ਸੁਪਰੀਮ ਕੋਰਟ ਵੱਲ ਕੂਚ ਕਰਨ ਲਈ ਉਲੀਕੇ ਗਏ ‘ਚਲੋ ਦਿੱਲੀ’ ਮਾਰਚ ਦੇ ਮੱਦੇਨਜ਼ਰ ਰਾਜਧਾਨੀ ਦੇ ਬਾਰਾਖੰਭਾ ਰੋਡ ’ਤੇ ਕਾਂਗਰਸ ਅਤੇ ‘ਇੰਡੀਆ’ (INDIA) ਗਠਜੋੜ ਦੇ ਹਜ਼ਾਰਾਂ ਵਰਕਰ ਅਤੇ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਇਲਾਕੇ ਵਿੱਚ ਬਣਾਏ ਗਏ ਕੜੇ ਸੁਰੱਖਿਆ ਪ੍ਰਬੰਧਾਂ ਅਤੇ ਭਾਰੀ ਪੁਲੀਸ ਬਲ ਦੀ ਤੈਨਾਤੀ ਦੇ ਬਾਵਜੂਦ ਪ੍ਰਦਰਸ਼ਨਕਾਰੀ ਵੱਡੀ ਗਿਣਤੀ ਵਿੱਚ ਮੌਕੇ ’ਤੇ ਡਟੇ ਹੋਏ ਹਨ।
ਇਸ ’ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਕੀਤੀ ਗਈ ਕਥਿਤ ‘ਵੋਟ ਚੋਰੀ’ ਖ਼ਿਲਾਫ਼ ਜਨਤਕ ਅੰਦੋਲਨ ਮਜ਼ਬੂਤ ਹੋ ਰਿਹਾ ਹੈ, ਜਿਸ ਤੋਂ ਘਬਰਾ ਕੇ ਸਰਕਾਰ ਨੇ ਰਾਜਧਾਨੀ ਨੂੰ ਇੱਕ ਜੇਲ੍ਹ ਅਤੇ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਹੈ। ਰਾਹੁਲ ਨੇ ਸਵਾਲ ਉਠਾਇਆ ਕਿ 20,000 ਤੋਂ 30,000 ਪੁਲੀਸ ਜਵਾਨਾਂ ਦੀ ਤੈਨਾਤੀ ਕਰਕੇ ਬੱਸਾਂ ਤੇ ਰੇਲਗੱਡੀਆਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਚਾਹੁੰਦੀ ਹੈ ਕਿ ਦੇਸ਼ ਦੇ ਲੋਕ ਖ਼ੁਦ ਦੇਖਣ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਗਿਆਨੇਸ਼ ਕੁਮਾਰ ਨੂੰ ਬਚਾਉਣ ਲਈ ਕਿਸ ਹੱਦ ਤੱਕ ਜਾ ਰਹੀ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਪੁਲੀਸ ਮੁਲਾਜ਼ਮ ਵੀ ਅੰਦਰੋਂ ਇਸ ਸਥਿਤੀ ਤੋਂ ਪਰੇਸ਼ਾਨ ਹਨ ਅਤੇ ਸਵਾਲ ਚੁੱਕ ਰਹੇ ਹਨ ਕਿ ਉਨ੍ਹਾਂ ਨੂੰ ਨੌਜਵਾਨ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕਰਨ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ।
ਵੋਟ ਚੋਰੀ ਦੇ ਗੰਭੀਰ ਦੋਸ਼ਾਂ ਅਤੇ ਮੁੱਖ ਚੋਣ ਕਮਿਸ਼ਨਰ (CEC) ਦੀ ਕਾਰਜਪ੍ਰਣਾਲੀ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਿਆਸੀ ਤਾਪਮਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਕਾਂਗਰਸ ਸਮੇਤ ‘ਇੰਡੀਆ’ ਬਲਾਕ ਵਿੱਚ ਸ਼ਾਮਲ ਸਮੁੱਚੀਆਂ ਵਿਰੋਧੀ ਪਾਰਟੀਆਂ ਅੱਜ ਦੇਸ਼ ਦੀ ਸਰਵਉੱਚ ਅਦਾਲਤ ਯਾਨੀ ਸੁਪਰੀਮ ਕੋਰਟ ਤੱਕ ਵਿਸ਼ਾਲ ਰੋਸ ਮਾਰਚ ਕੱਢ ਰਹੀਆਂ ਹਨ। ਇਸ ਪ੍ਰਦਰਸ਼ਨ ਨੂੰ ਕਾਂਗਰਸ ਪਾਰਟੀ ਵੱਲੋਂ ‘ਚਲੋ ਦਿੱਲੀ-ਮਾਰਚ ਫ਼ਾਰ ਡੈਮੋਕਰੇਸੀ’ ਦਾ ਨਾਂ ਦਿੱਤਾ ਗਿਆ ਹੈ। ਤੈਅ ਪ੍ਰੋਗਰਾਮ ਮੁਤਾਬਕ ਵਿਰੋਧੀ ਧਿਰ ਦੇ ਸਾਰੇ ਪ੍ਰਮੁੱਖ ਨੇਤਾ ਦੁਪਹਿਰ 1:30 ਵਜੇ ਕਨਾਟ ਪਲੇਸ-ਬਾਰਾਖੰਭਾ ਰੋਡ ਜੰਕਸ਼ਨ 'ਤੇ ਇਕੱਠੇ ਹੋਣਗੇ ਅਤੇ ਉੱਥੋਂ ਮਾਰਚ ਦੀ ਸ਼ੁਰੂਆਤ ਕਰਨਗੇ।
ਇਸ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਰਣਨੀਤਕ ਤੌਰ ’ਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਭਾਰਤ ਦੇ ਮੁੱਖ ਜੱਜ (CJI) ਸੂਰਜ ਕਾਂਤ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਨੂੰ ਇਸ ਮਾਮਲੇ ਸੰਬੰਧੀ ਮੰਗ ਪੱਤਰ ਸੌਂਪਣ ਲਈ ਸਮਾਂ ਮੰਗਿਆ ਸੀ। ਹਾਲਾਂਕਿ, ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੀ.ਜੇ.ਆਈ. ਨੇ ਰਾਹੁਲ ਗਾਂਧੀ ਅਤੇ ਖੜਗੇ ਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਦਾਲਤੀ ਹਲਕਿਆਂ ਦਾ ਤਰਕ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਨਿਆਇਕ ਪੱਖ ਤਹਿਤ ਵਿਚਾਰ ਅਧੀਨ ਹਨ, ਜਿਸ ਕਾਰਨ ਇਹ ਮੁਲਾਕਾਤ ਸੰਭਵ ਨਹੀਂ ਹੋ ਸਕੀ।
ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਜੋੜੀ ਪੂਰੀ ਤਰ੍ਹਾਂ ਘਬਰਾਹਟ ਵਿੱਚ ਹੈ: ਜੈਰਾਮ ਰਮੇਸ਼
October 12, 2026 3:10 pm
ਨਵੀਂ ਦਿੱਲੀ: ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ, "ਇਤਿਹਾਸਕ ਜੰਤਰ-ਮੰਤਰ ਨੂੰ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਵਿੱਚੋਂ ਹਟਾਉਣਾ ਇਸ ਗੱਲ ਦਾ ਸਪਸ਼ਟ ਸਬੂਤ ਹੈ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਜੋੜੀ ਪੂਰੀ ਤਰ੍ਹਾਂ ਘਬਰਾਹਟ ਵਿੱਚ ਹੈ। ਹੁਣ ਇਹ ਉਹ ਥਾਂ ਨਹੀਂ ਰਹੇਗੀ ਜਿੱਥੋਂ ਸਾਡੇ ਲੋਕਤੰਤਰ ਨੂੰ ਰੋਜ਼ਾਨਾ ਨਵੀਂ ਊਰਜਾ ਮਿਲਦੀ ਸੀ। ਇਹ ਜੋੜੀ ਚਾਰੇ ਪਾਸਿਓਂ ਘਿਰ ਚੁੱਕੀ ਹੈ ਅਤੇ ਅਸੀਂ ਪਿਛਲੇ ਕੁਝ ਦਿਨਾਂ ਵਿੱਚ ਦੇਖਿਆ ਹੈ ਕਿ ਉਨ੍ਹਾਂ ਨੇ ਸ਼ਾਂਤਮਈ ਜਨਤਕ ਪ੍ਰਦਰਸ਼ਨਾਂ ਨੂੰ ਕਿੰਨੀ ਬੇਰਹਿਮੀ ਨਾਲ ਦਬਾਇਆ ਹੈ। ਉਨ੍ਹਾਂ ਲਈ ਲੋਕਤੰਤਰ (ਡੈਮੋਕਰੇਸੀ) ਦਾ ਕੋਈ ਮੁੱਲ ਨਹੀਂ ਰਿਹਾ, ਇਹ ਸਾਰਾ ਮਾਮਲਾ ਸਿਰਫ਼ ‘ਡੈਮੋਕੁਰਸੀ’ (ਸੱਤਾ ਤੇ ਕੁਰਸੀ ਬਚਾਉਣ) ਦਾ ਹੈ।" ਟ੍ਰਿਬਿਊਨ ਨਿਊਜ਼ ਸਰਵਿਸ
ਅਸੀਂ ਲੰਮੀ ਲੜਾਈ ਲਈ ਤਿਆਰ ਹਾਂ: ਜੈਰਾਮ ਰਮੇਸ਼
October 12, 2026 3:10 pm
ਨਵੀਂ ਦਿੱਲੀ: ਕਾਂਗਰਸ ਦੇ ਰਾਜ ਸਭਾ ਮੈਂਬਰ ਜੈਰਾਮ ਰਮੇਸ਼ ਨੇ ਕਿਹਾ, "ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅੱਜ ਦੀ ਪ੍ਰੈੱਸ ਕਾਨਫਰੰਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਕਾਂਗਰਸ ਭਾਰਤ ਦੇ ਸੰਵਿਧਾਨ ਦੀ ਰਾਖੀ ਲਈ ਵਚਨਬੱਧ ਹੈ। ਇਹ ਲੜਾਈ ਕੋਈ ਇੱਕ ਜਾਂ ਦੋ ਦਿਨਾਂ ਦੀ ਨਹੀਂ, ਸਗੋਂ ਇੱਕ ਲੰਮਾ ਸੰਘਰਸ਼ ਹੈ ਜਿਸ ਲਈ ਦ੍ਰਿੜ੍ਹਤਾ ਦੀ ਲੋੜ ਪਵੇਗੀ। ਅਸੀਂ ਇਹ ਸੰਘਰਸ਼ ਹਰ ਪੱਧਰ ’ਤੇ ਲੜ ਰਹੇ ਹਾਂ ਤਾਂ ਜੋ ਆਪਣੇ ਲੋਕਤੰਤਰ ਨੂੰ ਇਸ 'ਜੋੜੀ’ ਦੇ ਨਾਪਾਕ ਇਰਾਦਿਆਂ ਤੋਂ ਬਚਾਇਆ ਜਾ ਸਕੇ। ਅੱਜ ਦਾ ਮਾਰਚ ਸੁਪਰੀਮ ਕੋਰਟ ਵੱਲ ਹੈ, ਜਿਸ ਨੂੰ ਸੰਵਿਧਾਨ ਦੇ ਰੱਖਿਅਕ ਵਜੋਂ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।" ਟ੍ਰਿਬਿਊਨ ਨਿਊਜ਼ ਸਰਵਿਸ
ਇਹ ਲੜਾਈ ਸੱਚ, ਨਿਆਂ ਅਤੇ ਸੰਵਿਧਾਨ ਨੂੰ ਬਚਾਉਣ ਦੀ ਹੈ: ਰਣਦੀਪ ਸੁਰਜੇਵਾਲਾ
October 12, 2026 3:10 pm
ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਰਣਦੀਪ ਸੁਰਜੇਵਾਲਾ ਨੇ ਕਿਹਾ, "ਇਹ ਲੜਾਈ ਸੱਚ, ਨਿਆਂ ਅਤੇ ਸੰਵਿਧਾਨ ਨੂੰ ਬਚਾਉਣ ਦੀ ਹੈ।" ਦੂਜੇ ਪਾਸੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਨੇ ਕਿਹਾ ਕਿ ‘ਵੋਟ ਚੋਰੀ’ ਅਤੇ ਗਿਆਨੇਸ਼ ਕੁਮਾਰ ਦੀ ਭੂਮਿਕਾ ’ਤੇ ਉੱਠ ਰਹੇ ਸਵਾਲ ਦੇਸ਼ ਦੀਆਂ ਜਮਹੂਰੀ ਕਦਰਾਂ-ਕੀਮਤਾਂ ਅਤੇ ਭਵਿੱਖ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ, "ਚੋਣ ਕਮਿਸ਼ਨ ਦੀ ਨਿਰਪੱਖਤਾ ਅਤੇ ਖ਼ੁਦਮੁਖ਼ਤਿਆਰੀ ’ਤੇ ਲੱਗ ਰਹੇ ਗੰਭੀਰ ਦੋਸ਼ਾਂ ਤੇ ਉੱਠ ਰਹੇ ਸਵਾਲਾਂ ਦੇ ਜਵਾਬ ਪੂਰੀ ਪਾਰਦਰਸ਼ਤਾ ਨਾਲ ਦਿੱਤੇ ਜਾਣੇ ਚਾਹੀਦੇ ਹਨ। ਗਿਆਨੇਸ਼ ਕੁਮਾਰ ਅਤੇ ਚੋਣ ਕਮਿਸ਼ਨ ਦੀ ਆਜ਼ਾਦੀ ਬਾਰੇ ਉੱਠ ਰਹੇ ਸਵਾਲਾਂ ’ਤੇ ਰਾਹੁਲ ਗਾਂਧੀ ਜੀ ਤੇ ਕਾਂਗਰਸ ਵੱਲੋਂ ਮੋਦੀ-ਸ਼ਾਹ ਨੂੰ ਸਪਸ਼ਟ ਜਵਾਬ ਦਿੱਤਾ ਜਾਣਾ ਜ਼ਰੂਰੀ ਹੈ। ਆਖ਼ਰ ਦਿੱਲੀ ਨੂੰ ਛਾਉਣੀ ਵਿੱਚ ਕਿਉਂ ਤਬਦੀਲ ਕੀਤਾ ਜਾ ਰਿਹਾ ਹੈ?" ਟ੍ਰਿਬਿਊਨ ਨਿਊਜ਼ ਸਰਵਿਸ
‘ਚਲੋ ਦਿੱਲੀ’ ਮਾਰਚ: ਬਾਰਾਖੰਭਾ ਰੋਡ ’ਤੇ ਇਕੱਠੇ ਹੋਏ ਕਾਂਗਰਸ ਤੇ ‘ਇੰਡੀਆ’ ਗਠਜੋੜ ਦੇ ਹਜ਼ਾਰਾਂ ਵਰਕਰ
October 12, 2026 1:54 pm
ਸੁਪਰੀਮ ਕੋਰਟ ਵੱਲ ਕੂਚ ਕਰਨ ਲਈ ਉਲੀਕੇ ਗਏ ‘ਚਲੋ ਦਿੱਲੀ’ ਮਾਰਚ ਦੇ ਮੱਦੇਨਜ਼ਰ ਰਾਜਧਾਨੀ ਦੇ ਬਾਰਾਖੰਭਾ ਰੋਡ ’ਤੇ ਕਾਂਗਰਸ ਅਤੇ ‘ਇੰਡੀਆ’ (INDIA) ਗਠਜੋੜ ਦੇ ਹਜ਼ਾਰਾਂ ਵਰਕਰ ਅਤੇ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਇਲਾਕੇ ਵਿੱਚ ਬਣਾਏ ਗਏ ਕੜੇ ਸੁਰੱਖਿਆ ਪ੍ਰਬੰਧਾਂ ਅਤੇ ਭਾਰੀ ਪੁਲੀਸ ਬਲ ਦੀ ਤੈਨਾਤੀ ਦੇ ਬਾਵਜੂਦ ਪ੍ਰਦਰਸ਼ਨਕਾਰੀ ਵੱਡੀ ਗਿਣਤੀ ਵਿੱਚ ਮੌਕੇ ’ਤੇ ਡਟੇ ਹੋਏ ਹਨ।
ਦਿੱਲੀ ਪੁਲੀਸ ਦਾ ਵੱਡਾ ਫ਼ੈਸਲਾ: ਜੰਤਰ-ਮੰਤਰ ’ਤੇ ਧਰਨੇ-ਪ੍ਰਦਰਸ਼ਨਾਂ ’ਤੇ ਲੱਗੀ ਰੋਕ
October 12, 2026 1:28 pm
ਦਿੱਲੀ ਪੁਲੀਸ ਕਮਿਸ਼ਨਰ ਵੱਲੋਂ ਰਾਜਧਾਨੀ ਵਿੱਚ ਵਿਰੋਧ ਪ੍ਰਦਰਸ਼ਨਾਂ ਅਤੇ ਧਰਨਿਆਂ ਨੂੰ ਲੈ ਕੇ ਇੱਕ ਵੱਡਾ ਆਦੇਸ਼ ਜਾਰੀ ਕੀਤਾ ਗਿਆ ਹੈ। ਦਿੱਲੀ ਪੁਲੀਸ ਨੇ ਇਤਿਹਾਸਕ ਪ੍ਰਦਰਸ਼ਨ ਸਥਾਨ ‘ਜੰਤਰ-ਮੰਤਰ’ ਦੀ ਅਧਿਕਾਰਤ ਪ੍ਰਦਰਸ਼ਨ ਸਥਾਨ (designated protest site) ਵਜੋਂ ਮਾਨਤਾ ਰੱਦ (de-notify) ਕਰ ਦਿੱਤੀ ਹੈ। 11 ਅਕਤੂਬਰ ਦੇ ਮਿਤੀ ਵਾਲੇ ਇਸ ਸਰਕਾਰੀ ਹੁਕਮ ਅਨੁਸਾਰ, ਹੁਣ ਦਿੱਲੀ ਵਿੱਚ ਕਿਸੇ ਵੀ ਤਰ੍ਹਾਂ ਦੇ ਰੋਸ ਪ੍ਰਦਰਸ਼ਨ, ਧਰਨੇ ਜਾਂ ਰੈਲੀਆਂ ਲਈ ਤਿੰਨ ਨਵੇਂ ਸਥਾਨ ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ਨਵੇਂ ਪ੍ਰਦਰਸ਼ਨ ਸਥਾਨਾਂ ਵਿੱਚ ਰਾਮਲੀਲਾ ਮੈਦਾਨ, ਬੁਰਾੜੀ ਮੈਦਾਨ ਅਤੇ ਸੀ.ਬੀ.ਡੀ. (CBD) ਗਰਾਊਂਡ ਸ਼ਾਮਲ ਹਨ।
‘ਦਿੱਲੀ ਨੂੰ ਬਣਾਇਆ ਜੇਲ੍ਹ’, ‘ਚਲੋ ਦਿੱਲੀ’ ਮਾਰਚ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਕੇਂਦਰ ’ਤੇ ਹਮਲਾ
October 12, 2026 12:48 pm
‘ਚਲੋ ਦਿੱਲੀ- ਮਾਰਚ ਫ਼ਾਰ ਡੈਮੋਕਰੇਸੀ’ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਕੀਤੀ ਗਈ ਕਥਿਤ ‘ਵੋਟ ਚੋਰੀ’ ਖ਼ਿਲਾਫ਼ ਜਨਤਕ ਅੰਦੋਲਨ ਮਜ਼ਬੂਤ ਹੋ ਰਿਹਾ ਹੈ, ਜਿਸ ਤੋਂ ਘਬਰਾ ਕੇ ਸਰਕਾਰ ਨੇ ਰਾਜਧਾਨੀ ਨੂੰ ਇੱਕ ਜੇਲ੍ਹ ਅਤੇ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਹੈ। ਰਾਹੁਲ ਨੇ ਸਵਾਲ ਉਠਾਇਆ ਕਿ 20,000 ਤੋਂ 30,000 ਪੁਲੀਸ ਜਵਾਨਾਂ ਦੀ ਤੈਨਾਤੀ ਕਰਕੇ ਬੱਸਾਂ ਤੇ ਰੇਲਗੱਡੀਆਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਚਾਹੁੰਦੀ ਹੈ ਕਿ ਦੇਸ਼ ਦੇ ਲੋਕ ਖ਼ੁਦ ਦੇਖਣ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਗਿਆਨੇਸ਼ ਕੁਮਾਰ ਨੂੰ ਬਚਾਉਣ ਲਈ ਕਿਸ ਹੱਦ ਤੱਕ ਜਾ ਰਹੀ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਪੁਲੀਸ ਮੁਲਾਜ਼ਮ ਵੀ ਅੰਦਰੋਂ ਇਸ ਸਥਿਤੀ ਤੋਂ ਪਰੇਸ਼ਾਨ ਹਨ ਅਤੇ ਸਵਾਲ ਚੁੱਕ ਰਹੇ ਹਨ ਕਿ ਉਨ੍ਹਾਂ ਨੂੰ ਨੌਜਵਾਨ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕਰਨ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ।
‘ਚਲੋ ਦਿੱਲੀ’ ਮਾਰਚ ਤੋਂ ਪਹਿਲਾਂ ਯੂਥ ਕਾਂਗਰਸ ਦੀ RSS ਤੇ ਬਜਰੰਗ ਦਲ ਨੂੰ ਮਿਲਣ ਦੀ ਚੁਣੌਤੀ
October 12, 2026 11:42 am
‘ਚਲੋ ਦਿੱਲੀ’ ਮਾਰਚ ਤੋਂ ਪਹਿਲਾਂ ਇੰਡੀਅਨ ਯੂਥ ਕਾਂਗਰਸ (IYC) ਨੇ ਕੌਮੀ ਸੋਇਮਸੇਵਕ ਸੰਘ (RSS) ਅਤੇ ਬਜਰੰਗ ਦਲ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਨੂੰ ਦਿੱਲੀ ਦੇ ਕਨਾਟ ਪਲੇਸ (CP) ਵਿਖੇ ਸਾਹਮਣੇ ਆਉਣ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਪਿਛਲੇ ਦੋ ਦਿਨਾਂ ਤੋਂ ਪ੍ਰਦਰਸ਼ਨਕਾਰੀਆਂ, ਬੱਚਿਆਂ, ਔਰਤਾਂ ਅਤੇ ਸੁਤੰਤਰ ਪੱਤਰਕਾਰਾਂ ’ਤੇ ਪੁਲੀਸ ਦੀ ਛਤਰ-ਛਾਇਆ ਹੇਠ ਹੋ ਰਹੇ ਕਥਿਤ ਹਮਲਿਆਂ ਦਾ ਵਿਰੋਧ ਕਰਦਿਆਂ ਯੂਥ ਕਾਂਗਰਸ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ, “ਅੱਜ ਹਵੇਲੀ ’ਤੇ ਨਹੀਂ, ਕਨਾਟ ਪਲੇਸ ਵਿਖੇ ਸਾਹਮਣੇ ਆਓ, ਅਸੀਂ ਤੁਹਾਡਾ ਜ਼ੋਰਦਾਰ ਸਵਾਗਤ ਕਰਾਂਗੇ।” ਇਸ ਦੇ ਨਾਲ ਹੀ ਸੰਗਠਨ ਨੇ ਤਨਜ਼ ਕੱਸਦਿਆਂ ਕਿਹਾ ਕਿ ਜਿਹੜੇ ਮੈਦਾਨ ਛੱਡ ਕੇ ਭੱਜਣਗੇ ਜਾਂ ਨਹੀਂ ਆਉਣਗੇ, ਉਨ੍ਹਾਂ ਨੂੰ ‘ਸਾਵਰਕਰ’ ਕਿਹਾ ਜਾਵੇਗਾ।
CEC ਦੇ ਅਸਤੀਫ਼ੇ ਦੀ ਮੰਗ ਨਾਲ (ਹੱਦੀਬੰਦੀ) Delimitation ਬਿੱਲਾਂ ਦਾ ਮੁੱਦਾ ਉਭਾਰਿਆ: ਕਾਂਗਰਸ
October 12, 2026 10:45 am
ਕਾਂਗਰਸ ਪਾਰਟੀ ਨੇ ਸੋਮਵਾਰ ਨੂੰ ਮੌਨਸੂਨ ਸੈਸ਼ਨ ਅਣਮਿੱਥੇ ਸਮੇਂ ਲਈ ਖ਼ਤਮ (ਸਾਈਨ ਡਾਈ) ਹੋਣ ਤੋਂ ਬਾਅਦ ਸੰਸਦ ਨੂੰ ਰਸਮੀ ਤੌਰ ’ਤੇ ਖ਼ਤਮ ਕਰਨ ਵਿੱਚ ਹੋਈ ਦੇਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਨਾਕਾਮੀ ਨਾਲ ਜੋੜਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਹੈ ਕਿ ਸਰਕਾਰ ਆਪਣੇ ਪ੍ਰਸਤਾਵਿਤ ਹੱਦੀਬੰਦੀ ਬਿੱਲਾਂ ਨੂੰ ਪਾਸ ਕਰਵਾਉਣ ਲਈ ਲੋੜੀਂਦਾ ਬਹੁਮਤ ਜੁਟਾਉਣ ਵਿੱਚ ਅਸਫ਼ਲ ਰਹੀ ਹੈ, ਕਿਉਂਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਏਕਤਾ ਨੇ ਕੇਂਦਰ ਦੀਆਂ ਯੋਜਨਾਵਾਂ ਨੂੰ ਅਸਫ਼ਲ ਕਰ ਦਿੱਤਾ ਹੈ।
ਮਾਰਚ ਤੋਂ ਪਹਿਲਾਂ ਰਾਹੁਲ ਗਾਂਧੀ 11:30 ਵਜੇ ਕਰਨਗੇ ਪ੍ਰੈੱਸ ਕਾਨਫ਼ਰੰਸ
October 12, 2026 10:33 am
‘ਚਲੋ ਦਿੱਲੀ-ਮਾਰਚ ਫ਼ਾਰ ਡੈਮੋਕਰੇਸੀ’ ਤਹਿਤ ਬਾਰਾਖੰਭਾ ਰੋਡ ਤੋਂ ਸੁਪਰੀਮ ਕੋਰਟ ਤੱਕ ਕੱਢੇ ਜਾਣ ਵਾਲੇ ਵਿਰੋਧੀ ਧਿਰ ਦੇ ਵਿਸ਼ਾਲ ਪ੍ਰਦਰਸ਼ਨ ਤੋਂ ਪਹਿਲਾਂ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਸਵੇਰੇ 11:30 ਵਜੇ ਰਾਜਧਾਨੀ ਦੇ ਇੰਦਰਾ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ, ਵੋਟਾਂ ਵਿੱਚ ਕਥਿਤ ਧਾਂਦਲੀ ਅਤੇ ਸੁਪਰੀਮ ਕੋਰਟ ਮਾਰਚ ਦੇ ਮੁੱਦੇ ’ਤੇ ਆਪਣਾ ਅਤੇ ਵਿਰੋਧੀ ਧਿਰ ਦਾ ਪੱਖ ਮੀਡੀਆ ਸਾਹਮਣੇ ਰੱਖਣਗੇ।
ਸਵੇਰੇ 6 ਤੋਂ ਸ਼ਾਮ 4 ਵਜੇ ਤੱਕ 6 ਮੈਟਰੋ ਸਟੇਸ਼ਨਾਂ ’ਤੇ ਐਂਟਰੀ ਅਤੇ ਐਗਜ਼ਿਟ ਬੰਦ
October 12, 2026 8:49 am
ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਦੇ ਚੱਲਦਿਆਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਰਾਜੀਵ ਚੌਂਕ, ਸੈਂਟਰਲ ਸੈਕਰੇਟਰੀਏਟ, ਪਟੇਲ ਚੌਂਕ, ਮੰਡੀ ਹਾਊਸ, ਜਨਪਥ ਅਤੇ ਬਾਰਾਖੰਭਾ ਰੋਡ ਸਮੇਤ ਕੁੱਲ 6 ਪ੍ਰਮੁੱਖ ਮੈਟਰੋ ਸਟੇਸ਼ਨਾਂ ਉੱਤੇ ਆਉਣ-ਜਾਣ (ਐਂਟਰੀ ਅਤੇ ਐਗਜ਼ਿਟ) ਦੇ ਦਰਵਾਜ਼ੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਪ੍ਰਭਾਵਿਤ ਸਟੇਸ਼ਨਾਂ ’ਤੇ ਯਾਤਰੀਆਂ ਲਈ ਮੈਟਰੋ ਬਦਲਣ (ਇੰਟਰਚੇਂਜ) ਦੀ ਸੁਵਿਧਾ ਪਹਿਲਾਂ ਵਾਂਗ ਹੀ ਜਾਰੀ ਰਹੇਗੀ।
ਦਿੱਲੀ ’ਚ ਟਰੈਫ਼ਿਕ ਅਲਰਟ: ਕਈ ਮੁੱਖ ਮਾਰਗਾਂ ’ਤੇ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ
October 12, 2026 8:45 am
ਵਿਰੋਧੀ ਧਿਰ ਦੇ ਮਾਰਚ ਨੂੰ ਦੇਖਦਿਆਂ ਦਿੱਲੀ ਟਰੈਫ਼ਿਕ ਪੁਲੀਸ ਨੇ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਤਹਿਤ ਸਵੇਰੇ 6 ਵਜੇ ਤੋਂ ਸ਼ਹਿਰ ਦੇ ਕਈ ਮੁੱਖ ਰਸਤਿ।ਆਂ ’ਤੇ ਟਰੈਫ਼ਿਕ ਦਾ ਰੂਟ ਬਦਲਿਆ (ਡਾਇਵਰਸ਼ਨ) ਗਿਆ ਹੈ। ਇਸ ਕਾਰਨ ਸ਼ੰਕਰ ਰੋਡ-ਵੰਦੇ ਮਾਤਰਮ ਟੀ-ਪੁਆਇੰਟ, ਧੌਲਾ ਕੂਆਂ ਫਲਾਈਓਵਰ, ਝੰਡੇਵਾਲਾਨ ਗੋਲਚੱਕਰ, ਮੰਡੀ ਹਾਊਸ, ਕਨਾਟ ਪਲੇਸ, ਸੰਸਦ ਮਾਰਗ, ਪਟੇਲ ਚੌਕ ਅਤੇ ਅਸ਼ੋਕ ਰੋਡ ਸਮੇਤ ਕਈ ਪ੍ਰਮੁੱਖ ਇਲਾਕਿਆਂ ਵਿੱਚ ਆਵਾਜਾਈ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਪੁਸ ਨੇ ਨਵੀਂ ਦਿੱਲੀ ਅਤੇ ਸੈਂਟਰਲ ਦਿੱਲੀ ਤੋਂ ਰੇਲਵੇ ਸਟੇਸ਼ਨ, ਆਈ.ਐੱਸ.ਬੀ.ਟੀ. (ISBT) ਜਾਂ ਹਵਾਈ ਅੱਡੇ ਵੱਲ ਜਾਣ ਵਾਲੇ ਯਾਤਰੀਆਂ ਨੂੰ ਵਾਧੂ ਸਮਾਂ ਲੈ ਕੇ ਨਿਕਲਣ ਅਤੇ ਗੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਟਰੈਫ਼ਿਕ ਪੁਲੀਸ ਅਨੁਸਾਰ, ਮੌਕੇ ਦੇ ਹਾਲਾਤ ਨੂੰ ਦੇਖਦੇ ਹੋਏ ਟਰੈਫ਼ਿਕ ਵਿਵਸਥਾ ਵਿੱਚ ਹੋਰ ਫੇਰਬਦਲ ਵੀ ਕੀਤਾ ਜਾ ਸਕਦਾ ਹੈ