DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Punjab Assembly Session Live: ਪੰਜਾਬ ਵਿਧਾਨ ਸਭਾ 'ਚ ਕੇਂਦਰ ਸਰਕਾਰ ਖ਼ਿਲਾਫ਼ ਨਿੰਦਾ ਮਤਾ ਪਾਸ: ਸਦਨ ਦੀ ਕਾਰਵਾਈ ਮੁਲਤਵੀ

  • fb
  • twitter
  • whatsapp
  • whatsapp
Advertisement

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਸੈਸ਼ਨ ਸ਼ੁਰੂ ਹੁੰਦਿਆਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਹੋਰਨਾਂ ਵਿਧਾਇਕਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਸਹੀ ਰਾਮ ਬਿਸ਼ਨੋਈ, ਸਿਪਾਹੀ ਸਰਬਜੀਤ ਸਿੰਘ, ਆਜ਼ਾਦੀ ਘੁਲਾਟੀਏ ਸੇਵਾ ਸਿੰਘ, ਓਲੰਪੀਅਨ ਰਣਧੀਰ ਸਿੰਘ, ਪੰਜਾਬੀ ਗਾਇਕ ਭੂਲਾ ਰਾਮ, ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਦੇ ਚਾਚਾ ਮਨਜੀਤ ਸਿੰਘ ਢੋਸ, ਭੁਪਿੰਦਰ ਸਿੰਘ ਪਾਹੜਾ, ਫ਼ੌਜ ਦੇ ਜਵਾਨ ਸਿਕੰਦਰ ਸਿੰਘ ਅਤੇ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਜਾਨਾਂ ਗਵਾਉਣ ਵਾਲੇ ਬੱਚਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

Advertisement

ਸੈਸ਼ਨ ਦੀ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ।

Advertisement

ਸਬੰਧਤ ਖ਼ਬਰ: Punjab Assembly Session: ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅੱਜ ਤੋਂ

ਸਦਨ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਿੰਦਾ ਮਤਾ ਪਾਸ: ਵਿਦਿਆਰਥੀਆਂ 'ਤੇ ਦਰਜ ਕੇਸ ਵਾਪਸ ਲੈਣ ਅਤੇ ਸਖ਼ਤ ਕਦਮ ਚੁੱਕਣ ਦੀ ਮੰਗ

August 3, 2026 3:48 pm

ਸਦਨ ਵੱਲੋਂ ਸਰਕਾਰੀ ਪ੍ਰੀਖਿਆਵਾਂ ਅਤੇ ਭਰਤੀ ਪ੍ਰਣਾਲੀ ਵਿੱਚ ਬੇਨਿਯਮੀਆਂ ਅਤੇ ਬੱਚਿਆਂ 'ਤੇ ਜ਼ਬਰ ਦੇ ਮੱਦੇਨਜ਼ਰ ਕੇਂਦਰ ਸਰਕਾਰ ਖ਼ਿਲਾਫ਼ ਨਿੰਦਾ ਮਤਾ ਪਾਸ ਕੀਤਾ ਗਿਆ ਹੈ। ਮਤੇ ਵਿੱਚ ਮੰਗ ਕੀਤੀ ਗਈ ਹੈ ਕਿ ਬੱਚਿਆਂ 'ਤੇ ਦਰਜ ਕੀਤੇ ਗਏ ਕੇਸ ਵਾਪਸ ਲਏ ਜਾਣ ਅਤੇ ਪੇਪਰ ਲੀਕ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ। ਸਦਨ ਵੱਲੋਂ ਇਹ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ।

ਮਨਪ੍ਰੀਤ ਸਿੰਘ ਇਆਲੀ ਨੇ ਗੁਰਦੁਆਰਾ ਰਕਾਬਗੰਜ ਕਮੇਟੀ ਦੀ ਕੀਤੀ ਸ਼ਲਾਘਾ; ਪੰਜਾਬ ਸਰਕਾਰ ਦੀ ਕੀਤੀ ਆਲੋਚਨਾ

August 3, 2026 2:46 pm

ਚਰਨਜੀਤ ਭੁੱਲਰਪੰਜਾਬ ਵਿਧਾਨ ਸਭਾ ਵਿੱਚ ਪੇਪਰ ਲੀਕ ਅਤੇ ਵਿਦਿਆਰਥੀਆਂ 'ਤੇ ਪੁਲੀਸ ਕਾਰਵਾਈ ਵਿਰੁੱਧ ਪੇਸ਼ ਕੀਤੇ ਗਏ ਨਿੰਦਾ ਮਤੇ ਦਾ ਸਮਰਥਨ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਦਿੱਲੀ ਵਿੱਚ ਵਿਦਿਆਰਥੀ ਪ੍ਰਦਰਸ਼ਨ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਰਹਿਣ, ਖਾਣ-ਪੀਣ (ਲੰਗਰ) ਅਤੇ ਦੇਖਭਾਲ ਦੀਆਂ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀ ਸੂਬਾ ਸਰਕਾਰ ਦੀ ਕਰੜੀ ਆਲੋਚਨਾ ਕੀਤੀ। ਇਆਲੀ ਨੇ ਆਪਣੀ ਆਵਾਜ਼ ਚੁੱਕ ਰਹੇ ਸਫ਼ਾਈ ਕਰਮਚਾਰੀਆਂ ਅਤੇ ਮਨਰੇਗਾ ਵਰਕਰਾਂ 'ਤੇ ਹੋਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ, "ਲੋਕਤੰਤਰ ਵਿੱਚ ਹਰ ਨਾਗਰਿਕ ਨੂੰ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ।" ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਵਿਰੋਧ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਅਤੇ ਨੌਜਵਾਨਾਂ 'ਤੇ ਜਬਰ ਕਰਨ ਦੀ ਬਜਾਏ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਵਿਦਿਆਰਥੀਆਂ ਦੀ ਆਵਾਜ਼ ਨੂੰ 'ਦੇਸ਼-ਵਿਰੋਧੀ' ਕਰਾਰ ਨਹੀਂ ਦਿੱਤਾ ਜਾ ਸਕਦਾ: ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਬਿਆਨ

August 3, 2026 2:36 pm

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਤੇ 'ਤੇ ਬੋਲਦਿਆਂ ਕਿਹਾ ਕਿ ਉਹ ਇਕਲੌਤੇ ਅਜਿਹੇ ਸਿੱਖਿਆ ਮੰਤਰੀ ਸਨ, ਜੋ ਜੰਤਰ-ਮੰਤਰ ਵਿਖੇ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ, "ਦੇਸ਼ ਭਰ ਤੋਂ ਵਿਦਿਆਰਥੀ ਉੱਥੇ ਰੋਸ ਪ੍ਰਗਟਾਉਣ ਲਈ ਇਕੱਠੇ ਹੋਏ ਸਨ। ਉਹ ਉੱਥੇ ਭਾਰਤ ਲਈ ਗਏ ਸਨ, ਨਾ ਕਿ ਭਾਰਤ ਦੇ ਵਿਰੁੱਧ। ਤੁਸੀਂ ਕਿਸੇ ਵੀ ਵਿਰੋਧੀ ਆਵਾਜ਼ ਨੂੰ 'ਦੇਸ਼-ਵਿਰੋਧੀ' ਕਰਾਰ ਦੇ ਕੇ ਖ਼ਾਰਜ ਨਹੀਂ ਕਰ ਸਕਦੇ। ਇਹ ਮਾਮਲਾ ਸਿਰਫ਼ ਨਕਲ ਜਾਂ ਪੇਪਰ ਲੀਕ ਹੋਣ ਤੱਕ ਸੀਮਤ ਨਹੀਂ ਹੈ। ਆਓ ਆਪਣੀ ਸਿੱਖਿਆ ਪ੍ਰਣਾਲੀ ਨੂੰ ਨਵੇਂ ਸਿਰੇ ਤੋਂ ਢਾਲੀਏ, ਜਿੱਥੇ ਸਾਰੀਆਂ ਸਬੰਧਤ ਧਿਰਾਂ ਮਿਲ ਕੇ ਬਦਲਦੇ ਵਿਸ਼ਵ-ਵਿਆਪੀ ਦੌਰ ਦੇ ਅਨੁਕੂਲ ਇੱਕ ਸਿੱਖਿਆ ਪ੍ਰਣਾਲੀ ਦੀ ਸਿਰਜਣਾ ਕਰਨ। ਹੋਰ ਦੇਸ਼ ਸਾਡੇ ਨਾਲੋਂ ਕਿਤੇ ਅੱਗੇ ਹਨ। ਉਹ ਦੂਜੇ ਦੇਸ਼ਾਂ ਦੇ ਆਪਣੇ ਹਮਰੁਤਬਾ ਲੋਕਾਂ ਦੇ ਬਰਾਬਰ ਚੱਲਣਾ ਚਾਹੁੰਦੇ ਹਨ। ਇਸ ਲਈ, ਇੱਕ ਸੱਚੇ 'ਵਿਕਸਿਤ ਭਾਰਤ' ਦੀ ਸਿਰਜਣਾ ਵਾਸਤੇ ਸਿੱਖਿਆ ਕਮਿਸ਼ਨ ਦਾ ਗਠਨ ਬਹੁਤ ਜ਼ਰੂਰੀ ਹੈ।" ਬੈਂਸ ਨੇ ਪੰਜਾਬ ਵਿੱਚ ਪੇਪਰ ਲੀਕ ਦੇ ਰੌਲੇ ਬਾਰੇ ਵੀ ਸਫ਼ਾਈ ਪੇਸ਼ ਕੀਤੀ।

ਪੰਜਾਬ ਵਿਧਾਨ ਸਭਾ 'ਚ ਪੇਪਰ ਲੀਕ ਅਤੇ ਵਿਦਿਆਰਥੀਆਂ 'ਤੇ ਪੁਲੀਸ ਅੱਤਿਆਚਾਰ ਖ਼ਿਲਾਫ਼ ਮਤਾ ਪੇਸ਼

August 3, 2026 2:23 pm

ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਕੇਂਦਰ ਸਰਕਾਰ ਅਤੇ ਭਾਜਪਾ ਸ਼ਾਸਿਤ ਸੂਬਿਆਂ ਅਧੀਨ ਸਰਕਾਰੀ ਪ੍ਰੀਖਿਆਵਾਂ ਵਿੱਚ ਹੋ ਰਹੇ ਪੇਪਰ ਲੀਕ, ਭਰਤੀ ਘੁਟਾਲਿਆਂ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਤੇ ਜ਼ਬਰਦਸਤੀ ਗ੍ਰਿਫ਼ਤਾਰੀਆਂ ਦੇ ਵਿਰੁੱਧ ਇੱਕ ਅਹਿਮ ਮਤਾ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ 70 ਤੋਂ ਵੱਧ ਵੱਡੇ ਪ੍ਰੀਖਿਆ ਘੁਟਾਲੇ, ਪੇਪਰ ਲੀਕ ਅਤੇ ਡਿਜੀਟਲ ਹੈਕਿੰਗ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ ਦੇ ਲੱਖਾਂ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ ਅਤੇ ਸਰਕਾਰੀ ਪ੍ਰੀਖਿਆ ਪ੍ਰਣਾਲੀ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਰਿਹਾ ਹੈ।

ਨੀਟ (NEET) ਪੇਪਰ ਲੀਕ ਅਤੇ ਵਿਦਿਆਰਥੀਆਂ ’ਤੇ ਜ਼ਬਰ ਖ਼ਿਲਾਫ਼ ਹਰਪਾਲ ਚੀਮਾ ਵੱਲੋਂ ਸਦਨ ’ਚ ਮਤਾ ਪੇਸ਼

August 3, 2026 1:42 pm

ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ (NEET) ਦੀ ਪ੍ਰੀਖਿਆ ਦੇ ਪੇਪਰ ਲੀਕ ਮਾਮਲੇ ਅਤੇ ਦਿੱਲੀ ਦੇ ਜੰਤਰ-ਮੰਤਰ ’ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਹੋਏ ਕਥਿਤ ਲਾਠੀਚਾਰਜ ਤੇ ਜ਼ੁਲਮ ਦੇ ਵਿਰੋਧ ਵਿੱਚ ਮਤਾ ਪੇਸ਼ ਕੀਤਾ ਗਿਆ।

ਐੱਮ.ਐੱਲ.ਏ. ਚਰਨਜੀਤ ਸਿੰਘ ਵੱਲੋਂ ਵਿਧਾਨ ਸਭਾ ’ਚ ਧਿਆਨ ਦਿਵਾਊ ਨੋਟਿਸ ਪੇਸ਼

August 3, 2026 1:24 pm

ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਸਦਨ ਵਿੱਚ ‘ਧਿਆਨ ਦਿਵਾਊ ਨੋਟਿਸ’ (Calling Attention Notice) ਪੇਸ਼ ਕੀਤਾ ਗਿਆ।

ਕੁਲਦੀਪ ਧਾਲੀਵਾਲ ਅਤੇ ਮਨਪ੍ਰੀਤ ਸਿੰਘ ਇਯਾਲੀ ਵਿਚਾਲੇ ਤਿੱਖੀ ਨੋਕ-ਝੋਕ

August 3, 2026 1:21 pm

ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਜ਼ੀਰੋ ਆਵਰ (ਸਿਫ਼ਰ ਕਾਲ) ਖ਼ਤਮ ਹੁੰਦਿਆਂ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਿਚਾਲੇ ਤਿੱਖੀ ਨੋਕ-ਝੋਕ ਦੇਖਣ ਨੂੰ ਮਿਲੀ।ਸਦਨ ਦੀ ਕਾਰਵਾਈ ਦੌਰਾਨ ਮੰਤਰੀ ਕੁਲਦੀਪ ਧਾਲੀਵਾਲ ਨੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਸਿੱਧਾ ਸਵਾਲ ਕਰਦਿਆਂ ਪੁੱਛਿਆ ਕਿ ਜਦੋਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ, ਤਾਂ ਕੀ ਉਸ ਸਮੇਂ ਉਨ੍ਹਾਂ ਨੇ ਵਿਵਾਦਤ ਪੁਲੀਸ ਅਧਿਕਾਰੀ ਸੁਮੇਧ ਸਿੰਘ ਸੈਣੀ ਦੀ ਬਤੌਰ ਡੀ.ਜੀ.ਪੀ. (DGP) ਪੋਸਟਿੰਗ (ਤਾਇਨਾਤੀ) ’ਤੇ ਕੋਈ ਇਤਰਾਜ਼ ਜਤਾਇਆ ਸੀ? ਇਸ ਸਵਾਲ ਤੋਂ ਬਾਅਦ ਸਦਨ ਵਿੱਚ ਦੋਵਾਂ ਨੇਤਾਵਾਂ ਵਿਚਾਲੇ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਸਿਫ਼ਰ ਕਾਲ ਦੀ ਕਾਰਵਾਈ ਸਮਾਪਤ ਹੋ ਗਈ।

ਸਦਨ ’ਚ ਸਿਫ਼ਰ ਕਾਲ ਦੌਰਾਨ ਫ਼ਿਲਮ ਸਤਲੁਜ ਦੀ ‘ਗੂੰਜ’

August 3, 2026 1:17 pm

ਅਕਾਲੀ ਐੱਮ.ਐੱਲ. ਏ ਮਨਪ੍ਰੀਤ ਸਿੰਘ ਇਯਾਲੀ ਨੇ ਫ਼ਿਲਮ ‘ਸਤਲੁਜ’ ਦੇ ਹਵਾਲੇ ਨਾਲ ਕਿਹਾ ਕਿ ਇਸ ਫ਼ਿਲਮ ਨੇ ਕਾਲੇ ਦੌਰ ਨੂੰ ਮੁੜ ਯਾਦ ਕਰਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੀ ਮੌਤ ਲਈ ਜ਼ਿੰਮੇਵਾਰ ਦੋਸ਼ੀ ਜਿੰਨਾ ਨੂੰ ਕੋਰਟ ਨੇ ਸਜ਼ਾ ਸੁਣਾਈ ਸੀ, ਅੱਜ ਕਿੱਥੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸਪੱਸ਼ਟ ਤੌਰ ’ਤੇ ਦੱਸੇ ਕਿ ਖਾਲੜਾ ਦੀ ਮੌਤ ਲਈ ਜ਼ਿੰਮੇਵਾਰ ਤਿੰਨ ਅਫ਼ਸਰ ਹੁਣ ਕਿੱਥੇ ਹਨ, ਕੀ ਉਹ ਪੈਰੋਲ ਤੇ ਹਨ ਜਾਂ ਰਿਹਾਅ ਕਰ ਦਿੱਤਾ ਹੈ।

ਅਸੀਂ ਪੇਪਰ ਲੀਕ ਮਾਮਲੇ ’ਤੇ ਬਹਿਸ ਲਈ ਤਿਆਰ: ਸਿੱਖਿਆ ਮੰਤਰੀ

August 3, 2026 12:51 pm

ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਪੇਪਰ ਲੀਕ ਅਤੇ ਪ੍ਰੀਖਿਆਵਾਂ ਵਿੱਚ ਕਥਿਤ ਗੜਬੜੀਆਂ ਦੇ ਮੁੱਦੇ ’ਤੇ ਵਿਰੋਧੀ ਧਿਰ ਵੱਲੋਂ ਕੀਤੇ ਜਾ ਰਹੇ ਹੰਗਾਮੇ ਅਤੇ ਅਸਤੀਫ਼ੇ ਦੀ ਮੰਗ ’ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਪੱਸ਼ਟ ਕਿਹਾ ਕਿ ਉਹ ਪੇਪਰ ਲੀਕ ਦੇ ਪੂਰੇ ਮਾਮਲੇ ’ਤੇ ਚਰਚਾ ਅਤੇ ਬਹਿਸ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਉਹ ਇਸ ਮੁੱਦੇ ਤੋਂ ਭੱਜਣ ਵਾਲਿਆਂ ਵਿੱਚੋਂ ਨਹੀਂ ਹਨ।

ਪੇਪਰ ਲੀਕ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਦਾ ਪ੍ਰਦਰਸ਼ਨ

August 3, 2026 12:45 pm

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਹੋਰਨਾਂ ਕਾਂਗਰਸੀ ਵਿਧਾਇਕਾਂ ਵੱਲੋਂ ਪੇਪਰ ਲੀਕ ਦੇ ਮੁੱਦੇ ਉੱਤੇ ਸਰਕਾਰ ਦੀ ਘੇਰਾਬੰਦੀ ਕੀਤੀ ਗਈ। ਇਸ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਪੇਪਰ ਲੀਕ ਦੇ ਮਾਮਲੇ ਵਿੱਚ ਪੰਜਾਬ ਵਿਧਾਨ ਸਭਾ ਦੇ ਬਾਹਰ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਦੇ ਅਸਤੀਫ਼ੇ ਦੀ ਮੰਗਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੰਤਰ-ਮੰਤਰ ਉੱਤੇ ਵਿਦਿਆਰਥੀਆਂ ਦੇ ਧਰਨੇ ਵਿੱਚ ਪਹੁੰਚੇ ਹਨ ਅਤੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ, ਪਰ ਪੰਜਾਬ ਵਿੱਚ ਹੋਏ ਪੇਪਰ ਲੀਕ ਮਾਮਲਿਆਂ ਵਿੱਚ ਉਨ੍ਹਾਂ ਨੇ ਚੁੱਪੀ ਧਾਰ ਰੱਖੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋਏ ਪੇਪਰ ਲੀਕ ਦੇ ਮਾਮਲਿਆਂ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।

ਪੰਜਾਬ ਵਿਧਾਨ ਸਭਾ: ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ ਮੁੜ ਸ਼ੁਰੂ

August 3, 2026 12:42 pm

ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਭਾਰੀ ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਪ੍ਰਸ਼ਨ ਕਾਲ (Question Hour) ਦੌਰਾਨ ਵਿਰੋਧੀ ਧਿਰਾਂ ਵੱਲੋਂ ਕੀਤੇ ਗਏ ਜ਼ੋਰਦਾਰ ਹੰਗਾਮੇ ਅਤੇ ਨਾਅਰੇਬਾਜ਼ੀ ਕਾਰਨ ਸਦਨ ਦਾ ਕੰਮਕਾਜ ਕੁਝ ਸਮੇਂ ਲਈ ਠੱਪ ਹੋ ਗਿਆ ਸੀ।

ਪੰਜਾਬ ਦੇ ਸਿੱਖਿਆ ਵਿਭਾਗ ’ਚ 31,370 ਅਸਾਮੀਆਂ ਖ਼ਾਲੀ: ਬਾਜਵਾ

August 3, 2026 12:38 pm

ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਇਸ ਵੇਲੇ ਵੱਖ-ਵੱਖ ਕਾਡਰਾਂ ਦੀਆਂ ਕੁੱਲ 31,370 ਅਸਾਮੀਆਂ ਖ਼ਾਲੀ ਪਈਆਂ ਹਨ। ਇਹ ਸਵਾਲ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੁੱਛਿਆ ਗਿਆ। ਸਦਨ ਵਿੱਚ ਪੇਸ਼ ਕੀਤੇ ਅੰਕੜਿਆਂ ਅਨੁਸਾਰ, ਵਿਭਾਗ ਵਿੱਚ ਸਭ ਤੋਂ ਵੱਧ ਘਾਟ ਮਾਸਟਰ ਕਾਡਰ ਦੇ ਅਧਿਆਪਕਾਂ ਦੀ ਹੈ, ਜਿਸ ਦੀਆਂ 20,378 ਅਸਾਮੀਆਂ ਖ਼ਾਲੀ ਹਨ। ਇਸ ਤੋਂ ਇਲਾਵਾ ਲੈਕਚਰਾਰ ਕਾਡਰ ਦੀਆਂ 3,733 ਪੋਸਟਾਂ ’ਤੇ ਵੀ ਨਿਯੁਕਤੀਆਂ ਹੋਣੀਆਂ ਬਾਕੀ ਹਨ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਖ਼ਾਲੀ ਪੋਸਟਾਂ ਨੂੰ ਭਰਨ ਲਈ ਪ੍ਰਕਿਰਿਆ ਚਲਾਈ ਜਾ ਰਹੀ ਹੈ।

ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ

August 3, 2026 12:28 pm

ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਪਹਿਲੇ ਹੀ ਦਿਨ ਪ੍ਰਸ਼ਨ ਕਾਲ (Question Hour) ਦੌਰਾਨ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ, ਜਿਸ ਕਾਰਨ ਸਦਨ ਦੀ ਕਾਰਵਾਈ ਪੂਰੀ ਤਰ੍ਹਾਂ ਠੱਪ ਹੋ ਗਿਆ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਤੋਂ ਪਹਿਲਾਂ ਹੈਲਥ ਮੰਤਰੀ ਦਾ ਪੇਪਰ ਲੀਕ ਮਾਮਲੇ ’ਤੇ ਅਸਤੀਫ਼ਾ ਮੰਗਿਆ। BJP ਮੈਂਬਰ ਅਸ਼ਵਨੀ ਸ਼ਰਮਾ ’ਤੇ ਸੰਦੀਪ ਜਾਖੜ ਵੀ ਪੇਪਰ ਲੀਕ ਮਾਮਲੇ ’ਤੇ ਵੀ ਕਾਂਗਰਸ ਡਟੇ ਰਹੇ।

ਸੈਸ਼ਨ ਤੋਂ ਪਹਿਲਾਂ ਬਾਜਵਾ ਵੱਲੋਂ ਵਿਧਾਇਕਾਂ ਨਾਲ ਮੀਟਿੰਗ

August 3, 2026 12:14 pm

ਅੱਜ ਦੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਵਿਧਾਇਕਾਂ ਨਾਲ ਆਪਣੇ ਦਫ਼ਤਰ (LOP Office) ਵਿਖੇ ਮੀਟਿੰਗ(CLP meeting) ਕੀਤੀ ਗਈ।

ਸਦਨ ’ਚ ਨਰਿੰਦਰ ਕੌਰ ਭਰਾਜ ਦੇ ਸਵਾਲ ਨਾਲ ਪ੍ਰਸ਼ਨ ਕਾਲ ਸ਼ੁਰੂ

August 3, 2026 12:11 pm

ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਪੰਜਾਬ ਵਿੱਚ ਇੱਕ ਦੋ ਮਹੀਨਿਆਂ ਵਿੱਚ 900 ਨਵੀਆਂ ਬੱਸਾਂ ਚਲਣਗੀਆਂ । ਉਨ੍ਹਾਂ ਦੱਸਿਆ ਕਿ 800 ਬੱਸਾਂ ਦੇ ਟੈਂਡਰ ਹੋ ਚੁੱਕੇ ਹਨ ਅਤੇ 100 ਮਿੰਨੀ ਬੱਸਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ

ਇਜਲਾਸ ਸ਼ੁਰੂ; ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ

August 3, 2026 11:16 am

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਸੈਸ਼ਨ ਸ਼ੁਰੂ ਹੁੰਦਿਆਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਹੋਰਨਾਂ ਵਿਧਾਇਕਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਸਹੀ ਰਾਮ ਬਿਸ਼ਨੋਈ, ਸਿਪਾਹੀ ਸਰਬਜੀਤ ਸਿੰਘ, ਆਜ਼ਾਦੀ ਘੁਲਾਟੀਏ ਸੇਵਾ ਸਿੰਘ, ਓਲੰਪੀਅਨ ਰਣਧੀਰ ਸਿੰਘ, ਪੰਜਾਬੀ ਗਾਇਕ ਭੂਲਾ ਰਾਮ, ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਦੇ ਚਾਚਾ ਮਨਜੀਤ ਸਿੰਘ ਢੋਸ, ਭੁਪਿੰਦਰ ਸਿੰਘ ਪਾਹੜਾ, ਫ਼ੌਜ ਦੇ ਜਵਾਨ ਸਿਕੰਦਰ ਸਿੰਘ ਅਤੇ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਜਾਨਾਂ ਗਵਾਉਣ ਵਾਲੇ ਬੱਚਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਕਾਂਗਰਸੀ ਵਿਧਾਇਕ ਕਾਲੇ ਪਰਨੇ ਪਾ ਕੇ ਪਹੁੰਚੇ

August 3, 2026 11:08 am

16ਵੀਂ ਵਿਧਾਨ ਸਭਾ ਦਾ 13ਵਾਂ ਇਜਲਾਸ ਬਹੁਤ ਹੀ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ। ਅੱਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਕਾਂਗਰਸੀ ਵਿਧਾਇਕ ਕਾਲੇ ਪਰਨੇ ਪਾ ਕੇ ਪਹੁੰਚੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਕਾਂਗਰਸੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਵਿੱਚ ਵੱਖ-ਵੱਖ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਹੋਈ ਹੈ।

ਸੰਵਿਧਾਨ ਦੀ ਕਾਪੀ ਲੈ ਕੇ ਵਿਧਾਨ ਸਭਾ ਪਹੁੰਚੇ ਵਿਧਾਇਕ ਸੰਦੀਪ ਜਾਖੜ

August 3, 2026 10:32 am

ਵਿਧਾਨ ਸਭਾ ਹਲਕਾ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਅੱਜ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਵਿੱਚ ਸੰਵਿਧਾਨ ਦੀ ਕਾਪੀ ਲੈ ਕੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿਛਲੇ ਤਿੰਨ ਹਫ਼ਤਿਆਂ ਤੋਂ ਸਫ਼ਾਈ ਸੇਵਕ ਹੜਤਾਲ ’ਤੇ ਬੈਠੇ ਹਨ। ਇਸ ਦੌਰਾਨ ਅੰਦੋਲਨ ਵਿੱਚੋਂ ਨਿਕਲੀ ਹੋਈ ਪਾਰਟੀ ਅੱਜ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕਰਕੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਸਵਾਲ ਕੀਤਾ ਕਿ ਦੇਸ਼ ਦਾ ਸੰਵਿਧਾਨ ਅਤੇ ਪੰਜਾਬ ਦਾ ਸੰਵਿਧਾਨ ਵੱਖੋ-ਵੱਖਰਾ ਨਹੀਂ ਹੈ। ਹਰ ਕਿਸੇ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਅਧਿਕਾਰ ਹੈ ਅਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਲੋਕਾਂ ’ਤੇ ਲਾਠੀਚਾਰਜ ਕਰਨਾ ਗ਼ਲਤ ਹੈ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਉਹ ਵਿਧਾਨ ਸਭਾ ਵਿੱਚ ਮੇਅਰ ਚੋਣਾਂ ਦੌਰਾਨ ਹੋਈ ਧੱਕੇਸ਼ਾਹੀ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਉਠਾਉਣਗੇ। ਇਸ ਤੋਂ ਇਲਾਵਾ ਸੂਬੇ ਵਿੱਚ ਲਗਾਤਾਰ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਦਾ ਮੁੱਦਾ ਵੀ ਚੁੱਕਣਗੇ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਸਫ਼ਾਈ ਕਾਮਿਆਂ ਦੀ ਹੜਤਾਲ ਕਰਕੇ ਸਫ਼ਾਈ ਪ੍ਰਬੰਧਾਂ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਸਫ਼ਾਈ ਕਾਮਿਆਂ ਦੀਆਂ ਮੰਗਾਂ ਨੂੰ ਸੁਣੇ ਅਤੇ ਸੂਬੇ ਵਿੱਚ ਸਫ਼ਾਈ ਯਕੀਨੀ ਬਣਾਵੇ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਕੇਂਦਰੀ ਸਿੱਖਿਆ ਮੰਤਰੀ ਨੇ ਪੇਪਰ ਲੀਕ ਦੇ ਮਾਮਲੇ ਵਿੱਚ ਅਸਤੀਫ਼ਾ ਦੇ ਦਿੱਤਾ ਹੈ, ਪਰ ਪੰਜਾਬ ਦੇ ਸਿੱਖਿਆ ਮੰਤਰੀ ਇਸ ਮਾਮਲੇ ਉੱਤੇ ਪੂਰੀ ਤਰ੍ਹਾਂ ਚੁੱਪ ਬੈਠੇ ਹਨ।- ਆਤਿਸ਼ ਗੁਪਤਾ

This Live Blog has Ended
Advertisement
×