕਰਾਰ ਦਿੱਤਾ ਹੈ।

Advertisement

ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਕਿਹਾ ਕਿ ਤਹਿਰਾਨ ਕੂਟਨੀਤੀ ਲਈ ਤਿਆਰ ਹੈ, ਪਰ ਇਸ ਲਈ ਅਮਰੀਕਾ ਨੂੰ ਆਪਣਾ ‘ਧਮਕੀ ਭਰਿਆ ਲਹਿਜ਼ਾ’ ਬਦਲਣਾ ਹੋਵੇਗਾ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਇਰਾਨ ਦੀਆਂ ਹਥਿਆਰਬੰਦ ਸੈਨਾਵਾਂ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਦੱਸਣਯੋਗ ਹੈ ਕਿ 28 ਫਰਵਰੀ ਨੂੰ ਸ਼ੁਰੂ ਹੋਈ ਇਸ ਜੰਗ ਕਾਰਨ ਹੁਣ ਤੱਕ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਵਿਸ਼ਵ ਭਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।

Advertisement

ਟਰੰਪ ਨੇ ਇਹ ਵੀ ਸਾਫ਼ ਕੀਤਾ ਕਿ ਉਹ ਜੰਗ ਨੂੰ ਜਲਦਬਾਜ਼ੀ ਵਿੱਚ ਖਤਮ ਕਰਕੇ ਭਵਿੱਖ ਲਈ ਕੋਈ ਖਤਰਾ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੇ। ਅਮਰੀਕਾ ਦਾ ਮੁੱਖ ਜ਼ੋਰ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਅਤੇ ‘ਹੋਰਮੁਜ਼ ਜਲਡਮਰੂ’ (Strait of Hormuz) ’ਤੇ ਮੁੜ ਕੰਟਰੋਲ ਸਥਾਪਿਤ ਕਰਨ ’ਤੇ ਹੈ, ਜਿੱਥੋਂ ਦੁਨੀਆ ਦਾ 20 ਫੀਸਦੀ ਤੇਲ ਅਤੇ ਗੈਸ ਸਪਲਾਈ ਹੁੰਦੀ ਹੈ। ਫਿਲਹਾਲ ਅਮਰੀਕੀ ਜਲ ਸੈਨਾ ਨੇ ਇਰਾਨੀ ਤੇਲ ਦੇ ਬਰਾਮਦ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਹੋਈ ਹੈ।

ਅਮਰੀਕਾ ਵੱਲੋਂ ਜਹਾਜ਼ ਕੰਪਨੀਆਂ ਨੂੰ ਹੋਰਮੁਜ਼ ਰਾਹੀਂ ਲੰਘਣ ਦਾ ਟੈਕਸ ਦੇਣ 'ਤੇ ਪਾਬੰਦੀਆਂ ਦੀ ਦਿੱਤੀ ਚਿਤਾਵਨੀ

May 2, 2026 3:14 pm

ਅਮਰੀਕਾ ਨੇ ਸ਼ਿਪਿੰਗ ਕੰਪਨੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਹੋਰਮੁਜ਼ ਜਲਡਮਾਰਗ (Strait of Hormuz) ਰਾਹੀਂ ਸੁਰੱਖਿਅਤ ਲੰਘਣ ਲਈ ਇਰਾਨ ਨੂੰ ਕਿਸੇ ਵੀ ਤਰ੍ਹਾਂ ਦਾ ਭੁਗਤਾਨ ਜਾਂ ਟੈਕਸ ਦਿੰਦੀਆਂ ਹਨ, ਤਾਂ ਉਨ੍ਹਾਂ ਨੂੰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  ਅਮਰੀਕੀ ਵਿਦੇਸ਼ੀ ਸੰਪੱਤੀ ਨਿਯੰਤਰਣ ਦਫਤਰ (OFAC) ਅਨੁਸਾਰ ਇਹ ਭੁਗਤਾਨ ਚਾਹੇ ਨਕਦੀ, ਡਿਜੀਟਲ ਕਰੰਸੀ ਜਾਂ ਕਿਸੇ ਹੋਰ ਰੂਪ ਵਿੱਚ ਹੋਵੇ, ਪਾਬੰਦੀਆਂ ਦੇ ਘੇਰੇ ਵਿੱਚ ਆਵੇਗਾ। ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਜੰਗ ਸ਼ੁਰੂ ਹੋਣ ਤੋਂ ਬਾਅਦ ਇਰਾਨ ਨੇ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਦੂਜੇ ਪਾਸੇ, ਰਾਸ਼ਟਰਪਤੀ ਡੋਨਲਡ ਟਰੰਪ ਨੇ ਜੰਗ ਖਤਮ ਕਰਨ ਲਈ ਇਰਾਨ ਦੇ ਤਾਜ਼ਾ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ, ਜਦਕਿ ਚੀਨ ਨੇ ਜੰਗਬੰਦੀ ਬਣਾਈ ਰੱਖਣ ਅਤੇ ਰਸਤਾ ਮੁੜ ਖੋਲ੍ਹਣ ਲਈ ਗੱਲਬਾਤ 'ਤੇ ਜ਼ੋਰ ਦਿੱਤਾ ਹੈ। ਇਸ ਟਕਰਾਅ ਕਾਰਨ ਤੇਲ ਦੀਆਂ ਕੀਮਤਾਂ ਵਧਣ ਨਾਲ ਵਿਸ਼ਵ ਅਰਥਚਾਰੇ 'ਤੇ ਭਾਰੀ ਦਬਾਅ ਪੈ ਰਿਹਾ ਹੈ।

ਇਰਾਨ ਵੱਲੋਂ ਇਜ਼ਰਾਈਲ ਲਈ ਜਾਸੂਸੀ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਫਾਂਸੀ

May 2, 2026 12:46 pm

ਇਰਾਨ ਨੇ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ‘ਮੋਸਾਦ’ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਸ਼ਨੀਵਾਰ ਨੂੰ ਦੋ ਵਿਅਕਤੀਆਂ ਨੂੰ ਫਾਂਸੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ’ਤੇ ਮੱਧ ਇਸਫਾਹਾਨ ਸੂਬੇ ਵਿੱਚ ਸਥਿਤ ਇਰਾਨ ਦੇ ਸੰਵੇਦਨਸ਼ੀਲ ‘ਨਤਾਂਜ਼’ (Natanz) ਪਰਮਾਣੂ ਕੇਂਦਰ ਦੀਆਂ ਖ਼ੁਫ਼ੀਆ ਜਾਣਕਾਰੀਆਂ ਇਕੱਠੀਆਂ ਕਰਨ ਦਾ ਗੰਭੀਰ ਦੋਸ਼ ਸੀ। ਇਰਾਨੀ ਮੀਡੀਆ ਨੇ ਨਿਆਂਪਾਲਿਕਾ ਦੇ ਹਵਾਲੇ ਨਾਲ ਦੱਸਿਆ ਕਿ ਫਾਂਸੀ ਦਿੱਤੇ ਗਏ ਵਿਅਕਤੀਆਂ ਦੀ ਪਛਾਣ ਯਾਕੂਬ ਕਰੀਮਪੁਰ ਅਤੇ ਨਾਸਰ ਬਕਰਜ਼ਾਦੇ ਵਜੋਂ ਹੋਈ ਹੈ। ਅਦਾਲਤ ਨੇ ਦੋਵਾਂ ਨੂੰ ਇਜ਼ਰਾਈਲ ਅਤੇ ਉਸ ਦੀ ਜਾਸੂਸੀ ਏਜੰਸੀ ਮੋਸਾਦ ਨਾਲ ਮਿਲ ਕੇ ਕੰਮ ਕਰਨ ਦਾ ਦੋਸ਼ੀ ਪਾਇਆ ਸੀ ਰਿਪੋਰਟਾਂ ਅਨੁਸਾਰ, ਕਰੀਮਪੁਰ ’ਤੇ ਮੋਸਾਦ ਦੇ ਇੱਕ ਅਧਿਕਾਰੀ ਨੂੰ ਬੇਹੱਦ ਸੰਵੇਦਨਸ਼ੀਲ ਜਾਣਕਾਰੀ ਭੇਜਣ ਦਾ ਦੋਸ਼ ਸੀ। ਦੂਜੇ ਪਾਸੇ, ਬਕਰਜ਼ਾਦੇ ’ਤੇ ਸਰਕਾਰੀ ਤੇ ਧਾਰਮਿਕ ਸ਼ਖ਼ਸੀਅਤਾਂ ਦੇ ਨਿੱਜੀ ਵੇਰਵੇ ਇਕੱਠੇ ਕਰਨ ਅਤੇ ਨਤਾਂਜ਼ ਪ੍ਰਮਾਣੂ ਸਾਈਟ ਸਮੇਤ ਦੇਸ਼ ਦੇ ਪ੍ਰਮੁੱਖ ਅਦਾਰਿਆਂ ਦੀ ਜਾਣਕਾਰੀ ਲੀਕ ਕਰਨ ਦੇ ਦੋਸ਼ ਲਗਾਏ ਗਏ ਸਨ।- ਪੀਟੀਆਈ

ਉਹ ਸਮਝੌਤਾ ਕਰਨਾ ਚਾਹੁੰਦੇ ਹਨ, ਪਰ... ਮੈਂ ਇਸ ਤੋਂ ਸੰਤੁਸ਼ਟ ਨਹੀਂ ਹਾਂ: ਟਰੰਪ

May 2, 2026 8:54 am

ਟਰੰਪ ਨੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਇਰਾਨੀ ਲੀਡਰਸ਼ਿਪ ਇਸ ਵੇਲੇ ‘ਬਹੁਤ ਜ਼ਿਆਦਾ ਬਿਖਰੀ ਹੋਈ’ ਹੈ ਅਤੇ ਦੋ-ਤਿੰਨ ਧੜਿਆਂ ਵਿੱਚ ਵੰਡੀ ਹੋਈ ਹੈ। ਟਰੰਪ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਅਜਿਹੀਆਂ ਚੀਜ਼ਾਂ ਦੀ ਮੰਗ ਕਰ ਰਹੇ ਹਨ ਜਿਨ੍ਹਾਂ ਨਾਲ ਅਸੀਂ ਸਹਿਮਤ ਨਹੀਂ ਹੋ ਸਕਦੇ, ਹਾਲਾਂਕਿ ਉਨ੍ਹਾਂ ਇਹ ਵੀ ਦੱਸਿਆ ਕਿ ਫ਼ੋਨ ਰਾਹੀਂ ਗੱਲਬਾਤ ਅਜੇ ਵੀ ਜਾਰੀ ਹੈ। ਬਾਅਦ ਵਿੱਚ ਸ਼ੁੱਕਰਵਾਰ ਨੂੰ ਫਲੋਰਿਡਾ ਵਿੱਚ ਇੱਕ ਭਾਸ਼ਣ ਦੌਰਾਨ ਟਰੰਪ ਨੇ ਕਿਹਾ ਕਿ ਅਮਰੀਕਾ ਇਰਾਨ ਨਾਲ ਆਪਣੀ ਇਸ ਮੁਹਿੰਮ ਨੂੰ ਸਮੇਂ ਤੋਂ ਪਹਿਲਾਂ ਖ਼ਤਮ ਨਹੀਂ ਕਰੇਗਾ ਤਾਂ ਜੋ “ ਤਿੰਨ ਸਾਲਾਂ ਬਾਅਦ ਇਹ ਸਮੱਸਿਆ ਦੁਬਾਰਾ ਖੜ੍ਹੀ ਨਾ ਹੋ ਜਾਵੇ।” ਟਰੰਪ ਨੇ ਦੁਹਰਾਇਆ ਕਿ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ’ਤੇ ਹੋਰਮੁਜ਼ ਜਲਡਮਰੂ ਤੋਂ ਇਰਾਨ ਦਾ ਕਬਜ਼ਾ ਛੁਡਵਾਉਣ ਲਈ ਵੀ ਭਾਰੀ ਦਬਾਅ ਹੈ, ਜਿਸ ਨੇ ਦੁਨੀਆ ਦੀ 20 ਫ਼ੀਸਦੀ ਤੇਲ ਅਤੇ ਗੈਸ ਦੀ ਸਪਲਾਈ ਨੂੰ ਰੋਕ ਦਿੱਤਾ ਹੈ।- ਰਾਇਟਰਜ਼

This Live Blog has Ended
Advertisement
×