ਚਰਨਜੀਤ ਭੁੱਲਰ /ਆਤਿਸ਼ ਗੁਪਤਾ
Punjab Budget Session: ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ ਦੀ ਕਾਰਵਾਈ ਤੀਜੇ ਦਿਨ ਬਹਿਸ ਹੋਈ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਅੱਜ ਰਾਜਪਾਲ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਉੱਪਰ ਬਹਿਸ ਦਾ ਆਗਾਜ਼ ਹੋਇਆ। ਆਮ ਆਦਮੀ ਪਾਰਟੀ ਦੀ ਸੀਨੀਅਰ ਵਿਧਾਇਕਾ ਬਲਜਿੰਦਰ ਕੌਰ ਨੇ ਬਹਿਸ ਦੀ ਸ਼ੁਰੂਆਤ ਕਰਦਿਆਂ ਮੌਜੂਦਾ ਸਰਕਾਰ ਦੀਆਂ ਪ੍ਰਾਪਤੀਆਂ ਦੇ ਵੇਰਵੇ ਸਦਨ ਨਾਲ ਸਾਂਝੇ ਕੀਤੇ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਸਿੱਖਿਆ, ਸਿਹਤ ਅਤੇ ਬਿਜਲੀ ਵਰਗੇ ਖੇਤਰਾਂ ਵਿੱਚ ਸਰਕਾਰ ਵੱਲੋਂ ਕੀਤੇ ਗਏ ਕੰਮਾਂ ’ਤੇ ਜ਼ੋਰ ਦਿੰਦਿਆਂ ਸਰਕਾਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦ ਮਤੇ ਦੀ ਬਹਿਸ ਦੌਰਾਨ ਅੱਜ ਜ਼ੋਰਦਾਰ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਪੰਜਾਬ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਾਰੰਟੀਆਂ ਦੀ ਯਾਦ ਦਿਵਾਈ। ਉਨ੍ਹਾਂ ਮੰਗ ਕੀਤੀ ਕਿ ਬੇਅਦਬੀ ਮਾਮਲਿਆਂ ਵਿੱਚ ਸਖ਼ਤ ਸਜ਼ਾਵਾਂ ਦੀ ਵਿਵਸਥਾ ਕਰਨ ਲਈ ਬਣੀ ਵਿਧਾਨ ਸਭਾ ਕਮੇਟੀ ਦੀ ਰਿਪੋਰਟ ’ਤੇ ਤੁਰੰਤ ਚਰਚਾ ਕਰਵਾਈ ਜਾਵੇ। ਬਾਜਵਾ ਨੇ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਵਿੱਚ ਹੁਣ ਨਾ ਤਾਂ ਲੋਕਾਂ ਦੀਆਂ ਜ਼ਿੰਦਗੀਆਂ ਸੁਰੱਖਿਅਤ ਹਨ ਅਤੇ ਨਾ ਹੀ ਕਾਰੋਬਾਰ ਮਹਿਫੂਜ਼ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਸ਼ਿਆਂ ਦੇ ਵਧਦੇ ਪ੍ਰਕੋਪ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਚੁੱਕਿਆ।
ਜ਼ਿਕਰਯੋਗ ਹੈ ਕਿ ਸਦਨ ਵਿੱਚ ਮਾਹੌਲ ਉਸ ਸਮੇਂ ਤਲਖ਼ ਹੋ ਗਿਆ ਸੀ, ਜਦੋਂ ਪ੍ਰਤਾਪ ਬਾਜਵਾ ਨੇ ਬੋਲਣ ਲਈ ਵਾਧੂ ਸਮੇਂ ਦੀ ਮੰਗ ਕੀਤੀ। ਸਪੀਕਰ ਵੱਲੋਂ ਸਮਾਂ ਦੇਣ ਤੋਂ ਇਨਕਾਰ ਕਰਨ ’ਤੇ ਕਾਂਗਰਸੀ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਅੱਗੇ ਆ ਕੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬੋਲਣ ਲਈ ਲੋੜੀਂਦਾ ਸਮਾਂ ਨਾ ਮਿਲਣ ਦੇ ਰੋਸ ਵਜੋਂ ਕਾਂਗਰਸੀ ਵਿਧਾਇਕ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਸਦਨ ਵਿੱਚੋਂ ਵਾਕਆਊਟ ਕਰ ਗਏ।
Punjab Budget Session Live: ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤੱਕ 5 ਕਰੋੜ ਤੋਂ ਵੱਧ ਲੋਕਾਂ ਨੇ ਕਰਵਾਇਆ ਇਲਾਜ: ਮੁੱਖ ਮੰਤਰੀ ਮਾਨ
March 9, 2026 2:05 pm
Punjab Budget Session Live: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਿਹਤ ਢਾਂਚੇ ਵਿੱਚ ਹੋਏ ਸੁਧਾਰਾਂ ਬਾਰੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਹੁਣ ਤੱਕ ਆਮ ਆਦਮੀ ਕਲੀਨਿਕਾਂ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 5 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਸੂਬੇ ਦੇ ਆਮ ਲੋਕਾਂ ਨੂੰ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮੀਲ ਦਾ ਪੱਥਰ ਸਾਬਤ ਹੋ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦਾ ਇਨ੍ਹਾਂ ਕਲੀਨਿਕਾਂ ’ਤੇ ਵਧ ਰਿਹਾ ਭਰੋਸਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਸਹੀ ਦਿਸ਼ਾ ਵੱਲ ਕੰਮ ਕਰ ਰਹੀ ਹੈ ਅਤੇ ਸਿਹਤ ਸੇਵਾਵਾਂ ਹੁਣ ਆਮ ਆਦਮੀ ਦੀ ਪਹੁੰਚ ਵਿੱਚ ਹਨ।
Punjab Budget Session Live: ਕਾਂਗਰਸ ਨੇ 2017-22 ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ: ਅਮਨ ਅਰੋੜਾ
March 9, 2026 12:53 pm
![]()
Punjab Budget Session Live: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਅਰੋੜਾ ਨੇ ਕਿਹਾ ਕਿ ਸਾਲ 2017 ਤੋਂ 2022 ਤੱਕ ਸੱਤਾ ਵਿੱਚ ਰਹੀ ਕਾਂਗਰਸ ਸਰਕਾਰ ਨੇ ਜਨਤਾ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਸੀ, ਜਦੋਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਹਿਜ਼ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਆਪਣੀਆਂ ਲਗਭਗ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਸਰਕਾਰ ਦੀ ਚਾਰ ਸਾਲਾਂ ਦੀ ਬਿਹਤਰੀਨ ਕਾਰਗੁਜ਼ਾਰੀ ’ਤੇ ਚਰਚਾ ਕਰਨ ਤੋਂ ਭੱਜ ਰਹੀ ਹੈ। ਅਮਨ ਅਰੋੜਾ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਨੇ 2017 ਵਿੱਚ ‘ਘਰ-ਘਰ ਨੌਕਰੀ’ ਦੇਣ ਅਤੇ ਬੇਰੁਜ਼ਗਾਰਾਂ ਨੂੰ 2500 ਰੁਪਏ ਮਹੀਨਾ ਭੱਤਾ ਦੇਣ ਦਾ ਵਾਅਦਾ ਕੀਤਾ ਸੀ, ਜੋ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਿਹਾ।-ਆਤਿਸ਼ ਗੁਪਤਾ
Punjab Budget Session Live: ਮਨਪ੍ਰੀਤ ਇਯਾਲੀ ਨੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਦਾ ਚੁੱਕਿਆ ਮੁੱਦਾ
March 9, 2026 12:50 pm
Punjab Budget Session Live: ਪੰਜਾਬ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸਿੱਖ ਕੌਮ ਨਾਲ ਜੁੜੇ ਅਹਿਮ ਮਸਲਿਆਂ ਨੂੰ ਪ੍ਰਮੁੱਖਤਾ ਨਾਲ ਚੁੱਕਿਆ। ਇਯਾਲੀ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਪਿਛਲੇ 30 ਸਾਲਾਂ ਤੋਂ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਲਗਭਗ 26 ਬੰਦੀ ਸਿੰਘ ਅਜਿਹੇ ਹਨ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਤੇ ਹੁਣ ਮੁੱਖ ਧਾਰਾ ਵਿੱਚ ਪਰਤਣਾ ਚਾਹੁੰਦੇ ਹਨ, ਇਸ ਲਈ ਸਰਕਾਰ ਨੂੰ ਉਨ੍ਹਾਂ ਨੂੰ ਰਿਹਾਅ ਕਰਕੇ ਇੱਕ ਮੌਕਾ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਯਾਲੀ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦੀ ਜ਼ਮਾਨਤ ਦਾ ਵਿਰੋਧ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਮੌਜੂਦਾ ਹਾਲਾਤ ਵਿੱਚ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਜੋ ਕਿ ਸੂਬੇ ਦੇ ਭਵਿੱਖ ਲਈ ਠੀਕ ਨਹੀਂ ਹੈ। ਬੇਅਦਬੀ ਦੇ ਮਾਮਲਿਆਂ ’ਤੇ ਬੋਲਦਿਆਂ ਉਨ੍ਹਾਂ ਮੰਗ ਕੀਤੀ ਕਿ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕਰਨ ਲਈ ਇਸੇ ਸੈਸ਼ਨ ਵਿੱਚ ਬਿੱਲ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ।- ਚਰਨਜੀਤ ਭੁੱਲਰ
Punjab Budget Session Live: ‘ਆਪ’ ਦੀ ਸਰਕਾਰ ਪੰਜਾਬ ਦੇ ਅਸਲ ਮੁੱਦਿਆਂ ਉੱਤੇ ਗੱਲ ਕਰਨ ਤੋਂ ਭੱਜ ਰਹੀ ਹੈ: ਬਾਜਵਾ
March 9, 2026 12:36 pm
![]()
Punjab Budget Session Live: ਪੰਜਾਬ ਵਿਧਾਨ ਸਭਾ ਵਿੱਚੋਂ ਵਾਕਆਊਟ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਮੁੱਚੇ ਕਾਂਗਰਸੀ ਵਿਧਾਇਕਾਂ ਸਮੇਤ ਸੂਬਾ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਜੁੜੇ ਬੁਨਿਆਦੀ ਮੁੱਦਿਆਂ ’ਤੇ ਚਰਚਾ ਕਰਨ ਤੋਂ ਕਤਰਾ ਰਹੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਜਦੋਂ ਵੀ ਕਾਂਗਰਸੀ ਵਿਧਾਇਕ ਸਦਨ ਵਿੱਚ ਜਨਤਕ ਮਸਲੇ ਉਠਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਸਰਕਾਰ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੰਦੀ ਅਤੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਮੁਲਾਜ਼ਮਾਂ ਅਤੇ ਕਿਸਾਨਾਂ ਦੇ ਮੁੱਦੇ ਚੁੱਕਦਿਆਂ ਕਿਹਾ ਕਿ ‘ਆਪ’ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਨ੍ਹਾਂ ਵਰਗਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਹੁਣ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ (OPS) ਅਤੇ ਡੀ.ਏ. (DA) ਦੇਣ ਦੀ ਬਜਾਏ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਬਾਜਵਾ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੀ ‘ਆਪ’ ਸਰਕਾਰ ਭਾਜਪਾ ਦੇ ਨਕਸ਼ੇ-ਕਦਮਾਂ ’ਤੇ ਚੱਲ ਰਹੀ ਹੈ ਅਤੇ ਗੁਜਰਾਤ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ 14 ਫੀਸਦੀ ਵੋਟਾਂ ਲੈ ਕੇ ਇਸ ਪਾਰਟੀ ਨੇ ਅਸਿੱਧੇ ਤੌਰ ’ਤੇ ਭਾਜਪਾ ਦੀ ਹੀ ਮਦਦ ਕੀਤੀ ਸੀ।-ਆਤਿਸ਼ ਗੁਪਤਾ
Punjab Budget Session Live: ਪੁਰਾਣੀ ਪੈਨਸ਼ਨ ਸਕੀਮ ਦੇ ਮੁੱਦੇ ’ਤੇ ਮੁੱਖ ਮੰਤਰੀ ਮਾਨ ਤੇ ਬਾਜਵਾ ਦਰਮਿਆਨ ਬਹਿਸ
March 9, 2026 12:22 pm
![]()
Punjab Budget Session Live: ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ ਦੀ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਜ਼ਬਰਦਸਤ ਸ਼ਬਦੀ ਜੰਗ ਦੇਖਣ ਨੂੰ ਮਿਲੀ। ਬਹਿਸ ਦੌਰਾਨ ਜਦੋਂ ਬਾਜਵਾ ਨੇ ਪੁਰਾਣੀ ਪੈਨਸ਼ਨ ਸਕੀਮ (OPS) ਦਾ ਮੁੱਦਾ ਚੁੱਕਿਆ, ਤਾਂ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਨੂੰ ਟੋਕਦਿਆਂ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉੱਥੇ ਵੀ ਅਜੇ ਤੱਕ ਇਹ ਸਕੀਮ ਲਾਗੂ ਨਹੀਂ ਹੋਈ। ਇਸ 'ਤੇ ਪ੍ਰਤਾਪ ਬਾਜਵਾ ਨੇ ਵਿਅੰਗ ਕਰਦਿਆਂ ਕਿਹਾ, “ ਗੱਲਬਾਤਾਂ ਵਿੱਚ ਤੁਹਾਡਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਤੁਹਾਡੇ ਵਰਗਾ ਵਿਦਵਾਨ ਤਾਂ ਪਿਛਲੇ 150 ਸਾਲਾਂ ਵਿੱਚ ਪੈਦਾ ਹੀ ਨਹੀਂ ਹੋਇਆ।” ਜਦੋਂ ਮੁੱਖ ਮੰਤਰੀ ਨੇ ਇਸ ਦਾ ਮੋੜਵਾਂ ਜਵਾਬ ਦਿੱਤਾ, ਤਾਂ ਬਾਜਵਾ ਨੇ ਖਿਝ ਕੇ ਕਿਹਾ, “ ਅਸੀਂ ਚਲੇ ਜਾਈਏ?” ਜਿਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਅੱਗੇ ਸਾਨੂੰ ਪੁੱਛ ਕੇ ਜਾਂਦੇ ਹੋ?”-ਚਰਨਜੀਤ ਭੁੱਲਰ
Punjab Budget Session Live: ਵਿਰੋਧੀ ਧਿਰ ਨੇ ਰਾਜਪਾਲ ਦਾ ਭਾਸ਼ਣ ਸੁਣਿਆ ਹੀ ਨਹੀਂ: ਅਮਨ ਅਰੋੜਾ
March 9, 2026 12:09 pm
Punjab Budget Session Live: ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦ ਮਤੇ ਦੀ ਬਹਿਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਰੋਧੀ ਧਿਰ ਕਾਂਗਰਸ ’ਤੇ ਤਿੱਖਾ ਹਮਲਾ ਕੀਤਾ। ਮੰਤਰੀ ਅਰੋੜਾ ਨੇ ਇਲਜ਼ਾਮ ਲਾਇਆ ਕਿ ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਨੂੰ ਧਿਆਨ ਨਾਲ ਸੁਣਿਆ ਹੀ ਨਹੀਂ ਹੈ, ਜਿਸ ਕਾਰਨ ਉਹ ਸਦਨ ਵਿੱਚ ਬਿਨਾਂ ਵਜ੍ਹਾ ਹੰਗਾਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕੋਲ ਸਰਕਾਰ ਦੀਆਂ ਪ੍ਰਾਪਤੀਆਂ ਦਾ ਕੋਈ ਜਵਾਬ ਨਹੀਂ ਹੈ, ਇਸ ਲਈ ਉਹ ਬਹਿਸ ਤੋਂ ਭੱਜਣ ਲਈ ਵਾਕਆਊਟ ਅਤੇ ਨਾਅਰੇਬਾਜ਼ੀ ਦਾ ਸਹਾਰਾ ਲੈ ਰਹੇ ਹਨ। ਅਮਨ ਅਰੋੜਾ ਨੇ ਸਦਨ ਵਿੱਚ ਕਾਂਗਰਸ ਦੇ ਵਤੀਰੇ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ।-ਚਰਨਜੀਤ ਭੁੱਲਰ
Punjab Budget Session Live:ਕਾਂਗਰਸ ਵੱਲੋਂ ਸਦਨ ’ਚੋਂ ਵਾਕਆਊਟ; ਪ੍ਰਤਾਪ ਬਾਜਵਾ ਨੇ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ
March 9, 2026 12:04 pm
Punjab Budget Session Live: ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦ ਮਤੇ ਦੀ ਬਹਿਸ ਦੌਰਾਨ ਅੱਜ ਜ਼ੋਰਦਾਰ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਪੰਜਾਬ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਾਰੰਟੀਆਂ ਦੀ ਯਾਦ ਦਿਵਾਈ। ਉਨ੍ਹਾਂ ਮੰਗ ਕੀਤੀ ਕਿ ਬੇਅਦਬੀ ਮਾਮਲਿਆਂ ਵਿੱਚ ਸਖ਼ਤ ਸਜ਼ਾਵਾਂ ਦੀ ਵਿਵਸਥਾ ਕਰਨ ਲਈ ਬਣੀ ਵਿਧਾਨ ਸਭਾ ਕਮੇਟੀ ਦੀ ਰਿਪੋਰਟ ’ਤੇ ਤੁਰੰਤ ਚਰਚਾ ਕਰਵਾਈ ਜਾਵੇ। ਬਾਜਵਾ ਨੇ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਵਿੱਚ ਹੁਣ ਨਾ ਤਾਂ ਲੋਕਾਂ ਦੀਆਂ ਜ਼ਿੰਦਗੀਆਂ ਸੁਰੱਖਿਅਤ ਹਨ ਅਤੇ ਨਾ ਹੀ ਕਾਰੋਬਾਰ ਮਹਿਫੂਜ਼ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਸ਼ਿਆਂ ਦੇ ਵਧਦੇ ਪ੍ਰਕੋਪ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਚੁੱਕਿਆ। ਸਦਨ ਵਿੱਚ ਮਾਹੌਲ ਉਸ ਸਮੇਂ ਤਲਖ਼ ਹੋ ਗਿਆ ਜਦੋਂ ਪ੍ਰਤਾਪ ਬਾਜਵਾ ਨੇ ਬੋਲਣ ਲਈ ਵਾਧੂ ਸਮੇਂ ਦੀ ਮੰਗ ਕੀਤੀ। ਸਪੀਕਰ ਵੱਲੋਂ ਸਮਾਂ ਦੇਣ ਤੋਂ ਇਨਕਾਰ ਕਰਨ ’ਤੇ ਕਾਂਗਰਸੀ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਅੱਗੇ ਆ ਕੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬੋਲਣ ਲਈ ਲੋੜੀਂਦਾ ਸਮਾਂ ਨਾ ਮਿਲਣ ਦੇ ਰੋਸ ਵਜੋਂ ਕਾਂਗਰਸੀ ਵਿਧਾਇਕ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਸਦਨ ਵਿੱਚੋਂ ਵਾਕਆਊਟ ਕਰ ਗਏ।-ਚਰਨਜੀਤ ਭੁੱਲਰ
Punjab Budget Session Live: ਰਾਜਪਾਲ ਦੇ ਭਾਸ਼ਣ ’ਤੇ ਬਹਿਸ ਸ਼ੁਰੂ
March 9, 2026 11:27 am
Punjab Budget Session Live: ਪੰਜਾਬ ਵਿਧਾਨ ਸਭਾ ਚ ਰਾਜਪਾਲ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ’ਤੇ ਬਹਿਸ ਸ਼ੁਰੂ । ਆਪ ਵਿਧਾਇਕਾ ਬਲਜਿੰਦਰ ਕੌਰ ਨੇ ਸ਼ੁਰੂਆਤ ਕਰਦਿਆਂ ਸਰਕਾਰ ਦੀਆਂ ਪ੍ਰਾਪਤੀਆਂ ਦੇ ਵੇਰਵੇ ਸਾਂਝੇ ਕੀਤੇ।- ਚਰਨਜੀਤ ਭੁੱਲਰ
Punjab Budget Session Live: ਰਾਏਕੋਟ ਵਿਖੇ 30 ਬਿਸਤਰਿਆਂ ਦਾ ਜੱਚਾ-ਬੱਚਾ ਹਸਪਤਾਲ ਤਿਆਰ: ਡਾ. ਬਲਬੀਰ ਸਿੰਘ
March 9, 2026 10:18 am
Punjab Budget Session Live: ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵਿਧਾਨ ਸਭਾ ਵਿੱਚ ਹਲਕਾ ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਰਾਏਕੋਟ ਵਿਖੇ 30 ਬਿਸਤਰਿਆਂ ਵਾਲੇ ਜੱਚਾ-ਬੱਚਾ ਹਸਪਤਾਲ ਦੀ ਇਮਾਰਤ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹਾਲਾਂਕਿ, ਫੰਡਾਂ ਦੀ ਘਾਟ ਕਾਰਨ ਏਸੀ, ਲਿਫਟ ਅਤੇ ਮਕੈਨੀਕਲ ਗੈਸ ਪਾਈਪ ਲਾਈਨ ਸਿਸਟਮ ਵਰਗੀਆਂ ਸਹੂਲਤਾਂ ਪਹਿਲਾਂ ਪ੍ਰੋਜੈਕਟ ਵਿੱਚ ਸ਼ਾਮਲ ਨਹੀਂ ਸਨ, ਪਰ ਹੁਣ ਸਰਕਾਰ ਨੇ ਇਸ ਲਈ 1 ਕਰੋੜ 36 ਲੱਖ ਰੁਪਏ ਦਾ ਅਨੁਮਾਨ ਤਿਆਰ ਕਰ ਲਿਆ ਹੈ। ਇਹ ਕੰਮ 1 ਅਪਰੈਲ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮੰਤਰੀ ਨੇ ਭਰੋਸਾ ਦਿੱਤਾ ਕਿ ਦੋਰਾਹਾ ਅਤੇ ਨਾਭਾ ਦੇ ਹਸਪਤਾਲਾਂ ਵਿੱਚ ਵੀ ਲਿਫਟ ਲਗਾਉਣ ਦਾ ਕੰਮ ਜਲਦ ਪੂਰਾ ਕੀਤਾ ਜਾਵੇਗਾ ਅਤੇ ਇਸ ਵਿੱਚ ਅਗਲੇ ਪੰਜ ਸਾਲਾਂ ਦੀ ਮੁਰੰਮਤ (Maintenance) ਦਾ ਖਰਚਾ ਵੀ ਸ਼ਾਮਲ ਹੋਵੇਗਾ।-ਆਤਿਸ਼ ਗੁਪਤਾ
Punjab Budget Session Live: ਬੁਢਲਾਡਾ ’ਚ ਬਿਜਲੀ ਵਿਭਾਗ ਦੇ ਦਫ਼ਤਰ ਦੀ ਨਵੀਂ ਇਮਾਰਤ ਦਾ ਕੰਮ ਅਲਾਟ: ਸੰਜੀਵ ਅਰੋੜਾ
March 9, 2026 10:15 am
Punjab Budget Session Live: ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਵਿਧਾਨ ਸਭਾ ਵਿੱਚ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਵਿਭਾਗ ਦੇ ਉਪ-ਮੰਡਲ ਬੁਢਲਾਡਾ ਦੇ ਦਫ਼ਤਰ ਲਈ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਠੇਕੇਦਾਰ ਨੂੰ ਅਲਾਟ ਕਰ ਦਿੱਤਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਇਮਾਰਤ ਦਾ ਕੰਮ ਅਪਰੈਲ 2027 (ਜਾਂ ਮਿੱਥੇ ਸਮੇਂ) ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ, ਬਰੇਟਾ ਵਿਖੇ 66 ਕੇ.ਵੀ. ਸਬ-ਸਟੇਸ਼ਨ ਦੇ ਦਫ਼ਤਰ ਦੀ ਇਮਾਰਤ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਸ ਦੀ ਉਸਾਰੀ ਲਈ ਪ੍ਰਕਿਰਿਆ ਜਾਰੀ ਹੈ ਅਤੇ ਜਲਦੀ ਹੀ ਟੈਂਡਰ ਜਾਰੀ ਕਰ ਦਿੱਤੇ ਜਾਣਗੇ ਤਾਂ ਜੋ ਇਲਾਕੇ ਦੇ ਲੋਕਾਂ ਅਤੇ ਮੁਲਾਜ਼ਮਾਂ ਨੂੰ ਬੁਨਿਆਦੀ ਢਾਂਚੇ ਦੀ ਸਹੂਲਤ ਮਿਲ ਸਕੇ।-ਆਤਿਸ਼ ਗੁਪਤਾ
Punjab Budget Session Live: ਫਰੀਦਕੋਟ ਦਾ ਪੀਣ ਵਾਲਾ ਪਾਣੀ ਪੂਰੀ ਤਰ੍ਹਾਂ ਸਾਫ਼: ਮੁੰਡੀਆਂ
March 9, 2026 10:12 am
Punjab Budget Session Live: ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਫਰੀਦਕੋਟ ਦੇ ਲੋਕਾਂ ਨੂੰ ਪਾਣੀ ਦੀ ਗੁਣਵੱਤਾ ਬਾਰੇ ਭਰੋਸਾ ਦਿਵਾਇਆ ਹੈ। ਫਰੀਦਕੋਟ ਤੋਂ ਵਿਧਾਇਕ ਸਰਦਾਰ ਗੁਰਦੀਪ ਸਿੰਘ ਸੇਖੋਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਨੇ ਸਦਨ ਵਿੱਚ ਦੱਸਿਆ ਕਿ ਵਿਭਾਗ ਵੱਲੋਂ ਫਰੀਦਕੋਟ ਵਿੱਚ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਲਗਾਤਾਰ ਅਤੇ ਬਾਰੀਕੀ ਨਾਲ ਜਾਂਚ ਕੀਤੀ ਗਈ ਹੈ।-ਆਤਿਸ਼ ਗੁੁੁਪਤਾ