ਭਾਰਤ ਅੱਜ ਆਪਣਾ 77ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਕਰਤੱਵਯ ਪੱਥ ’ਤੇ ਜਾਰੀ ਪਰੇਡ ਵਿਚ ਦੇਸ਼ ਆਪਣੀ ਵਿਕਾਸ ਯਾਤਰਾ, ਸੱਭਿਆਚਾਰਕ ਵਿਭਿੰਨਤਾ ਅਤੇ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਿਹਾ ਹੈ। ਕੌਮੀ ਪਰੇਡ ਵਿੱਚ ਨਵੀਆਂ ਬਣਾਈਆਂ ਇਕਾਈਆਂ ਅਤੇ ਅਪਰੇਸ਼ਨ ਸਿੰਧੂਰ ਦੌਰਾਨ ਤਾਇਨਾਤ ਕੀਤੀਆਂ ਗਈਆਂ ਮੁੱਖ ਹਥਿਆਰ ਪ੍ਰਣਾਲੀਆਂ ਦੇ ਮਾਡਲ ਵੀ ਸ਼ਾਮਲ ਹਨ।
ਯੂਰੋਪੀਅਨ ਕੌਂਸਲ ਦੇ ਪ੍ਰਧਾਨ ਅੰਤੋਨੀਓ ਕੋਸਟਾ ਅਤੇ ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਕੌਮੀ ਰਾਜਧਾਨੀ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਹਨ। ਪਰੇਡ ਵਿਚ ਪੰਜਾਬ ਸਣੇ 30 ਤੋਂ ਵੱਧ ਰਾਜਾਂ ਦੀਆਂ ਝਾਕੀਆਂ ਸ਼ਾਮਲ ਹਨ। ਪੰਜਾਬ ਦੀ ਝਾਕੀ ਗੁਰੂ ਤੇਗ ਬਹਾਦਰ ਦੀ 350ਵੇਂ ਸ਼ਹੀਦੀ ਦਿਹਾਾੜੇ ਨੂੰ ਸਮਰਪਿਤ ਹੈ। ਪਰੇਡ ਦੌਰਾਨ ਪਹਿਲੀ ਵਾਰ ਸੀਆਰਪੀਐਫ ਟੁਕੜੀ ਦੀ ਅਗਵਾਈ ਮਹਿਲਾਵਾਂ ਵੱਲੋਂ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਜੰਗੀ ਯਾਦਗਾਰ ਪਹੁੰਚ ਕੇ ਦੇਸ਼ ਲਈ ਜਾਨਾਂ ਵਾਰਨ ਵਾਲੇ ਸੁਰੱਖਿਆ ਬਲਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ਼ ਆਫ ਡਿਫੈਂਸ ਸਟਾਫ ਤੇ ਤਿੰਨਾਂ ਸੈਨਾਵਾਂ ਦੇ ਮੁਖੀ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਰੱਖਿਆ ਬਲਾਂ ਨਾਲ ਜੁੜੇ ਹੋਰ ਅਧਿਕਾਰੀ ਨਵੀਂ ਦਿੱਲੀ ਵਿਚ ਕੌਮੀ ਜੰਗੀ ਯਾਦਗਾਰ ਪਹੁੰਚਦੇ ਹੋਏ।ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 77ਵੇਂ ਗਣਤੰਤਰ ਦਿਹਾੜੇ ਮੌਕੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਸਾਲ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦੇ ਸੰਕਲਪ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਇਕ ਪੋਸਟ ਵਿਚ ਲਿਖਿਆ, ‘‘ਸਾਰੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਭਾਰਤ ਦੀ ਆਨ ਬਾਨ ਤੇ ਸ਼ਾਨ ਦਾ ਪ੍ਰਤੀਕ ਇਹ ਰਾਸ਼ਟਰੀ ਤਿਓਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿਚ ਨਵੀਂ ਊਰਜਾ ਤੇ ਨਵੇਂ ਜੋਸ਼ ਦਾ ਸੰਚਾਰ ਕਰੇ। ਇਹੀ ਕਾਮਨਾ ਹੈ ਕਿ ਵਿਕਸਤ ਭਾਰਤ ਦਾ ਸੰਕਲਪ ਵਧੇਰੇ ਮਜ਼ਬੂਤ ਹੋਵੇ।’’ ਉਨ੍ਹਾਂ ਆਪਣੀ ਪੋਸਟ ਵਿਚ ਲਿਖਿਆ, ‘‘ਗਣਤੰਤਰ ਦਿਵਸ ਸਾਡੀ ਆਜ਼ਾਦੀ, ਸੰਵਿਧਾਨ ਤੇ ਜਮਹੂਰੀ ਕਦਰਾਂ ਕੀਮਤਾਂ ਦਾ ਸ਼ਕਤੀਸ਼ਾਲੀ ਪ੍ਰਤੀਕ ਹੈ। ਇਹ ਤਿਓਹਾਰ ਸਾਨੂੰ ਇਕਜੁਟ ਹੋ ਕੇ ਰਾਸ਼ਟਰ ਨਿਰਮਾਣ ਦੇ ਸੰਕਲਪ ਨਾਲ ਅੱਗੇ ਵਧਣ ਦੀ ਨਵੀਂ ਊਰਜਾ ਤੇ ਪ੍ਰੇਰਨਾ ਦਿੰਦਾ ਹੈ।’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮੀ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਉਥੇ ਰੱਖੀ ਕਿਤਾਬ ਵਿਚ ਆਪਣਾ ਸੁਨੇਹਾ ਲਿਖਦੇ ਹੋਏ। ਕੌਮੀ ਜੰਗੀ ਯਾਦਗਾਰ ਤੋਂ ਸਿੱਧਾ ਕਰਤੱਵਯਾ ਪੱਥ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਦਾ ਸਵਾਗਤ ਕੀਤਾ। ਉਨ੍ਹਾਂ ਯੂਰਪੀ ਸੰਘ ਦੇ ਵਫ਼ਦ ਨੂੰ ਵੀ ਜੀ ਆਇਆਂ ਕਿਹਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਤੱਵਯਾ ਪੱਥ ’ਤੇ ਯੂਰੋਪੀ ਸੰਘ ਦੇ ਵਫ਼ਦ ਦਾ ਸਵਾਗਤ ਕਰਦੇ ਹੋਏ। ਇਸ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ 77ਵੇਂ ਗਣਤੰਤਰ ਦਿਵਸ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਸੰਵਿਧਾਨ ਨੂੰ "ਹਰੇਕ ਭਾਰਤੀ ਲਈ ਸਭ ਤੋਂ ਵੱਡਾ ਹਥਿਆਰ" ਕਿਹਾ। ਗਾਂਧੀ ਨੇ X 'ਤੇ ਇਕ ਪੋਸਟ ਵਿਚ ਕਿਹਾ, ‘‘ਮੇਰੇ ਸਾਰੇ ਸਾਥੀ ਨਾਗਰਿਕਾਂ ਨੂੰ ਗਣਤੰਤਰ ਦਿਵਸ ਦੀਆਂ ਦਿਲੋਂ ਸ਼ੁਭਕਾਮਨਾਵਾਂ। ਸਾਡਾ ਸੰਵਿਧਾਨ ਹਰ ਭਾਰਤੀ ਲਈ ਸਭ ਤੋਂ ਵੱਡਾ ਹਥਿਆਰ ਹੈ - ਇਹ ਸਾਡੀ ਆਵਾਜ਼ ਹੈ, ਸਾਡੇ ਅਧਿਕਾਰਾਂ ਲਈ ਸੁਰੱਖਿਆ ਢਾਲ ਹੈ।"
ਕਰਤੱਵਯ ਪੱਥ ’ਤੇ ਰੱਖੇ ਸਮਾਗਮ ਦਾ ਮੁੱਖ ਵਿਸ਼ਾ ‘ਵੰਦੇ ਮਾਤਰਮ ਦੇ 150 ਸਾਲ’ ਹੈ। ਲਗਪਗ 100 ਸੱਭਿਆਚਾਰਕ ਕਲਾਕਾਰਾਂ ਵਿਭਿੰਨਤਾ ਵਿੱਚ ਏਕਤਾ ਦੇ ਵਿਸ਼ੇ ’ਤੇ ਸੰਗੀਤਕ ਸਾਜ਼ਾਂ ਦੀ ਪੇਸ਼ਕਾਰੀ ਰਾਹੀਂ ਪਰੇਡ ਦਾ ਆਗਾਜ਼ ਕੀਤਾ। 129 ਹੈਲੀਕਾਪਟਰ ਯੂਨਿਟ ਦੇ ਚਾਰ ਐੱਮ ਆਈ-17 ਹੈਲੀਕਾਪਟਰ ਧਵੱਜ ਫਾਰਮੇਸ਼ਨ ਵਿੱਚ ਫੁੱਲਾਂ ਦੀ ਵਰਖਾ ਕੀਤੀ।
ਪਰੇਡ ਦੀ ਸ਼ੁਰੂਆਤ ਰਾਸ਼ਟਰਪਤੀ ਮੁਰਮੂ ਵੱਲੋਂ ਸਲਾਮੀ ਲੈਣ ਨਾਲ ਹੋਈ। ਪਰੇਡ ਦੀ ਕਮਾਨ ਜਨਰਲ ਆਫੀਸਰ ਕਮਾਂਡਿੰਗ, ਦਿੱਲੀ ਏਰੀਆ ਅਤੇ ਪਰੇਡ ਕਮਾਂਡਰ ਲੈਫਟੀਨੈਂਟ ਜਨਰਲ ਭਵਨੀਸ਼ ਕੁਮਾਰ ਦੇ ਹੱਥ ਹੈ। ਬਹਾਦਰੀ ਪੁਰਸਕਾਰਾਂ ਜੇਤੂ ਟੀਮ ਵਿੱਚ ਪਰਮਵੀਰ ਚੱਕਰ ਜੇਤੂ ਸੂਬੇਦਾਰ ਮੇਜਰ (ਆਨਰੇਰੀ ਕੈਪਟਨ) ਯੋਗਿੰਦਰ ਸਿੰਘ ਯਾਦਵ (ਸੇਵਾਮੁਕਤ) ਅਤੇ ਸੂਬੇਦਾਰ ਮੇਜਰ ਸੰਜੈ ਕੁਮਾਰ ਸ਼ਾਮਲ ਹਨ। ਅਸ਼ੋਕ ਚੱਕਰ ਜੇਤੂ ਮੇਜਰ ਜਨਰਲ ਸੀ ਏ ਪੀਠਾਵਾਲਾ (ਸੇਵਾਮੁਕਤ) ਅਤੇ ਕਰਨਲ ਡੀ ਸ੍ਰੀਰਾਮ ਕੁਮਾਰ ਵੀ ਇਸ ਟੀਮ ਦਾ ਹਿੱਸਾ ਹਨ। ਯੂਰੋਪੀਅਨ ਯੂਨੀਅਨ ਦੀ ਛੋਟੀ ਫੌਜੀ ਟੁਕੜੀ ਵੀ ਇਸ ਪਰੇਡ ਵਿੱਚ ਦਿਖਾਈ ਦਿੱਤੀ।
ਗਣਤੰਤਰ ਦਿਵਸ ਕਰਕੇ ਦਿੱਲੀ ਪੁਲੀਸ ਹਾਈ ਅਲਰਟ ’ਤੇ ਹੈ। ਗਣਤੰਤਰ ਦਿਵਸ ਦੇ ਜਸ਼ਨਾਂ ਲਈ ਸ਼ਹਿਰ ਭਰ ਵਿੱਚ 30,000 ਤੋਂ ਵੱਧ ਕਰਮਚਾਰੀਆਂ ਨੂੰ ਬਹੁ-ਪੱਧਰੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। ਕਰੀਬ 10,000 ਪੁਲੀਸ ਕਰਮਚਾਰੀ ਇਕੱਲੇ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਤਾਇਨਾਤ ਹਨ, ਜਿਸ ਵਿੱਚ ਰਸਮੀ ਪਰੇਡ ਰੂਟ ਅਤੇ ਉੱਚ-ਸੁਰੱਖਿਆ ਜ਼ੋਨ ਸ਼ਾਮਲ ਹਨ।
Republic Day 2026: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਰਹੀ ਪੰਜਾਬ ਦੀ ਝਾਕੀ January 26, 2026 12:58 pm
ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਕਰਤੱਵਯਾ ਪੱਥ ’ਤੇ ਪੰਜਾਬ ਦੀ ਝਾਕੀ ਖਿੱਚ ਦਾ ਕੇਂਦਰ ਰਹੀ, ਜੋ ਕਿ ਮਨੁੱਖਤਾ ਦੇ ਰਹਿਬਰ ਨੌਵੇਂ ਸਿੱਖ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਸੀ। ਝਾਕੀ ਰਾਹੀਂ ਗੁਰੂ ਸਾਹਿਬ ਦੀ ਧਾਰਮਿਕ ਆਜ਼ਾਦੀ, ਨਿਆਂ ਅਤੇ ਮਨੁੱਖੀ ਅਧਿਕਾਰਾਂ ਲਈ ਦਿੱਤੀ ਗਈ ਲਾਸਾਨੀ ਕੁਰਬਾਨੀ ਨੂੰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਪੇਸ਼ ਕੀਤਾ ਗਿਆ। ਝਾਕੀ ਦੇ ਮੂਹਰਲੇ ਹਿੱਸੇ ਵਿੱਚ ਘੁੰਮਦਾ ਹੋਇਆ 'ਏਕ ਓਂਕਾਰ' ਦਾ ਚਿੰਨ੍ਹ ਸੱਚ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇ ਰਿਹਾ ਸੀ, ਜਦੋਂਕਿ ਇੱਕ ਪ੍ਰਕਾਸ਼ਮਾਨ ਹੱਥ ਉੱਤੇ ‘ਹਿੰਦ ਦੀ ਚਾਦਰ’ ਲਿਖਿਆ ਕੱਪੜਾ ਗੁਰੂ ਸਾਹਿਬ ਦੇ ਜ਼ੁਲਮ ਵਿਰੁੱਧ ਢਾਲ ਬਣਨ ਦੇ ਸਰੂਪ ਨੂੰ ਦਰਸਾਉਂਦਾ ਸੀ।
Republic Day 2026: ਗ੍ਰਹਿ ਮੰਤਰਾਲੇ ਦੀ ਝਾਕੀ ਨੇ ਦਿਖਾਇਆ ਬਦਲਦਾ ਭਾਰਤ; ਨਵੇਂ ਕਾਨੂੰਨਾਂ ਨਾਲ ਨਿਆਂ ਦੇ ਨਵੇਂ ਯੁੱਗ ਦਾ ਆਗਾਜ਼ January 26, 2026 12:12 pm
ਕਰਤੱਵਯਾ ਪੱਥ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਝਾਕੀ ਨੇ ਇਸ ਵਾਰ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਆਏ ਇਤਿਹਾਸਕ ਬਦਲਾਅ ਨੂੰ ਬਾਖੂਬੀ ਪੇਸ਼ ਕੀਤਾ। ਝਾਕੀ ਰਾਹੀਂ ਸਾਲ 2024 ਵਿੱਚ ਲਾਗੂ ਕੀਤੇ ਗਏ ਤਿੰਨ ਨਵੇਂ ਕਾਨੂੰਨਾਂ- ਭਾਰਤੀ ਨਿਆ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ਿਆ ਅਧਿਨਿਯਮ ਦੀ ਪ੍ਰਦਰਸ਼ਨੀ ਕੀਤੀ ਗਈ। ਝਾਕੀ ਦੇ ਅਗਲੇ ਹਿੱਸੇ ਵਿੱਚ ਸੰਸਦ ਦੀ ਨਵੀਂ ਇਮਾਰਤ ਦੇ ਉੱਪਰ ਇਨ੍ਹਾਂ ਤਿੰਨਾਂ ਕਾਨੂੰਨਾਂ ਦੀਆਂ ਕਿਤਾਬਾਂ ਨੂੰ ਰੱਖਿਆ ਗਿਆ ਸੀ, ਜੋ ਭਾਰਤ ਦੀ ਪ੍ਰਭੂਸੱਤਾ ਅਤੇ ਪ੍ਰਗਤੀਸ਼ੀਲ ਸੁਧਾਰਾਂ ਦਾ ਪ੍ਰਤੀਕ ਹਨ। ਇਸ ਦੇ ਪਿਛੋਕੜ ਵਿੱਚ ਭਾਰਤੀ ਸੰਵਿਧਾਨ ਨੂੰ ਦਰਸਾਇਆ ਗਿਆ ਸੀ, ਜੋ ਇਹ ਸੰਦੇਸ਼ ਦਿੰਦਾ ਹੈ ਕਿ ਸਾਡੀ ਨਵੀਂ ਨਿਆਂ ਪ੍ਰਣਾਲੀ ਲੋਕਤੰਤਰੀ ਕਦਰਾਂ-ਕੀਮਤਾਂ ’ਤੇ ਅਧਾਰਤ ਹੈ।
ਨਾਰੀ ਸ਼ਕਤੀ ਦਾ ਦਮ: ਜੰਮੂ-ਕਸ਼ਮੀਰ ਦੀ ਧੀ ਸਿਮਰਨ ਬਾਲਾ ਨੇ ਕਰਤੱਵਯਾ ਪੱਥ ’ਤੇ ਰਚਿਆ ਇਤਿਹਾਸ January 26, 2026 11:44 am
ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਕਰਤੱਵ ਪੱਥ ’ਤੇ ਉਸ ਸਮੇਂ ਇਤਿਹਾਸ ਰਚਿਆ ਗਿਆ ਜਦੋਂ CRPF ਦੀ 26 ਸਾਲਾ ਅਸਿਸਟੈਂਟ ਕਮਾਂਡੈਂਟ ਸਿਮਰਨ ਬਾਲਾ ਨੇ ਦੇਸ਼ ਦੇ ਸਭ ਤੋਂ ਵੱਡੇ ਅਰਧ-ਸੈਨਿਕ ਬਲ ਦੇ 147 ਪੁਰਸ਼ ਜਵਾਨਾਂ ਦੇ ਦਸਤੇ ਦੀ ਅਗਵਾਈ ਕੀਤੀ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮਹਿਲਾ ਅਧਿਕਾਰੀ ਨੇ ਪੂਰੀ ਤਰ੍ਹਾਂ ਮਰਦਾਂ ’ਤੇ ਅਧਾਰਤ CRPF ਦਸਤੇ ਨੂੰ ਕਮਾਂਡ ਦਿੱਤੀ। ‘ਦੇਸ਼ ਕੇ ਹਮ ਹੈਂ ਰਕਸ਼ਕ’ ਦੀ ਧੁਨ ’ਤੇ ਮਾਰਚ ਕਰਦੇ ਹੋਏ ਇਸ ਦਸਤੇ ਨੇ ਸਭ ਦਾ ਮਨ ਮੋਹ ਲਿਆ। ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੀ ਰਹਿਣ ਵਾਲੀ ਸਿਮਰਨ ਬਾਲਾ, ਆਪਣੇ ਜ਼ਿਲ੍ਹੇ ਦੀ ਪਹਿਲੀ ਮਹਿਲਾ ਅਧਿਕਾਰੀ ਹੈ ਜੋ CRPF ਵਿੱਚ ਭਰਤੀ ਹੋਈ ਹੈ।
ਰਾਸ਼ਟਰਪਤੀ ਮੁਰਮੂ ਨੇ ਸ਼ੁਭਾਂਸ਼ੂ ਸ਼ੁਕਲਾ ਨੂੰ ‘ਅਸ਼ੋਕ ਚੱਕਰ’ ਨਾਲ ਨਿਵਾਜਿਆ January 26, 2026 11:12 am
ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਰਤੱਵਯਾ ਪੱਥ ’ਤੇ ਇੱਕ ਇਤਿਹਾਸਕ ਪਲ ਦੌਰਾਨ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਦੇਸ਼ ਦੇ ਸਰਵਉੱਚ ਸ਼ਾਂਤੀ ਕਾਲ ਬਹਾਦਰੀ ਪੁਰਸਕਾਰ ‘ਅਸ਼ੋਕ ਚੱਕਰ’ ਨਾਲ ਸਨਮਾਨਿਤ ਕੀਤਾ। ਲਖਨਊ ਦੇ ਰਹਿਣ ਵਾਲੇ ਸ਼ੁਭਾਂਸ਼ੂ ਸ਼ੁਕਲਾ ਨੇ ਕੌਮਾਂਤਰੀ ਪੁਲਾੜ ਸਟੇਸ਼ਨ (ISS) ’ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਕੇ ਇਤਿਹਾਸ ਸਿਰਜਿਆ ਹੈ। ਪਿਛਲੇ ਸਾਲ ਜੂਨ ਵਿੱਚ ਐਕਸੀਓਮ-4 (Ax-4) ਮਿਸ਼ਨ ਦੇ ਹਿੱਸੇ ਵਜੋਂ ਉਨ੍ਹਾਂ ਦੀ 18 ਦਿਨਾਂ ਦੀ ਪੁਲਾੜ ਯਾਤਰਾ, ਰਾਕੇਸ਼ ਸ਼ਰਮਾ ਦੇ ਮਿਸ਼ਨ ਤੋਂ 41 ਸਾਲਾਂ ਬਾਅਦ ਭਾਰਤ ਲਈ ਇੱਕ ਵੱਡੀ ਉਪਲਬਧੀ ਸਾਬਤ ਹੋਈ ਹੈ। ਪੁਲਾੜ ਵਿੱਚ ਕੀਤੇ ਗਏ ਗੁੰਝਲਦਾਰ ਪ੍ਰਯੋਗਾਂ ਅਤੇ ਭਾਰਤ ਦੇ ਮਾਨਵ ਪੁਲਾੜ ਪ੍ਰੋਗਰਾਮ ਵਿੱਚ ਪਾਏ ਅਹਿਮ ਯੋਗਦਾਨ ਲਈ ਉਨ੍ਹਾਂ ਨੂੰ ਇਹ ਵੱਕਾਰੀ ਸਨਮਾਨ ਦਿੱਤਾ ਗਿਆ ਹੈ।
Republic Day 2026: ਕਰਤੱਵਯਾ ਪੱਥ ’ਤੇ ਯੂਰਪੀਅਨ ਯੂਨੀਅਨ ਦੀ ਦਸਤਕ; ਭਾਰਤ ਨਾਲ ਰੱਖਿਆ ਸਾਂਝੇਦਾਰੀ ਦਾ ਨਵਾਂ ਅਧਿਆਏ January 26, 2026 11:05 am
ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ਦੇ ਕਰਤੱਵਯਾ ਪੱਥ ’ਤੇ ਇਤਿਹਾਸਕ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਯੂਰਪੀਅਨ ਯੂਨੀਅਨ (EU) ਦੇ ਇੱਕ ਵਿਸ਼ੇਸ਼ ਫੌਜੀ ਦਸਤੇ ਨੇ ਪਰੇਡ ਵਿੱਚ ਹਿੱਸਾ ਲੈ ਕੇ ਦੋਵਾਂ ਲੋਕਤੰਤਰਾਂ ਵਿਚਕਾਰ ਗੂੜ੍ਹੇ ਹੁੰਦੇ ਰਿਸ਼ਤਿਆਂ ਦੀ ਗਵਾਹੀ ਦਿੱਤੀ। ਇਸ ਵਾਰ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਲੁਈਸ ਸਾਂਤੋਸ ਦਾ ਕੋਸਟਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਰਨਲ ਫਰੈਡਰਿਕ ਸਾਈਮਨ ਸਪ੍ਰੂਇਟ ਦੀ ਅਗਵਾਈ ਵਿੱਚ ਨਿਕਲੇ ਇਸ ਦਸਤੇ ਨੇ ਜਿੱਥੇ 27 ਮੈਂਬਰ ਦੇਸ਼ਾਂ ਦੀ ਏਕਤਾ ਦਾ ਪ੍ਰਦਰਸ਼ਨ ਕੀਤਾ, ਉੱਥੇ ਹੀ ਅਟਲਾਂਟਾ (ATALANTA) ਅਤੇ ਐਸਪਾਈਡਸ (ASPIDES) ਵਰਗੇ ਜਲ ਸੈਨਾ ਅਭਿਆਸਾਂ ਦੇ ਝੰਡਿਆਂ ਰਾਹੀਂ ਹਿੰਦ ਮਹਾਸਾਗਰ ਅਤੇ ਲਾਲ ਸਾਗਰ ਵਿੱਚ ਕੌਮਾਂਤਰੀ ਸਮੁੰਦਰੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ। - ਏਐੱਨਆਈ
ਕਰਤੱਵਯਾ ਪੱਥ ’ਤੇ ਕੌਮੀ ਪਰੇਡ ਸ਼ੁਰੂ January 26, 2026 10:51 am
ਰਾਸ਼ਟਰਪਤੀ ਮੁਰਮੂ ਵੱਲੌ ਸ਼ੁਭਾਂਸ਼ੂ ਸ਼ੁਕਲਾ ਦਾ ਅਸ਼ੋਕ ਚੱਕਰ ਨਾਲ ਸਨਮਾਨ January 26, 2026 10:49 am
ਰਾਸ਼ਟਰਪਤੀ ਦਰੋਪਦੀ ਮੁਰਮੂ ਕਰਤੱਵਯਾ ਪਥ ਪਹੁੰਚੇ January 26, 2026 10:47 am
ਸਾਡਾ ਸੰਵਿਧਾਨ ਹਰ ਭਾਰਤੀ ਲਈ ਸਭ ਤੋਂ ਵੱਡਾ ਹਥਿਆਰ: ਰਾਹੁਲ ਗਾਂਧੀ January 26, 2026 10:44 am
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ 77ਵੇਂ ਗਣਤੰਤਰ ਦਿਵਸ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਸੰਵਿਧਾਨ ਨੂੰ "ਹਰੇਕ ਭਾਰਤੀ ਲਈ ਸਭ ਤੋਂ ਵੱਡਾ ਹਥਿਆਰ" ਕਿਹਾ। ਗਾਂਧੀ ਨੇ X 'ਤੇ ਇਕ ਪੋਸਟ ਵਿਚ ਕਿਹਾ, ‘‘ਮੇਰੇ ਸਾਰੇ ਸਾਥੀ ਨਾਗਰਿਕਾਂ ਨੂੰ ਗਣਤੰਤਰ ਦਿਵਸ ਦੀਆਂ ਦਿਲੋਂ ਸ਼ੁਭਕਾਮਨਾਵਾਂ। ਸਾਡਾ ਸੰਵਿਧਾਨ ਹਰ ਭਾਰਤੀ ਲਈ ਸਭ ਤੋਂ ਵੱਡਾ ਹਥਿਆਰ ਹੈ - ਇਹ ਸਾਡੀ ਆਵਾਜ਼ ਹੈ, ਸਾਡੇ ਅਧਿਕਾਰਾਂ ਲਈ ਸੁਰੱਖਿਆ ਢਾਲ ਹੈ।"
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਆਪਣੀ ਰਿਹਾਇਸ਼ ’ਤੇ ਲਹਿਰਾਇਆ ਤਿਰੰਗਾ January 26, 2026 10:43 am
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੋਮਵਾਰ ਨੂੰ 77ਵੇਂ ਗਣਤੰਤਰ ਦਿਵਸ ਮੌਕੇ ਆਪਣੀ ਸਰਕਾਰੀ ਰਿਹਾਇਸ਼ 'ਤੇ ਤਿਰੰਗਾ ਲਹਿਰਾਇਆ ਅਤੇ ਦੇਸ਼ ਭਰ ਦੇ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਰਲਾ ਨੇ ਕਿਹਾ ਕਿ ਗਣਤੰਤਰ ਦਿਵਸ ਸੰਕਲਪ, ਦ੍ਰਿੜਤਾ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਪਾਲਣਾ ਦਾ ਪ੍ਰਤੀਕ ਹੈ।
ਕਰਤੱਵਯਾ ਪੱਥ ’ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ January 26, 2026 10:37 am
ਕੌਮੀ ਜੰਗੀ ਯਾਦਗਾਰ ਤੋਂ ਸਿੱਧਾ ਕਰਤੱਵਯਾ ਪਥ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਦਾ ਸਵਾਗਤ ਕੀਤਾ। ਉਨ੍ਹਾਂ ਯੂਰਪੀ ਸੰਘ ਦੇ ਵਫ਼ਦ ਨੂੰ ਵੀ ਜੀ ਆਇਆਂ ਕਿਹਾ।
ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਵੱਲੋਂ ਦੇਸ਼ ਵਾਸੀਆਂ ਨੂੰ ਵਧਾਈ January 26, 2026 10:29 am
ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ ਨੇ ਸੋਮਵਾਰ ਨੂੰ ਦੇਸ਼ ਦੇ ਲੋਕਾਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਦੇਸ਼ ਨੂੰ ਇੱਕ ਜੀਵੰਤ ਗਣਤੰਤਰ ਵਜੋਂ ਮਨਾਉਣ ਦਾ ਮੌਕਾ ਹੈ, ਜੋ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੇ ਸਦੀਵੀ ਆਦਰਸ਼ਾਂ ’ਤੇ ਸਥਾਪਿਤ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨਾ ਸਿਰਫ਼ ਸੰਵਿਧਾਨ ਦੇ ਨਿਰਮਾਤਾਵਾਂ ਦੇ ਦ੍ਰਿਸ਼ਟੀਕੋਣ ਅਤੇ ਦੂਰਦਰਸ਼ਤਾ ਨੂੰ ਸ਼ਰਧਾਂਜਲੀ ਵਜੋਂ ਹੈ, ਸਗੋਂ ਇਹ ਸਥਾਪਿਤ ਜਮਹੂਰੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਵਿੱਚ ਨਾਗਰਿਕਾਂ ਦੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਦੀ ਇੱਕ ਗੰਭੀਰ ਸ਼ਾਹਦੀ ਵੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮੀ ਜੰਗੀ ਯਾਦਗਾਰ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ January 26, 2026 10:08 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਜੰਗੀ ਯਾਦਗਾਰ ਪਹੁੰਚ ਕੇ ਦੇਸ਼ ਲਈ ਜਾਨਾਂ ਵਾਰਨ ਵਾਲੇ ਸੁਰੱਖਿਆ ਬਲਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ਼ ਆਫ ਡਿਫੈਂਸ ਸਟਾਫ ਤੇ ਤਿੰਨਾਂ ਸੈਨਾਵਾਂ ਦੇ ਮੁਖੀ ਵੀ ਮੌਜੂਦ ਸਨ।
ਜੰਮੂ ਕਸ਼ਮੀਰ ਸਰਕਾਰ ਵੱਲੋੋਂ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤ ਸਣੇ 56 ਵਿਅਕਤੀਆਂ ਦਾ ਸਨਮਾਨ January 26, 2026 10:03 am
ਜੰਮੂ ਅਤੇ ਕਸ਼ਮੀਰ ਸਰਕਾਰ ਨੇ ਗਣਤੰਤਰ ਦਿਵਸ ਮੌਕੇ 56 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਹੈ, ਜਿਨ੍ਹਾਂ ਵਿੱਚ ਆਦਿਲ ਹੁਸੈਨ ਸ਼ਾਹ ਵੀ ਸ਼ਾਮਲ ਹੈ ਜਿਸ ਨੇ ਅਪਰੈਲ 2025 ਵਿੱਚ ਪਹਿਲਗਾਮ ਦਹਿਸ਼ਤੀ ਹਮਲੇ ਦੌਰਾਨ ਸੈਲਾਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਜਾਨ ਗੁਆ ਦਿੱਤੀ ਸੀ। ਪਹਿਲਗਾਮ ਦੇ ਹਾਪਟਨਾਰ ਪਿੰਡ ਦੇ ਵਸਨੀਕ ਸ਼ਾਹ ਨੇ 22 ਅਪਰੈਲ ਨੂੰ ਬੈਸਰਨ ਘਾਟੀ ਵਿੱਚ ਸੈਲਾਨੀਆਂ 'ਤੇ ਹੋਏ ਹਮਲੇ ਦੌਰਾਨ ਪਾਕਿਸਤਾਨੀ ਦਹਿਸ਼ਤਗਰਦਾਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਸੀ। ਹਾਲਾਂਕਿ ਹਮਲੇ ਦੌਰਾਨ 25 ਸੈਲਾਨੀਆਂ ਸਮੇਤ ਉਸ ਦੀ ਮੌਤ ਹੋ ਗਈ। ਸ਼ਾਹ ਨੂੰ ਉਸਦੀ ਬਹਾਦਰੀ ਲਈ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ, ਜਿਸ ਵਿੱਚ 1 ਲੱਖ ਰੁਪਏ ਦਾ ਨਕਦ ਇਨਾਮ ਅਤੇ ਇੱਕ ਪ੍ਰਸ਼ੰਸਾ ਪੱਤਰ ਸ਼ਾਮਲ ਹੈ। ਇਸ ਤੋਂ ਇਲਾਵਾ ਗੰਗਿਆਲ ਪੁਲੀਸ ਥਾਣੇ ਦੇ ਪੁਲੀਸ ਸਬ-ਇੰਸਪੈਕਟਰ ਨਿਖਿਲ ਕੁਮਾਰ ਨੂੰ ਇਸ ਸ਼੍ਰੇਣੀ ਵਿੱਚ ਮਾਨਤਾ ਦਿੱਤੀ ਗਈ ਹੈ ਅਤੇ ਉਸ ਨੂੰ ਇੱਕ ਪ੍ਰਸ਼ੰਸਾ ਪੱਤਰ ਦੇ ਨਾਲ 51,000 ਰੁਪਏ ਦਾ ਨਕਦ ਇਨਾਮ ਮਿਲੇਗਾ। ਸਨਮਾਨਿਤ ਕੀਤੇ ਗਏ 12 ਮੀਡੀਆ ਕਰਮਚਾਰੀਆਂ ਵਿੱਚ ਪੀਟੀਆਈ ਸ੍ਰੀਨਗਰ ਬਿਊਰੋ ਚੀਫ਼ ਇਨਾਇਤ ਜਹਾਂਗੀਰ ਅਤੇ ਪੀਟੀਆਈ ਵੀਡੀਓ ਪੱਤਰਕਾਰ ਜੰਮੂ ਸੋਮਿਲ ਅਬਰੋਲ ਸ਼ਾਮਲ ਹਨ। ਪੁਰਸਕਾਰ ਪ੍ਰਾਪਤ ਕਰਨ ਵਾਲੇ ਹੋਰਨਾਂ ਵਿੱਚ ਅਵਤਾਰ ਕ੍ਰਿਸ਼ਨ ਭੱਟ, ਵਿਵੇਕ ਸੂਰੀ, ਸੁਨੀਲ ਜੀ ਭੱਟ, ਦਿਨੇਸ਼ ਮਨਹੋਤਰਾ, ਬਿਲਾਲ ਅਹਿਮਦ ਭੱਟ, ਰਜ਼ੀਆ ਨੂਰ, ਇਸ਼ਫਾਕ ਗੌਹਰ ਜ਼ਰਗਰ, ਸਈਦ ਖਾਲਿਦ ਹੁਸੈਨ, ਸਰੋਸ਼ ਕਫੀਲ ਅਤੇ ਨੀਤਾ ਸ਼ਰਮਾ ਸ਼ਾਮਲ ਹਨ। ਸਾਬਕਾ ਆਈਏਐਸ ਅਧਿਕਾਰੀ ਮੁਹੰਮਦ ਸ਼ਫੀ ਪੰਡਿਤ ਨੂੰ ਮਰਨ ਉਪਰੰਤ ਤਾਉਮਰ ਪ੍ਰਾਪਤੀਆਂ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਕਾਂਸ਼ੀਰਾਮ ਨੂੰ ਭਾਰਤ ਰਤਨ ਦਿੱਤਾ ਜਾਵੇ: ਮਾਇਆਵਤੀ January 26, 2026 9:42 am
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਸੋਮਵਾਰ ਨੂੰ ਗਣਤੰਤਰ ਦਿਵਸ 'ਤੇ ਦੇਸ਼ ਨੂੰ ਵਧਾਈ ਦਿੱਤੀ ਅਤੇ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਕੀਤੀ। ਮਾਇਆਵਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, ‘‘ਅੱਜ 77ਵੇਂ ਗਣਤੰਤਰ ਦਿਵਸ ਮੌਕੇ ਸਾਰੇ ਦੇਸ਼ ਵਾਸੀਆਂ ਅਤੇ ਦੁਨੀਆ ਭਰ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ।’’
ਗਣਰਾਜ ਦੀ ਰੱਖਿਆ ਲਈ ‘ਸਮੂਹਕ ਚੌਕਸੀ’ ਦੀ ਲੋੜ: ਮਮਤਾ January 26, 2026 9:30 am
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੇ ਮੁੱਖ ਸੰਵਿਧਾਨਕ ਮੁੱਲਾਂ ਪ੍ਰਤੀ ਨਵੀਂ ਵਚਨਬੱਧਤਾ ਦਾ ਸੱਦਾ ਦਿੱਤਾ। ਉਨ੍ਹਾਂ ਗਣਰਾਜ ਦੀ ਰੱਖਿਆ ਲਈ "ਸਮੂਹਿਕ ਚੌਕਸੀ" ਦੀ ਲੋੜ ’ਤੇ ਵਧੇਰੇ ਜ਼ੋਰ ਦਿੱਤਾ।
ਖ਼ੁਸ਼ਹਾਲ ਤੇ ਸਵੈ-ਨਿਰਭਰ ਭਾਰਤ ਲਈ ਯਤਨਾਂ ਦੀ ਲੋੜ: ਯੋਗੀ January 26, 2026 8:47 am
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੋਮਵਾਰ ਨੂੰ ਲੋਕਾਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਇੱਕ ਮਜ਼ਬੂਤ, ਖੁਸ਼ਹਾਲ ਅਤੇ ਸਵੈ-ਨਿਰਭਰ ਭਾਰਤ ਲਈ ਯਤਨ ਕਰਨ ਦੀ ਅਪੀਲ ਕੀਤੀ। X 'ਤੇ ਇੱਕ ਪੋਸਟ ਵਿੱਚ ਮੁੱਖ ਮੰਤਰੀ ਨੇ ਕਿਹਾ, ‘‘77ਵੇਂ ਗਣਤੰਤਰ ਦਿਵਸ ਮੌਕੇ ਰਾਜ ਦੇ ਲੋਕਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ।’’ ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਦੇਸ਼ ਭਗਤੀ, ਫ਼ਰਜ਼ ਪ੍ਰਤੀ ਉਨ੍ਹਾਂ ਦਾ ਸਮਰਪਣ ਅਤੇ ਵਿਕਾਸ ਪ੍ਰਤੀ ਵਚਨਬੱਧਤਾ ‘ਸਾਡੇ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ’।
ਅਮਰੀਕਾ ਦੇ ਵਿਦੇਸ਼ ਮੰਤਰੀ ਰੂਬੀਓ ਵੱਲੋਂ ਭਾਰਤ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ January 26, 2026 8:35 am
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਰੱਖਿਆ ਤੇ ਹੋਰਨਾਂ ਖੇਤਰਾਂ ਵਿਚ ਦੋਵਾਂ ਮੁਲਕਾਂ ਦਰਮਿਆਨ ਚਹੁੰਪੱਖੀ ਸੁਰੱਖਿਆ ਸੰਵਾਦ (ਕੁਆਡ) ਤਹਿਤ ਕੀਤੇ ਜਾ ਰਹੇ ਸਹਿਯੋਗ ਦੀ ਤਾਰੀਫ਼ ਕੀਤੀ। ਰੂਬੀਓ ਨੇ ਕਿਹਾ ਕਿ ਅਮਰੀਕਾ-ਭਾਰਤ ਸਬੰਧ ਦੋਵਾਂ ਦੇਸ਼ਾਂ ਲਈ ਰੱਖਿਆ, ਊਰਜਾ ਅਤੇ ਮਹੱਤਵਪੂਰਨ ਖਣਿਜਾਂ ਬਾਰੇ ਨਜ਼ਦੀਕੀ ਸਹਿਯੋਗ ਰਾਹੀਂ ਅਤੇ ਹਿੰਦ-ਪ੍ਰਸ਼ਾਂਤ ਖੇਤਰ ਲਈ ਚਹੁੰਪੱਖੀ ਸੁਰੱਖਿਆ ਸੰਵਾਦ (ਕੁਆਡ) ਰਾਹੀਂ ‘ਠੋਸ ਨਤੀਜੇ’ ਪ੍ਰਦਾਨ ਕਰ ਰਹੇ ਹਨ। ਰੂਬੀਓ ਨੇ ਕਿਹਾ ਕਿ ਉਹ ਅਮਰੀਕਾ ਦੇ ਲੋਕਾਂ ਵੱਲੋਂ ਭਾਰਤ ਦੇ ਲੋਕਾਂ ਨੂੰ ਉਨ੍ਹਾਂ ਦੇ ਗਣਤੰਤਰ ਦਿਵਸ ’ਤੇ ਦਿਲੋਂ ਵਧਾਈਆਂ ਦਿੰਦੇ ਹਨ।
ਭਾਰਤੀ ਭਾਈਚਾਰੇ ਨੇ ਸਿੰਗਾਪੁਰ ’ਚ ਮਨਾਇਆ ਗਣਤੰਤਰ ਦਿਹਾੜਾ January 26, 2026 8:29 am
ਭਾਰਤੀ ਪਰਵਾਸੀ ਭਾਈਚਾਰੇ ਨੇ ਸਿੰਗਾਪੁਰ ਵਿਚ ਭਾਰਤ ਦਾ 77ਵਾਂ ਗਣਤੰਤਰ ਦਿਹਾੜਾ ਮਨਾਇਆ। ਸਿੰਗਾਪੁਰ ਵਿਚ ਭਾਰਤ ਦੇ ਹਾਈ ਕਮਿਸ਼ਨਰ ਡਾ. ਸ਼ਿਲਪਕ ਅੰਬੂਲੇ ਨੇ ਇੱਥੇ ਚਾਂਸਰੀ ਵਿਚ 77ਵੇਂ ਗਣਤੰਤਰ ਦਿਵਸ ਸਮਾਗਮ ਦਾ ਜਸ਼ਨ ਮਨਾਉਣ ਲਈ ਭਾਰਤੀ ਪ੍ਰਵਾਸੀ ਭਾਈਚਾਰੇ ਦੀ ਅਗਵਾਈ ਕੀਤੀ। ਡਾ. ਅੰਬੂਲੇ ਨੇ ਰਾਸ਼ਟਰਪਤੀ ਦਾ ਭਾਸ਼ਣ ਪੜ੍ਹਿਆ ਅਤੇ ਇਸ ਸਮਾਗਮ ਲਈ ਇਕੱਠੇ ਹੋਏ ਭਾਈਚਾਰੇ ਦੇ 1,200 ਤੋਂ ਵੱਧ ਮੈਂਬਰਾਂ ਨੂੰ ਵਧਾਈ ਦਿੱਤੀ। ਭਾਰਤੀ ਸਕੂਲਾਂ ਦੇ ਵਿਦਿਆਰਥੀਆਂ ਨੇ ਰਵਾਇਤੀ ਸੰਗੀਤ 'ਤੇ ਸੱਭਿਆਚਾਰਕ ਨਾਚ ਪੇਸ਼ ਕੀਤੇ ਜਦੋਂ ਕਿ ਮਹਿਮਾਨਾਂ ਨੇ ਦੇਸ਼ ਭਗਤੀ ਦੇ ਗੀਤਾਂ ਦਾ ਖੂਬ ਆਨੰਦ ਮਾਣਿਆ।
ਦਿੱਲੀ ਪੁਲੀਸ ਹਾਈ ਅਲਰਟ ’ਤੇ; 30 ਹਜ਼ਾਰ ਤੋਂ ਵੱਧ ਪੁਲੀਸ ਕਰਮਚਾਰੀ ਤਾਇਨਾਤ January 26, 2026 8:26 am
ਗਣਤੰਤਰ ਦਿਵਸ ਕਰਕੇ ਦਿੱਲੀ ਪੁਲੀਸ ਹਾਈ ਅਲਰਟ ’ਤੇ ਹੈ। ਗਣਤੰਤਰ ਦਿਵਸ ਦੇ ਜਸ਼ਨਾਂ ਲਈ ਸ਼ਹਿਰ ਭਰ ਵਿੱਚ 30,000 ਤੋਂ ਵੱਧ ਕਰਮਚਾਰੀਆਂ ਨੂੰ ਬਹੁ-ਪੱਧਰੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। ਕਰੀਬ 10,000 ਪੁਲੀਸ ਕਰਮਚਾਰੀ ਇਕੱਲੇ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਤਾਇਨਾਤ ਹਨ, ਜਿਸ ਵਿੱਚ ਰਸਮੀ ਪਰੇਡ ਰੂਟ ਅਤੇ ਉੱਚ-ਸੁਰੱਖਿਆ ਜ਼ੋਨ ਸ਼ਾਮਲ ਹਨ। ਐਡੀਸ਼ਨਲ ਪੁਲੀਸ ਕਮਿਸ਼ਨਰ (ਨਵੀਂ ਦਿੱਲੀ) ਦੇਵੇਸ਼ ਕੁਮਾਰ ਮਾਹਲਾ ਨੇ ਕਿਹਾ, ‘‘ਗਣਤੰਤਰ ਦਿਵਸ ਦੇ ਜਸ਼ਨਾਂ ਦੀ ਸੁਰੱਖਿਆ ਲਈ, ਨਵੀਂ ਦਿੱਲੀ ਖੇਤਰ ਵਿੱਚ ਲਗਪਗ 10,000 ਪੁਲੀਸ ਕਰਮਚਾਰੀ ਤਾਇਨਾਤ ਹਨ।’’ ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਖੇਤਰ ਵਿੱਚ ਪਰੇਡ ਰੂਟ ਅਤੇ ਨੇੜਲੇ ਸਥਾਨਾਂ ਸਮੇਤ, ਉੱਨਤ ਵੀਡੀਓ ਵਿਸ਼ਲੇਸ਼ਣ ਅਤੇ ਚਿਹਰੇ ਦੀ ਪਛਾਣ ਪ੍ਰਣਾਲੀ (FRS) ਨਾਲ ਲੈਸ 3,000 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਮਰਿਆਂ ਤੋਂ ਲਾਈਵ ਫੀਡ ਦੀ ਨਿਗਰਾਨੀ 30 ਤੋਂ ਵੱਧ ਕੰਟਰੋਲ ਰੂਮਾਂ ਰਾਹੀਂ 24 ਘੰਟੇ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਲਗਪਗ 150 ਕਰਮਚਾਰੀ ਹੁੰਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਣਤੰਤਰ ਦਿਵਸ ਦੀਆਂ ਵਧਾਈਆਂ January 26, 2026 7:42 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 77ਵੇਂ ਗਣਤੰਤਰ ਦਿਹਾੜੇ ਮੌਕੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਸਾਲ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦੇ ਸੰਕਲਪ ਨੂੰ ਦੁਹਰਾਇਅਾ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਇਕ ਪੋਸਟ ਵਿਚ ਲਿਖਿਆ, ‘‘ਸਾਰੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਭਾਰਤ ਦੀ ਆਨ ਬਾਨ ਤੇ ਸ਼ਾਨ ਦਾ ਪ੍ਰਤੀਕ ਇਹ ਰਾਸ਼ਟਰੀ ਤਿਓਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿਚ ਨਵੀਂ ੳੂਰਜਾ ਤੇ ਨਵੇਂ ਜੋਸ਼ ਦਾ ਸੰਚਾਰ ਕਰੇ। ਇਹੀ ਕਾਮਨਾ ਹੈ ਕਿ ਵਿਕਸਤ ਭਾਰਤ ਦਾ ਸੰਕਲਪ ਵਧੇਰੇ ਮਜ਼ਬੂਤ ਹੋਵੇ।’’ ਉਨ੍ਹਾਂ ਆਪਣੀ ਪੋਸਟ ਵਿਚ ਲਿਖਿਆ, ‘‘ਗਣਤੰਤਰ ਦਿਵਸ ਸਾਡੀ ਆਜ਼ਾਦੀ, ਸੰਵਿਧਾਨ ਤੇ ਜਮਹੂਰੀ ਕਦਰਾਂ ਕੀਮਤਾਂ ਦਾ ਸ਼ਕਤੀਸ਼ਾਲੀ ਪ੍ਰਤੀਕ ਹੈ। ਇਹ ਤਿਓਹਾਰ ਸਾਨੂੰ ਇਕਜੁਟ ਹੋ ਕੇ ਰਾਸ਼ਟਰ ਨਿਰਮਾਣ ਦੇ ਸੰਕਲਪ ਨਾਲ ਅੱਗੇ ਵਧਣ ਦੀ ਨਵੀਂ ੳੂਰਜਾ ਤੇ ਪ੍ਰੇਰਨਾ ਦਿੰਦਾ ਹੈ।’’