Punjab MC Elections: ਪੰਜਾਬ ਵਿਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ ਪਈਆਂ। ਵੋਟਾਂ ਪੈਣ ਦਾ ਅਮਲ ਸਵੇਰ ਅੱਠ ਵਜੇ ਸ਼ੁਰੂ ਹੋਇਆ ਤੇ ਸ਼ਾਮ ਪੰਜ ਵਜੇ ਤਕ ਵੋਟਾਂ ਪਈਆਂ। ਇਹ ਪਤਾ ਲੱਗਿਆ ਹੈ ਕਿ ਸੂਬੇ ਵਿਚ ਸ਼ਾਮ ਪੰਜ ਵਜੇ ਤਕ 63.94 ਫੀਸਦੀ ਵੋਟਾਂ ਪਈਆਂ। ਇਨ੍ਹਾਂ ਚੋਣਾਂ ਦੇ ਨਤੀਜੇ 29 ਮਈ ਨੂੰ ਆਉਣਗੇ।
ਦੁਪਹਿਰ 2 ਵਜੇ ਤੱਕ ਪੰਜਾਬ ਭਰ ਵਿੱਚ ਕੁੱਲ 45.60 ਫ਼ੀਸਦ ਵੋਟਿੰਗ ਦਰਜ ਕੀਤੀ ਗਈ ਹੈ। ਇਸ ਦੌਰਾਨ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਅੱਜ ਭਾਰੀ ਪੁਲੀਸ ਫੋਰਸ ਵਲੋਂ ਸੜਕ ਉਪਰ ਰੋਕਾਂ ਲਗਾ ਕੇ ਧੂਰੀ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਹੈ। ਇਸ ਦੌਰਾਨ ਬਿੱਟੂ ਅਤੇ ਪੁਲੀਸ ਅਧਿਕਾਰੀਆਂ ਵਿਚਕਾਰ ਕਾਫ਼ੀ ਤਕਰਾਰ ਹੋਈ। ਰਵਨੀਤ ਸਿੰਘ ਬਿੱਟੂ ਅੱਜ ਪੁਲੀਸ ਵਲੋਂ ਧੂਰੀ ਵਿਖੇ ਪਾਰਟੀ ਆਗੂ ਪ੍ਰੋ. ਓਂਕਾਰ ਸਿੰਘ ਸਿੱਧੂ ਨੂੰ ਹਿਰਾਸਤ ਵਿਚ ਲੈਣ ਦੀ ਸੂਚਨਾ ਮਿਲਣ ਤੇ ਪੁੱਜੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਹੋ ਰਹੀਆਂ ਸਥਾਨਕ ਚੋਣਾਂ ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ’ਚ ਹਨ ਜਿਨ੍ਹਾਂ ਦੀ ਕਿਸਮਤ ਦਾ ਅੱਜ 35.45 ਲੱਖ ਵੋਟਰਾਂ ਵੱਲੋਂ ਕੀਤਾ ਜਾਵੇਗਾ। ਇਨ੍ਹਾਂ ਚੋਣਾਂ ਲਈ ਸੂਬੇ ਭਰ ’ਚ 1,014 ਪੋਲਿੰਗ ਬੂਥ ਬਣਾਏ ਗਏ ਹਨ ਅਤੇ 35 ਹਜ਼ਾਰ ਦੇ ਕਰੀਬ ਚੋਣ ਅਮਲਾ ਭਲਕੇ ਜਮਹੂਰੀ ਪ੍ਰਕਿਰਿਆ ’ਚ ਡਿਊਟੀ 'ਤੇ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ ਚੋਣਾਂ ਦਾ ਅਮਲ ਅਮਨ ਅਮਾਨ ਨਾਲ ਨਿਬੇੜਨ ਲਈ 32 ਹਜ਼ਾਰ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਇਹਨਾਂ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ। ਇਹ ਚੋਣਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣ ਜਾ ਰਹੀਆਂ ਹਨ, ਇਸ ਲਈ ਇਸ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਵੀ ਮੰਨਿਆ ਜਾ ਰਿਹਾ। ਪੰਜਾਬ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਡਟੇ ਹੋਏ ਹਨ। -ਆਤਿਸ਼ ਗੁਪਤਾ
ਫਾਜ਼ਿਲਕਾ ਜ਼ਿਲੇ 'ਚ ਵੋਟਾਂ ਦੇ ਅੰਕੜੇ
May 26, 2026 9:23 pm
ਫਾਜ਼ਿਲਕਾ ਜ਼ਿਲੇ 'ਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੌਰਾਨ ਹੋਈ 63.44% ਫੀਸਦੀ ਵੋਟਿੰਗ ਨਗਰ ਨਿਗਮ ਅਬੋਹਰ ਵਿਚ 60.05, ਨਗਰ ਕੌਂਸਲ ਫਾਜ਼ਿਲਕਾ ਵਿੱਚ 68.14 ਅਤੇ ਨਗਰ ਨਿਗਮ ਅਰਨੀਵਾਲਾ ਸ਼ੇਖ਼ ਸੁਭਾਨ ਵਿੱਚ 80.22 ਫੀਸਦੀ ਵੋਟਾਂ ਪਈਆਂ
ਨਗਰ ਕੌਂਸਲ ਭਵਾਨੀਗੜ੍ਹ, ਭਿੱਖੀਵਿੰਡ ਨਗਰ ਪੰਚਾਇਤ ਅਤੇ ਨਗਰ ਕੌਂਸਲ ਤਲਵੰਡੀ ਭਾਈ ਦੇ ਵੋਟਿੰਗ ਅੰਕੜੇ
May 26, 2026 9:21 pm
ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੀਆਂ; 15 ਵਾਰਡਾਂ ਵਿੱਚ 71.4 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਭਿੱਖੀਵਿੰਡ ਨਗਰ ਪੰਚਾਇਤ ਚੋਣਾਂ: ਸ਼ਾਮ 5:00 ਵਜੇ ਤੱਕ ਕਰੀਬ 64.5 ਫ਼ੀਸਦੀ ਵੋਟਿੰਗ, ਕੁਝ ਵਾਰਡਾਂ ਵਿੱਚ ਝੜਪਾਂ ਵੀ ਹੋਈਆਂ। ਨਗਰ ਕੌਂਸਲ ਤਲਵੰਡੀ ਭਾਈ ਦੇ 13 ਵਾਰਡਾਂ ਲਈ ਚੋਣਾਂ ਦਾ ਕੰਮ ਅੱਜ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਖ਼ਬਰ ਲਿਖੇ ਜਾਣ ਤੱਕ 65.44 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ। 3 ਨਗਰ ਕੌਂਸਲਾਂ ਜੰਡਿਆਲਾ ਗੁਰੂ, ਮਜੀਠਾ, ਰਮਦਾਸ ਅਤੇ 1 ਨਗਰ ਪੰਚਾਇਤ ਲਈ ਕੁੱਲ 63.5 ਫ਼ੀਸਦੀ ਵੋਟਿੰਗ ਹੋਈ
ਵੱਖ-ਵੱਖ ਨਗਰ ਨਿਗਮਾਂ/ਕੌਸਲਾਂ ਦੀਆਂ ਚੋਣਾਂ ਦੇ ਸ਼ਾਮ 5 ਵਜੇ ਤੱਕ ਦੇ ਅੰਕੜੇ
May 26, 2026 7:38 pm
ਨਗਰ ਕੌਂਸਲ ਜੈਤੋ ਦੀਆਂ ਚੋਣਾਂ ਵਿੱਚ 70.38 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਬਠਿੰਡਾ ਜ਼ਿਲ੍ਹੇ ਅੰਦਰ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੀ ਸ਼ਾਮ 5 ਵਜੇ ਤੱਕ ਦੀ ਵੋਟ ਪ੍ਰਤੀਸ਼ਤਤਾ 65.18 ਰਹੀ। ਨਗਰ ਕੌਂਸਲ ਗੋਨਿਆਣਾ ਵਿੱਚ 76.96%, ਨਗਰ ਕੌਂਸਲ ਕੋਟਫ਼ੱਤਾ ਵਿੱਚ 80.29%, ਨਗਰ ਕੌਂਸਲ ਮੌੜ ਅਤੇ ਨਗਰ ਕੌਂਸਲ ਰਾਮਾਂ ਵਿੱਚ 75.28-75.28% ਅਤੇ ਨਗਰ ਕੌਂਸਲ ਸੰਗਤ ਵਿੱਚ ਸਭ ਤੋਂ ਵੱਧ 88.44% ਵੋਟਿੰਗ ਦਰਜ ਕੀਤੀ ਗਈ। ਇਸੇ ਤਰ੍ਹਾਂ ਨਗਰ ਪੰਚਾਇਤ ਭਗਤਾ ਭਾਈਕਾ ਵਿੱਚ 76.66%, ਨਗਰ ਪੰਚਾਇਤ ਭਾਈ ਰੂਪਾ ਵਿੱਚ 80.02%, ਨਗਰ ਪੰਚਾਇਤ ਕੋਠਾ ਗੁਰੂ ਵਿੱਚ 75.09%, ਨਗਰ ਪੰਚਾਇਤ ਕੋਟਸ਼ਮੀਰ ਵਿੱਚ 84.41%, ਨਗਰ ਪੰਚਾਇਤ ਲਹਿਰਾ ਮੁਹੱਬਤ ਵਿੱਚ 82.27%, ਨਗਰ ਪੰਚਾਇਤ ਮਲੂਕਾ ਵਿੱਚ 79.57%, ਨਗਰ ਪੰਚਾਇਤ ਮਹਿਰਾਜ ਵਿੱਚ 76.50% ਅਤੇ ਨਗਰ ਪੰਚਾਇਤ ਨਥਾਣਾ ਵਿੱਚ 79.93% ਵੋਟਿੰਗ ਰਹੀ। ਸ੍ਰੀ ਮੁਕਤਸਰ ਸਾਹਿਬ ਵਿਖੇ 58.07 ਫੀਸਦੀ, ਮਲੋਟ ਵਿਖੇ 66.55 ਫੀਸਦੀ ਅਤੇ ਗਿਦੜਬਾਹਾ ਵਿਖੇ 68.10 ਫ਼ੀਸਦੀ ਵੋਟਿੰਗ ਹੋਈ ਮੋਗਾ ਦੀ ਨਗਰ ਨਿਗਮ ਅਤੇ ਕੋਟ ਈਸੇ ਖਾਂ ਦੀਆਂ ਨਗਰ ਪੰਚਾਇਤ ਚੋਣਾਂ ਇੱਕੋ ਦੁਕਾ ਘਟਨਾਵਾਂ ਨੂੰ ਛੱਡ ਕੇ ਸ਼ਾਂਤੀ ਨਾਲ ਸਿਰੇ ਚੜ੍ਹ ਗਈਆਂ। ਸ਼ਾਮ ਪੰਜ ਵਜੇ ਤੱਕ ਮੋਗਾ ਨਗਰ ਨਿਗਮ ਲਈ 58.35 ਫੀਸਦੀ ਅਤੇ ਨਗਰ ਪੰਚਾਇਤ ਕੋਟ ਈਸੇ ਖਾਂ ਲਈ 72.76 ਫੀਸਦੀ ਵੋਟਾਂ ਪਈਆਂ ਹਨ। ਨਗਰ ਕੌਂਸਲ ਭੁੱਚੋ ਮੰਡੀ ਦੇ 13 ਵਾਰਡਾਂ ਵਿੱਚ 83.8 ਫੀਸਦੀ ਵੋਟਿੰਗ ਹੋਈ ਹੈ।
ਪੰਜਾਬ ਵਿੱਚ ਸ਼ਾਮ ਪੰਜ ਵਜੇ ਤਕ 61.5 ਫੀਸਦੀ ਵੋਟਾਂ ਪਈਆਂ
May 26, 2026 7:18 pm
ਪੰਜਾਬ ਵਿਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ ਪਈਆਂ। ਵੋਟਾਂ ਪੈਣ ਦਾ ਅਮਲ ਸਵੇਰ ਅੱਠ ਵਜੇ ਸ਼ੁਰੂ ਹੋਇਆ ਤੇ ਸ਼ਾਮ ਪੰਜ ਵਜੇ ਤਕ ਵੋਟਾਂ ਪਈਆਂ। ਇਹ ਪਤਾ ਲੱਗਿਆ ਹੈ ਕਿ ਸੂਬੇ ਵਿਚ ਸ਼ਾਮ ਪੰਜ ਵਜੇ ਤਕ 61.5 ਫੀਸਦੀ ਵੋਟਾਂ ਪਈਆਂ ਪਰ ਇਹ ਅੰਕੜਾ ਫਾਈਨਲ ਨਹੀਂ ਹੈ ਤੇ ਇਸ ਵਿਚ ਹੋਰ ਵੋਟਾਂ ਜੁੜਨ ਨਾਲ ਕੁਝ ਬਦਲਾਅ ਹੋ ਸਕਦਾ ਹੈ। ਇਨ੍ਹਾਂ ਚੋਣਾਂ ਦੇ ਨਤੀਜੇ 29 ਮਈ ਨੂੰ ਆਉਣਗੇ। ਵੋਟਾਂ ਦੌਰਾਨ ਕਈ ਥਾਵਾਂ ’ਤੇ ਹਿੰਸਕ ਝੜਪਾਂ ਹੋਈਆਂ। ਸਮਾਣਾ ਵਿਚ ਪੁਲੀਸ ਤੇ ਸਮਰਥਕਾਂ ਦਰਮਿਆਨ ਧੱਕਾਮੁੱਕੀ ਹੋਈ ਤੇ ਪਥਰਾਅ ਹੋਇਆ। ਲੁਧਿਆਣਾ ਦੇ ਰਾੲੇਕੋਟ ਵਿਚ ਕਾਂਗਰਸੀ ਉਮੀਦਵਾਰ ਦੀ ਕੁੱਟਮਾਰ ਕੀਤੀ ਗਈ। ਲੁਧਿਆਣਾ ਵਿਚ ਆਪ ਵਿਧਾਇਕ ਸਰਵਜੀਤ ਮਾਣੂਕੇ ਨਾਲ ਬਹਿਸ ਕਰਨ ਵਾਲੇ ਸੋਸ਼ਲ ਮੀਡੀਆ ਇਨਫਲੂਐਂਸਰ ’ਤੇ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ ਖੰਨਾ, ਬਰਨਾਲਾ, ਸੰਗਰੂਰ ਵਿਚ ਵੀ ਤਕਰਾਰ ਦੀਆਂ ਖਬਰਾਂ ਹਨ।
ਜ਼ਿਲ੍ਹਾ ਮਾਨਸਾ : ਸ਼ਾਮ ਦੇ ਪੰਜ ਵਜੇ ਤੱਕ ਦੀ ਵੋਟਿੰਗ ਰਿਪੋਰਟ
May 26, 2026 6:48 pm
ਮਾਨਸਾ: 69.23% ਬਰੇਟਾ: 82.26% ਬੁਢਲਾਡਾ: 76.17% ਬੋਹਾ: 84.04% ਜੋਗਾ: 85.33% ਕੁੱਲ (Overall): 74.36%
ਨਗਰ ਕੌਂਸਲ ਪੱਟੀ ਦੇ 19 ਵਾਰਡਾਂ ਦੇ 38 ਪੋਲਿੰਗ ਬੂਥਾਂ ‘ਤੇ ਸ਼ਾਮ 5 ਵਜੇ ਤੱਕ 59.56 ਫ਼ੀਸਦੀ ਵੋਟਿੰਗ ਦਰਜ
May 26, 2026 6:43 pm
ਨਗਰ ਕੌਂਸਲ ਪੱਟੀ ਦੇ 19 ਵਾਰਡਾਂ ਦੇ 38 ਪੋਲਿੰਗ ਬੂਥਾਂ ‘ਤੇ ਸ਼ਾਮ 5 ਵਜੇ ਤੱਕ 59.56 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਇੱਥੇ ਕੁੱਲ 29,682 ਵੋਟਰਾਂ ਵਿੱਚੋਂ 17,679 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ। ਇਨ੍ਹਾਂ ਵਿੱਚ 9,195 ਪੁਰਸ਼ ਵੋਟਰ ਅਤੇ 8,484 ਮਹਿਲਾ ਵੋਟਰ ਸ਼ਾਮਲ ਰਹੇ ਹਨ। ਜੇਕਰ ਵਾਰਡਾਂ ਦੀ ਗੱਲ ਕੀਤੀ ਜਾਵੇ ਤਾਂ ਵਾਰਡ ਨੰਬਰ 17 ਵਿੱਚ ਸਭ ਤੋਂ ਵੱਧ 66.55 ਫ਼ੀਸਦੀ ਵੋਟਿੰਗ ਹੋਈ ਹੈ, ਜਦੋਂ ਕਿ ਵਾਰਡ ਨੰਬਰ 18 ਵਿੱਚ ਸਭ ਤੋਂ ਘੱਟ 47.45 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ।
ਬਰਨਾਲਾ ਜ਼ਿਲ੍ਹੇ 'ਚ ਵੋਟਿੰਗ ਦੇ ਸ਼ਾਮ 5 ਵਜੇ ਤੱਕ ਦੇ ਅੰਕੜੇ
May 26, 2026 6:36 pm
ਨਗਰ ਕੌਂਸਲ ਤਪਾ: 81.31 ਫੀਸਦੀ ਨਗਰ ਕੌਂਸਲ ਭਦੌੜ: 79.68 ਫੀਸਦੀ ਨਗਰ ਕੌਂਸਲ ਧਨੌਲਾ: 72.04 ਫੀਸਦੀ ਨਗਰ ਨਿਗਮ ਬਰਨਾਲਾ: 63.50 ਫੀਸਦੀ
ਲੋਹੀਆਂ ਖ਼ਾਸ, ਪਾਇਲ ਅਤੇ ਫਿਰੋਜ਼ਪੁਰ ਵਿੱਚ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਵੋਟਾਂ ਦੇ ਅੰਕੜੇ ਆਏ ਸਾਹਮਣੇ
May 26, 2026 6:28 pm
ਸ਼ਾਹਕੋਟ (ਲੋਹੀਆਂ ਖ਼ਾਸ): ਸ਼ਾਹਕੋਟ ਦੇ ਬਲਾਕ ਲੋਹੀਆਂ ਖ਼ਾਸ ਦੀ ਨਗਰ ਪੰਚਾਇਤ ਦੀ ਹੋਈ ਚੋਣ ਵਿੱਚ 71.72 ਫ਼ੀਸਦੀ ਵੋਟਿੰਗ ਪੂਰੀ ਤਰ੍ਹਾਂ ਅਮਨ-ਅਮਾਨ ਨਾਲ ਹੋਈ। ਪਾਇਲ: ਨਗਰ ਕੌਂਸਲ ਪਾਇਲ ਦੀਆਂ ਚੋਣਾਂ ਦਾ ਕੰਮ ਵੀ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ। ਪਾਇਲ ਦੇ 11 ਵਾਰਡਾਂ ਵਿੱਚ ਕੁੱਲ 80.10 ਪ੍ਰਤੀਸ਼ਤ ਵੋਟਾਂ ਪਈਆਂ। ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਨਗਰ ਕੌਂਸਲ ਚੋਣਾਂ ਦੇ ਸ਼ਾਮ 5 ਵਜੇ ਤੱਕ ਦੇ ਅੰਕੜੇ : ਨਗਰ ਕੌਂਸਲ ਫ਼ਿਰੋਜ਼ਪੁਰ: 56.71% ਨਗਰ ਕੌਂਸਲ ਤਲਵੰਡੀ ਭਾਈ: 58.72% ਨਗਰ ਕੌਂਸਲ ਜ਼ੀਰਾ: 58.82%
ਧੂਰੀ ਸ਼ਹਿਰ ਦੇ ਕਈ ਵਾਰਡਾਂ ਵਿੱਚ ਮਾਹੌਲ ਤਲਖ਼ੀ ਵਾਲਾ ਬਣਿਆ
May 26, 2026 5:56 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਹਲਕੇ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਕੁਝ ਵਾਰਡਾਂ ਵਿੱਚ ਤਲਖ਼ੀ ਵਾਲਾ ਮਾਹੌਲ ਬਣ ਗਿਆ। ਇੱਥੇ ਕਾਂਗਰਸ ਅਤੇ ਭਾਜਪਾ ਦੇ ਸਮਰਥਕ, ‘ਆਪ’ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਬਹਿਸਬਾਜ਼ੀ ਕਰਦੇ ਨਜ਼ਰ ਆਏ। ਇਸ ਦੌਰਾਨ ਪੁਲੀਸ ਪ੍ਰਸ਼ਾਸਨ ਉੱਪਰ ਪੰਜਾਬ ਸਰਕਾਰ ਦੀ ਮਦਦ ਕਰਨ ਦੇ ਦੋਸ਼ ਵੀ ਲੱਗੇ, ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਸ਼ਹਿਰ ਅੰਦਰ ਵਾਪਰੀ ਪਹਿਲੀ ਘਟਨਾ ਵਿੱਚ, ਵਾਰਡ ਨੰਬਰ 4 ਵਿਖੇ ਕਾਂਗਰਸ ਅਤੇ ‘ਆਪ’ ਦੇ ਵਰਕਰਾਂ 'ਚ ਕਾਫ਼ੀ ਤਕਰਾਰਬਾਜ਼ੀ ਹੋਈ। ਉੱਥੇ ਹੀ, ਵਾਰਡ ਨੰਬਰ 14 ਵਿੱਚ ਸ਼ਹਿਰ ਦੇ ਵਿਕਾਸ ਜੈਨ, ਜੋ ਇੱਕ ਆਜ਼ਾਦ ਉਮੀਦਵਾਰ ਦੀ ਮਦਦ ਕਰ ਰਹੇ ਸਨ, ਉਨ੍ਹਾਂ ਉੱਪਰ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਸਮੇਂ ਸਿਰ ਦੇਣ ਦੇ ਬਾਵਜੂਦ ਵੀ ਪੁਲੀਸ ਜਾਂਚ-ਪੜਤਾਲ ਕਰਨ ਲਈ ਮੌਕੇ ‘ਤੇ ਨਹੀਂ ਪਹੁੰਚੀ। ਦੂਜੇ ਪਾਸੇ, ਵਾਰਡ ਨੰਬਰ 9 ਵਿੱਚ ਭਾਜਪਾ ਉਮੀਦਵਾਰ ਪ੍ਰਿਯਾ ਦੇ ਪਰਿਵਾਰਕ ਮੈਂਬਰ ਬਲਵਿੰਦਰ ਬੱਬਲੂ ਨੇ ਸ਼ਹਿਰ ਦੇ ਇੱਕ ਉਦਯੋਗਪਤੀ ਉੱਤੇ ਡਰਾਉਣ-ਧਮਕਾਉਣ ਦਾ ਦੋਸ਼ ਲਗਾਇਆ। ਇਸੇ ਤਰ੍ਹਾਂ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜਦੋਂ ਧੂਰੀ ਆ ਰਹੇ ਸਨ, ਤਾਂ ਉਨ੍ਹਾਂ ਦਾ ਕਾਫ਼ਲਾ ਸਦਰ ਥਾਣੇ ਕੋਲ ਪੁਲੀਸ ਵੱਲੋਂ ਰੋਕਿਆ ਗਿਆ, ਜਿੱਥੇ ਪੰਜਾਬ ਪੁਲੀਸ ਅਤੇ ਰਵਨੀਤ ਬਿੱਟੂ ਵਿਚਕਾਰ ਕਾਫ਼ੀ ਬਹਿਸਬਾਜ਼ੀ ਹੋਈ। -ਹਰਦੀਪ ਸਿੰਘ ਸੋਢੀ
ਸਮਾਣਾ ਦੇ ਵਾਰਡ ਨੰਬਰ 19 ਵਿੱਚ ਪੱਥਰਬਾਜ਼ੀ ਦੀ ਖ਼ਬਰ
May 26, 2026 5:23 pm
ਸਮਾਣਾ ਵਿੱਚ ਵੋਟਿੰਗ ਦੌਰਾਨ ਕਈ ਥਾਵਾਂ ‘ਤੇ ਝੜਪਾਂ ਅਤੇ ਤਕਰਾਰਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇੱਥੇ ਪੁਲੀਸ ਮੁਲਾਜ਼ਮ ਵਿਰੋਧੀ ਉਮੀਦਵਾਰਾਂ ਨੂੰ ਸ਼ਾਂਤ ਕਰਨ ਲਈ ਲਗਾਤਾਰ ਜੱਦੋਜਹਿਦ ਕਰਦੇ ਨਜ਼ਰ ਆਏ ਹਨ, ਜੋ ਕਿ ਆਮ ਆਦਮੀ ਪਾਰਟੀ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਸਨ। ਇਸ ਦੌਰਾਨ ਵਾਰਡ ਨੰਬਰ 19 ਤੋਂ ਪੱਥਰਬਾਜ਼ੀ ਹੋਣ ਦੀ ਸੂਚਨਾ ਵੀ ਮਿਲੀ ਹੈ, ਜਿੱਥੇ ਕਥਿਤ ਤੌਰ ‘ਤੇ 'ਆਪ' ਸਮਰਥਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਕਈ ਵਰਕਰਾਂ ਦੀ ਕੁੱਟਮਾਰ ਕੀਤੀ ਗਈ ਹੈ। ਦੋਸ਼ ਹੈ ਕਿ ਇਸ ਦੌਰਾਨ ਮੌਕੇ 'ਤੇ ਮੌਜੂਦ ਪੁਲੀਸ ਚੁੱਪਚਾਪ ਮੂਕਦਰਸ਼ਕ ਬਣ ਖੜ੍ਹੀ ਰਹੀ।
ਨਵਾਂਸ਼ਹਿਰ ਦੇ ਵਾਰਡ ਨੰਬਰ 13 ਵਿੱਚ ਸੰਵੇਦਨਸ਼ੀਲ ਪੋਲਿੰਗ ਬੂਥ ‘ਤੇ ਤਿੱਖੀ ਬਹਿਸ
May 26, 2026 5:23 pm
ਨਵਾਂਸ਼ਹਿਰ ਦੇ ਵਾਰਡ ਨੰਬਰ 13 ਵਿੱਚ ਇੱਕ ਸੰਵੇਦਨਸ਼ੀਲ ਪੋਲਿੰਗ ਬੂਥ ‘ਤੇ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਦੌਰਾਨ ਉਸ ਵੇਲੇ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਬਖ਼ਸ਼ੀ ਅਤੇ ਮੱਖਣ ਸਿੰਘ ਗਰੇਵਾਲ ਵਿਚਕਾਰ ਬੂਥ ਦੇ ਬਾਹਰ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਕਥਿਤ ਦੋਸ਼ਾਂ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ। ਇਸ ਦੌਰਾਨ ਦੋਵਾਂ ਉਮੀਦਵਾਰਾਂ ਦੇ ਸਮਰਥਕ ਵੀ ਮੌਕੇ ‘ਤੇ ਇਕੱਠੇ ਹੋ ਗਏ। ਚਸ਼ਮਦੀਦਾਂ ਅਨੁਸਾਰ, ਬੂਥ ਦੇ ਆਲੇ-ਦੁਆਲੇ ਸਵੇਰ ਤੋਂ ਹੀ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ। ਸਥਿਤੀ ਦੁਪਹਿਰ ਲਗਪਗ 2 ਵਜੇ ਉਸ ਸਮੇਂ ਹੋਰ ਵਿਗੜ ਗਈ ਜਦੋਂ ਦੋਵਾਂ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਸਮੇਤ ਕਥਿਤ ਤੌਰ 'ਤੇ ਆਪਸ ਵਿੱਚ ਬਹਿਸਬਾਜ਼ੀ ਕੀਤੀ, ਜਿਸ ਕਾਰਨ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਦਖਲ ਦੇਣਾ ਪਿਆ। ਦੋਵਾਂ ਉਮੀਦਵਾਰਾਂ ਨੂੰ ਪੋਲਿੰਗ ਬੂਥ ਦੇ ਨੇੜੇ ਬਹਿਸ ਕਰਦੇ ਦੇਖਿਆ ਗਿਆ, ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨੇ ਮਾਮਲਾ ਹੋਰ ਵਧਣ ਤੋਂ ਰੋਕਣ ਲਈ ਉਨ੍ਹਾਂ ਨੂੰ ਵੱਖ ਕੀਤਾ ਅਤੇ ਵੋਟਿੰਗ ਏਰੀਆ ਤੋਂ ਦੂਰ ਲੈ ਗਏ। ਸੀਨੀਅਰ ਪੁਲੀਸ ਅਧਿਕਾਰੀ ਮੌਕੇ 'ਤੇ ਮੌਜੂਦ ਰਹੇ ਅਤੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਐੱਸ ਡੀ ਐੱਮ (SDM) ਅਨਮਜੋਤ ਕੌਰ ਨੇ ਕਿਹਾ ਕਿ ਇਹ ਮਾਮਲਾ ਮਾਮੂਲੀ ਸੀ ਅਤੇ ਵੋਟਿੰਗ ਦੀ ਆਮ ਪ੍ਰਕਿਰਿਆ ਦੌਰਾਨ ਵਾਪਰਿਆ। ਉਨ੍ਹਾਂ ਕਿਹਾ, "ਇਸ ਨੂੰ ਸਮੇਂ ਸਿਰ ਸੁਲਝਾ ਲਿਆ ਗਿਆ ਸੀ ਅਤੇ ਸਭ ਕੁਝ ਠੀਕ ਸੀ।" ਬੂਥ ‘ਤੇ ਮੌਜੂਦ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹੋਰਨਾਂ ਇਲਾਕਿਆਂ ਵਿੱਚ ਵੋਟਿੰਗ ਅਮਨ-ਅਮਾਨ ਨਾਲ ਚੱਲ ਰਹੀ ਹੈ ਅਤੇ ਇਹ ਸਮੱਸਿਆ ਸਿਰਫ਼ ਇਸੇ ਖਾਸ ਬੂਥ ਤੱਕ ਸੀਮਤ ਸੀ। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਦਿਨ ਵੇਲੇ ਵਾਰਡ ਦਾ ਦੌਰਾ ਕਰਕੇ ਵੋਟਿੰਗ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ ਅਤੇ ਸੰਵੇਦਨਸ਼ੀਲ ਬੂਥ ‘ਤੇ ਸਥਿਤੀ ਦੀ ਨਿਗਰਾਨੀ ਕੀਤੀ ਸੀ।
ਮਾਲਵਿਕਾ ਸੂਦ ਨੇ ਸੱਤਾਧਾਰੀ ਧਿਰ 'ਤੇ ਲਗਾਇਆ ਧੱਕੇਸ਼ਾਹੀ ਦਾ ਦੋਸ਼
May 26, 2026 4:53 pm
ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ, ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪਿੰਡਾਂ ਤੋਂ ਲੋਕਾਂ ਨੂੰ ਬੁਲਾ ਕੇ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਵਿਅਕਤੀਆਂ ਦੇ ਨਾਂ ‘ਤੇ ਜਾਅਲੀ ਵੋਟਾਂ ਪਵਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਤਰ੍ਹਾਂ ਧੱਕੇਸ਼ਾਹੀ ਹੀ ਕਰਨੀ ਸੀ, ਤਾਂ ਫਿਰ ਚੋਣਾਂ ਕਰਵਾਉਣ ਦੀ ਕੋਈ ਲੋੜ ਨਹੀਂ ਸੀ। ਸਵੇਰੇ ਆਪਣੀ ਵੋਟ ਪਾਉਣ ਤੋਂ ਬਾਅਦ, ਮਾਲਵਿਕਾ ਸੂਦ ਲਗਾਤਾਰ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਆਪਣੇ ਵਰਕਰਾਂ ਅਤੇ ਉਮੀਦਵਾਰਾਂ ਨਾਲ ਗੱਲਬਾਤ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਵੱਲੋਂ ਕਾਂਗਰਸ ‘ਤੇ ਦਬਾਅ ਬਣਾਇਆ ਜਾ ਰਹੀ ਹੈ ਅਤੇ ਵਰਕਰਾਂ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਵੀ ਇੱਕ ਕਾਂਗਰਸੀ ਵਰਕਰ ਨਾਲ ਕੁੱਟਮਾਰ ਹੋਈ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਐੱਫ ਆਈ ਆਰ (FIR) ਵੀ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਇੱਕ ਹੋਰ ਵਰਕਰ ਨੂੰ ਪੁਲੀਸ ਬੇਵਜ੍ਹਾ ਥਾਣੇ ਲੈ ਗਈ ਅਤੇ ਉਸ ਨੂੰ ਪਰੇਸ਼ਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਕਾਂਗਰਸੀ ਵਰਕਰਾਂ ਦਾ ਹੌਸਲਾ ਤੋੜਨ ਲਈ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵਰਕਰ ਪੂਰੀ ਮਜ਼ਬੂਤੀ ਨਾਲ ਮੈਦਾਨ ਵਿੱਚ ਡਟੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਇਹ ਸਾਬਤ ਕਰੇਗੀ ਕਿ ਲੋਕਾਂ ਦਾ ਸਮਰਥਨ ਉਨ੍ਹਾਂ ਦੇ ਨਾਲ ਹੈ। ਮਾਲਵਿਕਾ ਸੂਦ ਨੇ ਕਿਹਾ ਕਿ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਹੋਣੀਆਂ ਚਾਹੀਦੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਪਿੰਡਾਂ ਤੋਂ ਲੋਕ ਬੁਲਾ ਕੇ ਬੂਥਾਂ ‘ਤੇ ਬਿਠਾਏ ਗਏ ਹਨ ਅਤੇ ਕਈ ਬੂਥਾਂ ‘ਤੇ ਤਾਂ ਆਮ ਆਦਮੀ ਪਾਰਟੀ ਕੋਲ ਆਪਣੇ ਵਰਕਰ ਤੱਕ ਵੀ ਨਹੀਂ ਹਨ। ਇਸ ਸਬੰਧੀ ਜਦੋਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ, "ਅਜਿਹਾ ਕੁਝ ਵੀ ਨਹੀਂ ਹੈ, ਅਸੀਂ ਪੂਰੀ ਚੋਣ ਪ੍ਰਕਿਰਿਆ ਬੇਹੱਦ ਸੁਚਾਰੂ ਢੰਗ ਨਾਲ ਚਲਾ ਰਹੇ ਹਾਂ। ਜੇਕਰ ਉਨ੍ਹਾਂ ਕੋਲ ਕੋਈ ਸਬੂਤ ਹੈ ਜਾਂ ਕੋਈ ਅਜਿਹੀ ਮੁਸ਼ਕਿਲ ਹੈ, ਤਾਂ ਉਹ ਮੇਰੇ ਨਾਲ ਗੱਲ ਕਰਨ।" -ਕਿਰਨਦੀਪ ਸਿੰਘ ਬੰਬੀਹਾ
ਤਰਨ ਤਾਰਨ : ਕਾਂਗਰਸੀ ਉਮੀਦਵਾਰ ਨੇ ਲਗਾਏ ਕੁੱਟਮਾਰ ਦੇ ਦੋਸ਼
May 26, 2026 4:33 pm
ਭਿੱਖੀਵਿੰਡ ਦੇ ਵਾਰਡ ਨੰਬਰ 13 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕ੍ਰਿਸ਼ਨ ਪਾਲ ਜੱਜ ਨੇ ਆਮ ਆਦਮੀ ਪਾਰਟੀ ਦੇ ਵਿਅਕਤੀਆਂ ਉੱਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨਪਾਲ ਜੱਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਕੁਝ ਨੌਜਵਾਨਾਂ ਨੂੰ ਲਿਆ ਕੇ ਅੰਦਰ ਬੂਥ ਕੈਪਚਰਿੰਗ (ਕਬਜ਼ਾ) ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਦੋਂ ਉਨ੍ਹਾਂ ਵੱਲੋਂ ਇਸ ਨੂੰ ਰੋਕਿਆ ਗਿਆ, ਤਾਂ ਉਕਤ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਪ੍ਰਸ਼ਾਸਨ ਉੱਥੇ ਮੂਕਦਰਸ਼ਕ ਬਣ ਕੇ ਖੜ੍ਹਾ ਰਿਹਾ ਅਤੇ ਇਹ ਸਾਰਾ ਕੁਝ ਪੁਲੀਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੀ ਹੋ ਰਿਹਾ ਹੈ। ਫਿਲਹਾਲ ਪੁਲੀਸ ਵੱਲੋਂ ਦੋਵਾਂ ਧਿਰਾਂ ਨੂੰ ਉੱਥੋਂ ਖਦੇੜ ਦਿੱਤਾ ਗਿਆ ਹੈ ਅਤੇ ਹੁਣ ਮਾਹੌਲ ਸ਼ਾਂਤ ਕੀਤਾ ਜਾ ਰਿਹਾ ਹੈ।
ਸੰਗਰੂਰ: ਰਵਨੀਤ ਸਿੰਘ ਬਿੱਟੂ ਨੂੰ ਪੁਲੀਸ ਨੇ ਸਡ਼ਕ ’ਤੇ ਰੋਕਿਆ, ਅਧਿਕਾਰੀਆਂ ਨਾਲ ਤਕਰਾਰ
May 26, 2026 4:04 pm
![]()
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਅੱਜ ਭਾਰੀ ਪੁਲੀਸ ਫੋਰਸ ਵਲੋਂ ਸੜਕ ਉਪਰ ਰੋਕਾਂ ਲਗਾ ਕੇ ਧੂਰੀ ਜਾਣ ਤੋਂ ਰੋਕਿਆ ਗਿਆ ਹੈ। ਇਸ ਦੌਰਾਨ ਬਿੱਟੂ ਅਤੇ ਪੁਲੀਸ ਅਧਿਕਾਰੀਆਂ ਵਿਚਕਾਰ ਕਾਫ਼ੀ ਤਕਰਾਰ ਹੋਈ। ਰਵਨੀਤ ਸਿੰਘ ਬਿੱਟੂ ਅੱਜ ਪੁਲੀਸ ਵਲੋਂ ਧੂਰੀ ਵਿਖੇ ਪਾਰਟੀ ਆਗੂ ਪ੍ਰੋ. ਓਂਕਾਰ ਸਿੰਘ ਸਿੱਧੂ ਨੂੰ ਹਿਰਾਸਤ ਵਿਚ ਲੈਣ ਦੀ ਸੂਚਨਾ ਮਿਲਣ ਤੇ ਪੁੱਜੇ ਸਨ। ਰਵਨੀਤ ਸਿੰਘ ਬਿੱਟੂ ਨੂੰ ਧੂਰੀ ਜਾਣ ਤੋਂ ਰੋਕਣ ਲਈ ਪੁਲੀਸ ਨੇ ਸੜਕ ਉਪਰ ਵਾਹਨ ਖੜ੍ਹੇ ਕਰਕੇ ਰਾਹ ਰੋਕ ਲਿਆ ਸੀ ਅਤੇ ਮੌਕੇ ਤੇ ਐੱਸ.ਐੱਸ.ਪੀ ਸੰਗਰੂਰ ਡਾ. ਰਵਜੋਤ ਕੌਰ ਗਰੇਵਾਲ, ਐੱਸ.ਪੀ. ਦਵਿੰਦਰ ਅੱਤਰੀ, ਡੀਐੱਸਪੀ ਧੂਰੀ ਅਤੇ ਹੋਰ ਪੁਲੀਸ ਅਧਿਕਾਰੀ ਮੌਜੂਦ ਸਨ। ਸ੍ਰੀ ਬਿੱਟੂ ਨੇ ਪੁਲੀਸ ਨੂੰ ਪੁੱਛਿਆ ਕਿ ਪ੍ਰੋਂ ਓਂਕਾਰ ਸਿੰਘ ਸਿੱਧੂ ਨੂੰ ਕਿੱਥੇ ਰੱਖਿਆ ਹੈ ਤਾਂ ਇੱਕ ਪੁਲੀਸ ਅਧਿਕਾਰੀ ਨੇ ਆਖ ਦਿੱਤਾ ਕਿ ਰੈਸਟ ਹਾਊਸ ਸੰਗਰੂਰ ਵਿਖੇ ਲਿਜਾਇਆ ਗਿਆ ਤਾਂ ਬਿੱਟੂ ਆਪਣੇ ਕਾਫ਼ਲੇ ਸਮੇਤ ਰੈਸਟ ਹਾਊਸ ਸੰਗਰੂਰ ਪੁੱਜੇ ਪਰੰਤੂ ਉਥੇ ਓਂਕਾਰ ਸਿੰਘ ਸਿੱਧੂ ਨਹੀਂ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪਹਿਲਾਂ ਪੁਲੀਸ ਨੇ ਧੂਰੀ ਵਿਖੇ ਓਂਕਾਰ ਸਿੰਘ ਸਿੱਧੂ ਨੂੰ ਹਿਰਾਸਤ ਵਿਚ ਲੈਣ ਮਗਰੋਂ ਥਾਣਾ ਸਿਟੀ ਧੂਰੀ ਲੈ ਗਈ, ਜਿਉਂ ਹੀ ਪੁਲੀਸ ਨੂੰ ਪਤਾ ਲੱਗਿਆ ਕਿ ਮੈਂ ਧੂਰੀ ਆ ਰਿਹਾ ਤਾਂ ਪੁਲੀਸ ਫ਼ਿਰ ਸਿੱਧੂ ਨੂੰ ਸੰਗਰੂਰ ਲੈ ਗੲੀ। ਜਦੋਂ ਉਹ ਸੰਗਰੂਰ ਆ ਰਹੇ ਸੀ ਤਾਂ ਫ਼ਿਰ ਪੁਲੀਸ ਓਂਕਾਰ ਸਿੰਘ ਸਿੱਧੂ ਨੂੰ ਮੁੜ ਧੂਰੀ ਲੈ ਗਈ। ਬਿੱਟੂ ਨੇ ਦੋਸ਼ ਲਾਇਆ ਕਿ ਧੂਰੀ ਵਿਖੇ ਸ਼ਰੇਅਮ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ ਅਤੇ ਪੁਲੀਸ ਵੀ ਆਪ ਸਰਕਾਰ ਦਾ ਪੱਖ ਪੂਰ ਰਹੀ ਹੈ। ਉਨ੍ਹਾਂ ਕਿਹਾ ਕਿ ਧੂਰੀ ਦੇ 9 ਨੰਬਰ ਵਾਰਡ ਵਿਚ ਚੋਣ ਲੜ ਰਹੀ ਭਾਜਪਾ ਉਮੀਦਵਾਰ ਪ੍ਰਿਆ ਦੇ ਪਤੀ ਬਬਲੂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਵੋਟ ਨਹੀਂ ਪੈਣ ਦੇ ਰਹੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਜਾਂ ਵਰਕਰ ਨਾਲ ਕੋਈ ਧੱਕੇਸ਼ਾਹੀ ਹੋਈ ਤਾਂ ਜ਼ਿਲ੍ਹਾ ਸੰਗਰੂਰ ਦੇ ਸਿਵਲ ਅਤੇ ਪੁਲੀਸ ਅਧਿਕਾਰੀ ਜਿੰਮੇਵਾਰ ਹੋਣਗੇ। ਉਨ੍ਹਾਂ ਕਿਹਾ, ‘‘ਮੈਂ ਜਿੱਦੀ ਬੰਦਾ ਹਾਂ, ਖਹਿੜਾ ਛੱਡਣ ਵਾਲਾ ਨਹੀਂ ਹਾਂ।’’ ਇਸ ਉਪਰੰਤ ਰਵਨੀਤ ਸਿੰਘ ਬਿੱਟੂ ਮੁੜ ਸੰਗਰੂਰ ਤੋਂ ਧੂਰੀ ਨੂੰ ਰਵਾਨਾ ਹੋ ਗਏ ਪਰੰਤੂ ਬੇਨੜਾ ਨਜ਼ਦੀਕ ਪੁਲੀਸ ਫੋਰਸ ਵਲੋਂ ਸੜਕ ਉਪਰ ਨਾਕੇਬੰਦੀ ਕਰਕੇ ਮੁੜ ਰੋਕ ਲਿਆ ਗਿਆ ਜਿਥੇ ਬਿੱਟੂ ਦੀ ਪੁਲੀਸ ਅਧਿਕਾਰੀਆਂ ਨਾਲ ਕਾਫ਼ੀ ਤਕਰਾਰਬਾਜ਼ੀ ਹੋਈ। ਬਿੱਟੂ ਇਸ ਗੱਲ ਤੋਂ ਖਫ਼ਾ ਸਨ ਕਿ ਮੁੱਖ ਸੜਕ ਕਿਉਂ ਰੋਕੀ ਗਈ ਹੈ ਜਿਸ ਨਾਲ ਆਮ ਲੋਕ ਪਰੇਸ਼ਾਨ ਹੋ ਰਹੇ ਹਨ। ਇੱਕ ਪੁਲੀਸ ਅਧਿਕਾਰੀ ਨੇ ਬਿੱਟੂ ਨੂੰ ਠੰਡਾ ਪੇਸ਼ ਕਰਕੇ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰੰਤੂ ਬਿੱਟੂ ਨੇ ਇਨਕਾਰ ਕਰਦਿਆਂ ਆਖਿਆ ਕਿ ਇਹ ਠੰਡਾ ਆਪਣੇ ਮੁੱਖ ਮੰਤਰੀ ਨੂੰ ਪਿਲਾ ਦਿਓ। ਖ਼ਬਰ ਲਿਖੇ ਜਾਣ ਤੱਕ ਬਿੱਟੂ ਸੜਕ ਉਪਰ ਹੀ ਡਟੇ ਹੋਏ ਸਨ। ਫੋਟੋ ਕੈਪਸ਼ਨ: ਧੂਰੀ ਨੇੜੇ ਪੁਲੀਸ ਵਲੋਂ ਰੋਕੇ ਜਾਣ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਐਸਐਸਪੀ, ਐਸ.ਪੀ. ਤੇ ਹੋਰ ਅਧਿਕਾਰੀਆਂ ਨਾਲ ਬਹਿਸਦੇ ਹੋਏ। -ਗੁਰਦੀਪ ਸਿੰਘ ਲਾਲੀ
ਆਪ' ਦੇ ਉਮੀਦਵਾਰ ਦੇ ਬੂਥ ਅੰਦਰ ਬੈਠਣ ਕਾਰਨ ਹੰਗਾਮਾ
May 26, 2026 4:04 pm
![]()
ਨਗਰ ਪੰਚਾਇਤ ਅਮਰਗੜ੍ਹ ਦੇ ਬੂਥ ਨੰਬਰ 9 'ਚ ਉਸ ਵਕਤ ਮਾਹੌਲ ਤਨਾਅਪੂਰਨ ਬਣ ਗਿਆ ਜਦੋਂ ਵਿਰੋਧੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ 'ਤੇ ਬੂਥ ਅੰਦਰ ਬੈਠ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਇਤਰਾਜ਼ ਜਤਾਉਂਦੇ ਹੋਏ ਸੱਤਾਧਾਰੀ ਧਿਰ 'ਤੇ ਧੱਕਾਸ਼ਾਹੀ ਦੇ ਦੋਸ਼ ਲਗਾਏ ਗਏ। ਮੌਕੇ 'ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ, ਭਾਜਪਾ ਦੇ ਹਲਕਾ ਇੰਚਾਰਜ ਹੀਰਾ ਸਿੰਘ, ਬਹੁਜਨ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਸੰਤੋਖ ਸਿੰਘ ਤੇ ਕਾਂਗਰਸ ਦੀ ਉਮੀਦਵਾਰ ਬੀਬੀ ਗੁਰਦੇਵ ਕੌਰ ਤੇ ਇਨ੍ਹਾਂ ਦੇ ਸਮਰਥਕਾਂ ਨੇ ਇਤਰਾਜ਼ ਜਤਾਇਆ ਕਿ ਸੱਤਾਧਾਰੀ ਧਿਰ ਦਾ ਉਮੀਦਵਾਰ ਅੰਦਰ ਬੈਠਾ ਹਰੇਕ ਨੂੰ ਧਿਆਨ ਰੱਖਣ ਦਾ ਆਖ ਕੇ ਵੋਟਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਮੌਕੇ 'ਤੇ ਭਾਰੀ ਪੁਲੀਸ ਫੋਰਸ ਸਮੇਤ ਪੁੱਜੇ ਡੀ ਐੱਸ ਪੀ ਸੰਜੀਵ ਕਪੂਰ, ਡੀ ਐੱਸ ਪੀ ਸਤੀਸ਼ ਕੁਮਾਰ ਤੇ ਐੱਸ ਐੱਚ ਓ ਅਮਰਗੜ੍ਹ ਬਲਜੀਤ ਸਿੰਘ ਵੱਲੋਂ ਸਥਿਤੀ ਨੂੰ ਕਾਬੂ ਕਰਦਿਆਂ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ। ਡੀ ਐੱਸ ਪੀ ਸੰਜੀਵ ਕਪੂਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਮੀਦਵਾਰ ਆਪਣਾ ਪੋਲਿੰਗ ਏਜੰਟ ਖੁਦ ਬਣ ਕੇ ਅੰਦਰ ਬੈਠ ਸਕਦਾ ਹੈ,ਪਰ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰਭਾਵਿਤ ਨਹੀਂ ਕਰ ਸਕਦਾ। ਇਸ ਮੌਕੇ ਵਿਧਾਇਕ ਪ੍ਰੋ ਜਸਵੰਤ ਸਿੰਘ ਗੱਜਣ ਮਾਜਰਾ ਵੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਵੀ ਆਪਣੇ ਪੋਲਿੰਗ ਏਜੰਟ ਵਜੋਂ ਅੰਦਰ ਬੈਠ ਸਕਦੇ ਹਨ। ਸੁਖਵਿੰਦਰ ਸਿੰਘ ਅਟਵਾਲ, ਅਮਰਗੜ੍ਹ
ਜਲੰਧਰ ਵਿਚ ਸ਼ਾਂਤੀਪੂਰਵਕ ਵੋਟਿੰਗ ਜਾਰੀ
May 26, 2026 3:41 pm
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਜਲੰਧਰ ਸ਼੍ਰੀ ਵਰਜੀਤ ਵਾਲੀਆ ਦੀ ਅਗਵਾਈ ਵਿੱਚ ਜ਼ਿਲ੍ਹੇ ਵਿੱਚ 5 ਨਗਰ ਕੌਂਸਲਾਂ ਆਦਮਪੁਰ, ਕਰਤਾਰਪੁਰ, ਨਕੋਦਰ, ਨੂਰਮਹਿਲ ਤੇ ਫਿਲੌਰ ਅਤੇ 2 ਨਗਰ ਪੰਚਾਇਤਾਂ ਮਹਿਤਪੁਰ ਤੇ ਲੋਹੀਆਂ ਖਾਸ ਲਈ ਸ਼ਾਂਤੀਪੂਰਨ ਤਰੀਕੇ ਨਾਲ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ। ਵੋਟਰ ਉਤਸ਼ਾਹ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। 2 ਵਜੇ ਤੱਕ ਨਗਰ ਕੌਂਸਲ ਆਦਮਪੁਰ ਵਿਖੇ 44.71 ਫੀਸਦੀ, ਕਰਤਾਰਪੁਰ ਵਿਖੇ 47.13, ਨਕੋਦਰ 47,36 ਨੂਰਮਹਿਲ 50,19 ਅਤੇ ਨਗਰ ਕੌਂਸਲ ਫਿਲੌਰ ਵਿਖੇ 44,81 ਫੀਸਦੀ ਵੋਟਿੰਗ ਹੋਈ। ਇਸੇ ਤਰ੍ਹਾਂ ਨਗਰ ਪੰਚਾਇਤ ਮਹਿਤਪੁਰ ਵਿਖੇ 51.63 ਫੀਸਦੀ ਅਤੇ ਲੋਹੀਆਂ ਖਾਸ ਵਿਖੇ. 52.476 ਫੀਸਦੀ ਵੋਟਾਂ ਸ਼ਾਂਤੀਪੂਰਨ ਤਰੀਕੇ ਨਾਲ ਪਈਆਂ। ਹਤਿੰਦਰ ਮਹਿਤਾ
ਬਰਨਾਲਾ: ‘ਆਪ’ ਅਤੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ ’ਚ ਝੜਪ, ਥੱਪਡ਼ ਮਾਰਨ ਦੀ ਵੀਡੀਓ ਵਾਇਰਲ
May 26, 2026 3:32 pm
ਬਰਨਾਲਾ ਨਗਰ ਨਿਗਮ ਚੋਣਾਂ ਦੌਰਾਨ ਅੱਜ ਦੁਪਹਿਰ ਸਮੇਂ ਸ਼ਹਿਰ ਦੇ ਵਾਰਡ ਨੰਬਰ 33 ਵਿੱਚ ਉਸ ਸਮੇਂ ਮਾਹੌਲ ਤਨਾਅ ਪੂਰਨ ਹੋ ਗਿਆ ਜਦੋਂ ਸੱਤਾਧਾਰਾ ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰ ਦੇ ਸਮਰਥਕ ਆਪਸ ਵਿੱਚ ਭਿੜ ਗਏ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਇੱਕ ਆਗੂ ਵੱਲੋਂ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਦੇ ਥੱਪੜ ਮਾਰਨ ਦੀ ਵੀਡੀਓ ਵੀ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਹੈ। ਜਾਣਕਾਰੀ ਅਨੁਸਾਰ ਇਸ ਵਾਰਡ ਵਿੱਚ ਜਾਅਲੀ ਵੋਟਾਂ ਪਾਏ ਜਾਣ ਨੂੰ ਲੈ ਕੇ ਵਿਵਾਦ ਹੋ ਗਿਆ। ਜਿਸ ਤੋਂ ਬਾਅਦ ਦੋਵੇਂ ਧਿਰਾਂ ਦੇ ਸਮੱਰਥਕ ਆਪਸ ਵਿੱਚ ਭਿੜ ਗਏ। ਇਸੇ ਦੌਰਾਨ ਭਾਵੇਂ ਪੁਲੀਸ ਵੱਲੋਂ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲੀਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਵੀ ਸੱਤਾਧਿਰ ਆਪ ਦੇ ਸਮਰਥਕ ਆਜ਼ਾਦ ਉਮੀਦਵਾਰਾਂ ਦੇ ਵਰਕਰਾਂ ਦੀ ਕੁੱਟਮਾਰ ਕਰਦੇ ਦਿਖਾਈ ਦਿੱਤੇ। ਆਜ਼ਾਦ ਉਮੀਦਵਾਰ ਉਰਮਲਾ ਦੇਵੀ ਦੇ ਪਤੀ ਡਾ. ਹੇਮਰਾਜ ਗਰਗ ਨੇ ਚੋਣ ਕਮਿਸ਼ਨ, ਪੁਲੀਸ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ। -ਲਖਵੀਰ ਸਿੰਘ ਚੀਮਾ
ਮਜੀਠਾ ਵਿਖੇ ਆਪ ਤੇ ਅਕਾਲੀ ਆਗੂਆਂ ਦਰਮਿਆਨ ਝਗਡ਼ਾ
May 26, 2026 3:28 pm
ਮਜੀਠਾ ਨਗਰ ਕੌਂਸਲ ਦੀ ਵਾਰਡ ਨੰਬਰ 9 ਵਿੱਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਵਿਚਕਾਰ ਜੰਮਕੇ ਲੜਾਈ ਹੋਈ ਹੈ। ਲੜਾਈ ਵਿੱਚ ਕੁਝ ਵਿਅਕਤੀਆਂ ਦੇ ਫੱਟੜ ਹੋਣ ਦੀ ਖਬਰ ਹੈ। ਵੋਟਾਂ ਨੂੰ ਲੈ ਕੇ ਦੋਹਾਂ ਧਿਰਾਂ ਵਿਚ ਡਾਂਗ ਸੋਟਾ ਚੱਲਿਆ -ਰਾਜਨ ਮਾਨ
ਮੁਹਾਲੀ ਵਿੱਚ ਦੁਪਹਿਰ 2 ਵਜੇ ਤੱਕ ਵੱਖ-ਵੱਖ ਨਗਰ ਕੌਂਸਲਾਂ ਵਿੱਚ ਵੋਟਿੰਗ ਜਾਰੀ
May 26, 2026 3:27 pm
ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਪੂਰੇ ਉਤਸ਼ਾਹ ਨਾਲ ਚੱਲ ਰਹੀ ਹੈ। ਪ੍ਰਸ਼ਾਸਨ ਵੱਲੋਂ ਜਾਰੀ ਦੁਪਹਿਰ 2 ਵਜੇ ਤੱਕ ਦੀ ਰਿਪੋਰਟ ਅਨੁਸਾਰ, ਨਗਰ ਨਿਗਮ ਮੋਹਾਲੀ ਵਿੱਚ 39.14%, ਨਗਰ ਕੌਂਸਲ ਡੇਰਾਬੱਸੀ ਵਿੱਚ 40.37%, ਨਗਰ ਕੌਂਸਲ ਕੁਰਾਲੀ ਵਿੱਚ 45.74%, ਨਗਰ ਕੌਂਸਲ ਬਨੂੜ ਵਿੱਚ 54.51%, ਨਗਰ ਕੌਂਸਲ ਜ਼ੀਰਕਪੁਰ ਵਿੱਚ 35.61%, ਨਗਰ ਕੌਂਸਲ ਨਵਾਂ ਗਾਓਂ ਵਿੱਚ 43% ਅਤੇ ਨਗਰ ਕੌਂਸਲ ਲਾਲੜੂ ਵਿੱਚ 50.75% ਮਤਦਾਨ ਦਰਜ ਕੀਤਾ ਗਿਆ ਹੈ। ਵੋਟਿੰਗ ਅਮਲ ਸ਼ਾਂਤੀਪੂਰਵਕ ਜਾਰੀ ਹੈ ਅਤੇ ਲੋਕਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹ ਦਿਖਾਇਆ ਜਾ ਰਿਹਾ ਹੈ।
ਅਕਾਲੀ ਉਮੀਦਵਾਰ ਵੱਲੋਂ ਥਾਣਾ ਮੁਖੀ ’ਤੇ ਧੱਕੇਸ਼ਾਹੀ ਕਰਨ ਦਾ ਦੋਸ਼
May 26, 2026 3:21 pm
![]()
ਇੱਥੇ ਵਾਰਡ ਨੰਬਰ 3 ਉੱਤੇ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਅਕਾਲੀ ਉਮੀਦਵਾਰ ਬੀਬੀ ਸਰਬਜੀਤ ਕੌਰ ਨੂੰ ਪੁਲੀਸ ਨੇ ਪੋਲਿੰਗ ਸਟੇਸ਼ਨ ਦੇ ਅੰਦਰ ਜਾਣ ਤੋਂ ਰੋਕ ਦਿੱਤਾ। ਦੁਪਹਿਰ ਸਮੇਂ ਉਮੀਦਵਾਰ ਸਰਬਜੀਤ ਕੌਰ ਅਤੇ ਉਸਦੇ ਪਤੀ ਲਖਵਿੰਦਰ ਸਿੰਘ, ਪੁੱਤਰ ਹਰਪਾਲ ਸਿੰਘ ਸਮੇਤ ਕੁਝ ਸਮੱਰਥਕ ਜਦੋਂ ਪੋਲਿੰਗ ਸਟੇਸ਼ਨ ਦੇ ਬਾਹਰ ਪੁੱਜੇ ਤਾਂ ਉੱਥੇ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਅੰਦਰ ਨਾ ਜਾਣ ਦਿੱਤਾ। ਜਿਸ ਉੱਤੇ ਉਨ੍ਹਾਂ ਦੀ ਪੁਲੀਸ ਨਾਲ ਬਹਿਸਬਾਜ਼ੀ ਸ਼ੁਰੂ ਹੋ ਗਈ। ਇਸੇ ਦੌਰਾਨ ਹੀ ਉੱਥੇ ਮੌਕੇ ਤੇ ਥਾਣਾ ਮੁਖੀ ਸੁਨੀਤਾ ਬਾਵਾ ਪੁੱਜ ਗਏ। ਉਨ੍ਹਾਂ ਨੇ ਆਉਣ ਸਾਰ ਹੀ ਪਹਿਲਾਂ ਅਕਾਲੀ ਉਮੀਦਵਾਰ ਦੇ ਪਤੀ ਲਖਵਿੰਦਰ ਸਿੰਘ ਨੂੰ ਬਾਹੋਂ ਫਡ਼੍ਹ ਕੇ ਪੋਲਿੰਗ ਬੂਥ ਤੋਂ ਪਿੱਛੇ ਧੱਕ ਦਿੱਤਾ। ਜਦੋਂ ਉਸਦੇ ਪੁੱਤਰ ਹਰਪਾਲ ਸਿੰਘ ਨੇ ਇਸ ਦਾ ਵਿਰੋਧ ਕੀਤਾ ਤਾਂ ਉਸਦੀ ਵੀ ਖਿੱਚ ਧੂਅ ਕੀਤੀ ਗਈ। ਇਹ ਸਾਰੀ ਘਟਨਾ ਵੀਡੀਓ ਵਿੱਚ ਕੈਦ ਹੋ ਗੲੀ। ਅਕਾਲੀ ਉਮੀਦਵਾਰ ਅਤੇ ਉਸ ਦੇ ਸਮੱਰਥਕਾਂ ਨੇ ਇਸਦਾ ਤਿੱਖਾ ਵਿਰੋਧ ਕੀਤਾ। ਜਾਣਕਾਰੀ ਮਿਲਦਿਆਂ ਹੀ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਵੀ ਅਕਾਲੀ ਦਲ ਦੇ ਪੋਲਿੰਗ ਬੂਥ ਪੁੱਜ ਗਏ। ਇਸ ਮੌਕੇ ਉਨ੍ਹਾਂ ਆਪ ਵਰਕਰਾਂ ਉੱਤੇ ਪੁਲੀਸ ਨਾਲ ਮਿਲਕੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਹੋਏ ਚੋਣਾਂ ਦੀ ਨਿਰਪੱਖਤਾ ਉੱਤੇ ਵੀ ਸੁਆਵ ਚੁੱਕੇ। -ਹਰਦੀਪ ਸਿੰਘ
ਛਾਉਣੀ ਦੇ ਫੌਜੀ ਜਵਾਨਾਂ ਵੱਲੋਂ ਵੋਟ ਪਾਉਣ ਕਾਰਨ ਵਿਵਾਦ
May 26, 2026 2:48 pm
ਫਰੀਦਕੋਟ: ਅੱਜ ਇੱਥੇ ਨਗਰ ਕੌਂਸਲ ਦੀਆਂ ਵੋਟਾਂ ਪੈਣ ਸਮੇਂ ਅਚਾਨਕ ਉਸ ਸਮੇਂ ਵਿਵਾਦ ਖੜਾ ਹੋ ਗਿਆ ਜਦੋਂ ਫਰੀਦਕੋਟ ਛਾਉਣੀ ਦੇ ਫੌਜੀ ਜਵਾਨਾਂ ਨੇ ਬੂਥ ਨੰਬਰ 17 ਉੱਪਰ ਆਪਣੀ ਵੋਟ ਪਾਈ। ਮੌਕੇ ਤੇ ਮੌਜੂਦ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਆਗੂ ਨੇ ਇਲਜ਼ਾਮ ਲਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਫੌਜੀ ਜਵਾਨਾਂ ਦੀਆਂ ਕਥਿਤ ਤੌਰ ਤੇ ਜਾਆਲੀ ਵੋਟਾਂ ਫਰੀਦਕੋਟ ਵਿੱਚ ਬਣਾਈਆਂ ਹਨ, ਜਦੋਂ ਕਿ ਫੌਜੀ ਜਵਾਨ ਫਰੀਦਕੋਟ ਦੇ ਰਹਿਣ ਵਾਲੇ ਹੀ ਨਹੀਂ ਅਤੇ ਫੌਜੀ ਛਾਉਣੀ ਵੀ ਫਰੀਦਕੋਟ ਨਗਰ ਕੌਂਸਲ ਤੋਂ ਬਾਹਰ ਆਉਂਦੀ ਹੈ। ਇਸ ਮੌਕੇ ਹਾਜਰ ਚੋਣ ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਫੌਜੀ ਜਵਾਨ ਬੂਥ ਨੰਬਰ 17 ’ਤੇ ਆਪਣੀ ਵੋਟ ਪਾਉਣ ਆਏ ਹਨ ਉਨ੍ਹਾਂ ਦਾ ਨਾ ਵੋਟਰ ਸੂਚੀ ਵਿੱਚ ਹੈ, ਇਸ ਲਈ ਉਹ ਅਜਿਹੇ ਕਿਸੇ ਵੀ ਵੋਟਰ ਨੂੰ ਵੋਟ ਪਾਉਣ ਤੋਂ ਨਹੀਂ ਰੋਕ ਸਕਦੇ ਜਿਸ ਦਾ ਵੋਟਰ ਸੂਚੀ ਵਿੱਚ ਨਾਮ ਹੋਵੇ। ਭਾਜਪਾ ਆਗੂ ਸੰਦੀਪ ਸਿੰਘ ਸਨੀ ਬਰਾੜ ਨੇ ਕਿਹਾ ਕਿ ਉਸ ਦੇ ਪਿਤਾ ਉੱਚ ਫੌਜੀ ਅਧਿਕਾਰੀ ਰਹੇ ਹਨ ਅਤੇ ਹੁਣ ਉਨ੍ਹਾਂ ਦਾ ਭਰਾ ਵੀ ਫੌਜ ਵਿੱਚ ਉੱਚ ਅਹੁਦੇ ਤੇ ਤੈਨਾਤ ਹੈ ਅਤੇ ਉਹ ਸਿਰਫ ਫੌਜੀ ਜਵਾਨਾਂ ਨੂੰ ਮਿਲਣ ਲਈ ਗਏ ਸਨ। ਸੂਚਨਾ ਅਨੁਸਾਰ 1500 ਦੇ ਕਰੀਬ ਫੌਜੀ ਜਵਾਨਾਂ ਨੇ ਬੂਥ ਉੱਪਰ ਵੋਟਾਂ ਪਾਈਆਂ। ਇਸੇ ਦਰਮਿਆਨ ਇੱਕ ਬੂਥ ਦੇ ਬਾਹਰ ਕਥਿਤ ਤੌਰ ਤੇ ਵੋਟਰਾਂ ਨੂੰ ਪੈਸੇ ਵੰਡਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਜਿਲ੍ਹਾ ਪ੍ਰਸ਼ਾਸਨ ਇਸ ਵੀਡੀਓ ਦੀ ਜਾਂਚ ਕਰ ਰਿਹਾ ਹੈ। -ਨਿੱਜੀ ਪੱਤਰ ਪ੍ਰੇਰਕ
ਦੁਪਹਿਰ 2 ਵਜੇ ਤੱਕ ਵੋਟਾਂ ਦਾ ਰੁਝਾਨ; ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੋਟਰਾਂ ਦਾ ਭਾਰੀ ਉਤਸ਼ਾਹ
May 26, 2026 2:40 pm
ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਪ੍ਰਸ਼ਾਸਨ ਵੱਲੋਂ ਜਾਰੀ ਦੁਪਹਿਰ 2 ਵਜੇ ਤੱਕ ਦੀਆਂ ਰਿਪੋਰਟਾਂ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਤਦਾਨ ਦੀ ਪ੍ਰਤੀਸ਼ਤਤਾ ਇਸ ਪ੍ਰਕਾਰ ਰਹੀ ਹੈ: ਜ਼ਿਲ੍ਹਾ ਪਟਿਆਲਾ: ਜ਼ਿਲ੍ਹੇ ਵਿੱਚ ਔਸਤਨ 45.51 ਫ਼ੀਸਦ ਵੋਟਿੰਗ ਦਰਜ ਕੀਤਾ ਗਿਆ ਹੈ। ਖੇਤਰਵਾਰ ਅੰਕੜਿਆਂ ਵਿੱਚ ਨਾਭਾ 44.99%, ਪਾਤੜਾਂ 50.84%, ਰਾਜਪੁਰਾ 45.75% ਅਤੇ ਸਮਾਣਾ ਵਿੱਚ 43.26% ਵੋਟਾਂ ਪਈਆਂ ਹਨ। ਜ਼ਿਲ੍ਹਾ ਮਾਨਸਾ: ਇਸ ਜ਼ਿਲ੍ਹੇ ਵਿੱਚ ਵੋਟਰਾਂ ਦਾ ਉਤਸ਼ਾਹ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਹੈ, ਜਿੱਥੇ ਓਵਰਆਲ 54.78 ਫ਼ੀਸਦ ਮਤਦਾਨ ਹੋਇਆ ਹੈ। ਖੇਤਰਵਾਰ ਵੇਰਵੇ: ਮਾਨਸਾ 48.98%, ਬਰੇਟਾ 58.96%, ਬੁਢਲਾਡਾ 57.77%, ਬੋਹਾ 65.37% ਅਤੇ ਜੋਗਾ ਵਿੱਚ ਸਭ ਤੋਂ ਵੱਧ 73.05% ਵੋਟਾਂ ਪਈਆਂ ਹਨ। ਜ਼ਿਲ੍ਹਾ ਫ਼ਰੀਦਕੋਟ: ਦੁਪਹਿਰ 2 ਵਜੇ ਤੱਕ ਦੇ ਅੰਕੜਿਆਂ ਮੁਤਾਬਕ ਫ਼ਰੀਦਕੋਟ ਵਿੱਚ 39.37%, ਕੋਟਕਪੂਰਾ ਵਿੱਚ 42.66% ਅਤੇ ਜੈਤੋ ਵਿੱਚ 54.92% ਮਤਦਾਨ ਦਰਜ ਕੀਤਾ ਗਿਆ ਹੈ।
Punjab MC Elections: ਰਮਦਾਸ ਵਿੱਚ ਆਪ ’ਤੇ ਜਾਅਲੀ ਵੋਟਾਂ ਪਾਉਣ ਦੇ ਦੋਸ਼, ਨਾਅਰੇਬਾਜ਼ੀ
May 26, 2026 2:26 pm
Punjab MC Elections: ਰਮਦਾਸ ਨਗਰ ਕੌਂਸਲ ਚੋਣ ਦੌਰਾਨ 11 ਨੰਬਰ ਵਾਰਡ ਵਿਚ ਸਰਕਾਰੀ ਸਕੂਲ ਦੇ ਬਾਹਰ ਭਾਰੀ ਹੰਗਾਮਾ ਹੋਇਆ ਹੈ। ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਭਾਜਪਾ ਦੇ ਆਗੂ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਤੇ ਅਕਾਲੀ ਦਲ ਦੇ ਜੋਧ ਸਿੰਘ ਸਮਰਾ ਨੇ ਦੋਸ਼ ਲਾਇਆ ਕਿ ਇਸ ਬੂਥ ਅੰਦਰ ਆਮ ਆਦਮੀ ਪਾਰਟੀ ਵਲੋਂ ਜਾਅਲੀ ਵੋਟਾਂ ਭੁਗਤਾਈਆਂ ਜਾ ਰਹੀਆਂ ਹਨ। ਉਕਤ ਸਾਰੇ ਆਗੂ ਸਕੂਲ ਦੇ ਬੂਥ ਦੇ ਬਾਹਰ ਪਹੁੰਚੇ ਤਾਂ ਪੁਲੀਸ ਵਲੋਂ ਰੋਕੇ ਜਾਣ ਤੇ ਹਲਕੀ ਧੱਕਾਮੁੱਕੀ ਵੀ ਹੋਈ। ਹਰਪ੍ਰਤਾਪ ਅਜਨਾਲਾ ਨੇ ਕਿਹਾ ਕਿ ਪੁਲੀਸ ਸ਼ਰੇਆਮ ਆਪ ਦੀ ਏਜੰਟ ਬਣੀ ਹੋਈ ਹੈ ਅਤੇ ਉਨ੍ਹਾਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਦੇ ਆਗੂ ਬੂਥਾਂ ਦੇ ਅੰਦਰ ਬੈਠੇ ਹਨ ਅਤੇ ਜਾਅਲੀ ਵੋਟਾਂ ਭੁਗਤਾ ਰਹੇ ਹਨ। ਗੱਡੀਆਂ ਵਿੱਚ ਸ਼ਰੇਆਮ ਹਥਿਆਰ ਲੈ ਕੇ ਉਹ ਘੁੰਮ ਰਹੇ ਹਨ ਪਰ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਸਬੰਧੀ ਹਾਲਾਤ ਵਿਗੜਦਿਆਂ ਵੇਖ ਐੱਸ ਡੀ ਐੱਮ ਅਜਨਾਲਾ ਮੌਕੇ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਤਿੰਨ ਵੋਟਾਂ ਦੂਸਰੀ ਵਾਰਡ ਤੋਂ ਬਦਲਕੇ ਇਸ ਵਿਚ ਆਈਆਂ ਸਨ ਅਤੇ ਉਹ ਗਲਤ ਨਹੀਂ ਸਨ। ਉਨ੍ਹਾਂ ਕਿਹਾ ਕਿ ਪੋਲਿੰਗ ਏਜੰਟਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਅਤੇ ਸਾਰਾ ਕੰਮ ਸ਼ਾਂਤ ਮਈ ਹੋ ਰਿਹਾ ਹੈ। ਇਸ ਦੌਰਾਨ ਗੁੱਸੇ ਵਿੱਚ ਲੋਕਾਂ ਵਲੋਂ ਪੁਲੀਸ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ ਗਈ। ਉਧਰ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸੇ ਪ੍ਰਕਾਰ ਦੀ ਕੋਈ ਗੜਬੜੀ ਨਹੀਂ ਹੋ ਰਹੀ ਅਤੇ ਵਿਰੋਧੀ ਆਪਣੀ ਹਾਰ ਨੂੰ ਵੇਖਕੇ ਬੁਖਲਾਹਟ ਵਿੱਚ ਆ ਗਏ ਹਨ ਅਤੇ ਹੁਣ ਬਹਾਨੇ ਬਣਾ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਰਮਦਾਸ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ ਇਸ ਕਰਕੇ ਇਹ ਰੌਲਾ ਪਾ ਕੇ ਮਹੌਲ ਖਰਾਬ ਕਰਨਾ ਚਾਹੁੰਦੇ ਹਨ। ਰਾਜਨ ਮਾਨ
ਜ਼ਿਲ੍ਹਾ ਸੰਗਰੂਰ ਦੀਆਂ ਚਾਰ ਨਗਰ ਕੌਂਸਲ ਚੋਣਾਂ ਲਈ 12 ਵਜੇ ਤੱਕ 35.52 ਵੋਟਿੰਗ
May 26, 2026 1:52 pm
ਜ਼ਿਲ੍ਹਾ ਸੰਗਰੂਰ ਵਿੱਚ ਭਵਾਨੀਗੜ੍ਹ, ਧੂਰੀ, ਲੌਂਗੋਵਾਲ ਅਤੇ ਸੁਨਾਮ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਜਾਰੀ ਹੈ। ਸਵੇਰੇ 10 ਵਜੇ ਤੱਕ ਸਿਰਫ 17.19 ਫੀਸਦੀ ਵੋਟਿੰਗ ਹੋਈ ਸੀ ਪ੍ਰੰਤੂ ਦੁਪਹਿਰ 12 ਵਜੇ ਤੱਕ 35.52 ਫੀਸਦੀ ਵੋਟਿੰਗ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਤੱਕ ਭਵਾਨੀਗੜ ਵਿਖੇ 35 ਫੀਸਦੀ, ਧੂਰੀ ਵਿਖੇ 32.72 ਫੀਸਦੀ, ਲੌਂਗੋਵਾਲ ਵਿਖੇ 39.58 ਫੀਸਦੀ ਅਤੇ ਸੁਨਾਮ ਵਿਖੇ 35.88 ਫੀਸਦੀ ਵੋਟਿੰਗ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਚਾਰ ਨਗਰ ਕੌਂਸਲਾਂ ਦੇ 67 ਵਾਰਡਾਂ ਲਈ ਵੋਟਿੰਗ ਹੋ ਰਹੀ ਹੈ ਜਦੋਂ ਕਿ 7 ਉਮੀਦਵਾਰ ਬਿਨਾਂ ਮੁਕਾਬਲੇ ਚੁਣੇ ਗਏ ਹਨ ਜਿਨ੍ਹਾਂ ਚੋਂ ਸੁਨਾਮ ਵਿਖੇ 2 ਅਤੇ ਧੂਰੀ ਚ 5 ਉਮੀਦਵਾਰ ਸ਼ਾਮਲ ਹਨ। 67 ਵਾਰਡਾਂ ਲਈ ਕੁੱਲ 262 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। -ਗੁਰਦੀਪ ਸਿੰਘ ਲਾਲੀ
ਐੱਸ ਐੱਸ ਪੀ ਖੰਨਾ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ
May 26, 2026 1:52 pm
ਇੱਥੇ ਨਗਰ ਕੌਂਸਲ ਦੀਆਂ ਪੈ ਰਹੀਆਂ ਵੋਟਾਂ ਸਮੇਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਐੱਸ ਐੱਸ ਪੀ ਖੰਨਾ ਡਾ ਦਰਪਣ ਆਹਲੂਵਾਲੀਆ ਵੱਲੋਂ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਆਹਲੂਵਾਲੀਆ ਨੇ ਕਿਹਾ ਕਿ ਪਾਇਲ, ਦੋਰਾਹਾ, ਸਮਰਾਲਾ ਅਤੇ ਖੰਨਾ ਵਿੱਚ 1 ਲੱਖ 44 ਹਜ਼ਾਰ ਵੋਟਰਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ 751 ਬੂਥਾਂ ਤੇ 25 ਪੁਲੀਸ ਪਾਰਟੀਆਂ ਪੈਟਰੋਲਿੰਗ ਕਰਨ ਤੇ ਲੱਗੀਆਂ ਹੋਈਆਂ ਹਨ। ਚੋਣਾਂ ਨੂੰ ਨੇਪਰੇ ਚਾੜਨ ਲਈ 2 ਐੱਸ ਪੀ ਅਤੇ 11 ਡੀ ਐੱਸ ਪੀ ਰੈਂਕ ਦੇ ਅਧਿਕਾਰੀ ਚਾਰਾਂ ਥਾਵਾਂ ਦੀ ਸੁਪਰਵੀਜ਼ਨ ਕਰ ਰਹੇ ਹਨ ਤਾਂ ਜੋ ਚੋਣ ਪੂਰੀ ਨਿਰਪੱਖਤਾ ਨਾਲ ਹੋ ਸਕੇ। ਉਨ੍ਹਾਂ ਕਿਹਾ ਕਿ ਵੋਟ ਪਾਉਣ ਦਾ ਹਰ ਇੱਕ ਨੂੰ ਮੌਲਿਕ ਅਧਿਕਾਰ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਤੁਸੀ ਚੋਣ ਜਾਬਤੇ ਦੀ ਪਾਲਣਾ ਕਰੋ, ਪੁਲੀਸ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿਓ। ਡਾ ਆਹਲੂਵਾਲੀਆ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਹੋ ਰਹੀਆਂ ਚਾਰੇ ਥਾਵਾਂ ਤੇ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਪੋਲਿੰਗ ਬੂਥ ਤੇ ਵੋਟਰਾਂ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। -ਦੇਵਿੰਦਰ ਸਿੰਘ ਜੱਗੀ
ਵੋਟ ਪਾਉਣ ਪਹੁੰਚੇ ਬਿਕਰਮ ਮਜੀਠੀਆ ਵਿਰੁੱਧ ਨਾਅਰੇਬਾਜ਼ੀ
May 26, 2026 1:43 pm
![]()
ਮਜੀਠਾ ਨਗਰ ਕੌਂਸਲ ਚੋਣਾਂ ਦੌਰਾਨ ਅੱਜ ਉਸ ਸਮੇਂ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਆਪਣੀ ਵੋਟ ਪਾਉਣ ਲਈ ਪਹੁੰਚੇ। ਜਿਵੇਂ ਹੀ ਮਜੀਠੀਆ ਆਪਣੀ ਪਤਨੀ ਅਤੇ ਹਲਕਾ ਵਿਧਾਇਕਾ ਗਨੀਵ ਕੌਰ ਮਜੀਠੀਆ ਨਾਲ ਬੂਥ ਨੰਬਰ 5 'ਤੇ ਪੁੱਜੇ, ਤਾਂ ਉੱਥੇ ਮੌਜੂਦ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਉਨ੍ਹਾਂ ਵਿਰੁੱਧ ਭਾਰੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਇਸ ਹੰਗਾਮੇ ਕਾਰਨ ਪੋਲਿੰਗ ਬੂਥ ਦੇ ਬਾਹਰ ਮਾਹੌਲ ਕਾਫ਼ੀ ਗਰਮਾ ਗਿਆ। ਸਥਿਤੀ ਨੂੰ ਤਣਾਅਪੂਰਨ ਹੁੰਦਾ ਦੇਖ ਪੁਲੀਸ ਤੁਰੰਤ ਹਰਕਤ ਵਿੱਚ ਆਈ ਅਤੇ ਮਜੀਠੀਆ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਉੱਥੋਂ ਖਦੇੜ ਦਿੱਤਾ। ਪੁਲੀਸ ਦੀ ਚੌਕਸੀ ਨਾਲ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਅਤੇ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਰੱਖਣ ਦੇ ਯਤਨ ਕੀਤੇ ਗਏ। ਸਰਕਾਰ ਪੁਲੀਸ ਤੇ ਗੈਂਗਸਟਰਾਂ ਦੀ ਮਦਦ ਨਾਲ ਧੱਕੇਸ਼ਾਹੀ ਕਰ ਰਹੀ ਹੈ -ਮਜੀਠੀਆ ੳੁਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਹੋ ਰਹੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੁਲੀਸ ਅਤੇ ਗੈਂਗਸਟਰ ਨਾਲ ਮਿਲਕੇ ਲੋਕਾਂ ਨੂੰ ਡਰਾ ਧਮਕਾ ਕੇ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ। ਅੱਜ ਇਥੇ ਵੋਟ ਪਾਉਣ ਉਪਰੰਤ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਪੁਲੀਸ ਪ੍ਰਸ਼ਾਸਨ ਅਤੇ ਗੈਂਗਸਟਰਾਂ ਦੀ ਮਦਦ ਨਾਲ ਕਬਜ਼ਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਸਰਕਾਰ ਨੇ ਇਹਨਾਂ ਦੀ ਮਦਦ ਨਾਲ ਧੱਕੇਸ਼ਾਹੀ ਕਰਕੇ ਵਿਰੋਧ ਉਮੀਦਵਾਰਾਂ ਦੇ ਪੇਪਰ ਰੱਦ ਕਰਵਾਏ ਹਨ ਅਤੇ ਹੁਣ ਚੋਣਾਂ ਵਿੱਚ ਵੱਡੀਆਂ ਧਾਂਦਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਹਾਈ ਕੋਰਟ ਦੇ ਧੰਨਵਾਦੀ ਹਨ ਜਿਸ ਨੇ ਚੋਣਾਂ ਦੀ ਗਿਣਤੀ ਕੈਮਰਿਆਂ ਦੀ ਨਿਗਰਾਨੀ ਹੇਠ ਕਰਵਾਉਣ ਦੇ ਹੁਕਮ ਦਿੱਤੇ ਹਨ। ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਜੜਾਂ ਪੰਜਾਬ ਵਿਚੋਂ ਉੱਖੜ ਚੁੱਕੀਆਂ ਹਨ ਅਤੇ ਉਹ ਇਨ੍ਹਾਂ ਚੋਣਾਂ ਵਿੱਚ ਧੱਕੇਸ਼ਾਹੀ ਕਰਕੇ ਆਪਣੀਆਂ ਜੜਾਂ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਹੈ ਅਤੇ ਇਹ ਹੁਣ ਬੁਖਲਾਹਟ ਵਿੱਚ ਆ ਕੇ ਲੋਕਾਂ ਨਾਲ ਧੱਕਾ ਕਰਨ ਤੇ ਉਤਰ ਆਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਦੀਆਂ ਧੱਕੇਸ਼ਾਹੀਆਂ ਦੀ ਪ੍ਰਵਾਹ ਨਾ ਕਰਨ। ਉਹਨਾਂ ਕਿਹਾ ਕਿ ਇਹ ਸਰਕਾਰ ਹੁਣ ਚੰਦ ਮਹੀਨਿਆਂ ਦੀ ਪਰੌਣੀ ਹੈ ਅਤੇ ਸਾਡਾ ਵਕਤ ਆਉਣ ਤੇ ਪੂਰਾ ਹਿਸਾਬ ਲਿਆ ਜਾਵੇਗਾ। -ਰਾਜਨ ਮਾਨ
ਮਾਨਸਾ: ਭਾਰੀ ਗਰਮੀ ਦੇ ਬਾਵਜੂਦ ਵੋਟਰਾਂ ਵਿਚ ਪੂਰਾ ਉਤਸ਼ਾਹ
May 26, 2026 1:40 pm
![]()
ਜ਼ਿਲ੍ਹਾ ਮਾਨਸਾ ਦੀਆਂ 3 ਨਗਰ ਕੌਂਸਲਾਂ ਮਾਨਸਾ, ਬੁਢਲਾਡਾ, ਬਰੇਟਾ ਅਤੇ 2 ਨਗਰ ਪੰਚਾਇਤਾਂ ਜੋਗਾ ਤੇ ਬੋਹਾ ਵਿੱਚ ਚੱਲ ਰਹੀ ਮਤਦਾਨ ਪ੍ਰਕਿਰਿਆ ਦਾ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਐੱਸ.ਐੱਸ.ਪੀ. ਭਾਗੀਰਥ ਸਿੰਘ ਮੀਨਾ ਨੇ ਅਚਨਚੇਤ ਜਾਇਜ਼ਾ ਲਿਆ। ਜਿਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਕਿਹਾ ਕਿ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਸੁਵਿਧਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿੱਕਲਣ ਅਤੇ ਆਪਣੀ ਵੋਟ ਦੇ ਅਧਿਕਾਰ ਦੀ ਲਾਜ਼ਮੀ ਵਰਤੋਂ ਕਰਨ। ਉਨ੍ਹਾਂ ਅੱਤ ਦੀ ਗਰਮੀ ਵਿਚ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ 137 ਪੋਲਿੰਗ ਬੂਥ ਹਨ ਜਿਨ੍ਹਾਂ ਦੇ ਅੰਦਰੂਨੀ ਤੇ ਬਾਹਰੀ ਹਿੱਸੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਵੋਟਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਾਰੇ ਹੀ ਪੋਲਿੰਗ ਬੂਥਾਂ ਉੱਤੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸ ਮੌਕੇ ਐੱਸ.ਐੱਸ.ਪੀ. ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਪੁਲੀਸ ਵੱਲੋਂ ਸਾਰੇ ਪੋਲਿੰਗ ਬੂਥਾਂ 'ਤੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਵੋਟਰ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜ੍ਹ ਸਕੇ। ਉਨ੍ਹਾਂ ਦੱਸਿਆ ਕਿ ਕਰੀਬ 800 ਪੁਲੀਸ ਮੁਲਾਜ਼ਮ, 7 ਡੀ.ਐੱਸ.ਪੀ., 2 ਐੱਸ.ਪੀ. ਅਤੇ 19 ਪੈਟਰੋਲਿੰਗ ਪਾਰਟੀਆਂ ਤੋਂ ਇਲਾਵਾ 19 ਰਿਜ਼ਰਵ ਪਾਰਟੀਆਂ ਲਗਾਈਆਂ ਗਈਆਂ ਹਨ ਅਤੇ ਅੰਤਰ ਜ਼ਿਲ੍ਹਾ ਨਾਕਾਬੰਦੀ ਵੀ ਕੀਤੀ ਗਈ ਹੈ। -ਜੋਗਿੰਦਰ ਸਿੰਘ ਮਾਨ
ਬਰਨਾਲਾ ਦੇ ਵਾਰਡ ਨੰਬਰ 15 ’ਚ ਭਾਜਪਾ ਉਮੀਦਵਾਰ ਦੇ ਪਤੀ ’ਤੇ ਹਮਲਾ
May 26, 2026 1:26 pm
ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 15 ਵਿਖੇ ਪੈ ਰਹੀਆਂ ਵੋਟਾਂ ਦਰਮਿਆਨ ਆਮ ਆਦਮੀ ਪਾਰਟੀ ਅਤੇ ਭਾਜਪਾ ਉਮੀਦਵਾਰਾਂ ਜੋ ਸਮਰਥਕਾਂ ਵਿਚਕਾਰ ਜ਼ਬਰਦਸਤ ਝਗਡ਼ਾ ਹੋ ਗਿਆ। ਇਸ ਝੜਪ ਦੌਰਾਨ ਭਾਜਪਾ ਉਮੀਦਵਾਰ ਦੀਪਇੰਦਰ ਕੌਰ ਦੇ ਪਤੀ ਜਸਵੀਰ ਸਿੰਘ ਗਾਂਧੀ ਦੇ ਸਿਰ ਵਿੱਚ ਗੰਭੀਰ ਸੱਟ ਵੀ ਲੱਗੀ। ਜ਼ਖ਼ਮੀ ਨੂੰ ਤੁਰੰਤ ਬਰਨਾਲਾ ਦੀ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮੌਕੇ ਭਾਜਪਾ ਉਮੀਦਵਾਰ ਦੇ ਪਤੀ ਜਸਵੀਰ ਸਿੰਘ ਨੇ ਦੱਸਿਆ ਕਿ ਉਹ 15 ਨੰਬਰ ਵਾਰਡ ਤੋਂ ਭਾਰਤੀ ਜਨਤਾ ਪਾਰਟੀ ਤੋਂ ਚੋਣ ਲੜ ਰਹੇ ਹਨ। ਅੱਜ ਉਨ੍ਹਾਂ ਦੇ ਵਾਰਡ ਵਿੱਚ ਸਵੇਰ ਤੋਂ ਹੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਬਾਹਰੀ ਲੋਕ ਘੁੰਮ ਫਿਰ ਰਹੇ ਸਨ ਜਿਨਾਂ ਬਾਰੇ ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਾਇਆ ਪਰੰਤੂ ਕੋਈ ਸੁਣਵਾਈ ਨਹੀਂ ਕੀਤੀ ਗਈ। ੳੁਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਬਾਹਰੀ ਲੋਕਾਂ ਵੱਲੋਂ ਵਾਰਡ ਵਿੱਚ ਜਾਅਲੀ ਵੋਟਾਂ ਪਾਈਆਂ ਜਾ ਰਹੀਆਂ ਸਨ। ਜਿਸ ਨੂੰ ਰੋਕੇ ਜਾਣ ਤੇ ਉਨ੍ਹਾਂ ਵੱਲੋਂ ਉਸ ਉਪਰ ਹਮਲਾ ਕਰ ਦਿੱਤਾ ਗਿਆ, ਪੱਗ ਲਾ ਦਿੱਤੀ ਗਈ ਅਤੇ ਉਸ ਦੇ ਸਿਰ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਸੱਟਾਂ ਮਾਰੀਆਂ ਗਈਆਂ ਹਨ। ਜਦ ਕਿ ਚੋਣ ਲੜ ਰਹੀ ਉਸਦੀ ਪਤਨੀ ਭਾਜਪਾ ਉਮੀਦਵਾਰ ਦੀਪਇੰਦਰ ਕੌਰ ਅਤੇ ਹੋਰ ਲੋਕਾਂ ਨੂੰ ਵੀ ਧੱਕੇ ਮਾਰੇ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼ਰੇਆਮ ਧੱਕੇਸ਼ਾਹੀ ਉੱਪਰ ਉੱਤਰ ਆਈ ਹੈ, ਵੋਟਾਂ ਵਿੱਚ ਸ਼ਰੇਆਮ ਜਾਅਲੀ ਵੋਟਾਂ ਭੁਗਤਾਈਆਂ ਜਾ ਰਹੀਆਂ ਹਨ ਅਤੇ ਚੋਣ ਕਮਿਸ਼ਨ ਤੇ ਪੁਲੀਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜਿਨਾਂ ਲੋਕਾਂ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਲਖਵੀਰ ਸਿੰਘ ਚੀਮਾ
ਫਾਜ਼ਿਲਕਾ ਜ਼ਿਲ੍ਹੇ ਵਿੱਚ ਦੁਪਹਿਰ 12 ਵਜੇ ਤੱਕ 42.55 ਫ਼ੀਸਦ ਵੋਟਿੰਗ
May 26, 2026 1:12 pm
ਜ਼ਿਲ੍ਹਾ ਫਾਜ਼ਿਲਕਾ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਦੁਪਹਿਰ 12 ਵਜੇ ਤੱਕ ਦੀ ਰਿਪੋਰਟ ਅਨੁਸਾਰ, ਜ਼ਿਲ੍ਹੇ ਵਿੱਚ ਔਸਤਨ 42.55 ਫ਼ੀਸਦ ਵੋਟਾਂ ਪੋਲ ਹੋ ਚੁੱਕੀਆਂ ਹਨ। ਖੇਤਰਵਾਰ ਅੰਕੜਿਆਂ ਮੁਤਾਬਕ ਨਗਰ ਪੰਚਾਇਤ ਅਰਨੀਵਾਲਾ ਵਿੱਚ ਸਭ ਤੋਂ ਵੱਧ 54.30 ਫ਼ੀਸਦ, ਨਗਰ ਨਿਗਮ ਅਬੋਹਰ ਵਿੱਚ 35.74 ਫ਼ੀਸਦ ਅਤੇ ਨਗਰ ਕੌਂਸਲ ਫਾਜ਼ਿਲਕਾ ਵਿੱਚ 37.61 ਫ਼ੀਸਦ ਮਤਦਾਨ ਦਰਜ ਕੀਤਾ ਗਿਆ ਹੈ। ਵੋਟਿੰਗ ਪ੍ਰਕਿਰਿਆ ਪੂਰੀ ਤਰ੍ਹਾਂ ਅਮਨ-ਅਮਾਨ ਨਾਲ ਚੱਲ ਰਹੀ ਹੈ।
Punjab MC Elections: ਦੁਪਹਿਰ 12 ਵਜੇ ਤੱਕ ਬਠਿੰਡਾ, ਮਾਨਸਾ ਤੇ ਬਰਨਾਲਾ ਜ਼ਿਲ੍ਹਿਆਂ 'ਚ ਵੋਟਰਾਂ ਦਾ ਉਤਸ਼ਾਹ ਸਿਖਰ ’ਤੇ
May 26, 2026 1:02 pm
ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਅੱਜ ਵੋਟਿੰਗ ਦਾ ਅਮਲ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਹੈ। ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਦੁਪਹਿਰ 12 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹਾਵਾਰ ਵੋਟਿੰਗਦੇ ਵੇਰਵੇ: ਜ਼ਿਲ੍ਹਾ ਬਠਿੰਡਾ: ਦੁਪਹਿਰ 12 ਵਜੇ ਤੱਕ ਜ਼ਿਲ੍ਹੇ ਵਿੱਚ ਕੁੱਲ 33.81 ਫ਼ੀਸਦ ਵੋਟਿੰਗ ਦਰਜ ਕੀਤੀ ਗੲੀ ਹੈ। ਜ਼ਿਲ੍ਹਾ ਮਾਨਸਾ: ਇਸ ਜ਼ਿਲ੍ਹੇ ਵਿੱਚ ਓਵਰਆਲ 39.09 ਫ਼ੀਸਦ ਵੋਟਾਂ ਪਈਆਂ ਹਨ। ਖੇਤਰਵਾਰ ਵੇਰਵੇ ਇਸ ਪ੍ਰਕਾਰ ਹਨ: ਮਾਨਸਾ 34.65%, ਬਰੇਟਾ 39.19%, ਬੁਢਲਾਡਾ 40.80%, ਬੋਹਾ 48.17% ਅਤੇ ਜੋਗਾ ਵਿੱਚ ਸਭ ਤੋਂ ਵੱਧ 60.06% ਵੋਟਿੰਗ ਹੋਈ ਹੈ। ਜ਼ਿਲ੍ਹਾ ਬਰਨਾਲਾ: ਇੱਥੇ ਓਵਰਆਲ 36.54 ਫ਼ੀਸਦ ਵੋਟਾਂ ਪਈਆਂ ਹਨ। ਨਗਰ ਨਿਗਮ ਬਰਨਾਲਾ ਵਿੱਚ 35.60%, ਨਗਰ ਕੌਂਸਲ ਤਪਾ ਵਿੱਚ 36.54%, ਨਗਰ ਕੌਂਸਲ ਭਦੌੜ ਵਿੱਚ 41.95% ਅਤੇ ਨਗਰ ਕੌਂਸਲ ਧਨੌਲਾ ਵਿੱਚ 36.96% ਮਤਦਾਨ ਦਰਜ ਕੀਤਾ ਗਿਆ ਹੈ।
Punjab MC Elections: ਸ਼ਰਾਬ ਦੀਆਂ ਪੇਟੀਆਂ ਨਾਲ ਭਰੀ ਕਾਰ ਬਰਾਮਦ, ਪਾਰਟੀ ਝੰਡੇ ਅਤੇ ਵੋਟਰ ਸੂਚੀਆਂ ਵੀ ਮੌਜੂਦ
May 26, 2026 12:54 pm
![]()
Punjab MC Elections: ਲੰਘੀ ਦੇਰ ਰਾਤ ਗੜ੍ਹਸ਼ੰਕਰ ਸ਼ਹਿਰ ਦੇ ਇਕ ਵਾਰਡ ਵਿੱਚ ਭਾਜਪਾ ਵਰਕਰਾਂ ਵੱਲੋਂ ਵੋਟਰਾਂ ਨੂੰ ਸ਼ਰਾਬ ਵੰਡਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਤਾ ਲੱਗਣ 'ਤੇ ਤੜਕੇ ਕਰੀਬ ਤਿੰਨ ਵਜੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਪੁਲੀਸ ਦੀ ਹਾਜ਼ਰੀ ਵਿੱਚ ਸ਼ਰਾਬ ਨਾਲ ਭਰੀ ਉਕਤ ਕਾਰ ਨੂੰ ਪੁਲੀਸ ਹਵਾਲੇ ਕੀਤਾ ਗਿਆ ਜਦਕਿ ਸ਼ਰਾਬ ਵੰਡਣ ਵਾਲੇ ਅਨਸਰ ਸ਼ਰਾਬ ਦੀਆਂ ਪੇਟੀਆਂ ਵਾਲੀ ਉਕਤ ਕਾਰ ਨੂੰ ਛੱਡ ਕੇ ਰਾਤ ਦੇ ਹਨੇਰੇ ਵਿੱਚ ਰਫੂ ਚੱਕਰ ਹੋ ਗਏ। ਇਸ ਗੱਡੀ ਵਿਚ ਸ਼ਰਾਬ ਦੀਆਂ ਪੇਟੀਆਂ ਦੇ ਨਾਲ ਨਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਵੋਟਰ ਸੂਚੀਆਂ , ਭਾਰਤੀ ਜਨਤਾ ਪਾਰਟੀ ਦੇ ਝੰਡੇ ਅਤੇ ਪੋਸਟਰ ਭਰੇ ਹੋਏ ਸਨ। ਡਿਪਟੀ ਸਪੀਕਰ ਅਨੁਸਾਰ ਇਸ ਗੱਡੀ ਦੁਆਰਾ ਭਾਜਪਾ ਵਲੋਂ ਨਗਰ ਕੌਂਸਲ ਗੜ੍ਹਸ਼ੰਕਰ ਦੇ ਵੋਟਰਾਂ ਨੂੰ ਰਾਤ ਦੇ ਹਨੇਰੇ ਵਿੱਚ ਨਸ਼ਾ ਵੰਡਿਆ ਜਾ ਰਿਹਾ ਸੀ ਜਿਸ ਬਾਰੇ ਸੂਚਨਾ ਮਿਲਣ 'ਤੇ ਉਨ੍ਹਾਂ ਪੁਲੀਸ ਨੂੰ ਮੌਕੇ 'ਤੇ ਬੁਲਾਇਆ ਅਤੇ ਇਸ ਗੱਡੀ ਨੂੰ ਪੁਲੀਸ ਹਵਾਲੇ ਕਰਵਾਇਆ ਗਿਆ ਹੈ।
ਹਲਕਾ ਵਿਧਾਇਕ ਵੱਲੋਂ ਮੀਡੀਆ ਕਰਮੀ ਨੂੰ ਕੁੱਟਮਾਰ ਕਰਨ ਦੀ ਧਮਕੀ ਦੇਣਾ ਮੰਦਭਾਗਾ: ਸਾਬਕਾ ਵਿਧਾਇਕ ਲੱਖਾ
May 26, 2026 12:50 pm
![]()
ਇੱਥੇ ਨਗਰ ਕੌਂਸਲ ਪਾਇਲ ਦੀਆਂ ਪੈ ਰਹੀਆਂ ਵੋਟਾਂ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ’ਚ ਪੋਲਿੰਗ ਬੂਥ ਤੇ ਵਾਰਡ ਨੰਬਰ 1 ਤੋਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਪੁੱਜੇ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਵੋਟ ਪਾਉਣਾ ਹਰ ਇੱਕ ਦਾ ਅਧਿਕਾਰ ਹੈ, ਸਾਡੇ ਦੇਸ਼ ਅੰਦਰ ਲੋਕਤੰਤਰ ਨੂੰ ਬਹਾਲ ਰੱਖਣ ਲਈ ਵੋਟਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੇ ਦੇਸ਼ ਅੰਦਰ ਡੈਮੋਕ੍ਰੇਸੀ ਦੀ ਲੜਾਈ ਲੜ ਰਹੀ ਹੈ। ਅੱਜ ਜੋ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਚੋਣ ਲੜ ਰਹੀ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਸ਼ਾਂਤੀ ਪੂਰਵਕ ਕਰਨ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਰਕੁੰਨ ਬੁਖਲਾਏ ਹੋਏ ਹਨ। ਸਾਬਕਾ ਵਿਧਾਇਕ ਨੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਗਿਆਸਪੁਰਾ ਵੱਲੋਂ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਂਦਿਆ ਕਿਹਾ ਕਿ ਇੱਕ ਮੀਡੀਆ ਕਰਮੀ ਨੂੰ ਕੁੱਟਮਾਰ ਕਰਨ ਦੀ ਧਮਕੀ ਦਿੱਤੀ ਗਈ ਹੈ ਜੋ ਮੰਦਭਾਗੀ ਗੱਲ ਆ। ਇਸ ਮੌਕੇ ਸ੍ਰੀਮਤੀ ਕਮਲੇਸ਼ ਕੌਰ, ਕਰਨ, ਸਾਬਕਾ ਪ੍ਰਧਾਨ ਮਲਕੀਤ ਸਿੰਘ ਗੋਗਾ, ਪੀ ਏ ਰਣਜੀਤ ਸਿੰਘ, ਰੁਪਿੰਦਰ ਸਿੰਘ ਬਿੰਦੂ ਵੀ ਹਾਜ਼ਰ ਸਨ। ਦੂਜੇ ਪਾਸੇ ਜਦੋ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਧਮਕੀ ਦੇਣ ਸੰਬੰਧੀ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਸਭ ਝੂਠੀਆਂ ਤੇ ਬੇਬੁਨਿਆਦ ਗੱਲਾਂ ਨੇ, ਅਜਿਹੀ ਕੋਈ ਗੱਲ ਨੀ, ਉਹ ਤਾਂ ਸਭ ਦਾ ਸਤਿਕਾਰ ਕਰਦੇ ਹਨ। -ਦੇਵਿੰਦਰ ਸਿੰਘ ਜੱਗੀ
ਸੰਸਦ ਮੈਂਬਰ ਰਾਜਾ ਵਡ਼ਿੰਗ ਨੇ ਪਾੲੀ ਵੋਟ
May 26, 2026 12:44 pm
![]()
ਕਾਂਗਰਸੀ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਗਰ ਕੌਂਸਲ ਚੋਣਾਂ ਦੌਰਾਨ ਮੁਕਤਸਰ ਦੇ ਵਾਰਡ ਨੰਬਰ ਛੇ ਤੋਂ ਖਾਲਸਾ ਕਾਲਜ ਆਫ ਐਜੂਕੇਸ਼ਨ ਵਿਖੇ ਸਥਿਤ ਬੂਥ ਵਿਖੇ ਆਪਣੀ ਵੋਟ ਪੋਲ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਧਰਮ ਪਤਨੀ ਅੰਮ੍ਰਿਤਾ ਵੜਿੰਗ ਵੀ ਮੌਜੂਦ ਸਨ। ਵੋਟ ਪੋਲ ਕਰਨ ਵਾਸਤੇ ਉਹ ਆਪਣੇ ਘਰ ਤੋਂ ਬਲਦ ਗੱਡੇ ਉੱਪਰ ਬੈਠ ਕੇ ਆਏ ਜਿਸ ਰਾਹੀਂ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਤੇਲ ਦੀਆਂ ਵਧਾਈਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਗਟਾਇਆ। ਫੋਟੋ ਤੇ ਵੇਰਵਾ : ਗੁਰਸੇਵਕ ਸਿੰਘ ਪ੍ਰੀਤ
ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੁਪਹਿਰ 12 ਵਜੇ ਤੱਕ ਕ੍ਰਮਵਾਰ 27 ਤੇ 34 ਫੀਸਦੀ ਵੋਟਿੰਗ
May 26, 2026 12:42 pm
ਨਗਰ ਨਿਗਮ ਕਪੂਰਥਲਾ ਅਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿੱਚ ਚੱਲ ਰਹੀਆਂ ਚੋਣਾਂ ਦੌਰਾਨ ਵੋਟਿੰਗ ਨੇ ਦੁਪਹਿਰ ਤੱਕ ਰਫ਼ਤਾਰ ਫੜ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਤੱਕ ਨਗਰ ਨਿਗਮ ਕਪੂਰਥਲਾ ਵਿੱਚ ਕਰੀਬ 27 ਫੀਸਦੀ ਵੋਟਿੰਗ ਦਰਜ ਕੀਤੀ ਗਈ, ਜਦਕਿ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿੱਚ 34 ਫੀਸਦੀ ਵੋਟਿੰਗ ਹੋੲੀ। ਦੁਪਹਿਰ ਤੱਕ ਵੋਟਰਾਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲਿਆ ਅਤੇ ਵੱਖ-ਵੱਖ ਪੋਲਿੰਗ ਬੂਥਾਂ ’ਤੇ ਲੋਕ ਲਾਈਨਾਂ ਵਿੱਚ ਖੜ੍ਹੇ ਨਜ਼ਰ ਆਏ। ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਪੋਲਿੰਗ ਸਟੇਸ਼ਨਾਂ ’ਤੇ ਪੁਲੀਸ ਅਤੇ ਸੁਰੱਖਿਆ ਬਲ ਤਾਇਨਾਤ ਹਨ। ਪ੍ਰਸ਼ਾਸਨ ਨੂੰ ਉਮੀਦ ਹੈ ਕਿ ਸ਼ਾਮ ਤੱਕ ਵੋਟਿੰਗ ਪ੍ਰਤੀਸ਼ਤ ਵਿੱਚ ਹੋਰ ਵਾਧਾ ਹੋ ਸਕਦਾ ਹੈ। -ਜਸਬੀਰ ਸਿੰਘ ਚਾਨਾ
ਕੋਟ ਈਸੇ ਖਾਂ ਵਿੱਚ ਉਮੀਦਵਾਰਾਂ ਨੇ ਭਾਈਚਾਰਕ ਸਾਂਝ ਕਾਇਮ ਕੀਤੀ
May 26, 2026 12:42 pm
![]()
ਇੱਥੇ ਹੋ ਰਹੀਆਂ ਨਗਰ ਪੰਚਾਇਤ ਚੋਣਾਂ ਵਿੱਚ ਅੱਜ ਵੱਖਰੀ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ। ਵਾਰਡ ਨੰਬਰ 6 ਵਿਚ ਇੱਕ ਦੂਸਰੇ ਵਿਰੁੱਧ ਚੋਣ ਮੈਦਾਨ ’ਚ ਉਤਰੇ ਤਿੰਨ ਉਮੀਦਵਾਰਾਂ ਨੇ ਪੋਲਿੰਗ ਸਟੇਸ਼ਨ ਦੇ ਬਾਹਰ ਇਕੱਠਿਆਂ ਨੇ ਹਾਸਾ ਠੱਠਾ ਕੀਤਾ ਅਤੇ ਆਪਸੀ ਸਦਭਾਵਨਾ ਪੂਰਵਕ ਗੱਲਾਂਬਾਤਾਂ ਕੀਤੀਆਂ।ਇਸ ਵਾਰਡ ਨੰਬਰ ਆਮ ਆਦਮੀ ਪਾਰਟੀ ਵੱਲੋਂ ਬਿੱਟੂ ਮਲਹੋਤਰਾ, ਆਪ ਦੇ ਬਾਗੀ ਆਜ਼ਾਦ ਉਮੀਦਵਾਰ ਅਰੁਣ ਸੀਕਰੀ ਅਤੇ ਕਾਂਗਰਸ ਵਲੋਂ ਦੇਸ ਰਾਜ ਚੋਣ ਮੈਦਾਨ ਵਿੱਚ ਹਨ। ਇਸ ਵਾਰਡ ਵਿਚ ਆਪ ਅਤੇ ਆਜ਼ਾਦ ਉਮੀਦਵਾਰ ਵਿਚਾਲੇ ਫਸਵੀ ਟੱਕਰ ਹੈ। ਚੋਣ ਪ੍ਰਚਾਰ ਦੌਰਾਨ ਉਕਤ ਉਮੀਦਵਾਰਾਂ ਇੱਕ ਦੂਜੇ ਉਪਰ ਤਿੱਖੀਆਂ ਟਿੱਪਣੀਆਂ ਵੀ ਕਰਦੇ ਰਹੇ ਹਨ। ਲੇਕਿਨ ਅੱਜ ਪੈ ਰਹੀਆਂ ਵੋਟਾਂ ਦੇ ਦਿਨ ਉਮੀਦਵਾਰਾਂ ਵਿਚ ਪੂਰੀ ਤਰ੍ਹਾਂ ਸ਼ਾਂਤੀ ਦੇਖਣ ਨੂੰ ਮਿਲੀ। ਇਸੇ ਦੌਰਾਨ ਫਰੀਦਕੋਟ ਰੇਂਜ ਦੇ ਡੀਆਈਜੀ ਮੈਡਮ ਜੋਤੀ ਯਾਦਵ ਅਤੇ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੁਪਹਿਰ ਵੇਲੇ ਇੱਥੇ ਸਾਰੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਅਮਨ ਅਮਾਨ ਢੰਗ ਨਾਲ ਪੈ ਰਹੀਆਂ ਵੋਟਾਂ ਲਈ ਸਤੁੰਸ਼ਟੀ ਪ੍ਰਗਟ ਕੀਤੀ। -ਹਰਦੀਪ ਸਿੰਘ
ਰਮਦਾਸ ਵਿੱਚ ਰਿਕਾਰਡ ਤੋੜ ਵੋਟਿੰਗ, 12 ਵਜੇ ਤੱਕ 52 ਫ਼ੀਸਦ ਦਾ ਅੰਕਡ਼ਾ ਪਾਰ
May 26, 2026 12:33 pm
ਰਮਦਾਸ ਵਿੱਚ ਵੋਟਾਂ ਪੋਲ ਦੀ ਰਫਤਾਰ ਸਭ ਤੋਂ ਤੇਜ਼ ਵੇਖਣ ਨੂੰ ਮਿਲੀ ਹੁਣ ਤੱਕ 12 ਵਜੇ ਤੱਕ ਇਥੇ 52 ਪ੍ਰਤੀਸ਼ਤ ਤੋਂ ਵੱਧ ਵੋਟਾਂ ਪੋਲ ਹੋ ਚੁੱਕੀਆਂ ਹਨ। ਉਧਰ ਮਜੀਠਾ ਵਿਚ ਹੁਣ ਤੱਕ ਸਿਰਫ 30 ਪ੍ਰਤੀਸ਼ਤ ਵੋਟਾਂ ਹੀ ਪੋਲ ਹੋਈਆਂ ਹਨ। ਸਵੇਰੇ ਸਵੇਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਨਜ਼ਰ ਆਈਆਂ ਸਨ ਪਰ ਗਰਮੀ ਦੇ ਵਧਦੇ ਕਤਾਰਾਂ ਵਿੱਚ ਕਮੀ ਵੇਖਣ ਨੂੰ ਮਿਲ ਰਹੀ ਹੈ,ਪਰ ਰਮਦਾਸ ਵਿੱਚ ਲੋਕਾਂ ਵਿਚ ਜੋਸ਼ ਪੂਰਾ ਨਜ਼ਰ ਆ ਰਿਹਾ ਹੈ। ਸ਼ਾਇਦ ਪੰਜਾਬ ਵਿੱਚ ਹੀ ਰਮਦਾਸ ਵਿੱਚ ਸਭ ਤੋਂ ਤੇਜ਼ੀ ਨਾਲ ਮੱਤਦਾਨ ਹੋ ਰਿਹਾ ਹੈ। -ਰਾਜਨ ਮਾਨ
Punjab MC Elections: ਮੋਗਾ ਵਿੱਚ ਜਾਅਲੀ ਵੋਟਿੰਗ ਦੇ ਦੋਸ਼ਾਂ ਨੂੰ ਲੈ ਕੇ ਝੜਪ, ਪੁਲੀਸ ਨੇ ਸੰਭਾਲਿਆ ਮੋਰਚਾ
May 26, 2026 11:58 am
![]()
Punjab MC Elections: ਅੱਜ ਮੋਗਾ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਪੋਲਿੰਗ ਬੂਥ ਨੰਬਰ 104, 105 ਅਤੇ 106 'ਤੇ ਉਸ ਸਮੇਂ ਤਣਾਅ ਵਧ ਗਿਆ ਜਦੋਂ ਵਿਰੋਧੀ ਪਾਰਟੀਆਂ ਨੇ ਦਿਨ ਦੇ ਸ਼ੁਰੂ ਵਿੱਚ ਫਰਜ਼ੀ ਵੋਟਿੰਗ ਹੋਣ ਦੇ ਦੋਸ਼ ਲਾਏ। ਸਥਿਤੀ ਜਲਦੀ ਹੀ ਪੋਲਿੰਗ ਸਟੇਸ਼ਨਾਂ ਦੇ ਅੰਦਰ ਖੁੱਲ੍ਹੇ ਟਕਰਾਅ ਵਿੱਚ ਬਦਲ ਗਈ। ਵਿਰੋਧੀ ਉਮੀਦਵਾਰਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਇੱਕ ਉਮੀਦਵਾਰ 'ਤੇ ਦੂਜੇ ਉਮੀਦਵਾਰਾਂ ਨੂੰ ਖੁੱਲ੍ਹੇਆਮ ਧਮਕਾਉਣ ਅਤੇ ਡਰਾਉਣ-ਧਮਕਾਉਣ ਦੇ ਦੋਸ਼ ਲਾਏ, ਜਿਸ ਕਾਰਨ ਵੋਟਿੰਗ ਪ੍ਰਕਿਰਿਆ ਕੁਝ ਸਮੇਂ ਲਈ ਰੁਕ ਗਈ। ਜਿਵੇਂ-ਜਿਵੇਂ ਤਣਾਅ ਵਧਿਆ, ਸੀਨੀਅਰ ਪੁਲੀਸ ਅਧਿਕਾਰੀਆਂ ਦਾ ਇੱਕ ਦਸਤਾ ਮੌਕੇ 'ਤੇ ਪਹੁੰਚ ਗਿਆ, ਜਿਨ੍ਹਾਂ ਨੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਅਤੇ ਵੋਟਿੰਗ ਨੂੰ ਸ਼ਾਂਤੀਪੂਰਵਕ ਮੁੜ ਸ਼ੁਰੂ ਕਰਵਾਉਣ ਲਈ ਅਮਨ-ਕਾਨੂੰਨ ਬਹਾਲ ਕੀਤਾ। -ਬਲਵੰਤ ਗਰਗ
ਜ਼ਿਲ੍ਹਾ ਫ਼ਰੀਦਕੋਟ ਤੇ ਬਠਿੰਡਾ ਵਿੱਚ ਵੋਟਿੰਗ ਅਮਨ-ਅਮਾਨ ਨਾਲ ਜਾਰੀ
May 26, 2026 11:43 am
![]()
ਪੰਜਾਬ ਵਿੱਚ ਅੱਜ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਫ਼ਰੀਦਕੋਟ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਵੋਟਿੰਗ ਪ੍ਰਕਿਰਿਆ ਪੂਰੀ ਸ਼ਾਂਤੀ ਨਾਲ ਜਾਰੀ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਅੰਕੜਿਆਂ ਮੁਤਾਬਕ ਸਵੇਰੇ 10 ਵਜੇ ਤੱਕ ਜੈਤੋ ਵਿੱਚ ਸਭ ਤੋਂ ਵੱਧ 19.28 ਫ਼ੀਸਦ ਮਤਦਾਨ ਦਰਜ ਕੀਤਾ ਗਿਆ ਹੈ, ਜਦਕਿ ਕੋਟਕਪੂਰਾ ਵਿੱਚ 14.08 ਫ਼ੀਸਦ ਅਤੇ ਫ਼ਰੀਦਕੋਟ ਵਿੱਚ 13.5 ਫ਼ੀਸਦ ਵੋਟਾਂ ਪਈਆਂ ਹਨ। ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ ਵਿੱਚ ਵੀ ਸਵੇਰੇ 10 ਵਜੇ ਤੱਕ ਕੁੱਲ 16 ਫ਼ੀਸਦ ਵੋਟਾਂ ਪੈ ਚੁੱਕੀਆਂ ਹਨ। ਇਸ ਦੌਰਾਨ ਜ਼ਿਲ੍ਹਾ ਫ਼ਰੀਦਕੋਟ ਲਈ ਨਿਯੁਕਤ ਚੋਣ ਆਬਜ਼ਰਵਰ ਸੁਰਿੰਦਰ ਕੌਰ (ਪੀ.ਸੀ.ਐੱਸ.) ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਚੋਣ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਚੋਣ ਅਮਲ ਪੂਰੀ ਤਰ੍ਹਾਂ ਅਮਨ-ਅਮਾਨ ਨਾਲ ਚੱਲ ਰਿਹਾ ਹੈ ਅਤੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। -ਸ਼ਗਨ ਕਟਾਰੀਆ
ਫਾਜ਼ਿਲਕਾ ਦੇ ਵੱਖ-ਵੱਖ ਖੇਤਰਾਂ ਵਿੱਚ ਵੋਟਿੰਗ ਦਾ ਅਮਲ ਜਾਰੀ
May 26, 2026 11:35 am
ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਸ਼ਹਿਰੀ ਖੇਤਰਾਂ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਦਾ ਅਮਲ ਪੂਰੀ ਸ਼ਾਂਤੀ ਅਤੇ ਉਤਸ਼ਾਹ ਨਾਲ ਜਾਰੀ ਹੈ। ਪ੍ਰਸ਼ਾਸਨ ਵੱਲੋਂ ਜਾਰੀ ਸਵੇਰੇ 10 ਵਜੇ ਤੱਕ ਦੀ ਰਿਪੋਰਟ ਅਨੁਸਾਰ, ਨਗਰ ਨਿਗਮ ਅਬੋਹਰ ਵਿੱਚ 17 ਫ਼ੀਸਦ, ਨਗਰ ਕੌਂਸਲ ਫਾਜ਼ਿਲਕਾ ਵਿੱਚ 18 ਫ਼ੀਸਦ ਅਤੇ ਨਗਰ ਪੰਚਾਇਤ ਅਰਨੀਵਾਲਾ ਵਿੱਚ 30 ਫ਼ੀਸਦ ਵੋਟਾਂ ਪੋਲ ਹੋ ਚੁੱਕੀਆਂ ਹਨ। ਵੋਟਰਾਂ ਵਿੱਚ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਰਮਦਾਸ ਵਿੱਚ 35 ਫੀਸਦੀ ਹੋਈ ਵੋਟਿੰਗ
May 26, 2026 11:23 am
![]()
ਰਮਦਾਸ ਵਿੱਚ ਵੋਟਾਂ ਪੋਲ ਦੀ ਰਫਤਾਰ ਸਭ ਤੋਂ ਤੇਜ਼ ਵੇਖਣ ਨੂੰ ਮਿਲੀ ਹੁਣ ਤੱਕ ਇਥੇ 35 ਫੀਸਦ ਦੇ ਕਰੀਬ ਵੋਟਾਂ ਪੋਲ ਹੋ ਚੁੱਕੀਆਂ ਹਨ। ਉਧਰ ਮਜੀਠਾ ਵਿਚ ਹੁਣ ਤੱਕ ਸਿਰਫ 19 ਫੀਸਦ ਵੋਟਾਂ ਹੀ ਪੋਲ ਹੋਈਆਂ ਹਨ। ਸਵੇਰੇ ਸਵੇਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਨਜ਼ਰ ਆਈਆਂ ਸਨ ਪਰ ਗਰਮੀ ਦੇ ਵਧਦੇ ਕਤਾਰਾਂ ਵਿੱਚ ਕਮੀ ਵੇਖਣ ਨੂੰ ਮਿਲ ਰਹੀ ਹੈ। ਰਮਦਾਸ ਵਿੱਚ ਲੋਕ ਪੂਰੇ ਜੋਸ਼ ਨਾਲ ਘਰਾਂ ਤੋਂ ਨਿਕਲ ਰਹੇ ਹਨ। -ਰਾਜਨ ਮਾਨ
ਤੇਲ ਕੀਮਤਾਂ ਦੇ ਵਿਰੋਧ 'ਚ ਬੈਲ ਗੱਡੀ 'ਤੇ ਵੋਟ ਪਾਉਣ ਪਤਨੀ ਸਮੇਤ ਪਹੁੰਚੇ ਰਾਜਾ ਵਡ਼ਿੰਗ
May 26, 2026 11:23 am
![]()
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀ) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਨਗਰ ਕੌਂਸਲ ਚੋਣਾਂ ਦੌਰਾਨ ਮਹਿੰਗਾਈ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਖਿਲਾਫ਼ ਅਨੋਖੇ ਢੰਗ ਨਾਲ ਆਪਣਾ ਰੋਸ ਪ੍ਰਗਟ ਕੀਤਾ। ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਦੇ ਨਾਲ ਬੈਲ ਗੱਡੀ 'ਤੇ ਸਵਾਰ ਹੋ ਕੇ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਪਹੁੰਚੇ। ਇਹ ਅਨੋਖਾ ਨਜ਼ਾਰਾ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਸ ਮੌਕੇ 'ਤੇ ਟਵੀਟ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਉਹ ਮੋਦੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਖਿਲਾਫ਼ ਪ੍ਰਤੀਕਾਤਮਕ ਵਿਰੋਧ ਵਜੋਂ ਬੈਲ ਗੱਡੀ 'ਤੇ ਵੋਟ ਪਾਉਣ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਲਗਭਗ 7 ਰੁਪਏ ਦੇ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਘੱਟ ਸਨ, ਉਦੋਂ ਸਰਕਾਰ ਨੇ ਇਸ ਦਾ ਲਾਭ ਆਮ ਲੋਕਾਂ ਤੱਕ ਨਹੀਂ ਪਹੁੰਚਾਇਆ। ਉਨ੍ਹਾਂ ਕਿਹਾ ਕਿ ਅੱਜ ਕੱਚੇ ਤੇਲ ਦੀਆਂ ਕੀਮਤਾਂ 2014 ਨਾਲੋਂ ਵੀ ਘੱਟ ਹੋਣ ਦੇ ਬਾਵਜੂਦ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਮਹਿੰਗਾਈ, ਵਧਦੇ ਆਵਾਜਾਈ ਖਰਚਿਆਂ ਅਤੇ ਰੋਜ਼ਾਨਾ ਵਰਤੋਂ ਦੀਆਂ ਮਹਿੰਗੀਆਂ ਵਸਤੂਆਂ ਕਾਰਨ ਪੀੜਤ ਹਨ ਅਤੇ ਲੋਕ-ਵਿਰੋਧੀ ਇਹ ਲੁੱਟ ਤੁਰੰਤ ਬੰਦ ਹੋਣੀ ਚਾਹੀਦੀ ਹੈ।
ਬਰਨਾਲਾ ਜ਼ਿਲ੍ਹੇ ਵਿੱਚ ਵੋਟਰਾਂ ਵਿੱਚ ਭਾਰੀ ਉਤਸ਼ਾਹ, 10 ਵਜੇ ਤੱਕ ਵੋਟਿੰਗ ਪ੍ਰਤੀਸ਼ਤਤਾ ਲਗਭਗ 19.37 ਫੀਸਦ
May 26, 2026 11:15 am
ਬਰਨਾਲਾ ਜ਼ਿਲ੍ਹੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਸਵੇਰੇ 10 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਵੋਟਿੰਗ ਦੀ ਪ੍ਰਤੀਸ਼ਤਤਾ ਕਾਫ਼ੀ ਚੰਗੀ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ ਬਰਨਾਲਾ ਨਗਰ ਨਿਗਮ ਵਿੱਚ 17.8 ਫ਼ੀਸਦ, ਨਗਰ ਕੌਂਸਲ ਭਦੌੜ ਵਿਖੇ 22.1 ਫ਼ੀਸਦ ਅਤੇ ਨਗਰ ਕੌਂਸਲ ਧਨੌਲਾ ਵਿਖੇ 18.2 ਫ਼ੀਸਦ ਵੋਟਾਂ ਪੋਲ ਹੋ ਚੁੱਕੀਆਂ ਹਨ। ਵੋਟਰਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਭਾਰੀ ਉਤਸ਼ਾਹ ਹੈ ਅਤੇ ਚੋਣ ਅਮਲ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਜਾਰੀ ਹੈ। ਦਿੱਤੇ ਗਏ ਅੰਕੜਿਆਂ (ਬਰਨਾਲਾ ਨਗਰ ਨਿਗਮ: 17.8%, ਭਦੌੜ: 22.1%, ਅਤੇ ਧਨੌਲਾ: 18.2%) ਦੇ ਆਧਾਰ 'ਤੇ, ਸਵੇਰੇ 10 ਵਜੇ ਤੱਕ ਬਰਨਾਲਾ ਜ਼ਿਲ੍ਹੇ ਦੀ ਔਸਤ (Average) ਵੋਟਿੰਗ ਪ੍ਰਤੀਸ਼ਤਤਾ ਲਗਭਗ 19.37% ਰਹੀ ਹੈ।
Punjab MC Elections: ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੋਟ ਪਾਈ, ਜਿੱਤ ਦਾ ਦਾਅਵਾ
May 26, 2026 11:10 am
![]()
Punjab MC Elections: ਬਰਨਾਲਾ ਦੀਆਂ ਨਗਰ ਨਿਗਮ ਚੋਣਾਂ ਦੌਰਾਨ ਅੱਜ ਸ਼ਹਿਰ ਦੇ ਵਾਰਡ ਨੰਬਰ 22 ਵਿੱਚ 42 ਨੰਬਰ ਬੂਥ ਉੱਪਰ ਐੱਸ ਡੀ ਕਾਲਜ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸੂਬਾ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋ ਵੱਲੋਂ ਆਪਣੀ ਵੋਟ ਪਾਈ ਗਈ। ਇਸ ਮੌਕੇ ਕੇਵਲ ਸਿੰਘ ਢਿੱਲੋ ਨੇ ਨਗਰ ਨਿਗਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਵੱਡੀ ਲੀਡ ਨਾਲ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਚੋਣਾਂ ਵਿੱਚ ਭਰਮਾ ਹੁੰਗਾਰਾ ਮਿਲਿਆ ਹੈ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁੜ ਆਪ ਸਰਕਾਰ ਰਿਪੀਟ ਕਰਨ ਦੇ ਦਾਅਵੇ ਨੂੰ ਕੇਵਲ ਸਿੰਘ ਢਿੱਲੋ ਨੇ ਖਾਰਜ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਬੁਰੀ ਤਰ੍ਹਾਂ ਹਾਰੇਗੀ। ੳੁਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ 14 ਸਾਲ ਹੋ ਗਏ ਹਨ। ਇਨ੍ਹਾਂ 14 ਸਾਲਾਂ ਦੌਰਾਨ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਦੁਨੀਆਂ ਦੀ ਇੱਕ ਵੱਡੀ ਅਰਥਵਿਵਸਥਾ ਬਣ ਕੇ ਉੱਭਰਿਆ ਹੈ।
ਮੁਹਾਲੀ ਵਿੱਚ ਸਵੇਰੇ 10 ਵਜੇ ਤੱਕ 13.9 ਫ਼ੀਸਦ ਵੋਟਿੰਗ
May 26, 2026 11:10 am
ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰੀ ਇਲਾਕਿਆਂ ਵਿੱਚ ਅੱਜ ਹੋ ਰਹੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਦਾ ਅਮਲ ਪੂਰੇ ਜੋਸ਼ ਨਾਲ ਚੱਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਸਵੇਰੇ 10 ਵਜੇ ਤੱਕ ਦੀ ਰਿਪੋਰਟ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਮਤਦਾਨ ਦੀ ਪ੍ਰਤੀਸ਼ਤਤਾ ਇਸ ਪ੍ਰਕਾਰ ਰਹੀ: ਮੁਹਾਲੀ ਨਗਰ ਨਿਗਮ (ਵਾਰਡ 26-50) ਵਿੱਚ 13.9 ਫ਼ੀਸਦ, ਡੇਰਾਬੱਸੀ ਨਗਰ ਕੌਂਸਲ ਵਿੱਚ 13.9 ਫ਼ੀਸਦ, ਕੁਰਾਲੀ ਨਗਰ ਕੌਂਸਲ ਵਿੱਚ 16.30 ਫ਼ੀਸਦ, ਬਨੂੜ ਨਗਰ ਕੌਂਸਲ ਵਿੱਚ 19.4 ਫ਼ੀਸਦ ਅਤੇ ਜ਼ੀਰਕਪੁਰ ਨਗਰ ਕੌਂਸਲ ਵਿੱਚ 9 ਫ਼ੀਸਦ ਵੋਟਾਂ ਪਈਆਂ ਹਨ। ਵੋਟਰਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਚੋਣ ਅਮਲ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਜਾਰੀ ਹੈ। -ਕਰਮਜੀਤ ਚਿੱਲਾ
ਦੋਆਬਾ ਵਿੱਚ ਵੋਟਿੰਗ ਦਾ ਕੰਮ ਸ਼ਾਂਤੀਪੂਰਵਕ ਜਾਰੀ
May 26, 2026 11:02 am
![]()
ਦੋਆਬੇ ਵਿੱਚ ਨਗਰ ਕੌਂਸਲਾਂ ਲਈ ਸ਼ਾਂਤੀਮਈ ਢੰਗ ਨਾਲ ਵੋਟ ਪੈ ਰਹੀਆਂ ਹਨ। ਵੋਟਾਂ ਪੈਣ ਦਾ ਸਿਲਸਿਲਾ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਸੀ।ਵੋਟਾਂ ਸ਼ਾਮ 5 ਵਜੇ ਤੱਕ ਪੈਣਗੀਆਂ। ਪਹਿਲੇ ਦੋ ਘੰਟਿਆਂ ਵਿੱਚ 12 ਤੋਂ 15 ਫੀਸਦੀ ਵੋਟਾਂ ਪੈ ਚੁੱਕੀਆ ਹਨ। ਸੱਤਾਧਾਰੀ ਧਿਰ ਆਪ, ਕਾਂਗਰਸ , ਭਾਜਪਾ, ਸ਼੍ਰੋਮਣੀ ਅਕਾਲੀ ਦਲ ਤੇ ਅਜ਼ਾਦ ਉਮੀਦਵਾਰ ਆਪੋਂ ਆਪਣੀ ਕਿਸਮਤ ਅਜਮਾਉਣ ਲਈ ਚੋਣ ਮੈਦਾਨ ਵਿੱਚ ਹਨ। ਵੋਟਰ ਸਵੇਰ ਤੋਂ ਆਪਣੀ ਵੋਟ ਪਾਉਣ ਲਈ ਲਾਇਨਾਂ ਵਿੱਚ ਲੱਗ ਗਏ ਸਨ। ਅੱਜ ਤਾਪਮਾਨ 42 ਡਿਗਰੀ ਤੱਕ ਰਹਿਣ ਦੀ ਸੰਭਵਨਾ ਨੂੰ ਦੇਖਦਿਆ ਹੋਇਆ ਲੋਕਾਂ ਨੇ ਅਤੇ ਖ਼ਾਸ ਕਰਕੇ ਔਰਤਾਂ ਨੇ ਸਵੇਰ ਦੇ ਸਮੇਂ ਵੋਟਾਂ ਪਾਉਣ ਨੂੰ ਤਰਜੀਹ ਦਿੱਤੀ ਹੈ। ਜਲੰਧਰ,ਕਪੂਰਥਲਾ,ਹਸ਼ਿਆਰਪੁਰ ਅਤੇ ਐੱਸਬੀਐੱਸ ਨਗਰ ਭਾਵ ਦੋਆਬੇ ਚਾਰੇ ਜਿਲ੍ਹਆਂ ਵਿੱਚ ਵੋਟਾਂ ਸ਼ਾਂਤਮਈ ਢੰਗ ਨਾਲ ਪੈ ਰਹੀਆਂ ਹਨ।ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।ਇੱਕ ਦਿਨ ਪਹਿਲਾਂ ਉਨ੍ਹਾਂ ਕਸਬਿਆਂ ਵਿੱਚ ਪੁਲੀਸ ਨੇ ਫਲੈਗ ਮਾਰਚ ਕੀਤਾ ਸੀ ਜਿੱਥੇ-ਜਿੱਥੇ ਵੋਟਾਂ ਪੈਣੀਆਂ ਹਨ। ਜਲੰਧਰ ਜਿਲ੍ਹੇ ਵਿੱਚ ਆਦਮਪੁਰ, ਨਕੋਦਰ, ਲੋਹੀਆ, ਮਹਿਤਪੁਰ, ਫਿਲੌਰ ਤੇ ਗੁਰਾਇਆ ਵਿੱਚ ਵੋਟਾਂ ਪੈ ਰਹੀਆਂ ਹਨ। ਇੰਨ੍ਹਾਂ ਵਿੱਚ ਲੋਹੀਆਂ ਤੇ ਮਹਿਤਪੁਰ ਦੋ ਨਗਰ ਪੰਚਾਇਤਾਂ ਹਨ ਤੇ ਬਾਕੀ ਨਗਰ ਕੌਂਸਲਾਂ ਹਨ। ਬਾਬੇ ਨਾਨਕ ਦੀ ਨਗਰੀ ਦੇ ਤੌਰ 'ਤੇ ਜਾਣੇ ਜਾਂਦੇ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਵਿੱਚ ਲੋਕ ਸਵੇਰੇ ਲੰਬੀਆਂ ਲਾਇਨਾਂ ਲਗਾ ਕੇ ਖੜੇ ਹੋ ਗਏ ਸਨ। ਵਾਰਡ ਨੰਬਰ 12 ਤੋਂ ਆਪ ਦੀ ਉਮੀਦਵਾਰ ਤੇ ਗੱਤਕਾ ਕੋਚ ਗੁਰਵਿੰਦਰ ਕੌਰ ਨੇ ਸਭ ਤੋਂ ਪਹਿਲਾਂ ਵੋਟ ਪਾਉਣ ਵਾਲਿਆਂ ਵਿੱਚ ਸ਼ਾਮਿਲ ਸਨ। ਵੱਖ-ਵੱਖ ਪਾਰਟੀਆਂ ਦੇ ਆਗੂ ਪੋਲੰਿਗ ਬੂਥਾਂ ਦੇ ਬਾਹਰ ਆਪੋ ਆਪਣੀ ਪਾਰਟੀ ਝੰਡੇ ਲਾ ਕੇ ਬੈਠੇ ਹਨ ਤੇ ਵੋਟਰਾਂ ਨੂੰ ਸਿਲਪਾਂ ਕੱਟਕੇ ਦੇ ਰਹੇ ਹਨ। ਹਾਲਾਂ ਕਿ ਲੰਘੀ ਰਾਤ ਹੀ ਬਹੁਤੇ ਉਮੀਦਵਾਰਾਂ ਨੇ ਘਰੋਂ ਘਰੀ ਜਾ ਕੇ ਵੋਟ ਪਰਚੀਆਂ ਵੰਡ ਦਿੱਤੀਆਂ ਸਨ। -ਪਾਲ ਸਿੰਘ ਨੌਲੀ
ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ 10 ਵਜੇ ਤੱਕ ਕ੍ਰਮਵਾਰ 11 ਤੇ 15 ਫੀਸਦੀ ਵੋਟਿੰਗ
May 26, 2026 10:46 am
ਨਗਰ ਨਿਗਮ ਕਪੂਰਥਲਾ ਅਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿੱਚ ਚੱਲ ਰਹੀਆਂ ਚੋਣਾਂ ਦੌਰਾਨ ਸਵੇਰੇ 10 ਵਜੇ ਤੱਕ ਵੋਟਿੰਗ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਕਪੂਰਥਲਾ ਵਿੱਚ ਸਵੇਰੇ 10 ਵਜੇ ਤੱਕ ਕਰੀਬ 11 ਫੀਸਦੀ ਵੋਟਿੰਗ ਦਰਜ ਕੀਤੀ ਗਈ, ਜਦਕਿ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿੱਚ 15 ਫੀਸਦੀ ਮਤਦਾਨ ਹੋਇਆ। ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਪੋਲਿੰਗ ਬੂਥਾਂ ‘ਤੇ ਸੁਰੱਖਿਆ ਬਲ ਤਾਇਨਾਤ ਹਨ ਅਤੇ ਵੋਟਰਾਂ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਦੁਪਹਿਰ ਬਾਅਦ ਵੋਟਿੰਗ ਪ੍ਰਤੀਸ਼ਤ ਵਿੱਚ ਵਾਧਾ ਹੋ ਸਕਦਾ ਹੈ। -ਜਸਬੀਰ ਸਿੰਘ ਚਾਨਾ
ਮਾਨਸਾ ਜ਼ਿਲ੍ਹੇ ਵਿੱਚ ਸਵੇਰੇ 10 ਵਜੇ ਤੱਕ 19.2 ਫ਼ੀਸਦ ਵੋਟਾਂ ਪਈਆਂ
May 26, 2026 10:44 am
ਜ਼ਿਲ੍ਹਾ ਮਾਨਸਾ ਵਿੱਚ ਚੱਲ ਰਹੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਵੋਟਿੰਗ ਪ੍ਰਕਿਰਿਆ ਨਿਰੰਤਰ ਜਾਰੀ ਹੈ। ਪ੍ਰਸ਼ਾਸਨ ਵੱਲੋਂ ਜਾਰੀ ਸਵੇਰੇ 10 ਵਜੇ ਤੱਕ ਦੀ ਰਿਪੋਰਟ ਅਨੁਸਾਰ ਜ਼ਿਲ੍ਹੇ ਵਿੱਚ ਕੁੱਲ 19.2 ਫ਼ੀਸਦ ਵੋਟਿੰਗ ਦਰਜ ਕੀਤੀ ਗੲੀ ਹੈ। ਵੱਖ-ਵੱਖ ਇਲਾਕਿਆਂ ਦੀ ਗੱਲ ਕਰੀਏ ਤਾਂ ਮਾਨਸਾ ਵਿੱਚ 16.89 ਫ਼ੀਸਦ, ਬਰੇਟਾ ਵਿੱਚ 17.80 ਫ਼ੀਸਦ, ਬੁਢਲਾਡਾ ਵਿੱਚ 20.51 ਫ਼ੀਸਦ, ਬੋਹਾ ਵਿੱਚ 24.26 ਫ਼ੀਸਦ ਅਤੇ ਜੋਗਾ ਵਿੱਚ ਸਭ ਤੋਂ ਵੱਧ 31.56 ਫ਼ੀਸਦ ਵੋਟਾਂ ਪੈ ਚੁੱਕੀਆਂ ਹਨ। ਵੋਟਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਚੋਣ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਰਿਹਾ ਹੈ।
ਬਨੂੜ: ਬਿਮਾਰੀ ਨੂੰ ਮਾਤ ਦੇ ਕੇ ਵੋਟ ਪਾਉਣ ਪਹੁੰਚੀ ਮਹਿਲਾ, ਬਣਿਆ ਚਰਚਾ ਦਾ ਵਿਸ਼ਾ
May 26, 2026 10:39 am
![]()
ਲੋਕਤੰਤਰ ਦੀ ਮਜ਼ਬੂਤੀ ਅਤੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕਤਾ ਦੀ ਇੱਕ ਪ੍ਰੇਰਨਾਦਾਇਕ ਤਸਵੀਰ ਅੱਜ ਬਨੂੜ ਦੇ ਵਾਰਡ ਨੰਬਰ 10 ਵਿੱਚ ਦੇਖਣ ਨੂੰ ਮਿਲੀ, ਜਿੱਥੇ ਇੱਕ ਮਹਿਲਾ ਆਪਣੀ ਖਰਾਬ ਸਿਹਤ ਦੇ ਬਾਵਜੂਦ ਹਿੰਮਤ ਨਹੀਂ ਹਾਰੀ। ਸਾਹ ਲੈਣ ਵਿੱਚ ਦਿੱਕਤ ਹੋਣ ਦੇ ਕਾਰਨ ਆਕਸੀਜਨ ਸਿਲੰਡਰ ਦੇ ਸਹਾਰੇ ਚੱਲ ਰਹੀ ਇਹ ਮਹਿਲਾ ਬੜੀ ਦ੍ਰਿੜ੍ਹਤਾ ਨਾਲ ਆਪਣੀ ਵੋਟ ਪਾਉਣ ਲਈ ਬੂਥ ਨੰਬਰ 14 'ਤੇ ਪਹੁੰਚੀ। ਉਸ ਦੇ ਇਸ ਜਜ਼ਬੇ ਨੂੰ ਦੇਖ ਕੇ ਉੱਥੇ ਮੌਜੂਦ ਚੋਣ ਅਮਲਾ ਅਤੇ ਹੋਰ ਵੋਟਰ ਵੀ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੇ। ਮਹਿਲਾ ਨੇ ਸਾਬਤ ਕਰ ਦਿੱਤਾ ਕਿ ਜੇਕਰ ਇਨਸਾਨ ਦਾ ਇਰਾਦਾ ਪੱਕਾ ਹੋਵੇ ਤਾਂ ਕੋਈ ਵੀ ਬਿਮਾਰੀ ਜਾਂ ਮੁਸ਼ਕਲ ਉਸ ਨੂੰ ਆਪਣੇ ਜਮਹੂਰੀ ਫਰਜ਼ ਨੂੰ ਨਿਭਾਉਣ ਤੋਂ ਨਹੀਂ ਰੋਕ ਸਕਦੀ।
ਮੁਹਾਲੀ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ ਬਣੇ ਉਮੀਦਵਾਰ
May 26, 2026 10:17 am
![]()
ਮੁਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ ਅੱਜ ਵੋਟਿੰਗ ਪ੍ਰਕਿਰਿਆ ਪੂਰੇ ਅਮਨ-ਅਮਾਨ ਨਾਲ ਚੱਲ ਰਹੀ ਹੈ, ਜਿਸ ਵਿੱਚ 45 ਆਜ਼ਾਦ ਅਤੇ 115 ਮਹਿਲਾ ਉਮੀਦਵਾਰਾਂ ਸਮੇਤ ਕੁੱਲ 227 ਉਮੀਦਵਾਰਾਂ ਦੀ ਕਿਸਮਤ ਅੱਜ ਬੈਲਟ ਬਕਸਿਆਂ ਵਿੱਚ ਬੰਦ ਹੋ ਜਾਵੇਗੀ। ਇਸ ਚੋਣ ਦੌਰਾਨ ਜਿੱਥੇ ਸ਼ਹਿਰ ਦੇ ਪਿੰਡਾਂ ਵਾਲੇ ਵਾਰਡਾਂ ਵਿੱਚ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ, ਉੱਥੇ ਹੀ ਵਿਧਾਇਕ ਕੁਲਵੰਤ ਸਿੰਘ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਆਪੋ-ਆਪਣੇ ਵਾਰਡਾਂ ਵਿੱਚ ਪਰਿਵਾਰ ਸਮੇਤ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਚੋਣ ਪ੍ਰਕਿਰਿਆ ਦੌਰਾਨ ਬਨੂੜ ਦੇ ਵਾਰਡ ਨੰਬਰ 5 ਤੋਂ ਭਾਈਚਾਰਕ ਸਾਂਝ ਦੀ ਇੱਕ ਖੂਬਸੂਰਤ ਤਸਵੀਰ ਸਾਹਮਣੇ ਆਈ ਹੈ, ਜਿੱਥੇ ਕਾਂਗਰਸ ਦੀ ਉਮੀਦਵਾਰ ਪ੍ਰੀਤੀ ਵਾਲੀਆ, ਭਾਜਪਾ ਦੀ ਕਾਮਿਨੀ ਥੰਮਣ ਅਤੇ ਆਮ ਆਦਮੀ ਪਾਰਟੀ ਦੀ ਰਵਜੀਤ ਕੌਰ ਵੋਟਿੰਗ ਵਾਲੇ ਦਿਨ ਇੱਕੋ ਥਾਂ 'ਤੇ ਇਕੱਠੇ ਬੈਠ ਕੇ ਲੋਕਤੰਤਰ ਦੀ ਮਜ਼ਬੂਤੀ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦੇ ਨਜ਼ਰ ਆਏ। -ਕਰਮਜੀਤ ਸਿੰਘ ਚਿੱਲਾ
ਬਠਿੰਡਾ ਨਿਗਮ ਚੋਣਾਂ ਦੌਰਾਨ ਸਿਆਸੀ ਮਾਹੌਲ ਗਰਮਾਇਆ
May 26, 2026 9:44 am
![]()
ਬਠਿੰਡਾ ਨਗਰ ਨਿਗਮ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਣ ਨਾਲ ਹੀ ਸ਼ਹਿਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ। ਅਤਿ ਦੀ ਗਰਮੀ ਦੇ ਬਾਵਜੂਦ ਵੋਟਰਾਂ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਕਈ ਪੋਲਿੰਗ ਬੂਥਾਂ ’ਤੇ ਸਵੇਰ ਤੋਂ ਹੀ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਨਗਰ ਨਿਗਮ ਦੇ 50 ਵਾਰਡਾਂ ਲਈ ਹੋ ਰਹੀ ਚੋਣ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 243 ਉਮੀਦਵਾਰ ਮੈਦਾਨ ਵਿੱਚ ਹਨ, ਜਿਸ ਕਾਰਨ ਚੋਣ ਮੁਕਾਬਲਾ ਕਾਫੀ ਰੌਚਕ ਬਣਿਆ ਹੋਇਆ ਹੈ। ਵੋਟਿੰਗ ਵਾਲੇ ਦਿਨ ਵੀ ਸਾਰੀਆਂ ਸਿਆਸੀ ਧਿਰਾਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਈਆਂ ਅਤੇ ਪੋਲਿੰਗ ਬੂਥਾਂ ਦੇ ਬਾਹਰ ਵਰਕਰਾਂ ਦੀ ਚਲਹ-ਪਹਿਲ ਦਿਖਾਈ ਦਿੱਤੀ। ਇਸ ਦੌਰਾਨ ਬਠਿੰਡਾ ਦੇ ਸੁੱਚਾ ਸਿੰਘ ਨਗਰ ਸਥਿਤ ਵਾਰਡ ਨੰਬਰ 3 ਵਿੱਚ ਸਵੇਰੇ ਕਰੀਬ 5 ਵਜੇ ਤਣਾਅਪੂਰਨ ਸਥਿਤੀ ਬਣ ਗਈ, ਜਿੱਥੇ ਇਕ ਆਜ਼ਾਦ ਉਮੀਦਵਾਰ ਅਤੇ ਸੱਤਾਧਾਰੀ ਧਿਰ ਨਾਲ ਸੰਬੰਧਤ ਵਿਅਕਤੀਆਂ ਵਿਚਾਲੇ ਤਕਰਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੀੜਤ ਧਿਰ ਵੱਲੋਂ ਦੋਸ਼ ਲਗਾਇਆ ਗਿਆ ਕਿ ਸ਼ਹਿਰ ਦੀ ਸੱਤਾਧਾਰੀ ਧਿਰ ਨਾਲ ਸੰਬੰਧਤ ਇਕ ਪ੍ਰਭਾਵਸ਼ਾਲੀ ਵਿਅਕਤੀ ਦੇ ਨੇੜਲਿਆਂ ਵੱਲੋਂ ਫਾਇਰਿੰਗ ਵੀ ਕੀਤੀ ਗਈ। ਹਾਲਾਂਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਐੱਸਐੱਸਪੀ ਬਠਿੰਡਾ ਨਾਲ ਫੋਨ ’ਤੇ ਗੱਲਬਾਤ ਕਰਕੇ ਸ਼ਹਿਰ ਵਿੱਚ ਨਿਰਪੱਖ ਅਤੇ ਸ਼ਾਂਤੀਪੂਰਨ ਵੋਟਿੰਗ ਯਕੀਨੀ ਬਣਾਉਣ ਦੀ ਮੰਗ ਕੀਤੀ। ਵੋਟਿੰਗ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਸੰਵੇਦਨਸ਼ੀਲ ਬੂਥਾਂ ’ਤੇ ਵਾਧੂ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਚੋਣ ਅਧਿਕਾਰੀਆਂ ਮੁਤਾਬਕ ਸ਼ਾਮ 5 ਵਜੇ ਤੱਕ ਵੋਟਿੰਗ ਜਾਰੀ ਰਹੇਗੀ। -ਮਨੋਜ ਸ਼ਰਮਾ
Punjab MC Elections: ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਪਤਨੀ ਨਾਲ ਵੋਟ ਪਾਈ, ਜਿੱਤ ਦਾ ਕੀਤਾ ਦਾਅਵਾ
May 26, 2026 9:33 am
![]()
ਬਰਨਾਲਾ ਦੇ ਐੱਸਡੀ ਕਾਲਜ ਦੇ ਪੋਲਿੰਗ ਬੂਥ ਨੰਬਰ 49 ਵਿੱਚ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤਹਰ ਵੱਲੋਂ ਆਪਣੀ ਪਤਨੀ ਡਾ. ਗੁਰਵੀਨ ਕੌਰ ਨਾਲ ਵੋਟ ਪਾਈ । ਇਸ ਮੌਕੇ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਮੀਤ ਹੇਅਰ ਨੇ ਆਮ ਆਦਮੀ ਪਾਰਟੀ ਦੀ ਨਗਰ ਨਿਗਮ ਚੋਣਾਂ ਵਿੱਚ ਵੱਡੀ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਬਰਨਾਲਾ ਵਿੱਚ ਪਹਿਲੀ ਵਾਰ ਨਗਰ ਦੀਆਂ ਚੋਣਾਂ ਹੋਈਆਂ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣਾ ਪਹਿਲਾ ਮੇਅਰ ਬਣਾਵੇਗੀ। ਉੱਥੇ ਹੀ ਕੇਂਦਰ ਵਿੱਚ ਮੋਦੀ ਸਰਕਾਰ ਦੇ 14 ਸਾਲ ਪੂਰੇ ਹੋਣ ਤੇ ਕਿਹਾ ਕਿ ਪਿਛਲੇ 14 ਸਾਲਾਂ ਦੌਰਾਨ ਦੇਸ਼ ਨੀ ਮਾੜੇ ਹਾਲਾਤ ਦੇਖੇ ਹਨ। ਮੋਦੀ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ। ਰੁਜ਼ਗਾਰ ਦੇਣ ਦੇ ਨਾਂ ਤੇ ਨੌਜਵਾਨਾਂ ਨਾਲ ਧੋਖਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹਨਾਂ ਦੋ ਸਾਲਾਂ ਦੌਰਾਨ ਲੋਕਤੰਤਰ ਦਾ ਘਾਣ ਹੀ ਹੋਇਆ ਹੈ। -ਲਖਵੀਰ ਸਿੰਘ ਚੀਮਾ
Punjab MC Elections: ਕੋਟ ਈਸੇ ਖਾਂ ਦੇ ਵਾਰਡ ਨੰਬਰ 7 ’ਚ ਤਲਖ਼ੀ ਵਾਲਾ ਮਾਹੌਲ ਬਣਿਆ
May 26, 2026 9:29 am
![]()
ਇੱਥੇ ਦੇ ਵਾਰਡ ਨੰਬਰ 7 ਵਿੱਚ ਚੋਣ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਮਾਹੌਲ ਤਲਖ਼ੀ ਵਾਲਾ ਬਣਿਆ ਹੋਇਆ ਹੈ। ਇੱਥੇ ਈਟੀਟੀ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਆਪ ਆਗੂ ਜਸਵਿੰਦਰ ਸਿੰਘ ਸਿੱਧੂ ਦੇ ਨਜ਼ਦੀਕੀ ਰਿਸ਼ਤੇਦਾਰ ਬੀਬੀ ਮਨਜੀਤ ਕੌਰ ਅਤੇ ਆਪ ਉਮੀਦਵਾਰ ਸੁਖਨਜੀਤ ਕੌਰ ਵਿਚਾਲੇ ਜ਼ਬਰਦਸਤ ਮੁਕਾਬਲਾ ਹੈ। ਪਿਛਲੀ ਵਾਰ ਵੀ ਇਸ ਵਾਰਡ ਤੋਂ ਜਸਵਿੰਦਰ ਸਿੱਧੂ ਦੇ ਛੋਟੇ ਭਰਾ ਸੋਨੂ ਸਿੱਧੂ ਆਪ ਵਲੋਂ ਕੌਂਸਲਰ ਸਨ। ਪਰ ਇਸ ਵਾਰ ਸਿੱਧੂ ਪਰਿਵਾਰ ਆਜ਼ਾਦ ਚੋਣ ਲੜ ਰਿਹਾ ਹੈ। ਇਸ ਵਾਰਡ ਦਾ ਪੋਲਿੰਗ ਬੂਥ ਬਲਾਕ ਪੰਚਾਇਤ ਅਫ਼ਸਰ ਵਿਖੇ ਬਣਾਇਆ ਗਿਆ ਹੈ। ਵੋਟਿੰਗ ਸ਼ੁਰੂ ਹੁੰਦੇ ਹੀ ਆਪ ਉਮੀਦਵਾਰ ਦੇ ਵੱਡੀ ਗਿਣਤੀ ਵਿੱਚ ਸਮੱਰਥਕ ਅਮਨ ਟੱਕਰ ਦੀ ਅਗਵਾਈ ਹੇਠ ਚੋਣ ਬੂਥ ਪਾਸ ਆਏ ਤਾਂ ਪੁਲੀਸ ਅਧਿਕਾਰੀ ਜਨਕ ਰਾਜ ਦੀ ਅਗਵਾਈ ਹੇਠ ਉੱਥੇ ਤਾਇਨਾਤ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਪੋਲਿੰਗ ਸਟੇਸ਼ਨ ਅੰਦਰ ਜਾਣ ਤੋਂ ਰੋਕ ਦਿੱਤਾ ਜਿਸ ਕਾਰਨ ਭੀੜ ਦੀ ਪੁਲੀਸ ਨਾਲ ਤਕਰਾਰਬਾਜ਼ੀ ਹੋ ਗਈ। ਪੁਲੀਸ ਨੇ ਪੂਰੀ ਸਖ਼ਤੀ ਨਾਲ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਇਸਦੀ ਜਾਣਕਾਰੀ ਮਿਲ਼ਦੇ ਹੀ ਡੀਐੱਸਪੀ ਸੁਖਵਿੰਦਰ ਸਿੰਘ ਬਰਾੜ ਮੌਕੇ ਤੇ ਪੁੱਜ ਗਏ। ਉਨ੍ਹਾਂ ਪੋਲਿੰਗ ਸਟੇਸ਼ਨ ਦੇ ਬਾਹਰ ਸੁਰੱਖਿਆ ਦੇ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਹਿਦਾਇਤ ਕੀਤੀ। ਕੁਝ ਚਿਰ ਦੇ ਰੌਲ਼ੇ ਰੱਪੇ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ। ਪੁਲੀਸ ਨੇ ਉਮੀਦਵਾਰਾਂ ਦੇ ਸਮੱਰਥਕਾਂ ਨੂੰ ਪੋਲਿੰਗ ਸਟੇਸ਼ਨ ਨੇੜੇ ਨਿਰਧਾਰਤ ਜਗ੍ਹਾ ਤੋਂ ਅੱਗੇ ਜਾਣ ਤੋਂ ਸਖ਼ਤੀ ਨਾਲ ਰੋਕ ਦਿੱਤਾ ਗਿਆ ਹੈ ਉਝ ਸਟੇਸ਼ਨ ਅੰਦਰ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ। ਹਰਦੀਪ ਸਿੰਘ -ਧਰਮਕੋਟ/ਕੋਟ ਈਸੇ
Punjab MC Elections: ਰਾਏਕੋਟ ਵਿੱਚ ਕਾਂਗਰਸ ਉਮੀਦਵਾਰ ’ਤੇ ਜਾਨਲੇਵਾ ਹਮਲਾ
May 26, 2026 9:25 am
ਰਾਏਕੋਟ ਨਗਰ ਕੌਂਸਲ ਚੋਣਾਂ ਵਿੱਚ ਆਮ ਕਾਂਗਰਸ ਪਾਰਟੀ ਦੇ 4 ਨੰਬਰ ਵਾਰਡ ਤੋਂ ਉਮੀਦਵਾਰ ਜਗਦੇਵ ਸਿੰਘ ਜੱਗਾ ਉੱਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਹੈ, ਮਿਲੀ ਜਾਣਕਾਰੀ ਅਨੁਸਾਰ ਜਗਦੇਵ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਲੁਧਿਆਣਾ ਡੀਐਮਸੀ ਹਸਪਤਾਲ ਵਿਚ ਭੇਜਿਆ ਗਿਆ ਹੈ। ਰਾਏਕੋਟ ਕਾਂਗਰਸ ਵੱਲੋਂ ਹਮਲੇ ਲਈ ਸੱਤਾਧਾਰੀ ਧਿਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
Punjab MC Elections: ਬਜ਼ੁਰਗ ਅਤੇ ਅਪਾਹਜ ਵੋਟਰਾਂ ਲਈ ਵੀਲ ਚੇਅਰ ਦਾ ਨਹੀਂ ਪ੍ਰਬੰਧ
May 26, 2026 9:06 am
![]()
ਸਮਰਾਲਾ- ਸ਼ਹਿਰ ਦੇ 12 ਵਾਰਡਾਂ ਲਈ ਅੱਜ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਸਥਾਨਕ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਣ ਦੇ ਦਾਅਵਿਆਂ ਦੀ ਫੂਕ ਨਿਕਲਦੀ ਹੋਈ ਨਜ਼ਰ ਆਈ। ਜ਼ਿਆਦਾਤਰ ਪੋਲਿੰਗ ਬੂਥਾਂ ਤੇ ਆਪਣੀ ਬੋਟ ਦੇ ਹੱਕ ਦਾ ਇਸਤੇਮਾਲ ਕਰਨ ਆਏ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਨੂੰ ਭਾਰੀ ਪਰੇਸ਼ਾਨੀਆਂ ਝੱਲਣੀਆਂ ਪਈਆਂ। ਇਨ੍ਹਾਂ ਪੋਲਿੰਗ ਬੂਥਾਂ ਅੰਦਰ ਵ੍ਹੀਲ ਚੇਅਰ ਨਾ ਹੋਣ ਕਾਰਨ ਬਜ਼ੁਰਗ ਅਤੇ ਅਪਾਹਜ ਵੋਟਰਾਂ ਨੂੰ ਬੜੀ ਮੁਸ਼ਕਿਲ ਨਾਲ ਪੋਲਿੰਗ ਬੂਥ ਦੇ ਅੰਦਰ ਤੱਕ ਲਿਜਾਣਾ ਪਿਆ। ਹਾਲਾਂਕਿ ਸਥਾਨਕ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ। ਮੌਕੇ ਤੇ ਮੌਜੂਦ ਡੀਐੱਸਪੀ ਸਮਰਾਲਾ ਤੋਂ ਜਦੋਂ ਪੱਤਰਕਾਰਾਂ ਵੱਲੋਂ ਪੋਲਿੰਗ ਬੂਥਾਂ ਅੰਦਰ ਵੀਲ ਚੇਅਰ ਨਾ ਹੋਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਆਖਿਆ ਕਿ ਬਾਕੀ ਤਾਂ ਸਾਰੇ ਪ੍ਰਬੰਧ ਪੂਰੇ ਹਨ, ਪਰੰਤੂ ਵ੍ਹੀਲ ਚੇਅਰ ਬਾਰੇ ਉਹ ਹੁਣੇ ਐੱਸਡੀਐੱਮ ਕੰਮ ਰਿਟਰਨਿੰਗ ਅਫਸਰ ਦੇ ਧਿਆਨ ਵਿੱਚ ਮਾਮਲਾ ਲਿਆ ਕੇ ਇਸ ਮੁਸ਼ਕਿਲ ਦਾ ਤੁਰੰਤ ਹੱਲ ਕਰ ਰਹੇ ਹਨ। ਦੂਜੇ ਪਾਸੇ ਉੱਥੇ ਵੋਟ ਪਾਉਣ ਆਈ ਇੱਕ ਬਜ਼ੁਰਗ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ, ਕਿ ਉਹਨਾਂ ਦੀ ਮਾਤਾ ਬਿਰਧ ਹੋਣ ਕਾਰਨ ਤੁਰਨ ਫਿਰਨ ਤੋਂ ਅਸਮਰਥ ਹੈ ਅਤੇ ਉਹ ਬੜੀ ਮੁਸ਼ਕਿਲ ਆਪਣੀ ਬਿਰਧ ਮਾਤਾ ਨੂੰ ਪੋਲਿੰਗ ਬੂਥ ਤੱਕ ਲੈ ਕੇ ਆਏ ਪਰ ਇੱਥੇ ਵ੍ਹੀਲ ਚੇਅਰ ਨਾ ਹੋਣ ਕਾਰਨ ਉਹਨਾਂ ਨੂੰ ਆਪਣੀ ਮਾਤਾ ਨੂੰ ਚੁੱਕ ਕੇ ਪੋਲਿੰਗ ਬੂਥ ਦੇ ਅੰਦਰ ਵੋਟ ਪਾਉਣ ਲਈ ਲਿਜਾਣਾ ਪਿਆ। ਉਧਰ ਦੂਜੇ ਪਾਸੇ ਚੋਣ ਡਿਊਟੀ ਅਧਿਕਾਰੀ ਜੀਵਨ ਜੋਤ ਸਿੰਘ ਨੇ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਦਿਆਂ ਆਖਿਆ ਕਿ, ਵੋਟਰਾਂ ਲਈ ਪੋਲਿੰਗ ਬੂਥਾਂ ਦੇ ਅੰਦਰ ਪੀਣ ਵਾਲਾ ਪਾਣੀ ਅਤੇ ਛਾਂ ਵਿੱਚ ਬੈਠਣ ਸਮੇਤ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਪੋਲਿੰਗ ਬੂਥਾਂ ਅੰਦਰ ਵ੍ਹੀਲ ਚੇਅਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਪਰ ਫਿਰ ਵੀ ਜਿੱਥੇ ਕਿਤੇ ਕੋਈ ਮੁਸ਼ਕਿਲ ਆਈ ਹੈ ਉਹ ਹੁਣੇ ਦੁਬਾਰਾ ਇਸ ਗੱਲ ਦੀ ਪੜਤਾਲ ਕਰ ਰਹੇ ਹਨ।- ਪੱਤਰ ਪ੍ਰੇਰਕ
ਬਨੂੜ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ
May 26, 2026 8:47 am
![]()
ਨਗਰ ਕੌਂਸਲ ਬਨੂੜ ਦੀਆਂ ਅੱਜ ਪੈ ਰਹੀਆਂ ਵੋਟਾਂ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਵੋਟਰ ਸਵੇਰੇ 8 ਵਜੇ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੋਲਿੰਗ ਬੂਥਾਂ ਦੇ ਬਾਹਰ ਲਾਈਨਾਂ ਲਗਾ ਕੇ ਖੜੇ ਹੋ ਗਏ। ਬਨੂੜ ਦੇ 13 ਵਾਰਡਾਂ ਲਈ 40 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਜਿਆਦਾਤਰ ਵਾਰਡਾਂ ਵਿਚ ਸਿੱਧਾ ਮੁਕਾਬਲਾ ਹੈ। ਸਮੁੱਚੀ ਪੋਲਿੰਗ ਪ੍ਰਕਿਰਿਆ ਅਮਨ ਅਮਾਨ ਨਾਲ ਆਰੰਭ ਹੋਈ। ਵੱਖ ਵੱਖ ਉਮੀਦਵਾਰਾਂ ਵੱਲੋਂ ਲਗਾਏ ਹੋਏ ਟੈਂਟਾਂ ਵਿੱਚ ਵੋਟਰਾਂ ਤੇ ਸਮਰਥਕਾਂ ਦੀ ਭਾਰੀ ਭੀੜ ਜੁਟੀ ਹੋਈ ਹੈ। ਪੁਲੀਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਵੋਟਰਾਂ ਲਈ ਟੈਂਟ ਅਤੇ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਬਨੂੜ ਦੇ ਸਮੁੱਚੇ ਪੋਲਿੰਗ ਬੂਥਾਂ ਦੇ ਅੰਦਰ ਤੇ ਬਾਹਰ ਸੀ ਸੀ ਟੀ ਵੀ ਕੈਮਰੇ ਵੀ ਲਗਵਾਏ ਗਏ ਹਨ। -ਕਰਮਜੀਤ ਸਿੰਘ ਚਿੱਲਾ
ਮਜੀਠਾ ਅਤੇ ਰਮਦਾਸ ਨਗਰ ਕੌਂਸਲ ਚੋਣਾਂ ਲਈ ਵੋਟਾਂ ਪਾਉਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ
May 26, 2026 8:31 am
ਮਜੀਠਾ ਅਤੇ ਰਮਦਾਸ ਵਿੱਚ ਨਗਰ ਕੌਂਸਲ ਚੋਣਾਂ ਵਿੱਚ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੁੰਦਿਆਂ ਹੀ ਲੋਕ ਵੱਡੀ ਗਿਣਤੀ ਵਿੱਚ ਘਰਾਂ ਤੋਂ ਵੋਟ ਪਾਉਣ ਲਈ ਨਿਕਲੇ ਹਨ। ਔਰਤਾਂ ਵੀ ਵੱਡੀ ਗਿਣਤੀ ਵਿਚ ਵੋਟ ਪਾਉਣ ਨਿਕਲੀਆਂ ਹਨ। ਪੋਲਿੰਗ ਬੂਥਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਭਾਰੀ ਗਰਮੀ ਦੇਖਦਿਆਂ ਲੋਕ ਸਵੇਰੇ ਠੰਡਾ ਮੌਸਮ ਹੋਣ ਕਰਕੇ ਘਰਾਂ ਤੋਂ ਨਿਕਲ ਆਏ ਹਨ। ਨਗਰ ਕੌਂਸਲ ਮਜੀਠਾ ਦੇ 13 ਵਾਰਡਾਂ ਵਿੱਚੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਨਿਰਵਿਰੋਧ ਜੇਤੂ ਐਲਾਨੇ ਜਾ ਚੁੱਕੇ ਹਨ। ਅੱਜ ਬਾਕੀ ਰਹਿਦੀਆਂ 11 ਵਾਡਾਂ ਵਿੱਚ ਚੋਣ ਪ੍ਰਕਿਰਿਆ ਅਮਨ ਅਮਾਨ ਨਾਲ ਸ਼ੁਰੂ ਹੋ ਚੁੱਕੀ ਹੈ। ਲੋਕ ਸਵੇਰੇ ਸਵੇਰੇ ਹੀ ਕਤਾਰਾਂ ਵਿੱਚ ਆਪਣੀ ਵੋਟ ਪਾਉਣ ਲਈ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਪੁਲੀਸ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਥੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਉਧਰ ਰਮਦਾਸ ਵਿੱਚ ਵੀ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਚੱਲ ਰਿਹਾ ਹੈ। ਰਮਦਾਸ ਕੌਂਸਲ ਦੀਆਂ ਕੁਲ 11 ਵਾਰਡਾਂ ਦੀਆਂ ਵੋਟਾਂ ਪੈਣੀਆਂ ਹਨ। ਮਜੀਠਾ ਨੂੰ ਸੰਵੇਦਨਸ਼ੀਲ ਹੋਣ ਕਰਕੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ। ਹਰ ਵਿਅਕਤੀ ਉਪਰ ਨਜ਼ਰ ਰੱਖੀ ਜਾ ਰਹੀ ਹੈ। -ਰਾਜਨ ਮਾਨ
ਜੰਡਿਆਲਾ ਗੁਰੂ ਵਿੱਚ ਨਗਰ ਕੌਂਸਲ ਚੋਣਾਂ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਅਮਨ ਅਮਾਨ ਨਾਲ ਸ਼ੁਰੂ ਹੋਈ
May 26, 2026 8:31 am
![]()
ਜੰਡਿਆਲਾ ਗੁਰੂ ਵਿੱਚ ਨਗਰ ਕੌਂਸਲ ਚੋਣਾਂ ਵਿੱਚ ਵੋਟਾਂ ਪਾਉਣ ਦੀ ਪ੍ਰਕਿਰਿਆ ਅਮਾਨ ਨਾਲ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਨਗਰ ਕੌਂਸਲ ਦੇ 15 ਵਾਰਡਾਂ ਵਿੱਚੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਐਲਾਨੇ ਜਾ ਚੁੱਕੇ ਹਨ। ਅੱਜ ਬਾਕੀ ਰਹਿਦੀਆਂ 13 ਵਾਡਾਂ ਵਿੱਚ ਚੋਣ ਪ੍ਰਕਿਰਿਆ ਅਮਨ ਅਮਾਨ ਨਾਲ ਸ਼ੁਰੂ ਹੋ ਚੁੱਕੀ ਹੈ। ਲੋਕ ਸਵੇਰੇ ਸਵੇਰੇ ਹੀ ਕਤਾਰਾਂ ਵਿੱਚ ਆਪਣੀ ਵੋਟ ਪਾਉਣ ਲਈ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਪੁਲੀਸ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿੱਥੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਵੇਖਣ ਨੂੰ ਮਿਲ ਰਿਹਾ ਹੈ।
Punjab MC Elections: ਬਰਨਾਲਾ ਵਿੱਚ ਵੋਟਿੰਗ ਸ਼ੁਰੂ, ਨਗਰ ਨਿਗਮ ਦੇ ਪਹਿਲੇ ਮੇਅਰ ਦੀ ਚੋਣ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ
May 26, 2026 8:29 am
![]()
ਬਰਨਾਲਾ ਨਗਰ ਨਿਗਮ ਸਮੇਤ ਜ਼ਿਲ੍ਹੇ ਦੀਆਂ ਪ੍ਰਮੁੱਖ ਨਗਰ ਕੌਂਸਲਾਂ ਤਪਾ ਮੰਡੀ, ਧਨੌਲਾ ਅਤੇ ਭਦੋੜ ਵਿੱਚ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਪ੍ਰਕਿਰਿਆ ਪੂਰੇ ਉਤਸ਼ਾਹ ਅਤੇ ਸ਼ਾਂਤਮਈ ਢੰਗ ਨਾਲ ਸ਼ੁਰੂ ਹੋ ਗਈ ਹੈ। ਬਰਨਾਲਾ ਲਈ ਇਹ ਚੋਣਾਂ ਇਤਿਹਾਸਕ ਹਨ ਕਿਉਂਕਿ ਇੱਥੇ ਨਗਰ ਨਿਗਮ ਬਣਨ ਤੋਂ ਬਾਅਦ ਪਹਿਲੀ ਵਾਰ ਸ਼ਹਿਰ ਨੂੰ ਆਪਣਾ ਮੇਅਰ ਮਿਲੇਗਾ। ਬਰਨਾਲਾ ਨਗਰ ਨਿਗਮ ਦੇ ਕੁੱਲ 50 ਵਾਰਡਾਂ ਵਿੱਚੋਂ 2 ਵਾਰਡਾਂ ਵਿੱਚ ਉਮੀਦਵਾਰ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ, ਜਦਕਿ ਬਾਕੀ 48 ਵਾਰਡਾਂ ਲਈ ਕਰੀਬ 88 ਹਜ਼ਾਰ ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਰਹੇ ਹਨ। ਇਸੇ ਤਰ੍ਹਾਂ ਤਪਾ ਮੰਡੀ ਦੇ 15 ਵਾਰਡਾਂ ਲਈ 16,199 ਵੋਟਰ, ਭਦੋੜ ਦੇ 13 ਵਾਰਡਾਂ ਅਤੇ ਧਨੌਲਾ ਦੇ 13 ਵਾਰਡਾਂ ਵਿੱਚ ਵੀ ਵੋਟਾਂ ਦਾ ਅਮਲ ਨਿਰਵਿਘਨ ਜਾਰੀ ਹੈ। ਚੋਣ ਮੈਦਾਨ ਵਿੱਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਕਈ ਆਜ਼ਾਦ ਉਮੀਦਵਾਰਾਂ ਸਮੇਤ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ ਉਮੀਦਵਾਰਾਂ ਵੱਲੋਂ ਜ਼ਮੀਨੀ ਪੱਧਰ 'ਤੇ ਆਪਣੀ ਜਿੱਤ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਪੋਲਿੰਗ ਬੂਥਾਂ 'ਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਸ ਤੋਂ ਲੋਕਾਂ ਵਿੱਚ ਭਾਰੀ ਉਤਸਾਹ ਦਾ ਪ੍ਰਗਟਾਵਾ ਹੁੰਦਾ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਵੋਟਿੰਗ ਨੂੰ ਸ਼ਾਂਤਮਈ ਅਤੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਲੋਕਤੰਤਰੀ ਪ੍ਰਕਿਰਿਆ ਵਿੱਚ ਹਿੱਸਾ ਲੈਂਦਿਆਂ ਬਰਨਾਲਾ ਦੇ ਐਸ.ਡੀ. ਕਾਲਜ ਸਥਿਤ ਪੋਲਿੰਗ ਬੂਥ 'ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਪਿਤਾ ਚਮਕੌਰ ਸਿੰਘ ਹੇਅਰ ਅਤੇ ਮਾਤਾ ਸਰਬਜੀਤ ਕੌਰ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ। -ਲਖਵੀਰ ਚੀਮਾ