ਦੇਸ਼ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਵੱਖ-ਵੱਖ ਏਜੰਸੀਆਂ ਦੇ ਐਗਜ਼ਿਟ ਪੋਲ (Exit Polls) ਦੇ ਅੰਕੜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਅਸਾਮ ਵਿੱਚ 'ਐਕਸਿਸ ਮਾਈ ਇੰਡੀਆ' (Axis My India) ਨੇ ਭਾਜਪਾ ਦੀ ਵੱਡੀ ਜਿੱਤ ਦੀ ਭਵਿੱਖਬਾਣੀ ਕਰਦਿਆਂ ਉਸ ਨੂੰ 88 ਤੋਂ 100 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ, ਜਦਕਿ ਕਾਂਗਰਸ ਨੂੰ ਮਹਿਜ਼ 24 ਤੋਂ 36 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ।
ਕੇਰਲ ਵਿੱਚ 'ਐਕਸਿਸ ਮਾਈ ਇੰਡੀਆ' ਅਤੇ 'ਪੀਪਲਜ਼ ਪਲਸ' (Peoples Pulse) ਦੋਵਾਂ ਨੇ ਹੀ ਯੂ.ਡੀ.ਐੱਫ. (UDF) ਦੀ ਜਿੱਤ ਦਾ ਸੰਕੇਤ ਦਿੱਤਾ ਹੈ, ਜਿਸ ਵਿੱਚ ਯੂ.ਡੀ.ਐਫ. ਨੂੰ 75-85 ਅਤੇ ਸੱਤਾਧਾਰੀ ਐਲ.ਡੀ.ਐੱਫ. (LDF) ਨੂੰ 55-65 ਸੀਟਾਂ ਮਿਲਣ ਦੀ ਉਮੀਦ ਜਤਾਈ ਗਈ ਹੈ। ਪੱਛਮੀ ਬੰਗਾਲ ਦੀ ਗੱਲ ਕਰੀਏ ਤਾਂ 'ਮੈਟ੍ਰਿਜ਼' (Matrize) ਨੇ ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ, ਹਾਲਾਂਕਿ 'ਪੀਪਲਜ਼ ਪਲਸ' ਅਨੁਸਾਰ ਤ੍ਰਿਣਮੂਲ ਕਾਂਗਰਸ (TMC) 177-187 ਸੀਟਾਂ ਨਾਲ ਬਹੁਮਤ ਵੱਲ ਵਧ ਰਹੀ ਹੈ ਅਤੇ ਭਾਜਪਾ ਨੂੰ 95-110 ਸੀਟਾਂ ਮਿਲ ਸਕਦੀਆਂ ਹਨ। ਤਾਮਿਲਨਾਡੂ ਵਿੱਚ 'ਪੀਪਲਜ਼ ਪਲਸ' ਦੇ ਅੰਕੜਿਆਂ ਮੁਤਾਬਕ ਡੀ.ਐੱਮ.ਕੇ. (DMK) 125-145 ਸੀਟਾਂ ਲੈ ਕੇ ਸਭ ਤੋਂ ਅੱਗੇ ਰਹਿ ਸਕਦੀ ਹੈ, ਜਦਕਿ ਏ.ਆਈ.ਏ.ਡੀ.ਐੱਮ.ਕੇ. (ADMK) ਨੂੰ 65-80 ਅਤੇ ਟੀ ਵੀ ਕੇ (TVK) ਨੂੰ 18-24 ਸੀਟਾਂ ਮਿਲਣ ਦਾ ਅਨੁਮਾਨ ਹੈ।
ਇਸ ਤੋਂ ਪਹਿਲਾਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਵੋਟਰਾਂ ਦੀ ਭਾਰੀ ਸ਼ਮੂਲੀਅਤ ਦਰਜ ਕੀਤੀ ਗਈ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸ਼ਾਮ 5 ਵਜੇ ਤੱਕ 89.99 ਫੀਸਦੀ ਵੋਟਾਂ ਦਾ ਭੁਗਤਾਨ ਹੋ ਚੁੱਕਿਆ।
ਜ਼ਿਲ੍ਹੇਵਾਰ ਅੰਕੜਿਆਂ ਅਨੁਸਾਰ ਪੂਰਬਾ ਬਰਧਮਾਨ 92.46 ਫੀਸਦੀ ਵੋਟਿੰਗ ਨਾਲ ਸਭ ਤੋਂ ਅੱਗੇ ਰਿਹਾ, ਜਿਸ ਤੋਂ ਬਾਅਦ ਹੁਗਲੀ 90.34 ਫੀਸਦੀ, ਨਾਦੀਆ 90.28 ਫੀਸਦੀ, ਹਾਵੜਾ 89.44 ਫੀਸਦੀ ਅਤੇ ਉੱਤਰੀ 24 ਪਰਗਨਾ ਦਾ ਨੰਬਰ ਆਉਂਦਾ ਹੈ। ਦੱਖਣੀ 24 ਪਰਗਨਾ ਵਿੱਚ ਵੀ ਜ਼ੋਰਦਾਰ ਸ਼ਮੂਲੀਅਤ ਦੇਖਣ ਨੂੰ ਮਿਲੀ, ਜਿੱਥੇ ਇਸਦੇ ਹਿੱਸਿਆਂ ਵਿੱਚ 89.74 ਫੀਸਦੀ ਅਤੇ 89.57 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਵੋਟਾਂ ਦੀ ਅਸਧਾਰਨ ਤੌਰ 'ਤੇ ਉੱਚੀ ਪ੍ਰਤੀਸ਼ਤਤਾ ਨੇ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਕਿਆਸਰਾਈਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਵਿੱਚੋਂ ਹਰ ਕੋਈ ਇਸ ਨੂੰ ਆਪਣੇ ਪੱਖ ਵਿੱਚ ਇੱਕ ਅਨੁਕੂਲ ਸੰਕੇਤ ਵਜੋਂ ਦੇਖ ਰਿਹਾ ਹੈ। ਪਹਿਲੇ ਪੜਾਅ ਵਿੱਚ ਪਹਿਲਾਂ ਹੀ 91.78 ਫੀਸਦੀ ਵੋਟਿੰਗ ਦੇ ਨਾਲ ਇੱਕ ਰਿਕਾਰਡ ਕਾਇਮ ਹੋ ਚੁੱਕਾ ਸੀ। ਉਸ ਦੌਰ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਉਹ ਚੋਣ ਲੜੀਆਂ ਗਈਆਂ 152 ਸੀਟਾਂ ਵਿੱਚੋਂ ਘੱਟੋ-ਘੱਟ 100 ਸੀਟਾਂ ਜਿੱਤਣ ਦੇ ਰਾਹ 'ਤੇ ਹੈ, ਜਦੋਂ ਕਿ ਭਾਜਪਾ ਨੇ ਭਰੋਸਾ ਜਤਾਇਆ ਸੀ ਕਿ ਉਹ ਲਗਪਗ 110 ਸੀਟਾਂ ਹਾਸਲ ਕਰੇਗੀ।
ਐਗਜ਼ਿਟ ਪੋਲ: ਤਾਮਿਲਨਾਡੂ ਵਿੱਚ ਐੱਮ ਕੇ ਸਟਾਲਿਨ ਦੀ ਅਗਵਾਈ ਵਾਲੇ ਗਠਜੋੜ ਦੀ ਵਾਪਸੀ ਦੀ ਉਮੀਦ
April 29, 2026 8:10 pm
ਨਵੀਂ ਦਿੱਲੀ: ਬੁੱਧਵਾਰ ਨੂੰ ਜਾਰੀ ਕੀਤੇ ਗਏ ਐਗਜ਼ਿਟ ਪੋਲਾਂ ਦੇ ਅਨੁਮਾਨਾਂ ਅਨੁਸਾਰ, ਸਰਵੇਖਣ ਕਰਨ ਵਾਲਿਆਂ ਨੇ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਦੀ ਅਗਵਾਈ ਵਾਲੇ ਦ੍ਰਵਿੜ ਮੁਨੇਤਰ ਕੜਗਮ (DMK) ਗਠਜੋੜ ਦੇ ਜਿੱਤਣ ਦੀ ਪੇਸ਼ੀਨਗੋਈ ਕੀਤੀ ਹੈ। 'ਪੀਪਲਜ਼ ਪਲਸ' (Peoples Pulse) ਦੇ ਐਗਜ਼ਿਟ ਪੋਲ ਨੇ ਡੀ ਐੱਮ ਕੇ ਦੇ ਖਾਤੇ ਵਿੱਚ 125-145 ਵਿਧਾਨ ਸਭਾ ਸੀਟਾਂ ਆਉਣ ਦੀ ਭਵਿੱਖਬਾਣੀ ਕੀਤੀ ਹੈ, ਜਦੋਂ ਕਿ ਰਾਸ਼ਟਰੀ ਜਮਹੂਰੀ ਗਠਜੋੜ (NDA) ਦੀ ਹਮਾਇਤ ਵਾਲੀ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (AIADMK) ਨੂੰ ਸੂਬੇ ਦੀਆਂ ਕੁੱਲ 234 ਵਿਧਾਨ ਸਭਾ ਸੀਟਾਂ ਵਿੱਚੋਂ 65 ਤੋਂ 80 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ। ਦੂਜੇ ਪਾਸੇ, ਪੀਪਲਜ਼ ਪਲਸ ਮੁਤਾਬਕ ਵਿਜੇ ਦੀ ਪਾਰਟੀ 'ਤਮਿਲਗਾ ਵੈਟਰੀ ਕੜਗਮ' (TVK) ਨੂੰ ਤਾਮਿਲਨਾਡੂ ਵਿੱਚ ਸਿਰਫ਼ ਦੋ ਤੋਂ ਛੇ ਵਿਧਾਨ ਸਭਾ ਸੀਟਾਂ ਮਿਲਣ ਦੀ ਉਮੀਦ ਹੈ। 'ਮੈਟਰਾਈਜ਼' (Matrize) ਦੇ ਐਗਜ਼ਿਟ ਪੋਲ ਅਨੁਮਾਨਾਂ ਅਨੁਸਾਰ, ਡੀ ਐੱਮ ਕੇ ਅਤੇ ਉਸ ਦੇ ਸਹਿਯੋਗੀ 122-132 ਸੀਟਾਂ ਨਾਲ ਚੋਣਾਂ ਜਿੱਤ ਰਹੇ ਹਨ, ਜਦਕਿ ਏ ਆਈ ਏ ਡੀ ਐੱਮ ਕੇ ਅਤੇ ਸਹਿਯੋਗੀਆਂ ਨੂੰ 80 ਤੋਂ 100 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸ ਦੌਰਾਨ, ਮੈਟਰਾਈਜ਼ ਅਨੁਸਾਰ ਟੀ ਵੀ ਕੇ (TVK) ਨੂੰ ਜ਼ੀਰੋ ਤੋਂ ਛੇ ਵਿਧਾਨ ਸਭਾ ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਪੱਛਮੀ ਬੰਗਾਲ ਐਗਜ਼ਿਟ ਪੋਲ ਦੇ ਅੰਕੜੇ
April 29, 2026 7:05 pm
ਵੱਖ-ਵੱਖ ਏਜੰਸੀਆਂ ਦੇ ਅਨੁਮਾਨਾਂ ਤਹਿਤ ਪੱਛਮੀ ਬੰਗਾਲ ਵਿੱਚ ਪੀਪਲਜ਼ ਪਲਸ (Peoples Pulse) ਨੇ ਤ੍ਰਿਣਮੂਲ ਕਾਂਗਰਸ (TMC) ਨੂੰ 177 ਤੋਂ 187 ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਹੈ। ਉੱਥੇ ਹੀ ਭਾਰਤੀ ਜਨਤਾ ਪਾਰਟੀ (BJP) ਨੂੰ 95 ਤੋਂ 110 ਸੀਟਾਂ ਮਿਲਣ ਦੀ ਗੱਲ ਕਹੀ ਗੲੀ ਹੈ। ਦੂਜੇ ਪਾਸੇ ਮੈਟ੍ਰਿਜ਼ (Matrize) ਦੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 146 ਤੋਂ 161 ਸੀਟਾਂ ਮਿਲਣ ਦੀ ਗੱਲ ਕਹੀ ਗਈ ਹੈ, ਜਦੋਂ ਕਿ TMC ਨੂੰ 125 ਤੋਂ 140 ਸੀਟਾਂ ਮਿਲਣ ਦਾ ਅਨੁਮਾਨ ਹੈ। ਬੰਗਾਲ ਵਿੱਚ ਪਰਜਾ ਪੋਲ (Praja Poll) ਅਨੁਸਾਰ ਭਾਜਪਾ ਨੂੰ 177 ਸੀਟਾਂ ਮਿਲਣ ਦਾ ਅਨੁਮਾਨ ਹੈ ਅਤੇ TMC ਨੂੰ 100 ਸੀਟਾਂ ਮਿਲ ਸਕਦੀਆਂ ਹਨ। ਪੀ-ਮਾਰਕ (P-MARQ) ਦੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 150 ਤੋਂ 175 ਅਤੇ TMC ਨੂੰ 118 ਤੋਂ 138 ਸੀਟਾਂ ਦਿੱਤੀਆਂ ਗਈਆਂ ਹਨ।