Haryana Municipal Election Results: ਹਰਿਆਣਾ ਦੇ ਵੱਖ-ਵੱਖ ਨਗਰ ਨਿਗਮਾਂ ਅਤੇ ਸਥਾਨਕ ਇਕਾਈਆਂ ਦੀਆਂ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਅੱਜ ਬੁੱਧਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਸੂਬੇ ਦੇ ਅਹਿਮ ਸ਼ਹਿਰਾਂ ਅੰਬਾਲਾ, ਪੰਚਕੂਲਾ ਅਤੇ ਸੋਨੀਪਤ ਨਗਰ ਨਿਗਮਾਂ ਤੋਂ ਇਲਾਵਾ ਰਿਵਾੜੀ ਨਗਰ ਪਰਿਸ਼ਦ ਅਤੇ ਧਾਰੂਹੇੜਾ, ਸਾਂਪਲਾ ਤੇ ਉਕਲਾਨਾ ਨਗਰ ਪਾਲਿਕਾਵਾਂ ਵਿੱਚ ਪਈਆਂ ਵੋਟਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਇਨ੍ਹਾਂ ਚੋਣਾਂ ਵਿੱਚ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ ਹੈ। ਅੰਕੜਿਆਂ ਅਨੁਸਾਰ, ਕੁੱਲ 8,73,177 ਯੋਗ ਵੋਟਰਾਂ ਵਿੱਚੋਂ 4,75,948 ਵੋਟਰਾਂ ਨੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕੀਤੀ। ਸ਼ਹਿਰੀ ਸਰਕਾਰਾਂ ਦੇ ਇਸ ਦੰਗਲ ਵਿੱਚ ਕਿਸ ਪਾਰਟੀ ਦਾ ਪਲੜਾ ਭਾਰੀ ਰਹਿੰਦਾ ਹੈ, ਇਸ 'ਤੇ ਪੂਰੇ ਸੂਬੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਗਿਣਤੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਚਕੂਲਾ ਟ੍ਰੈਫਿਕ ਪੁਲੀਸ ਨੇ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਵਾਲਮੀਕਿ ਚੌਕ ਤੋਂ ਸੈਕਟਰ 14 ਇੰਡਸਟਰੀਅਲ ਏਰੀਆ ਕੱਟ ਤੱਕ ਦੀ ਸੜਕ ਆਮ ਆਵਾਜਾਈ ਲਈ ਬੰਦ ਰੱਖੀ ਗਈ ਹੈ। ਸਥਾਨਕ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਹੈ। ਨਤੀਜਿਆਂ ਦੇ ਐਲਾਨ ਤੋਂ ਬਾਅਦ ਜੇਤੂ ਉਮੀਦਵਾਰਾਂ ਵੱਲੋਂ ਕੱਢੇ ਜਾਣ ਵਾਲੇ ਜਲੂਸਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਅੰਬਾਲਾ ਮੇਅਰ ਚੋਣ: ਭਾਜਪਾ ਦੀ ਅਕਸ਼ਿਤਾ ਸੈਣੀ ਦੀ ਇਤਿਹਾਸਕ ਜਿੱਤ ਲਗਭਗ ਤੈਅ
May 13, 2026 12:04 pm
ਅੰਬਾਲਾ ਨਗਰ ਨਿਗਮ ਦੇ ਮੇਅਰ ਦੀ ਚੋਣ ਦੇ ਨਤੀਜੇ ਹੁਣ ਬਿਲਕੁਲ ਸਪੱਸ਼ਟ ਹੋ ਗਏ ਹਨ। ਗਿਣਤੀ ਦੇ 14ਵੇਂ ਗੇੜ ਦੀ ਸਮਾਪਤੀ ਤੱਕ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਅਕਸ਼ਿਤਾ ਸੈਣੀ ਨੇ ਕਾਂਗਰਸੀ ਉਮੀਦਵਾਰ 'ਤੇ ਲਗਭਗ 20,000 ਵੋਟਾਂ ਦੀ ਅਜਿਹੀ ਵੱਡੀ ਬੜ੍ਹਤ ਬਣਾ ਲਈ ਹੈ, ਜਿਸ ਨੂੰ ਪਾਰ ਕਰਨਾ ਹੁਣ ਵਿਰੋਧੀਆਂ ਲਈ ਅਸੰਭਵ ਹੈ।ਰਾਜ ਚੋਣ ਕਮਿਸ਼ਨ ਵੱਲੋਂ ਸਵੇਰੇ 11:35 ਵਜੇ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ, ਅੰਬਾਲਾ ਵਿੱਚ ਮੇਅਰ ਦੀ ਸੀਟ ਲਈ ਨਿਰਧਾਰਿਤ ਕੁੱਲ 16 ਗੇੜਾਂ ਵਿੱਚੋਂ 14 ਗੇੜਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਹੁਣ ਮਹਿਜ਼ ਦੋ ਗੇੜਾਂ ਦੀ ਗਿਣਤੀ ਬਾਕੀ ਹੈ, ਜਿਸ ਨਾਲ ਅਕਸ਼ਿਤਾ ਸੈਣੀ ਦੀ ਇਤਿਹਾਸਕ ਜਿੱਤ ਲਗਭਗ ਯਕੀਨੀ ਹੋ ਗਈ ਹੈ।
ਅੰਬਾਲਾ ਵਾਰਡ ਨੰਬਰ 13: ਫਸਵੇਂ ਮੁਕਾਬਲੇ ਵਿੱਚ ਭਾਜਪਾ ਦੀ ਸ਼ੋਭਾ ਸਿੰਘ ਜੇਤੂ
May 13, 2026 11:14 am
ਅੰਬਾਲਾ ਨਗਰ ਨਿਗਮ ਦੇ ਵਾਰਡ ਨੰਬਰ 13 ਵਿੱਚ ਅੱਜ ਵੋਟਾਂ ਦੀ ਗਿਣਤੀ ਦੌਰਾਨ ਬੇਹੱਦ ਰੋਮਾਂਚਕ ਅਤੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਹਾਰ-ਜਿੱਤ ਦੀ ਜੰਗ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਸ਼ੋਭਾ ਸਿੰਘ ਨੇ ਮਹਿਜ਼ 23 ਵੋਟਾਂ ਦੇ ਮਾਮੂਲੀ ਫਰਕ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਅੰਤਿਮ ਨਤੀਜਿਆਂ ਅਨੁਸਾਰ, ਭਾਜਪਾ ਦੀ ਸ਼ੋਭਾ ਸਿੰਘ ਨੂੰ ਕੁੱਲ 1,852 ਵੋਟਾਂ ਹਾਸਲ ਹੋਈਆਂ। ਦੂਜੇ ਪਾਸੇ, ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਦੀਪ ਚਾਵਲਾ ਨੇ ਸਖ਼ਤ ਟੱਕਰ ਦਿੰਦਿਆਂ 1,829 ਵੋਟਾਂ ਪ੍ਰਾਪਤ ਕੀਤੀਆਂ। ਗਿਣਤੀ ਦੌਰਾਨ ਇੱਕ-ਇੱਕ ਵੋਟ ਲਈ ਦੋਵਾਂ ਧਿਰਾਂ ਵਿਚਾਲੇ ਖਿੱਚੋਤਾਣ ਚੱਲਦੀ ਰਹੀ, ਪਰ ਅਖੀਰ ਕਿਸਮਤ ਨੇ ਸ਼ੋਭਾ ਸਿੰਘ ਦਾ ਸਾਥ ਦਿੱਤਾ।
ਸੋਨੀਪਤ ਨਗਰ ਨਿਗਮ: ਭਾਜਪਾ ਇਤਿਹਾਸਕ ਜਿੱਤ ਵੱਲ; 11 ਵਿੱਚੋਂ 10 ਵਾਰਡਾਂ ’ਤੇ ਕਬਜ਼ਾ
May 13, 2026 11:11 am
ਹਰਿਆਣਾ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਸੋਨੀਪਤ ਨਗਰ ਨਿਗਮ ਅੰਦਰ ਭਾਰਤੀ ਜਨਤਾ ਪਾਰਟੀ (ਭਾਜਪਾ) ਇੱਕਪਾਸੜ ਅਤੇ ਇਤਿਹਾਸਕ ਜਿੱਤ ਵੱਲ ਵਧ ਰਹੀ ਹੈ। ਮੇਅਰ ਦੀ ਵੱਕਾਰੀ ਸੀਟ ਤੋਂ ਇਲਾਵਾ ਵਾਰਡ ਕੌਂਸਲਰਾਂ ਦੀਆਂ ਚੋਣਾਂ ਵਿੱਚ ਵੀ ਸੱਤਾਧਾਰੀ ਧਿਰ ਨੇ ਵਿਰੋਧੀਆਂ ਨੂੰ ਚਾਰੋਂ ਖ਼ਾਨੇ ਚਿੱਤ ਕਰ ਦਿੱਤਾ ਹੈ। ਹੁਣ ਤੱਕ ਐਲਾਨੇ ਗਏ 11 ਵਾਰਡਾਂ ਦੇ ਨਤੀਜਿਆਂ ਵਿੱਚੋਂ ਭਾਜਪਾ ਨੇ 10 ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਜਦੋਂਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਮਹਿਜ਼ ਇੱਕ ਸੀਟ ’ਤੇ ਸਿਮਟ ਕੇ ਰਹਿ ਗਈ ਹੈ।
ਅੰਬਾਲਾ ਮੇਅਰ ਚੋਣ: ਪੰਜਵੇਂ ਗੇੜ ਦੀ ਗਿਣਤੀ ਮਗਰੋਂ ਭਾਜਪਾ ਦੀ ਅਕਸ਼ਿਤਾ ਸੈਣੀ ਮੋਹਰੀ
May 13, 2026 10:15 am
ਅੰਬਾਲਾ ਨਗਰ ਨਿਗਮ ਦੇ ਮੇਅਰ ਦੀ ਚੋਣ ਲਈ ਵੋਟਾਂ ਦੀ ਗਿਣਤੀ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਅਕਸ਼ਿਤਾ ਸੈਣੀ ਨੇ ਮਜ਼ਬੂਤ ਪਕੜ ਬਣਾ ਲਈ ਹੈ। ਪੰਜਵੇਂ ਗੇੜ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਅਕਸ਼ਿਤਾ ਸੈਣੀ ਆਪਣੇ ਨੇੜਲੇ ਵਿਰੋਧੀ ਤੋਂ 4,476 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੀ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਅਕਸ਼ਿਤਾ ਸੈਣੀ ਨੂੰ ਹੁਣ ਤੱਕ ਕੁੱਲ 15,022 ਵੋਟਾਂ ਹਾਸਲ ਹੋਈਆਂ ਹਨ। ਦੂਜੇ ਪਾਸੇ, ਆਜ਼ਾਦ ਉਮੀਦਵਾਰ ਸੋਨੀਆ ਰਾਣੀ 10,546 ਵੋਟਾਂ ਲੈ ਕੇ ਦੂਜੇ ਸਥਾਨ ’ਤੇ ਬਣੀ ਹੋਈ ਹੈ। ਕਾਂਗਰਸ ਦੀ ਉਮੀਦਵਾਰ ਕੁਲਵਿੰਦਰ ਕੌਰ ਲਈ ਹਾਲੇ ਤੱਕ ਦੀ ਗਿਣਤੀ ਨਿਰਾਸ਼ਾਜਨਕ ਰਹੀ ਹੈ, ਜਿਨ੍ਹਾਂ ਦੇ ਖਾਤੇ ਵਿੱਚ ਸਿਰਫ਼ 8,666 ਵੋਟਾਂ ਹੀ ਪਈਆਂ ਹਨ ਅਤੇ ਉਹ ਤੀਜੇ ਸਥਾਨ ’ਤੇ ਪਛੜ ਗਈ ਹੈ।
ਉਕਲਾਨਾ ਨਗਰ ਪਾਲਿਕਾ ਚੋਣਾਂ: ਆਜ਼ਾਦ ਉਮੀਦਵਾਰ ਰੀਮਾ ਸੋਨੀ ਦੀ ਵੱਡੀ ਜਿੱਤ; ਭਾਜਪਾ ਦੀ ਨਿਕਿਤਾ ਗੋਇਲ ਨੂੰ ਦਿੱਤੀ ਕਰਾਰੀ ਮਾਤ
May 13, 2026 9:35 am
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਅਧੀਨ ਪੈਂਦੀ ਉਕਲਾਨਾ ਨਗਰ ਪਾਲਿਕਾ ਦੇ ਪ੍ਰਧਾਨ ਦੀ ਚੋਣ ਵਿੱਚ ਅੱਜ ਵੱਡਾ ਸਿਆਸੀ ਉਲਟਫੇਰ ਦੇਖਣ ਨੂੰ ਮਿਲਿਆ ਹੈ। ਇੱਥੇ ਹੋਏ ਸਖ਼ਤ ਮੁਕਾਬਲੇ ਵਿੱਚ ਆਜ਼ਾਦ ਉਮੀਦਵਾਰ ਰੀਮਾ ਸੋਨੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਨਿਕਿਤਾ ਗੋਇਲ ਨੂੰ ਭਾਰੀ ਬਹੁਮਤ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਅੰਤਿਮ ਨਤੀਜਿਆਂ ਅਨੁਸਾਰ, ਰੀਮਾ ਸੋਨੀ ਨੇ ਸ਼ੁਰੂਆਤ ਤੋਂ ਹੀ ਬੜ੍ਹਤ ਬਣਾਈ ਰੱਖੀ ਜੋ ਆਖ਼ਰੀ ਦੌਰ ਤੱਕ ਜਾਰੀ ਰਹੀ। ਉਕਲਾਨਾ ਵਿੱਚ ਪ੍ਰਧਾਨਗੀ ਦੀ ਸੀਟ ਲਈ ਕੁੱਲ ਚਾਰ ਰਾਊਂਡਾਂ ਦੀ ਵੋਟਾਂ ਦੀ ਗਿਣਤੀ ਹੋਈ। ਚੌਥੇ ਅਤੇ ਅੰਤਿਮ ਰਾਊਂਡ ਦੀ ਸਮਾਪਤੀ ਤੋਂ ਬਾਅਦ ਆਜ਼ਾਦ ਉਮੀਦਵਾਰ ਰੀਮਾ ਸੋਨੀ ਦੇ ਹਿੱਸੇ ਕੁੱਲ 7078 ਵੋਟਾਂ ਆਈਆਂ। ਦੂਜੇ ਪਾਸੇ, ਸੱਤਾਧਾਰੀ ਭਾਜਪਾ ਦੀ ਉਮੀਦਵਾਰ ਨਿਕਿਤਾ ਗੋਇਲ ਨੂੰ ਮਹਿਜ਼ 4272 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਇਸ ਤਰ੍ਹਾਂ ਰੀਮਾ ਸੋਨੀ ਨੇ ਭਾਜਪਾ ਉਮੀਦਵਾਰ ਨੂੰ 2806 ਵੋਟਾਂ ਦੇ ਵੱਡੇ ਫਰਕ ਨਾਲ ਸ਼ਿਕਸਤ ਦੇ ਕੇ ਪ੍ਰਧਾਨਗੀ ਦੀ ਕੁਰਸੀ ’ਤੇ ਕਬਜ਼ਾ ਕਰ ਲਿਆ ਹੈ।
ਸੋਨੀਪਤ ਨਗਰ ਨਿਗਮ: ਮੇਅਰ ਅਤੇ 22 ਕੌਂਸਲਰ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ
May 13, 2026 8:56 am
ਸੋਨੀਪਤ ਨਗਰ ਨਿਗਮ ਦੇ ਮੇਅਰ ਦੀ ਵੱਕਾਰੀ ਸੀਟ ਅਤੇ 22 ਵਾਰਡਾਂ ਦੇ ਕੌਂਸਲਰਾਂ ਦੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ ਬਿਟਸ (BITS) ਮੋਹਾਨਾ ਵਿਖੇ ਸਥਾਪਿਤ ਕੀਤੇ ਗਏ ਗਿਣਤੀ ਕੇਂਦਰ ਵਿੱਚ ਸ਼ੁਰੂ ਹੋ ਗਈ ਹੈ। ਸੋਨੀਪਤ ਵਿੱਚ ਐਤਵਾਰ ਨੂੰ ਹੋਈਆਂ ਚੋਣਾਂ ਦੌਰਾਨ ਲਗਭਗ 48 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਅੱਜ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਣ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਮੇਅਰ ਦੀ ਚੋਣ ਲਈ 20 ਅਤੇ ਕੌਂਸਲਰਾਂ ਦੀ ਗਿਣਤੀ ਲਈ 15 ਵਿਸ਼ੇਸ਼ ਟੇਬਲ ਲਗਾਏ ਗਏ ਹਨ। ਗਿਣਤੀ ਕੇਂਦਰ ਦੇ ਅੰਦਰ ਅਤੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਅਣਅਧਿਕਾਰਤ ਵਿਅਕਤੀ ਦੇ ਦਾਖਲੇ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ।