US-Israel Attack on Iran: ਇਜ਼ਰਾਈਲ-ਅਮਰੀਕਾ ਵਲੋਂ ਇਰਾਨ ’ਤੇ ਕੀਤੇ ਗਏ ਹਮਲਿਆਂ ਵਿਚ ਸੁਪਰੀਮ ਆਗੂ ਆਇਤੁੱਲਾ ਅਲੀ ਖਮੇਨੀ ਦੀ ਪਤਨੀ ਦੀ ਵੀ ਮੌਤ ਹੋ ਗਈ ਹੈ। ਇਸ ਹਮਲੇ ਵਿਚ ਖਮੇਨੀ ਦੀ ਪਤਨੀ ਮੰਸੁਰੇਹ ਦੋ ਦਿਨ ਪਹਿਲਾਂ ਜ਼ਖ਼ਮੀ ਹੋ ਗਈ ਸੀ। ਇਰਾਨੀ ਮੀਡੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਆਇਤੁੱਲਾ ਅਲੀ ਦੀ ਪਤਨੀ ਦੀ ਮੌਤ ਹੋ ਗਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਕਿ ਇਰਾਨ ਵਿਰੁੱਧ ਚੱਲ ਰਹੀਆਂ ਫੌਜੀ ਕਾਰਵਾਈਆਂ ਅਗਲੇ 4 ਤੋਂ 5 ਹਫਤਿਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਲੋੜ ਪਈ ਤਾਂ ਅਮਰੀਕਾ ਇਸ ਜੰਗ ਨੂੰ ਇਸ ਤੋਂ ਵੀ ਲੰਬੇ ਸਮੇਂ ਤੱਕ ਜਾਰੀ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਮੱਧ-ਪੂਰਬ ਵਿੱਚ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ।
ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੇਨੀ ਦੇ ਮਾਰੇ ਜਾਣ ਤੋਂ ਬਾਅਦ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ। ਇਰਾਨ ਅਤੇ ਉਸ ਦੇ ਸਹਿਯੋਗੀਆਂ ਨੇ ਬਦਲੇ ਵਿੱਚ ਇਜ਼ਰਾਈਲ, ਗੁਆਂਢੀ ਖਾੜੀ ਦੇਸ਼ਾਂ ਅਤੇ ਦੁਨੀਆ ਦੇ ਤੇਲ ਤੇ ਗੈਸ ਦੇ ਮੁੱਖ ਕੇਂਦਰਾਂ ’ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਹਮਲਿਆਂ ਕਾਰਨ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ ਅਤੇ ਦੁਬਈ ਵਰਗੇ ਸੁਰੱਖਿਅਤ ਮੰਨੇ ਜਾਣ ਵਾਲੇ ਇਲਾਕਿਆਂ ਵਿੱਚ ਵੀ ਹਵਾਈ ਹਮਲੇ ਹੋ ਰਹੇ ਹਨ। ਇਸ ਕਾਰਨ ਲੱਖਾਂ ਹਵਾਈ ਯਾਤਰੀ ਵੱਖ-ਵੱਖ ਦੇਸ਼ਾਂ ਵਿੱਚ ਫਸੇ ਹੋਏ ਹਨ ਅਤੇ ਜੰਗ ਦੇ ਜਲਦੀ ਖ਼ਤਮ ਹੋਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ।
ਕੁਵੈਤ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਕਈ ਅਮਰੀਕੀ ਜੰਗੀ ਜਹਾਜ਼ ਹਾਦਸਾਗ੍ਰਸਤ ਹੋ ਗਏ ਹਨ, ਜਿਨ੍ਹਾਂ ਵਿੱਚੋਂ ਸਾਰੇ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਮੰਤਰਾਲੇ ਨੇ ਹਾਦਸਿਆਂ ਦੇ ਕਾਰਨਾਂ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ, ਪਰ ਇਹ ਘਟਨਾ ਇਰਾਨ ਵੱਲੋਂ ਦੇਸ਼ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਭਾਰੀ ਗੋਲੀਬਾਰੀ ਦੌਰਾਨ ਵਾਪਰੀ ਹੈ। ਕੁਵੈਤ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਪਾਇਲਟਾਂ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਨੇ ਇਸ ਮਾਮਲੇ 'ਤੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਅਮਰੀਕਾ ਅਤੇ ਇਜ਼ਰਾਈਲ ਨੇ ਐਤਵਾਰ ਨੂੰ ਇਰਾਨ ਦੇ ਕਈ ਟਿਕਾਣਿਆਂ ’ਤੇ ਜ਼ਬਰਦਸਤ ਬੰਬਾਰੀ ਕੀਤੀ, ਜਿਸ ਵਿੱਚ ਇਰਾਨ ਦੇ ਬੈਲਿਸਟਿਕ ਮਿਜ਼ਾਈਲ ਕੇਂਦਰਾਂ ਅਤੇ ਜੰਗੀ ਬੇੜਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਰਾਨੀ ਆਗੂਆਂ ਅਨੁਸਾਰ, ਇਨ੍ਹਾਂ ਹਮਲਿਆਂ ਵਿੱਚ ਹੁਣ ਤੱਕ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਹ ਕਾਰਵਾਈ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਮੇਨੀ ਦੀ ਹੱਤਿਆ ਤੋਂ ਬਾਅਦ ਹੋਈ ਹੈ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ 9 ਜੰਗੀ ਬੇੜੇ ਡੁਬੋ ਦਿੱਤੇ ਗਏ ਹਨ। ਇਸ ਦੇ ਨਾਲ ਹੀ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਇਰਾਨ ਦੀ ਨਵੀਂ ਲੀਡਰਸ਼ਿਪ ਨਾਲ ਗੱਲਬਾਤ ਕਰਨ ਲਈ ਤਿਆਰ ਹਨ।
ਇਹ ਸੰਘਰਸ਼ ਹੁਣ ਸਿਰਫ਼ ਅਮਰੀਕਾ, ਇਜ਼ਰਾਈਲ ਅਤੇ ਇਰਾਨ ਤੱਕ ਸੀਮਤ ਨਹੀਂ ਰਿਹਾ। ਇਰਾਨੀ ਹਮਲਿਆਂ ਦੇ ਜਵਾਬ ਵਿੱਚ ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗੀਆਂ ਹਨ, ਜਿਸ ਦੇ ਜਵਾਬ ਵਿੱਚ ਇਜ਼ਰਾਈਲ ਨੇ ਬੈਰੂਤ (ਲੇਬਨਾਨ) ’ਤੇ ਹਮਲੇ ਕੀਤੇ। ਖਾੜੀ ਦੇਸ਼ਾਂ ਵਿੱਚ ਵੀ ਤਣਾਅ ਵਧ ਗਿਆ ਹੈ; ਯੂ.ਏ.ਈ., ਕੁਵੈਤ ਅਤੇ ਬਹਿਰੀਨ ਵਿੱਚ ਇਰਾਨੀ ਮਿਜ਼ਾਈਲਾਂ ਡਿੱਗਣ ਕਾਰਨ ਨਾਗਰਿਕਾਂ ਦੀ ਮੌਤ ਹੋਈ ਹੈ। ਇਜ਼ਰਾਈਲ ਵਿੱਚ ਵੀ ਇੱਕ ਸਿਨਾਗੋਗ (ਇਬਾਦਤਗਾਹ) ’ਤੇ ਹੋਏ ਹਮਲੇ ਵਿੱਚ 9 ਲੋਕ ਮਾਰੇ ਗਏ ਹਨ। ਬ੍ਰਿਟੇਨ, ਫਰਾਂਸ ਅਤੇ ਜਰਮਨੀ ਵਰਗੀਆਂ ਯੂਰਪੀ ਸ਼ਕਤੀਆਂ ਨੇ ਵੀ ਅਮਰੀਕਾ ਦਾ ਸਾਥ ਦੇਣ ਦੀ ਪੇਸ਼ਕਸ਼ ਕੀਤੀ ਹੈ।
ਤੇਹਰਾਨ ਦੀਆਂ ਸੜਕਾਂ ’ਤੇ ਸਨਾਟਾ ਪਸਰਿਆ ਹੋਇਆ ਹੈ ਅਤੇ ਲੋਕ ਹਵਾਈ ਹਮਲਿਆਂ ਦੇ ਡਰੋਂ ਘਰਾਂ ਵਿੱਚ ਦੁਬਕੇ ਹੋਏ ਹਨ। ਦੂਜੇ ਪਾਸੇ, ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਹੈ ਕਿ ਅਗਲੇ ਇੱਕ-ਦੋ ਦਿਨਾਂ ਵਿੱਚ ਨਵਾਂ ਸੁਪਰੀਮ ਲੀਡਰ ਚੁਣ ਲਿਆ ਜਾਵੇਗਾ। ਼
ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ‘ਲਾਲ ਲਕੀਰ’ ਪਾਰ ਕਰਨ ਦੀ ਚੇਤਾਵਨੀ ਦਿੰਦਿਆਂ ਭਿਆਨਕ ਬਦਲਾ ਲੈਣ ਦੀ ਗੱਲ ਕਹੀ ਹੈ, ਜਦੋਂਕਿ ਟਰੰਪ ਨੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਜੇਕਰ ਇਰਾਨ ਨੇ ਅਜਿਹਾ ਕੀਤਾ ਤਾਂ ਉਸ ’ਤੇ ਅਜਿਹੀ ਤਾਕਤ ਨਾਲ ਹਮਲਾ ਕੀਤਾ ਜਾਵੇਗਾ ਜੋ ਦੁਨੀਆ ਨੇ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ।
ਉੱਧਰ ਪੱਛਮੀ ਏਸ਼ੀਆ (West Asia) ਵਿੱਚ ਵਧਦੇ ਜੰਗੀ ਤਣਾਅ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਭਾਰਤ ਹਮੇਸ਼ਾ ਵਿਸ਼ਵਵਿਆਪੀ ਵਿਵਾਦਾਂ ਨੂੰ ‘ਗੱਲਬਾਤ ਅਤੇ ਕੂਟਨੀਤੀ’(Dialogue and Diplomacy) ਰਾਹੀਂ ਸੁਲਝਾਉਣ ਦਾ ਸਮਰਥਕ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਮੌਜੂਦਾ ਹਾਲਾਤ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ।
ਪ੍ਰਧਾਨ ਮੰਤਕੀ ਮੋਦੀ ਨੇ ਕਿਹਾ, “ ਭਾਰਤ ਦਾ ਸਟੈਂਡ ਹਮੇਸ਼ਾ ਸਪੱਸ਼ਟ ਰਿਹਾ ਹੈ। ਅਸੀਂ ਲਗਾਤਾਰ ਸ਼ਾਂਤੀ ਅਤੇ ਸਥਿਰਤਾ ਦੀ ਵਕਾਲਤ ਕੀਤੀ ਹੈ। ਜਦੋਂ ਦੋ ਲੋਕਤੰਤਰੀ ਦੇਸ਼ ਇਕੱਠੇ ਖੜ੍ਹੇ ਹੁੰਦੇ ਹਨ, ਤਾਂ ਸ਼ਾਂਤੀ ਦੀ ਆਵਾਜ਼ ਹੋਰ ਮਜ਼ਬੂਤ ਹੋ ਜਾਂਦੀ ਹੈ।”
March 2, 2026 10:50 pm
ਇਰਾਨ ਖ਼ਿਲਾਫ਼ ਫੌਜੀ ਕਾਰਵਾੲੀਆਂ ਚਾਰ-ਪੰਜ ਹਫਤੇ ਜਾਰੀ ਰਹਿਣਗੀਆਂ: ਟਰੰਪ ਲੰਬੇ ਸਮੇਂ ਦੀ ਜੰਗ ਲੲੀ ਅਮਰੀਕਾ ਤਿਆਰ; ਇਰਾਨ ਦੇ ਸੁਪਰੀਮ ਆਗੂ ਦੀ ਮੌਤ ਤੋਂ ਬਾਅਦ ਜੰਗ ਹੋਈ ਹੋਰ ਤੇਜ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਕਿ ਇਰਾਨ ਵਿਰੁੱਧ ਚੱਲ ਰਹੀਆਂ ਫੌਜੀ ਕਾਰਵਾਈਆਂ ਅਗਲੇ 4 ਤੋਂ 5 ਹਫਤਿਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਲੋੜ ਪਈ ਤਾਂ ਅਮਰੀਕਾ ਇਸ ਜੰਗ ਨੂੰ ਇਸ ਤੋਂ ਵੀ ਲੰਬੇ ਸਮੇਂ ਤੱਕ ਜਾਰੀ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਮੱਧ-ਪੂਰਬ ਵਿੱਚ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੇਨੀ ਦੇ ਮਾਰੇ ਜਾਣ ਤੋਂ ਬਾਅਦ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ। ਇਰਾਨ ਅਤੇ ਉਸ ਦੇ ਸਹਿਯੋਗੀਆਂ ਨੇ ਬਦਲੇ ਵਿੱਚ ਇਜ਼ਰਾਈਲ, ਗੁਆਂਢੀ ਖਾੜੀ ਦੇਸ਼ਾਂ ਅਤੇ ਦੁਨੀਆ ਦੇ ਤੇਲ ਤੇ ਗੈਸ ਦੇ ਮੁੱਖ ਕੇਂਦਰਾਂ ’ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਹਮਲਿਆਂ ਕਾਰਨ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ ਅਤੇ ਦੁਬਈ ਵਰਗੇ ਸੁਰੱਖਿਅਤ ਮੰਨੇ ਜਾਣ ਵਾਲੇ ਇਲਾਕਿਆਂ ਵਿੱਚ ਵੀ ਹਵਾਈ ਹਮਲੇ ਹੋ ਰਹੇ ਹਨ। ਇਸ ਕਾਰਨ ਲੱਖਾਂ ਹਵਾਈ ਯਾਤਰੀ ਵੱਖ-ਵੱਖ ਦੇਸ਼ਾਂ ਵਿੱਚ ਫਸੇ ਹੋਏ ਹਨ ਅਤੇ ਜੰਗ ਦੇ ਜਲਦੀ ਖ਼ਤਮ ਹੋਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ।
ਸਪੇਨ ਨੇ ਅਮਰੀਕਾ ਨੂੰ ਆਪਣੇ ਫੌਜੀ ਅੱਡੇ ਵਰਤਣ ਤੋਂ ਰੋਕਿਆ
March 2, 2026 8:48 pm
ਇਜ਼ਰਾਈਲ, ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦੇ ਤੀਜੇ ਦਿਨ ਸਪੇਨ ਨੇ ਵੱਡਾ ਫੈਸਲਾ ਲੈਂਦਿਆਂ ਅਮਰੀਕਾ ਨੂੰ ਇਰਾਨ ਖ਼ਿਲਾਫ਼ ਕਾਰਵਾਈ ਲਈ ਆਪਣੇ ਫੌਜੀ ਅੱਡਿਆਂ ਦੀ ਵਰਤੋਂ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਸਪੇਨ ਦੇ ਵਿਦੇਸ਼ ਮੰਤਰੀ ਜੋਸ ਮੈਨੁਅਲ ਅਲਬਾਰੇਸ ਨੇ ਸਪੱਸ਼ਟ ਕੀਤਾ ਕਿ ਸਪੇਨ ਦੇ ਕਿਸੇ ਵੀ ਫੌਜੀ ਅੱਡੇ ਨੂੰ ਇਸ ਅਪਰੇਸ਼ਨ ਜਾਂ ਕਿਸੇ ਵੀ ਅਜਿਹੀ ਹਿੰਸਕ ਕਾਰਵਾਈ ਲਈ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਫੈਸਲੇ ਤੋਂ ਤੁਰੰਤ ਬਾਅਦ ਸਪੇਨ ਦੇ ਰੋਟਾ ਅਤੇ ਮੋਰੋਨ ਏਅਰਬੇਸ ਤੋਂ ਅਮਰੀਕਾ ਦੇ 15 ਜਹਾਜ਼ਾਂ ਨੂੰ ਵਾਪਸ ਪਰਤਣਾ ਪਿਆ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਪੁਰਾਣੇ ਸਹਿਯੋਗੀ ਦੇਸ਼ ਬ੍ਰਿਟੇਨ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਟਰੰਪ ਦਾ ਕਹਿਣਾ ਹੈ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਹਿੰਦ ਮਹਾਸਾਗਰ ਵਿੱਚ ਸਥਿਤ ਡਿਏਗੋ ਗਾਰਸੀਆ ਫੌਜੀ ਅੱਡਾ ਅਮਰੀਕਾ ਨੂੰ ਦੇਣ ਵਿੱਚ ਬਹੁਤ ਦੇਰੀ ਕੀਤੀ। ਅਮਰੀਕਾ ਜੰਗ ਦੇ ਪਹਿਲੇ ਦਿਨ ਹੀ ਇਸ ਅੱਡੇ ਤੋਂ ਇਰਾਨ ’ਤੇ ਹਮਲਾ ਕਰਨਾ ਚਾਹੁੰਦਾ ਸੀ ਪਰ ਬ੍ਰਿਟੇਨ ਨੇ 48 ਘੰਟਿਆਂ ਬਾਅਦ ਸਿਰਫ਼ ਇਰਾਨ ਦੇ ਮਿਜ਼ਾਈਲ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਸ਼ਰਤ ’ਤੇ ਇਸ ਅੱਡੇ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ। ਟਰੰਪ ਨੇ ਕਿਹਾ ਹੈ ਕਿ ਉਹ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਇਸ ਰਵੱਈਏ ਤੋਂ ਬਹੁਤ ਨਿਰਾਸ਼ ਹਨ।
ਤੁਰਕੀ ਵੱਲੋਂ ਮੱਧ-ਪੂਰਬ ਦੇ ਕਈ ਦੇਸ਼ਾਂ ਲਈ ਹਵਾਈ ਉਡਾਣਾਂ ਰੱਦ
March 2, 2026 5:55 pm
ਮੱਧ ਪੂਰਬ ਖੇਤਰ ਵਿੱਚ ਵਧ ਰਹੇ ਤਣਾਅ ਨੂੰ ਦੇਖਦੇ ਹੋਏ ਤੁਰਕੀ ਨੇ ਮੱਧ-ਪੂਰਬ ਦੇ ਕਈ ਦੇਸ਼ਾਂ ਲਈ ਆਪਣੀਆਂ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਅੰਕਾਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਰਾਨ, ਇਰਾਕ, ਜਾਰਡਨ, ਸੀਰੀਆ ਅਤੇ ਲਿਬਨਾਨ ਲਈ ਸਾਰੀਆਂ ਉਡਾਣਾਂ ਨੂੰ ਸ਼ੁੱਕਰਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਤਰ, ਕੁਵੈਤ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ (UAE) ਲਈ ਤੈਅ ਕੀਤੀਆਂ ਗਈਆਂ ਉਡਾਣਾਂ ਵੀ ਮੰਗਲਵਾਰ ਤੱਕ ਰੱਦ ਰਹਿਣਗੀਆਂ। ਇਹ ਕਦਮ ਯਾਤਰੀਆਂ ਅਤੇ ਜਹਾਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ। ਦੂਜੇ ਪਾਸੇ ਤੁਰਕੀ ਦੇ ਆਵਾਜਾਈ ਮੰਤਰੀ ਅਬਦੁਲਕਾਦਿਰ ਉਰਾਲੋਗਲੂ ਨੇ ਦੱਸਿਆ ਕਿ ਸਾਊਦੀ ਅਰਬ ਦੇ ਰਿਆਦ, ਜੇਦਾਹ ਅਤੇ ਮਦੀਨਾ ਹਵਾਈ ਅੱਡਿਆਂ ਦੇ ਨਾਲ-ਨਾਲ ਓਮਾਨ ਲਈ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਤਹਿਰਾਨ ਵਿੱਚ ਫਸੇ ਤੁਰਕੀ ਏਅਰਲਾਈਨਜ਼ ਅਤੇ ਪੈਗਾਸਸ ਏਅਰਲਾਈਨਜ਼ ਦੇ ਜਹਾਜ਼ਾਂ ਦੇ ਅਮਲੇ ਨੂੰ ਸੁਰੱਖਿਅਤ ਵਾਪਸ ਤੁਰਕੀ ਲਿਆਂਦਾ ਗਿਆ ਹੈ। ਮੰਤਰੀ ਨੇ ਭਰੋਸਾ ਦਿੱਤਾ ਕਿ ਕਤਰ, ਬਹਿਰੀਨ ਅਤੇ ਯੂਏਈ ਵਿੱਚ ਮੌਜੂਦ ਹੋਰ ਕਰਮਚਾਰੀ ਫਿਲਹਾਲ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ।
ਸਾਊਦੀ ਅਰਾਮਕੋ ਦੀ ਰਾਸ ਤਨੂਰਾ ਰਿਫਾਇਨਰੀ ’ਤੇ ਡਰੋਨ ਹਮਲਾ; ਰਿਫਾਇਨਰੀ ਅਸਥਾਈ ਤੌਰ ’ਤੇ ਬੰਦ
March 2, 2026 5:41 pm
ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਅਰਾਮਕੋ ਨੇ ਡਰੋਨ ਹਮਲੇ ਤੋਂ ਬਾਅਦ ਆਪਣੀ ਪ੍ਰਮੁੱਖ ਰਾਸ ਤਨੂਰਾ ਰਿਫਾਇਨਰੀ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਹੈ। ਇਹ ਹਮਲਾ ਇਰਾਨ ਵੱਲੋਂ ਅਮਰੀਕਾ ਅਤੇ ਇਜ਼ਰਾਈਲ ਦੀ ਕਾਰਵਾਈ ਦੇ ਜਵਾਬ ਵਿੱਚ ਕੀਤਾ ਗਿਆ ਹੈ। ਰਾਸ ਤਨੂਰਾ ਕੰਪਲੈਕਸ ਮੱਧ-ਪੂਰਬ ਦੀਆਂ ਸਭ ਤੋਂ ਵੱਡੀਆਂ ਰਿਫਾਇਨਰੀਆਂ ਵਿੱਚੋਂ ਇੱਕ ਹੈ ਜਿਸ ਦੀ ਸਮਰੱਥਾ ਰੋਜ਼ਾਨਾ 5,50,000 ਬੈਰਲ ਤੇਲ ਸਾਫ਼ ਕਰਨ ਦੀ ਹੈ ਅਤੇ ਇਹ ਸਾਊਦੀ ਅਰਬ ਦੇ ਤੇਲ ਨਿਰਯਾਤ ਲਈ ਇੱਕ ਬਹੁਤ ਹੀ ਮਹੱਤਵਪੂਰਨ ਕੇਂਦਰ ਹੈ। ਸਾਊਦੀ ਰੱਖਿਆ ਮੰਤਰਾਲੇ ਅਨੁਸਾਰ ਦੋ ਡਰੋਨਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਮਲਬੇ ਕਾਰਨ ਫੈਕਟਰੀ ਵਿੱਚ ਮਾਮੂਲੀ ਅੱਗ ਲੱਗ ਗਈ। ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਸਥਿਤੀ ਹੁਣ ਕਾਬੂ ਹੇਠ ਦੱਸੀ ਜਾ ਰਹੀ ਹੈ। ਇਸ ਰਿਫਾਇਨਰੀ ਦੇ ਬੰਦ ਹੋਣ ਅਤੇ ਸਮੁੰਦਰੀ ਰਸਤਿਆਂ ਵਿੱਚ ਵਧਦੇ ਖ਼ਤਰੇ ਕਾਰਨ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਨੂੰ ਲੈ ਕੇ ਚਿੰਤਾ ਵਧ ਗਈ ਹੈ। ਇਸ ਦਾ ਸਿੱਧਾ ਅਸਰ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ ਹੈ, ਜਿੱਥੇ ਕੱਚੇ ਤੇਲ (Brent crude) ਦੀਆਂ ਕੀਮਤਾਂ ਵਿੱਚ ਸੋਮਵਾਰ ਨੂੰ ਲਗਪਗ 10 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਕੁਵੈਤ ਵਿੱਚ ਕਈ ਅਮਰੀਕੀ ਜੰਗੀ ਜਹਾਜ਼ ਹਾਦਸਾਗ੍ਰਸਤ : ਸਾਰਾ ਅਮਲਾ ਸੁਰੱਖਿਅਤ : ਕੁਵੈਤ ਰੱਖਿਆ ਮੰਤਰਾਲਾ
March 2, 2026 3:49 pm
ਕੁਵੈਤ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਕਈ ਅਮਰੀਕੀ ਜੰਗੀ ਜਹਾਜ਼ ਹਾਦਸਾਗ੍ਰਸਤ ਹੋ ਗਏ ਹਨ, ਜਿਨ੍ਹਾਂ ਵਿੱਚੋਂ ਸਾਰੇ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਮੰਤਰਾਲੇ ਨੇ ਹਾਦਸਿਆਂ ਦੇ ਕਾਰਨਾਂ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ, ਪਰ ਇਹ ਘਟਨਾ ਇਰਾਨ ਵੱਲੋਂ ਦੇਸ਼ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਭਾਰੀ ਗੋਲੀਬਾਰੀ ਦੌਰਾਨ ਵਾਪਰੀ ਹੈ। ਕੁਵੈਤ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਪਾਇਲਟਾਂ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਨੇ ਇਸ ਮਾਮਲੇ 'ਤੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
West Asia crisis: ਇਰਾਨ 'ਤੇ ਹਮਲੇ ਤੋਂ ਬਾਅਦ IAEA ਚਿੰਤਤ : ਪਰਮਾਣੂ ਅਧਿਕਾਰੀਆਂ ਨਾਲ ਸੰਪਰਕ ਟੁੱਟਿਆ
March 2, 2026 3:18 pm
ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਕੋਲ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਇਜ਼ਰਾਈਲ ਅਤੇ ਅਮਰੀਕਾ ਦੇ ਹਮਲਿਆਂ ਨੇ ਇਰਾਨ ਦੇ ਕਿਸੇ ਪਰਮਾਣੂ ਟਿਕਾਣੇ ਨੂੰ ਨੁਕਸਾਨ ਪਹੁੰਚਾਇਆ ਹੈ, ਪਰ ਉਹ ਇਰਾਨ ਦੇ ਪਰਮਾਣੂ ਅਧਿਕਾਰੀਆਂ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਰਹੀ ਹੈ। ਏਜੰਸੀ ਦੇ ਮੁਖੀ ਰਾਫੇਲ ਗ੍ਰੋਸੀ ਨੇ ਬੋਰਡ ਆਫ ਗਵਰਨਰਜ਼ ਨੂੰ ਦੱਸਿਆ, "ਸਾਡੇ ਕੋਲ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਕਿਸੇ ਵੀ ਪਰਮਾਣੂ ਸਥਾਪਨਾ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਨਿਸ਼ਾਨਾ ਬਣਾਇਆ ਗਿਆ ਹੈ।" ਉਨ੍ਹਾਂ ਨੇ 35 ਦੇਸ਼ਾਂ ਦੇ ਬੋਰਡ ਨੂੰ ਦਿੱਤੇ ਬਿਆਨ ਵਿੱਚ ਅੱਗੇ ਕਿਹਾ, "ਈਰਾਨ ਦੇ ਪਰਮਾਣੂ ਰੈਗੂਲੇਟਰੀ ਅਧਿਕਾਰੀਆਂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਪਰ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।"
West Asia crisis: ਅਮਰੀਕਾ-ਇਜ਼ਰਾਈਲ ਹਮਲਿਆਂ ਵਿੱਚ ਹੁਣ ਤੱਕ 555 ਨਾਗਰਿਕ ਹਲਾਕ: ਇਰਾਨ
March 2, 2026 2:26 pm
ਇਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਸਾਂਝੀ ਫ਼ੌਜੀ ਕਾਰਵਾਈ ਨੇ ਭਿਆਨਕ ਰੂਪ ਧਾਰ ਲਿਆ ਹੈ। ਇਰਾਨੀ ਰੈੱਡ ਕ੍ਰੀਸੈਂਟ ਸੋਸਾਇਟੀ (Iranian Red Crescent Society) ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ ਹੋਏ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 555 ਲੋਕ ਮਾਰੇ ਗਏ ਹਨ। ਇਹ ਅੰਕੜਾ ਪਹਿਲਾਂ ਦੱਸੇ ਗਏ 200 ਦੇ ਅੰਕੜੇ ਤੋਂ ਕਿਤੇ ਜ਼ਿਆਦਾ ਹੈ, ਜੋ ਜੰਗ ਦੀ ਭਿਆਨਕ ਰੂੁਪ ਨੂੰ ਜ਼ਾਹਰ ਕਰਦਾ ਹੈ। ਸੋਸਾਇਟੀ ਅਨੁਸਾਰ, ਇਸ ਜੰਗ ਦੌਰਾਨ ਹੁਣ ਤੱਕ ਇਰਾਨ ਦੇ 131 ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਵਾਈ ਹਮਲਿਆਂ ਕਾਰਨ ਕਈ ਇਮਾਰਤਾਂ ਤਬਾਹ ਹੋ ਗਈਆਂ ਹਨ ਅਤੇ ਮਰਨ ਵਾਲਿਆਂ ਵਿੱਚ ਵੱਡੀ ਗਿਣਤੀ ਨਾਗਰਿਕਾਂ ਦੀ ਦੱਸੀ ਜਾ ਰਹੀ ਹੈ।-ਪੀਟੀਆਈ
ਭਾਰਤ ਹਮੇਸ਼ਾ ਗੱਲਬਾਤ ਅਤੇ ਕੂਟਨੀਤੀ ਦਾ ਪੱਖੀ ਰਿਹਾ ਹੈ- ਮੋਦੀ
March 2, 2026 1:37 pm
ਪੱਛਮੀ ਏਸ਼ੀਆ (West Asia) ਵਿੱਚ ਵਧਦੇ ਜੰਗੀ ਤਣਾਅ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਭਾਰਤ ਹਮੇਸ਼ਾ ਵਿਸ਼ਵਵਿਆਪੀ ਵਿਵਾਦਾਂ ਨੂੰ ‘ਗੱਲਬਾਤ ਅਤੇ ਕੂਟਨੀਤੀ’(Dialogue and Diplomacy) ਰਾਹੀਂ ਸੁਲਝਾਉਣ ਦਾ ਸਮਰਥਕ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਮੌਜੂਦਾ ਹਾਲਾਤ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ। ਪ੍ਰਧਾਨ ਮੰਤਕੀ ਮੋਦੀ ਨੇ ਕਿਹਾ, “ ਭਾਰਤ ਦਾ ਸਟੈਂਡ ਹਮੇਸ਼ਾ ਸਪੱਸ਼ਟ ਰਿਹਾ ਹੈ। ਅਸੀਂ ਲਗਾਤਾਰ ਸ਼ਾਂਤੀ ਅਤੇ ਸਥਿਰਤਾ ਦੀ ਵਕਾਲਤ ਕੀਤੀ ਹੈ। ਜਦੋਂ ਦੋ ਲੋਕਤੰਤਰੀ ਦੇਸ਼ ਇਕੱਠੇ ਖੜ੍ਹੇ ਹੁੰਦੇ ਹਨ, ਤਾਂ ਸ਼ਾਂਤੀ ਦੀ ਆਵਾਜ਼ ਹੋਰ ਮਜ਼ਬੂਤ ਹੋ ਜਾਂਦੀ ਹੈ।”-ਪੀਟੀਆਈ
International Flights Cancelled: : ਕੋਲਕਾਤਾ ਹਵਾਈ ਅੱਡੇ ਤੋਂ 20 ਕੌਮਾਂਤਰੀ ਉਡਾਣਾਂ ਰੱਦ
March 2, 2026 1:17 pm
International Flights Cancelled: ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਅਤੇ ਕਈ ਦੇਸ਼ਾਂ ਦੇ ਹਵਾਈ ਰਸਤੇ (Airspace) ਬੰਦ ਹੋਣ ਕਾਰਨ ਅੱਜ ਕੋਲਕਾਤਾ ਹਵਾਈ ਅੱਡੇ ਤੋਂ ਘੱਟੋ-ਘੱਟ 20 ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਹਵਾਈ ਅੱਡਾ ਅਧਿਕਾਰੀਆਂ ਅਨੁਸਾਰ, ਇਹ ਫੈਸਲਾ ਸੁਰੱਖਿਆ ਕਾਰਨਾਂ ਅਤੇ ਸੰਚਾਲਨ ਸਬੰਧੀ ਰੁਕਾਵਟਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਕੋਲਕਾਤਾ ਤੋਂ ਖਾੜੀ ਦੇਸ਼ਾਂ ਨੂੰ ਜੋੜਨ ਵਾਲੀਆਂ ਪ੍ਰਮੁੱਖ ਏਅਰਲਾਈਨਾਂ ਦੀਆਂ ਸੇਵਾਵਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ, ਜਿਵੇਂ ਕਿ ਐਮੀਰੇਟਸ (Emirates): 4 ਆਉਣ ਵਾਲੀਆਂ ਅਤੇ 4 ਜਾਣ ਵਾਲੀਆਂ ਉਡਾਣਾਂ ਯਾਨੀ ਕੁੱਲ 8 ਉਡਾਣਾ ਰੱਦ ਕੀਤੀਆਂ। ਇਸ ਤੋਂ ਇਲਾਵਾ ਕਤਰ ਏਅਰਵੇਜ਼ (Qatar Airways): 2 ਆਉਣ ਵਾਲੀਆਂ ਅਤੇ 2 ਜਾਣ ਵਾਲੀਆਂ ਉਡਾਣਾਂ। ਇਤਿਹਾਦ ਏਅਰਵੇਜ਼ (Etihad Airways): 2 ਆਉਣ ਵਾਲੀਆਂ ਅਤੇ 2 ਜਾਣ ਵਾਲੀਆਂ ਉਡਾਣਾਂ। ਏਅਰ ਅਰੇਬੀਆ ਅਤੇ ਫਲਾਈ ਦੁਬਈ: ਦੋਵਾਂ ਦੀਆਂ 1-1 ਆਉਣ ਵਾਲੀਆਂ ਅਤੇ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।-ਪੀਟੀਆਈ
West Asia Crisis: ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ CCS ਦੀ ਅਹਿਮ ਬੈਠਕ
March 2, 2026 12:29 pm
West Asia Crisis: ਪੱਛਮੀ ਏਸ਼ੀਆ ਵਿੱਚ ਤੇਜ਼ੀ ਨਾਲ ਵਿਗੜ ਰਹੇ ਹਾਲਾਤ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਬੈਠਕ ਵਿੱਚ ਭਾਰਤ ਨੇ ਦੋਵਾਂ ਪੱਖਾਂ ਨੂੰ ਹਿੰਸਾ ਤੁਰੰਤ ਬੰਦ ਕਰਨ ਅਤੇ ਮਸਲਿਆਂ ਦੇ ਹੱਲ ਲਈ ਮੁੜ ‘ਗੱਲਬਾਤ ਅਤੇ ਕੂਟਨੀਤੀ’ (Dialogue and Diplomacy) ਦਾ ਰਾਹ ਅਖ਼ਤਿਆਰ ਕਰਨ ਦਾ ਸੱਦਾ ਦਿੱਤਾ ਹੈ। ਕਮੇਟੀ ਨੇ ਖਾੜੀ ਦੇਸ਼ਾਂ ਵਿੱਚ ਰਹਿ ਰਹੇ ਲੱਖਾਂ ਭਾਰਤੀ ਪ੍ਰਵਾਸੀਆਂ ਦੀ ਸੁਰੱਖਿਆ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।ਇਰਾਨ ਅਤੇ ਹੋਰ ਖਾੜੀ ਦੇਸ਼ਾਂ ਵਿੱਚ ਹੋਏ ਹਵਾਈ ਹਮਲਿਆਂ ਤੋਂ ਬਾਅਦ ਉੱਥੇ ਰਹਿ ਰਹੇ ਭਾਰਤੀਆਂ ਦੀ ਸਲਾਮਤੀ ਭਾਰਤ ਲਈ ਸਭ ਤੋਂ ਵੱਡੀ ਪਹਿਲ ਹੈ।-ਟ੍ਰਿਬਿਊਨ ਨਿਊਜ਼ ਸਰਵਿਸ
ਵੀਡੀਓ: ਕੁਵੈਤ ਵਿੱਚ ਅਮਰੀਕੀ F-15 ਜੈੱਟ ਅਸਮਾਨ ਤੋਂ ਡਿੱਗਦਾ ਨਜ਼ਰ ਆਇਆ
March 2, 2026 12:16 pm
ਕਈ ਸ਼ੁਰੂਆਤੀ ਖ਼ਬਰਾਂ ਅਤੇ ਪ੍ਰਸਾਰਿਤ ਹੋ ਰਹੀ ਵੀਡੀਓ ਫੁਟੇਜ ਦੇ ਅਨੁਸਾਰ ਸੋਮਵਾਰ ਨੂੰ ਕੁਵੈਤ ਵਿੱਚ ਅਮਰੀਕੀ ਹਵਾਈ ਸੈਨਾ ਦਾ ਇੱਕ F-15 ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ ਹੈ। ਐਕਸ (X) 'ਤੇ ਵਾਇਰਲ ਇੱਕ ਵੀਡੀਓ ਵਿੱਚ ਇੱਕ ਲੜਾਕੂ ਜਹਾਜ਼ ਅਸਮਾਨ ਤੋਂ ਡਿੱਗਣ ਅਤੇ ਜ਼ਮੀਨ ਨਾਲ ਟਕਰਾਉਣ ਤੋਂ ਪਹਿਲਾਂ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਦਿਖਾਈ ਦਿੱਤਾ। ਇਹ ਫੁਟੇਜ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਨੇ ਵਿਆਪਕ ਧਿਆਨ ਖਿੱਚਿਆ, ਕਿਉਂਕਿ ਅਧਿਕਾਰੀਆਂ ਨੇ ਘਟਨਾ ਬਾਰੇ ਬਹੁਤ ਘੱਟ ਵੇਰਵੇ ਜਾਰੀ ਕੀਤੇ ਹਨ ਅਤੇ ਪਾਇਲਟ ਜਾਂ ਚਾਲਕ ਦਲ ਦੀ ਕਿਸਮਤ ਅਸਪੱਸ਼ਟ ਬਣੀ ਹੋਈ ਹੈ।
West Asia Crisis: ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ
March 2, 2026 12:13 pm
ਪੱਛਮੀ ਏਸ਼ੀਆ ਵਿੱਚ ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਾਲੇ ਵਧਦੀ ਜੰਗ ਨੇ ਵਿਸ਼ਵ ਬਾਜ਼ਾਰਾਂ ਵਿੱਚ ਹਲਚਲ ਮਚਾ ਦਿੱਤੀ ਹੈ। ਨਿਵੇਸ਼ਕਾਂ ਵਿੱਚ ਫੈਲੇ ਡਰ ਕਾਰਨ ਸ਼ੇਅਰ ਬਾਜ਼ਾਰ ਵਿੱਚੋਂ ਪੈਸਾ ਨਿਕਲ ਕੇ ਸੋਨੇ ਅਤੇ ਚਾਂਦੀ ਵਿੱਚ ਜਾ ਰਿਹਾ ਹੈ। ਸੋਮਵਾਰ ਸਵੇਰੇ ਮਲਟੀ ਕਮੋਡਿਟੀ ਐਕਸਚੇਂਜ (MCX) ’ਤੇ ਸੋਨੇ ਦੀਆਂ ਕੀਮਤਾਂ ਵਿੱਚ 2.87 ਫੀਸਦ ਅਤੇ ਚਾਂਦੀ ਵਿੱਚ ਲਗਭਗ 3 ਫੀਸਦ ਦਾ ਵਾਧਾ ਖਿਆ ਗਿਆ। ਭਾਰਤੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 1,73,090 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਹੈ, ਜੋ ਕਿ ਪਿਛਲੇ ਸੈਸ਼ਨ ਵਿੱਚ 1,62,490 ਰੁਪਏ ਸੀ। ਚਾਂਦੀ ਦੀਆਂ ਕੀਮਤਾਂ ਵੀ ਸ਼ੁੱਕਰਵਾਰ ਦੇ 2,82,140 ਰੁਪਏ ਤੋਂ ਵਧ ਕੇ 2,94,900 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈਆਂ ਹਨ।-ਪੀਟੀਆਈ
Middle East Crisis: ਮੱਧ ਪੂਰਬ ਵਿੱਚ ਤਣਾਅ ਦੇ ਚਲਦਿਆਂ ਤੇਲ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ
March 2, 2026 10:32 am
Middle East Crisis: ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਗਏ ਹਮਲਿਆਂ ਅਤੇ ਜਵਾਬੀ ਕਾਰਵਾਈਆਂ ਕਾਰਨ ਵਿਸ਼ਵ ਪੱਧਰ ’ਤੇ ਤੇਲ ਦੀ ਸਪਲਾਈ ਲੜੀ ਬੁਰੀ ਤਰ੍ਹਾਂ ਹਿੱਲ ਗਈ ਹੈ, ਜਿਸ ਕਾਰਨ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ। ਹੋਰਮੁਜ਼ ਜਲਡਮਰੂਮੱਧ (Strait of Hormuz), ਜਿੱਥੋਂ ਦੁਨੀਆ ਦਾ ਲਗਭਗ 20 ਫੀਸਦ ਤੇਲ ਲੰਘਦਾ ਹੈ, ਵਿੱਚ ਵਪਾਰਕ ਜਹਾਜ਼ਾਂ ’ਤੇ ਹੋਏ ਹਮਲਿਆਂ ਨੇ ਬਰਾਮਦ ਨੂੰ ਸੀਮਤ ਕਰ ਦਿੱਤਾ ਹੈ। ਇਸ ਕਾਰਨ ਵੈਸਟ ਟੈਕਸਾਸ ਇੰਟਰਮੀਡੀਏਟ (WTI) ਦੀ ਕੀਮਤ 7.3% ਵਧ ਕੇ 72 ਡਾਲਰ ਅਤੇ ਬ੍ਰੈਂਟ ਕਰੂਡ ਦੀ ਕੀਮਤ 7.8% ਦੇ ਵਾਧੇ ਨਾਲ 78.55 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਤਣਾਅ ਲੰਬਾ ਖਿੱਚਿਆ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਗਾਹਕਾਂ ਨੂੰ ਪੈਟਰੋਲ ਪੰਪਾਂ ਤੋਂ ਲੈ ਕੇ ਕਰਿਆਨੇ ਦੇ ਸਾਮਾਨ ਤੱਕ ਹਰ ਚੀਜ਼ ਲਈ ਵੱਧ ਜੇਬ ਢਿੱਲੀ ਕਰਨੀ ਪਵੇਗੀ।
Market Update: ਸੈਂਸੈਕਸ 2,700 ਤੋਂ ਵੱਧ ਅੰਕ ਡਿੱਗਿਆ; ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ
March 2, 2026 10:30 am
Market Update: ਪੱਛਮੀ ਏਸ਼ੀਆ ਵਿੱਚ ਵਧਦੇ ਜੰਗੀ ਤਣਾਅ ਦਾ ਅਸਰ ਅੱਜ ਭਾਰਤੀ ਸ਼ੇਅਰ ਬਾਜ਼ਾਰ ’ਤੇ ਬਹੁਤ ਬੁਰਾ ਅਸਰ ਦੇਖਣ ਨੂੰ ਮਿਲਿਆ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕਾਂਕ ‘ਸੈਂਸੈਕਸ’ ਅਤੇ ‘ਨਿਫਟੀ’ ਬੁਰੀ ਤਰ੍ਹਾਂ ਕ੍ਰੈਸ਼ ਹੋ ਗਏ। BSE ਸੈਂਸੈਕਸ 2,743.46 ਅੰਕ (3.37%) ਡਿੱਗ ਕੇ 78,543.73 ’ਤੇ ਆ ਗਿਆ, ਜਦੋਂਕਿ NSE ਨਿਫਟੀ 533.55 ਅੰਕ (2.11%) ਡਿੱਗ ਕੇ 24,645.10 ’ਤੇ ਪਹੁੰਚ ਗਿਆ। ਮਾਹਿਰਾਂ ਅਨੁਸਾਰ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਅਤੇ ਇਰਾਨ-ਇਜ਼ਰਾਈਲ ਜੰਗ ਕਾਰਨ ਨਿਵੇਸ਼ਕਾਂ ਵਿੱਚ ਡਰ ਦਾ ਮਾਹੌਲ ਹੈ।
CIA ਨੇ ਮਹੀਨਿਆਂ ਤੱਕ ਕੀਤੀ ਜਾਸੂਸੀ: 60 ਸਕਿੰਟਾਂ ਵਿੱਚ ਹੋਏ 3 ਵੱਡੇ ਹਮਲਿਆਂ ਨੇ ਹਿਲਾਇਆ ਇਰਾਨ
March 2, 2026 9:48 am
ਇਰਾਨ ’ਤੇ ਹੋਏ ਭਿਆਨਕ ਹਮਲਿਆਂ ਪਿੱਛੇ ਅਮਰੀਕੀ ਖ਼ੁਫ਼ੀਆ ਏਜੰਸੀ CIA ਅਤੇ ਇਜ਼ਰਾਈਲੀ ਏਜੰਸੀਆਂ ਦੀ ਮਹੀਨਿਆਂ ਦੀ ਮਿਹਨਤ ਸੀ। ਰਿਪੋਰਟਾਂ ਅਨੁਸਾਰ, ਅਮਰੀਕੀ ਅਤੇ ਇਜ਼ਰਾਈਲੀ ਅਧਿਕਾਰੀ ਕਈ ਹਫ਼ਤਿਆਂ ਤੋਂ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਮੇਨੀ ਅਤੇ ਹੋਰ ਉੱਚ ਅਧਿਕਾਰੀਆਂ ਦੀ ਹਰ ਹਰਕਤ ’ਤੇ ਨਜ਼ਰ ਰੱਖ ਰਹੇ ਸਨ। ਇਹ ਹਮਲਾ ਇੰਨੀ ਤੇਜ਼ੀ ਅਤੇ ਸਟੀਕਤਾ ਨਾਲ ਕੀਤਾ ਗਿਆ ਕਿ ਸਿਰਫ਼ 60 ਸਕਿੰਟਾਂ ਦੇ ਅੰਦਰ ਤਿੰਨ ਵੱਖ-ਵੱਖ ਥਾਵਾਂ ’ਤੇ ਤਿੰਨ ਵੱਡੇ ਧਮਾਕੇ ਹੋਏ। ਇਸ ‘ਸਰਪ੍ਰਾਈਜ਼ ਡੇਅਲਾਈਟ’ (ਦਿਨ ਵੇਲੇ ਦੇ ਅਚਨਚੇਤ ਹਮਲੇ) ਨੇ ਇਰਾਨੀ ਲੀਡਰਸ਼ਿਪ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਦਿੱਤਾ, ਜਿਸ ਵਿੱਚ ਖ਼ਮੇਨੀ ਤੋਂ ਇਲਾਵਾ ਰੈਵੋਲਿਊਸ਼ਨਰੀ ਗਾਰਡ ਦੇ ਮੁਖੀ ਅਤੇ ਰੱਖਿਆ ਮੰਤਰੀ ਸਮੇਤ ਲਗਭਗ 40 ਸੀਨੀਅਰ ਆਗੂ ਮਾਰੇ ਗਏ। ਰਾਸ਼ਟਰਪਤੀ ਡੋਨਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਫ਼ੌਜ ਨੇ ਬੀ-2 (B-2) ਸਟੈਲਥ ਬੰਬਾਰਾਂ ਰਾਹੀਂ 2,000 ਪੌਂਡ ਦੇ ਬੰਬ ਸੁੱਟ ਕੇ ਇਰਾਨ ਦੇ ਬੈਲਿਸਟਿਕ ਮਿਜ਼ਾਈਲ ਕੇਂਦਰਾਂ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨਸ਼ਟ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਰੇ ਟੀਚੇ ਪੂਰੇ ਨਹੀਂ ਹੋ ਜਾਂਦੇ। ਦੂਜੇ ਪਾਸੇ, ਵ੍ਹਾਈਟ ਹਾਊਸ ਦੇ ਸੂਤਰਾਂ ਅਨੁਸਾਰ, ਇਰਾਨ ਦੀ ਸੰਭਾਵੀ ‘ਨਵੀਂ ਲੀਡਰਸ਼ਿਪ’ ਨੇ ਅਮਰੀਕਾ ਨਾਲ ਗੱਲਬਾਤ ਕਰਨ ਦੀ ਇੱਛਾ ਜਤਾਈ ਹੈ। ਹਾਲਾਂਕਿ ਟਰੰਪ ਨੇ ਗੱਲਬਾਤ ਲਈ ਸਹਿਮਤੀ ਦਿੱਤੀ ਹੈ, ਪਰ ਉਨ੍ਹਾਂ ਸਾਫ਼ ਕਰ ਦਿੱਤਾ ਹੈ ਕਿ ਫ਼ਿਲਹਾਲ ਫ਼ੌਜੀ ਮੁਹਿੰਮ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਰਹੇਗੀ।-ਏਪੀ
US-Iran Strikes: ਇਰਾਨੀ ਹਮਲਿਆਂ ਵਿੱਚ 3 ਅਮਰੀਕੀ ਫ਼ੌਜੀ ਹਲਾਕ
March 2, 2026 9:25 am
US-Iran Strikes: ਅਮਰੀਕਾ ਅਤੇ ਇਰਾਨ ਵਿਚਾਲੇ ਵਧਦੇ ਜੰਗੀ ਤਣਾਅ ਦੌਰਾਨ ਪਹਿਲੀ ਵਾਰ ਵੱਡੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਫ਼ੌਜ ਅਨੁਸਾਰ, ਇਰਾਨੀ ਹਮਲਿਆਂ ਦੌਰਾਨ ਤਿੰਨ ਅਮਰੀਕੀ ਫ਼ੌਜੀ ਮਾਰੇ ਗਏ ਹਨ ਅਤੇ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਮਾਰੇ ਗਏ ਫ਼ੌਜੀ ਕੁਵੈਤ ਵਿੱਚ ਤਾਇਨਾਤ ਇੱਕ ਲੌਜਿਸਟਿਕ ਯੂਨਿਟ ਦਾ ਹਿੱਸਾ ਸਨ। ਅਮਰੀਕੀ ਸੈਂਟਰਲ ਕਮਾਂਡ ਨੇ ਇਸ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਪਰਿਵਾਰਾਂ ਨੂੰ ਸੂਚਿਤ ਕਰਨ ਦੀ ਪ੍ਰਕਿਰਿਆ ਕਾਰਨ ਅਜੇ ਸੈਨਿਕਾਂ ਦੀ ਪਛਾਣ ਗੁਪਤ ਰੱਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਆਪਣੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਮੇਨੀ ਦੇ ਮਾਰੇ ਜਾਣ ਤੋਂ ਬਾਅਦ ਇਹ ਜਵਾਬੀ ਕਾਰਵਾਈ ਕੀਤੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ‘ਟਰੂਥ ਸੋਸ਼ਲ’ ਪਲੇਟਫਾਰਮ ’ਤੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਇਨ੍ਹਾਂ ਫ਼ੌਜੀਆਂ ਨੂੰ ‘ਸੱਚੇ ਦੇਸ਼ ਭਗਤ’ ਦੱਸਿਆ ਅਤੇ ਉਨ੍ਹਾਂ ਦੀ ਸ਼ਹਾਦਤ ’ਤੇ ਦੁੱਖ ਜ਼ਾਹਰ ਕੀਤਾ। ਟਰੰਪ ਨੇ ਚੇਤਾਵਨੀ ਦਿੱਤੀ ਕਿ ਇਹ ਜੰਗ ਅਜੇ ਕੁਝ ਹਫ਼ਤੇ ਹੋਰ ਚੱਲ ਸਕਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਮਰੀਕੀ ਫ਼ੌਜ ਨੂੰ ਹੋਰ ਜਾਨੀ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਕਿਹਾ, “ਬਦਕਿਸਮਤੀ ਨਾਲ ਅਜਿਹੀਆਂ ਘਟਨਾਵਾਂ ਜੰਗ ਵਿੱਚ ਵਾਪਰਦੀਆਂ ਹਨ ਪਰ ਅਸੀਂ ਇਹ ਸਭ ਭਵਿੱਖ ਦੀ ਸੁਰੱਖਿਆ ਲਈ ਕਰ ਰਹੇ ਹਾਂ।” ਇਸ ਦੌਰਾਨ ਇਰਾਨੀ ਰੈਵੋਲਿਊਸ਼ਨਰੀ ਗਾਰਡ ਨੇ ਅਮਰੀਕੀ ਅਤੇ ਇਜ਼ਰਾਈਲੀ ਟਿਕਾਣਿਆਂ ’ਤੇ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਕਰਨ ਦੀ ਧਮਕੀ ਦਿੱਤੀ ਹੈ।-ਪੀਟੀਆਈ