ਚਰਨਜੀਤ ਭੁੱਲਰ
16ਵੀਂ ਪੰਜਾਬ ਵਿਧਾਨ ਸਭਾ ਦਾ 12ਵਾਂ (ਬਜਟ) ਇਜਲਾਸ ਅੱਜ ਭਾਰੀ ਹੰਗਾਮੇ ਨਾਲ ਸ਼ੁਰੂ ਹੋਇਆ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਰਾਹੀਂ ਭਗਵੰਤ ਮਾਨ ਸਰਕਾਰ ਦੇ ਇਸ ਕਾਰਜਕਾਲ ਦੇ ਆਖ਼ਰੀ ਪੂਰਨ ਬਜਟ ਇਜਲਾਸ ਦਾ ਆਗਾਜ਼ ਕੀਤਾ। ਜਿਵੇਂ ਹੀ ਰਾਜਪਾਲ ਨੇ ਭਾਸ਼ਣ ਸ਼ੁਰੂ ਕੀਤਾ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਨੇ ਸਦਨ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਰੀਬ 17 ਮਿੰਟਾਂ ਤੱਕ ਚੱਲੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਵਿਰੋਧੀ ਧਿਰ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ।
ਸਿਹਤ, ਸਿੱਖਿਆ ਅਤੇ ਨਸ਼ਾ ਮੁਕਤੀ ’ਤੇ ਰਿਹਾ ਵਿਸ਼ੇਸ਼ ਜ਼ੋਰ ਹੰਗਾਮੇ ਦੇ ਬਾਵਜੂਦ ਰਾਜਪਾਲ ਨੇ ਆਪਣਾ ਕਰੀਬ ਦੋ ਘੰਟੇ ਲੰਬਾ ਭਾਸ਼ਣ ਜਾਰੀ ਰੱਖਿਆ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਿੱਖਿਆ ਖੇਤਰ ਵਿੱਚ 13,765 ਅਧਿਆਪਕਾਂ ਦੀ ਭਰਤੀ ਕੀਤੀ ਹੈ ਅਤੇ 223 ਪ੍ਰਿੰਸੀਪਲਾਂ ਨੂੰ ਕੌਮਾਂਤਰੀ ਪੱਧਰ ਦੀ ਸਿਖਲਾਈ ਲਈ ਸਿੰਗਾਪੁਰ ਭੇਜਿਆ ਹੈ। ਸਿਹਤ ਖੇਤਰ ਵਿੱਚ 'ਆਮ ਆਦਮੀ ਕਲੀਨਿਕ' ਅਤੇ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦੀ ਸਫ਼ਲਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੁਣ ਤੱਕ 10.63 ਲੱਖ ਮਰੀਜ਼ਾਂ ਦਾ ਇਲਾਜ ਅਤੇ ਪੁਨਰਵਾਸ ਕੀਤਾ ਗਿਆ ਹੈ।
ਕਿਸਾਨੀ, ਉਦਯੋਗ ਅਤੇ ਪੇਂਡੂ ਵਿਕਾਸ ਲਈ ਵੱਡੇ ਅੰਕੜੇ ਰਾਜਪਾਲ ਨੇ ਖੇਤੀਬਾੜੀ ਖੇਤਰ ਵਿੱਚ ਨਹਿਰੀ ਪਾਣੀ ਦੇ ਸੁਧਾਰ ਲਈ 787 ਕਰੋੜ ਰੁਪਏ ਅਤੇ ਗੰਨੇ ਦੇ ਭਾਅ ਵਿੱਚ 15 ਰੁਪਏ ਦੇ ਵਾਧੇ ਦਾ ਐਲਾਨ ਕੀਤਾ। ਉਦਯੋਗਿਕ ਮੋਰਚੇ ’ਤੇ ਜਪਾਨ ਯਾਤਰਾ ਦੌਰਾਨ ਹੋਏ 900 ਕਰੋੜ ਦੇ ਨਿਵੇਸ਼ ਸਮਝੌਤਿਆਂ ਅਤੇ ਟਰਾਂਸਪੋਰਟ ਵਿਭਾਗ ਦੇ ਮਾਲੀਏ ਵਿੱਚ 16.63% ਦੇ ਵਾਧੇ ਨੂੰ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ। ਪੇਂਡੂ ਵਿਕਾਸ ਲਈ ਮਨਰੇਗਾ ਤਹਿਤ 8.52 ਲੱਖ ਘਰਾਂ ਨੂੰ ਰੁਜ਼ਗਾਰ ਦੇਣ ਅਤੇ 3200 ਮਾਡਲ ਖੇਡ ਮੈਦਾਨ ਬਣਾਉਣ ਦੀ ਯੋਜਨਾ ਵੀ ਸਾਂਝੀ ਕੀਤੀ ਗਈ। ਭਾਸ਼ਣ ਦੇ ਅਖੀਰ ਵਿੱਚ ਰਾਜਪਾਲ ਨੇ ਸਾਰੀਆਂ ਪਾਰਟੀਆਂ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਦੱਸ ਦਈਏ ਕਿ ਬਜਟ ਸੈਸ਼ਨ 16 ਮਾਰਚ ਤੱਕ ਚੱਲੇਗਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਸਾਲ 2026-27 ਦਾ ਬਜਟ ਪੇਸ਼ ਕਰਨਗੇ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਕਾਂਗਰਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਸਣੇ ਵੱਡੀ ਗਿਣਤੀ ਵਿੱਚ ‘ਆਪ’ ਵਰਕਰਾਂ ਵੱਲੋਂ ਬੈਂਡ ਬਾਜੇ ਵਾਲੇ ਨਾਲ ਲੈ ਕੇ ਕਾਂਗਰਸ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
Punjab Budget Session Live: ‘ਰੰਗਲੇ ਪੰਜਾਬ’ ਲਈ ਰਾਜਪਾਲ ਦਾ ਸੱਦਾ: ਕਰੀਬ ਇੱਕ ਘੰਟੇ ਦਾ ਭਾਸ਼ਣ ਸਮਾਪਤ
March 6, 2026 12:12 pm
Punjab Budget Session Live: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣਾ ਕਰੀਬ ਇੱਕ ਘੰਟੇ ਲੰਬਾ ਭਾਸ਼ਣ ਪੂਰਾ ਕੀਤਾ। ਆਪਣੇ ਸੰਬੋਧਨ ਦੇ ਅਖੀਰ ਵਿੱਚ ਰਾਜਪਾਲ ਨੇ ਸੂਬੇ ਦੇ ਸਾਰੇ ਵਰਗਾਂ ਅਤੇ ਸਿਆਸੀ ਪਾਰਟੀਆਂ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖ਼ੁਸ਼ਹਾਲੀ, ਸਾਂਤੀ ਅਤੇ ਤਰੱਕੀ ਲਈ ਸਾਰਿਆਂ ਦਾ ਸਹਿਯੋਗ ਲਾਜ਼ਮੀ ਹੈ ਤਾਂ ਜੋ ਸੂਬਾ ਮੁੜ ਤੋਂ ਦੇਸ਼ ਦਾ ਨੰਬਰ ਇੱਕ ਸੂਬਾ ਬਣ ਸਕੇ।
Punjab Budget Session Live: ਪੰਚਾਇਤੀ ਜ਼ਮੀਨਾਂ ਤੋਂ 520 ਕਰੋੜ ਦੀ ਕਮਾਈ: ਮਨਰੇਗਾ ਤਹਿਤ 8.52 ਲੱਖ ਘਰਾਂ ਨੂੰ ਮਿਲਿਆ ਰੁਜ਼ਗਾਰ
March 6, 2026 12:01 pm
Punjab Budget Session Live: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਮਾਨ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ 1,35,811 ਏਕੜ ਪੰਚਾਇਤੀ ਜ਼ਮੀਨ ਨੂੰ ਲੀਜ਼ ’ਤੇ ਦੇ ਕੇ 520.54 ਕਰੋੜ ਰੁਪਏ ਦੀ ਰਿਕਾਰਡ ਆਮਦਨ ਪੈਦਾ ਕੀਤੀ ਹੈ। ਇਹ ਕਦਮ ਪੰਚਾਇਤਾਂ ਨੂੰ ਵਿੱਤੀ ਤੌਰ ’ਤੇ ਆਤਮ-ਨਿਰਭਰ ਬਣਾਉਣ ਵਿੱਚ ਸਹਾਈ ਹੋਇਆ ਹੈ। ਸੂਬੇ ਦੇ ਪੇਂਡੂ ਖੇਤਰਾਂ ਵਿੱਚ 860 ਕਰੋੜ ਰੁਪਏ ਦੀ ਲਾਗਤ ਨਾਲ 1.40 ਲੱਖ ਵਿਕਾਸ ਕਾਰਜ ਕੀਤੇ ਗਏ ਹਨ। ਇਸ ਮੁਹਿੰਮ ਤਹਿਤ 195 ਲੱਖ ਤੋਂ ਵੱਧ ਦਿਹਾੜੀਆਂ ਪੈਦਾ ਕੀਤੀਆਂ ਗਈਆਂ, ਜਿਸ ਨਾਲ 8.52 ਲੱਖ ਪਰਿਵਾਰਾਂ ਨੂੰ ਸਿੱਧਾ ਰੁਜ਼ਗਾਰ ਮਿਲਿਆ ਹੈ।-ਚਰਨਜੀਤ ਭੁੱਲਰ
Punjab Budget Session Live: ਪੰਜਾਬ ਦੇ ਪਿੰਡਾਂ ਨੂੰ ਮਿਲੇਗਾ ਸਾਫ਼ ਪਾਣੀ: 7 ਵੱਡੇ ‘ਸਤਹ ਜਲ ਪ੍ਰੋਜੈਕਟ’ (Surface Water Projects) ਹੋਏ ਚਾਲੂ: ਰਾਜਪਾਲ
March 6, 2026 11:59 am
Punjab Budget Session Live: ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਜਲ ਸਪਲਾਈ ਦੇ ਖੇਤਰ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੇਰਵਾ ਪੇਸ਼ ਕਰਦਿਆਂ ਦੱਸਿਆ ਕਿ ਸੂਬੇ ਦੇ ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ 15 ਵੱਡੇ ਸਤਹ ਜਲ ਪ੍ਰੋਜੈਕਟਾਂ ਵਿੱਚੋਂ 7 ਪ੍ਰੋਜੈਕਟ ਸਫਲਤਾਪੂਰਵਕ ਚਾਲੂ ਕਰ ਦਿੱਤੇ ਗਏ ਹਨ। ਇਨ੍ਹਾਂ ਪ੍ਰੋਜੈਕਟਾਂ ’ਤੇ 519.88 ਕਰੋੜ ਰੁਪਏ ਦੀ ਲਾਗਤ ਆਈ ਹੈ, ਜਿਸ ਨਾਲ 606 ਪਿੰਡਾਂ ਦੀ ਲਗਭਗ 7.37 ਲੱਖ ਆਬਾਦੀ ਨੂੰ ਸਿੱਧਾ ਫਾਇਦਾ ਮਿਲਣਾ ਸ਼ੁਰੂ ਹੋ ਗਿਆ ਹੈ। ਇਹ ਪ੍ਰੋਜੈਕਟ ਰੋਪੜ, ਫ਼ਤਿਹਗੜ੍ਹ ਸਾਹਿਬ ਅਤੇ ਗੁਰਦਾਸਪੁਰ ਵਿੱਚ ਇੱਕ-ਇੱਕ, ਜਦਕਿ ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਦੋ-ਦੋ ਸਥਾਪਤ ਕੀਤੇ ਗਏ ਹਨ। ਉਨ੍ਹਾਂ ਉਮੀਦ ਜਤਾਈ ਕਿ ਜਦੋਂ ਇਹ ਸਾਰੇ 15 ਪ੍ਰੋਜੈਕਟ ਮੁਕੰਮਲ ਹੋ ਜਾਣਗੇ, ਤਾਂ ਸੂਬੇ ਦੀ ਲਗਭਗ 25 ਲੱਖ ਆਬਾਦੀ ਨੂੰ ਸ਼ੁੱਧ ਪਾਣੀ ਦੀ ਸਹੂਲਤ ਮਿਲੇਗੀ। -ਚਰਨਜੀਤ ਭੁੱਲਰ
Punjab Budget Session Live: ਪੰਜਾਬ ਵਿੱਚ ‘ਉਦਯੋਗਿਕ ਕ੍ਰਾਂਤੀ’: ਨਵੀਂ ਨੀਤੀ ਲਈ ਵਪਾਰੀਆਂ ਤੋਂ ਮੰਗੇ ਸੁਝਾਅ
March 6, 2026 11:56 am
Punjab Budget Session Live: ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਦਨ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਉਦਯੋਗਾਂ ਨੂੰ ਹੁਲਾਰਾ ਦੇਣ ਲਈ ‘ਉਦਯੋਗਿਕ ਕ੍ਰਾਂਤੀ ਪਹਿਲਕਦਮੀ’ ਤਹਿਤ ਸਾਲ 2025 ਵਿੱਚ 24 ਖੇਤਰੀ ਕਮੇਟੀਆਂ ਦਾ ਗਠਨ ਕੀਤਾ ਹੈ। ਸਰਕਾਰ ਵੱਲੋਂ ‘ਰਾਈਜ਼ਿੰਗ ਪੰਜਾਬ- ਸੁਝਾਵਾਂ ਤੋਂ ਹੱਲ ’ ਨਾਮੀ ਇੱਕ ਵਿਸ਼ੇਸ਼ ਪ੍ਰੋਗਰਾਮ ਲੜੀ ਸ਼ੁਰੂ ਕੀਤੀ ਗਈ ਹੈ, ਜੋ ਬਠਿੰਡਾ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਉਦਯੋਗਪਤੀਆਂ ਦੀ ਸਿੱਧੀ ਰਾਏ ਲੈ ਕੇ ਆਉਣ ਵਾਲੀ ਨਵੀਂ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ ਨੂੰ ਤਿਆਰ ਕਰਨਾ ਹੈ।
Punjab Budget Session Live: ਸਰਕਾਰ ਦੀ ਜਪਾਨ ਯਾਤਰਾ ਦੀਆਂ ਸਫਲਤਾਵਾਂ ਦਾ ਜ਼ਿਕਰ
March 6, 2026 11:54 am
Punjab Budget Session Live: ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਨੇ ਸਰਕਾਰ ਦੀ ਜਪਾਨ ਯਾਤਰਾ ਦੀਆਂ ਸਫਲਤਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸੂਬੇ ਵਿੱਚ ਉਦਯੋਗਿਕ ਕ੍ਰਾਂਤੀ ਲਿਆਉਣ ਲਈ ਕਈ ਵੱਡੇ ਸਮਝੌਤੇ ਸਹੀਬੰਦ ਕੀਤੇ ਗਏ ਹਨ। ਇਸ ਦੌਰੇ ਦੌਰਾਨ ਵਰਧਮਾਨ ਸਪੈਸ਼ਲ ਸਟੀਲਜ਼ ਅਤੇ ਆਈਚੀ ਸਟੀਲ ਵਿਚਕਾਰ 500 ਕਰੋੜ ਰੁਪਏ ਦੇ ਨਿਰਮਾਣ ਸਹਿਯੋਗ ’ਤੇ ਸਹਿਮਤੀ ਬਣੀ ਹੈ। ਇਸ ਦੇ ਨਾਲ ਹੀ ਟੌਪਨ ਸਪੈਸ਼ਲਿਟੀ ਫਿਲਮਜ਼ ਨੇ ਪੰਜਾਬ ਵਿੱਚ 300 ਤੋਂ 400 ਕਰੋੜ ਰੁਪਏ ਦੇ ਵਾਧੂ ਨਿਵੇਸ਼ ਦੀ ਇੱਛਾ ਜਤਾਈ ਹੈ ਅਤੇ ਸੂਬੇ ਵਿੱਚ ਇੱਕ ‘ਹੁਨਰ ਉੱਤਮਤਾ ਕੇਂਦਰ’ (Skill Excellence Centre) ਸਥਾਪਤ ਕਰਨ ਲਈ ਸਾਂਝੇਦਾਰੀ ਕੀਤੀ ਹੈ। ਹੁਣ ਤੱਕ ਪੰਜਾਬ ਵਿੱਚ ਨਿਵੇਸ਼ ਦੇ 8261 ਪ੍ਰਸਤਾਵ ਪ੍ਰਾਪਤ ਹੋਏ ਜਿਸ ਨਾਲ 1,50,817 ਕਰੋੜ ਦਾ ਨਿਵੇਸ਼ ਹੋਵੇਗਾ ਅਤੇ 5,31,619 ਲੋਕਾਂ ਨੂੰ ਰੁਜ਼ਗਾਰ ਮਿਲੇਗਾ।- ਚਰਨਜੀਤ ਭੁੱਲਰ
Punjab Budget Session Live: ਗੰਨੇ ਦੇ ਭਾਅ ’ਚ ਵਾਧਾ ਅਤੇ ਨਰਮੇ ਦੇ ਬੀਜਾਂ ’ਤੇ 33 ਫੀਸਦ ਸਬਸਿਡੀ ਦਿੱਤੀ: ਰਾਜਪਾਲ
March 6, 2026 11:40 am
Punjab Budget Session Live: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੱਸਿਆ ਕਿ ਨਰਮਾ ਪੱਟੀ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਬੀ.ਟੀ. ਨਰਮੇ ਦੇ ਬੀਜਾਂ ’ਤੇ 33 ਫ਼ੀਸਦੀ ਸਬਸਿਡੀ ਪ੍ਰਦਾਨ ਕੀਤੀ ਹੈ ਅਤੇ ਗੰਨੇ ਦੇ ਸਰਕਾਰੀ ਭਾਅ ਵਿੱਚ ਇਸ ਸਾਲ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜੋ ਕਿਸਾਨਾਂ ਦੀ ਆਮਦਨ ਵਧਾਉਣ ਵੱਲ ਇੱਕ ਅਹਿਮ ਕਦਮ ਹੈ। ਇਸੇ ਤਰ੍ਹਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 33.96 ਕਰੋੜ ਦੇ ਬੀਜ ਮੁਫ਼ਤ ਦਿੱਤੇ ਗਏ । ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ 40103 ਕਿੱਲੋਮੀਟਰ ਸੜਕਾਂ ਦੇ ਨਵੀਨੀਕਰਨ ਦਾ ਪ੍ਰਾਜੈਕਟ ਚੱਲ ਰਿਹਾ ਹੈ। ਸੂਬੇ ਦੀਆਂ ਮੰਡੀਆਂ ਵਿੱਚ 197 ਕਰੋੜ ਦੀ ਲਾਗਤ ਨਾਲ 664 ਕਵਰ ਸ਼ੈੱਡ ਬਣਾਏ ਜਾ ਰਹੇ ਹਨ।-ਚਰਨਜੀਤ ਭੁੱਲਰ
Punjab Budget Session Live: ਨਹਿਰੀ ਪਾਣੀ ਦੇ ਸੁਧਾਰ ਲਈ ਪ੍ਰਦਾਨ ਕੀਤੇ ਜਾਣਗੇ 787 ਕਰੋੜ ਰੁਪਏ: ਰਾਜਪਾਲ
March 6, 2026 11:34 am
Punjab Budget Session Live: ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਖੇਤੀਬਾੜੀ ਅਤੇ ਸਿੰਚਾਈ ਦੇ ਖੇਤਰ ਵਿੱਚ ਸਰਕਾਰ ਦੇ ਭਵਿੱਖੀ ਰੋਡਮੈਪ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਸੂਬੇ ਵਿੱਚ ਨਹਿਰੀ ਪਾਣੀ ਦੀ ਸਪਲਾਈ ਨੂੰ ਸੁਧਾਰਨ ਲਈ 787 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਮਹੱਤਵਪੂਰਨ ਯੋਜਨਾ ਤਹਿਤ 3443 ਕਿਲੋਮੀਟਰ ਲੰਬੇ ਨਵੇਂ ਜਲ ਮਾਰਗ ਬਣਾਉਣ ਅਤੇ ਅੰਡਰਗਰਾਊਂਡ (ਜ਼ਮੀਨਦੋਜ਼) ਪਾਈਪਾਂ ਪਾਉਣ ਦਾ ਟੀਚਾ ਮਿੱਥਿਆ ਗਿਆ ਹੈ, ਤਾਂ ਜੋ ਪਾਣੀ ਦੀ ਬਰਬਾਦੀ ਨੂੰ ਰੋਕ ਕੇ ਇਸ ਨੂੰ ਖੇਤਾਂ ਦੇ ਅੰਤਿਮ ਸਿਰੇ ਤੱਕ ਪਹੁੰਚਾਇਆ ਜਾ ਸਕੇ। ਰਾਜਪਾਲ ਨੇ ਸਰਕਾਰ ਦੀ ਪਿਛਲੀ ਕਾਰਗੁਜ਼ਾਰੀ ਦੀ ਸਿਫ਼ਤ ਕਰਦਿਆਂ ਕਿਹਾ ਕਿ ਹੁਣ ਤੱਕ 2600 ਕਿਲੋਮੀਟਰ ਨਹਿਰਾਂ ਨੂੰ ਪੱਕਾ ਕਰਨ ਦਾ ਕੰਮ ਸਫਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ।-ਚਰਨਜੀਤ ਭੁੱਲਰ
Punjab Budget Session Live: ਰਾਜਪਾਲ ਦਾ ਭਾਸ਼ਣ: ਸਿੱਖਿਆ ਕ੍ਰਾਂਤੀ ਅਤੇ ਨਸ਼ਾ ਮੁਕਤੀ ਮੁਹਿੰਮ ਦੀਆਂ ਪ੍ਰਾਪਤੀਆਂ ਦਾ ਦਿੱਤਾ ਵੇਰਵਾ
March 6, 2026 11:30 am
Punjab Budget Session Live: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਸਿੱਖਿਆ ਅਤੇ ਨਸ਼ਾ ਮੁਕਤੀ ਦੇ ਖੇਤਰ ਵਿੱਚ ਮਾਨ ਸਰਕਾਰ ਦੇ ਮੀਲ ਪੱਥਰਾਂ ਦਾ ਜ਼ਿਕਰ ਕੀਤਾ। ਸਿੱਖਿਆ ਖੇਤਰ ’ਤੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਹੁਣ ਤੱਕ 13,765 ਅਧਿਆਪਕਾਂ ਦੀ ਭਰਤੀ ਕੀਤੀ ਹੈ ਅਤੇ ਸਿੱਖਿਆ ਦੇ ਮਿਆਰ ਨੂੰ ਕੌਮਾਂਤਰੀ ਪੱਧਰ ’ਤੇ ਲਿਜਾਣ ਲਈ 223 ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਦੇ 7 ਬੈਚ ਸਿਖਲਾਈ ਲਈ ਸਿੰਗਾਪੁਰ ਭੇਜੇ ਗਏ ਹਨ। ਇਸ ਤੋਂ ਇਲਾਵਾ, ਸੂਬੇ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇਣ ਲਈ 29 ‘ਸਕੂਲ ਆਫ ਐਮੀਨੈਂਸ’ ਜਨਤਾ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ। ਨਸ਼ਿਆਂ ਵਿਰੁੱਧ ਸਰਕਾਰ ਦੀ ਸਖ਼ਤ ਨੀਤੀ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 548 ਓਓਏਟੀ (OOAT) ਕਲੀਨਿਕ, 213 ਨਸ਼ਾ-ਮੁਕਤੀ ਕੇਂਦਰ ਅਤੇ 93 ਪੁਨਰਵਾਸ ਕੇਂਦਰ ਸਫਲਤਾਪੂਰਵਕ ਚੱਲ ਰਹੇ ਹਨ। ਅਹਿਮ ਗੱਲ ਇਹ ਹੈ ਕਿ ਇਹ ਸੇਵਾਵਾਂ ਹੁਣ 19 ਜੇਲ੍ਹਾਂ ਤੱਕ ਵੀ ਵਧਾਈਆਂ ਗਈਆਂ ਹਨ। ਰਾਜਪਾਲ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਇਨ੍ਹਾਂ ਕੋਸ਼ਿਸ਼ਾਂ ਸਦਕਾ ਹੁਣ ਤੱਕ 10.63 ਲੱਖ ਤੋਂ ਵੱਧ ਮਰੀਜ਼ਾਂ ਦਾ ਰਜਿਸਟ੍ਰੇਸ਼ਨ ਕਰਕੇ ਇਲਾਜ ਕੀਤਾ ਗਿਆ ਹੈ। ਜਿੱਥੇ ਵਿਰੋਧੀ ਧਿਰ ਵੱਲੋਂ ਨਾਅਰੇਬਾਜ਼ੀ ਅਤੇ ਵਾਕਆਊਟ ਕੀਤਾ ਗਿਆ, ਉੱਥੇ ਹੀ ਰਾਜਪਾਲ ਨੇ ਇਨ੍ਹਾਂ ਅੰਕੜਿਆਂ ਰਾਹੀਂ ਸਰਕਾਰ ਦੇ ਵਿਕਾਸ ਦੇ ਏਜੰਡੇ ਨੂੰ ਸਦਨ ਸਾਹਮਣੇ ਰੱਖਿਆ।- ਚਰਨਜੀਤ ਭੁੱਲਰ
Punjab Budget Session Live: ਵਿਰੋਧੀ ਧਿਰ ਵਲੋਂ ਕਰੀਬ 17 ਮਿੰਟ ਨਾਅਰੇਬਾਜ਼ੀ ਕਰਨ ਮਗਰੋਂ ਸਦਨ ’ਚੋਂ ਵਾਕਆਊਟ
March 6, 2026 11:25 am
Punjab Budget Session Live: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਸਦਨ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਦੌਰਾਨ ਲਗਾਤਾਰ 17 ਮਿੰਟ ਤੱਕ ਨਾਅਰੇਬਾਜ਼ੀ ਕੀਤੀ ਅਤੇ ਨਾਅਰੇਬਾਜ਼ੀ ਕਰਨ ਮਗਰੋਂ ਵਾਕਆਊਟ ਕਰ ਦਿੱਤਾ। ਰਾਜਪਾਲ ਨੇ ਆਪਣੇ ਸੰਬੋਧਨ ਦੇ ਪਹਿਲੇ 17 ਮਿੰਟ ਸਿਰਫ਼ ਸਿਹਤ ਖੇਤਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਨ ’ਤੇ ਲਗਾਏ। ਉਨ੍ਹਾਂ ਆਮ ਆਦਮੀ ਕਲੀਨਿਕਾਂ, ਮੈਡੀਕਲ ਕਾਲਜਾਂ ਦੇ ਸੁਧਾਰ ਅਤੇ ਮੁੱਖ ਮੰਤਰੀ ਸਿਹਤ ਬੀਮਾ ਸਕੀਮ ਰਾਹੀਂ ਲੋਕਾਂ ਨੂੰ ਮਿਲ ਰਹੇ ਲਾਭਾਂ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਤੋਂ ਇਲਾਵਾ, ਰਾਜਪਾਲ ਨੇ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ (War Against Drugs) ਮੁਹਿੰਮ ਦੀਆਂ ਸਫਲਤਾਵਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ। -ਚਰਨਜੀਤ ਭੁੱਲਰ
Punjab Budget Session Live: ਰਾਜਪਾਲ ਦਾ ਭਾਸ਼ਣ: ਸਿਹਤ ਸਹੂਲਤਾਂ ਅਤੇ ਸਿੱਖਿਆ ’ਚ ਸੁਧਾਰਾਂ ਦਾ ਜ਼ਿਕਰ
March 6, 2026 11:20 am
Punjab Budget Session Live: ਰਾਜਪਾਲ ਨੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਸਿਹਤ ਬੀਮਾ ਸਕੀਮ ਅਤੇ ਆਮ ਆਦਮੀ ਕਲੀਨਿਕਾਂ ਤੋਂ ਇਲਾਵਾ ਮੈਡੀਕਲ ਕਾਲਜਾਂ ਵਿੱਚ ਕੀਤੇ ਸੁਧਾਰਾਂ ਦੀ ਚਰਚਾ ਕੀਤੀ।-ਚਰਨਜੀਤ ਭੁੱਲਰ
Punjab Budget Session Live: ਬਾਜਵਾ ਦੇ ਅਗਵਾਈ ਚ ਕਾਂਗਰਸ ਦੇ ਵਿਧਾਇਕਾਂ ਵਲੋ ਰਾਜਪਾਲ ਦੇ ਭਾਸ਼ਣ ਦਾ ਵਿਰੋਧ ਜਾਰੀ
March 6, 2026 11:12 am
Punjab Budget Session Live: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਸ਼ੁਰੂਆਤ ਅੱਜ ਕਾਫੀ ਹੰਗਾਮੇਦਾਰ ਰਹੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਦੌਰਾਨ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। -ਚਰਨਜੀਤ ਭੁੱਲਰ
Punjab Budget Session Live: LOP ਪ੍ਰਤਾਪ ਬਾਜਵਾ ਨੇ ਭਾਸ਼ਣ ਦੌਰਾਨ ਰਾਜਪਾਲ ਨੂੰ ਟੋਕਿਆ !
March 6, 2026 11:09 am
Punjab Budget Session Live: ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਾਸ਼ਣ ਦੌਰਾਨ ਰਾਜਪਾਲ ਨੂੰ ਟੋਕਿਆ ਪ੍ਰੰਤੂ ਰਾਜਪਾਲ ਨੇ ਭਾਸ਼ਣ ਪੜ੍ਹਨਾ ਜਾਰੀ ਰੱਖਿਆ । ਰਾਜਪਾਲ ਨੇ ਬਾਜਵਾ ਨੂੰ ਨਸੀਹਤ ਦਿੱਤੀ ਕਿ ਉਹ ਢੁਕਵੇਂ ਮੌਕੇ ਤੇ ਆਪਣਾ ਮੁੱਦਾ ਚੁੱਕਣ।-ਚਰਨਜੀਤ ਭੁੱਲਰ
Punjab Budget Session Live: ਬੰਦੀ ਸਿੰਘ, ਮੁਲਾਜ਼ਮ ਅਤੇ ਹੋਰ ਪੰਜਾਬ ਦੇ ਮੁੱਦਿਆਂ ਨੂੰ ਵਿਧਾਨ ਸਭਾ ਵਿੱਚ ਚੁੱਕਾਂਗਾ: ਮਨਪ੍ਰੀਤ ਅਯਾਲੀ
March 6, 2026 10:48 am
Punjab Budget Session Live: ਪੰਜਾਬ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੰਦੀ ਸਿੰਘਾਂ ਮੁਲਾਜ਼ਮਾਂ ਅਤੇ ਹੋਰ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਵਿਧਾਨ ਸਭਾ ਵਿੱਚ ਜ਼ੋਰ ਸ਼ੋਰ ਨਾਲ ਚੁੱਕਿਆ ਜਾਵੇਗਾ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਨੂੰ ਇੱਕ-ਇੱਕ ਹਜਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕਰਕੇ ਵੋਟਾਂ ਹਾਸਲ ਕੀਤੀਆਂ ਸਨ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਉਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਨੇ ਇਸ ਤਰ੍ਹਾਂ ਔਰਤਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਥ ਲਈ ਕੰਮ ਕਰਦੇ ਆ ਰਹੇ ਹਨ ਅਤੇ ਪੰਥ ਲਈ ਕੰਮ ਕਰਨ ਵਾਲੀ ਸਿਆਸੀ ਪਾਰਟੀ ਦਾ ਹੀ ਭਵਿੱਖ ਵਿੱਚ ਵੀ ਸਾਥ ਨਿਭਾਉਣਗੇ।- ਆਤਿਸ਼ ਗੁਪਤਾ