ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਗਰਮੀ ਦੀ ਪਿਛੇਤ: ਪੰਜਾਬ, ਹਰਿਆਣਾ ਤਪਣ ਲੱਗੇ

Posted On May - 24 - 2020

ਪਾਰਾ 43 ਡਿਗਰੀ ਤੋਂ ਪਾਰ; ਤਾਪਮਾਨ ਹੋਰ ਵਧਣ ਦੀ ਸੰਭਾਵਨਾ

ਪਿੰਡ ਤਿਉਣਾ ਵਿਚ ਕਿਸਾਨ ਗਰਮੀ ਦੌਰਾਨ ਗੁਆਰੀ ਦੀ ਫਸਲ ਦੀ ਬਿਜਾਂਦ ਕਰਦੇ ਹੋਏ। -ਫੋਟੋ: ਧਰਮਪਾਲ ਤੂਰ

ਚਰਨਜੀਤ ਭੁੱਲਰ
ਚੰਡੀਗੜ੍ਹ, 23 ਮਈ
ਪੰਜਾਬ ਤੇ ਹਰਿਆਣਾ ਨੂੰ ਗਰਮੀ ਦੀ ਪਿਛੇਤ ਨੇ ਇਕਦਮ ਤਪਣ ਲਾ ਦਿੱਤਾ ਹੈ। ਐਤਕੀਂ ਗਰਮੀ ਪੱਛੜ ਕੇ ਪੈ ਰਹੀ ਹੈ ਜਦਕਿ ਲੰਘੇ ਵਰ੍ਹੇ ਮੱਧ ਅਪਰੈਲ ਤੋਂ ਹੀ ਦੁਪਹਿਰਾਂ ਤਪਣੀਆਂ ਸ਼ੁਰੂ ਹੋ ਗਈਆਂ ਸਨ। ਲੂ ਅਤੇ ਤਪਸ਼ ਕਾਰਨ ਅੱਜ ਪੰਜਾਬ ਤੇ ਹਰਿਆਣਾ ਵਿਚ ਤਾਪਮਾਨ 43 ਤੋਂ 44 ਡਿਗਰੀ ਸੈਲਸੀਅਸ ਰਿਹਾ ਹੈ। ਇੱਕੋ ਦਿਨ ’ਚ ਤਾਪਮਾਨ ਵਿਚ ਤਿੰਨ ਡਿਗਰੀ ਵਾਧਾ ਦਰਜ ਹੋਇਆ ਹੈ।
ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ਵਿਚ ਆਉਂਦੇ ਤਿੰਨ ਦਿਨਾਂ ’ਚ ਤਾਪਮਾਨ ਵਿਚ ਦੋ ਡਿਗਰੀ ਵਾਧਾ ਹੋਣ ਦਾ ਅਨੁਮਾਨ ਹੈ। ਰਾਜਸਥਾਨ ਨਾਲ ਲੱਗਦੇ ਪੰਜਾਬ ਤੇ ਹਰਿਆਣਾ ਦੇ ਖ਼ਿੱਤਿਆਂ ਵਿਚ ਤਾਪਮਾਨ ਵਧੇਰੇ ਰਹੇਗਾ। ਪੰਜਾਬ ਦੇ ਬਠਿੰਡਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿਚ ਅੱਜ ਤਾਪਮਾਨ 44 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ ਹੈ। ਇਸੇ ਤਰ੍ਹਾਂ ਹਰਿਆਣਾ ਦੇ ਜ਼ਿਲ੍ਹਾ ਸਿਰਸਾ, ਫਤਿਆਬਾਦ, ਰੋਹਤਕ, ਭਿਵਾਨੀ, ਫ਼ਰੀਦਾਬਾਦ ਅਤੇ ਮਹੇਂਦਰਗੜ੍ਹ ’ਚ ਤਾਪਮਾਨ ਵਧੇਰੇ ਰਹੇਗਾ। ਪੰਜਾਬ ਦੇ ਮਾਝਾ ਖ਼ਿੱਤੇ ਵਿਚ ਬੱਦਲਵਾਈ ਬਣੀ ਹੋਈ ਹੈ। ਆਉਂਦੇ ਦਿਨਾਂ ’ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਤੇਜ਼ ਹਵਾਵਾਂ ਵੀ ਚੱਲਣਗੀਆਂ। ਰਾਜਸਥਾਨ ਵਲੋਂ ਦੱਖਣ-ਪੂਰਬੀ ਹਵਾਵਾਂ ਮੁੱਖ ਤੌਰ ’ਤੇ ਮਾਲਵਾ ਖ਼ਿੱਤੇ ਨੂੰ ਲਪੇਟ ਵਿਚ ਲੈਣਗੀਆਂ। ਮਈ ਦੇ ਅਖੀਰ ਵਿਚ ਮੀਂਹ ਪੈਣ ਦਾ ਅਨੁਮਾਨ ਹੈ। ਪੰਜਾਬ ’ਚ ਨਰਮੇ ਦੀ ਬਿਜਾਈ ਆਖਰੀ ਪੜਾਅ ’ਤੇ ਹੈ। ਤਾਪਮਾਨ ’ਚ ਅਚਨਚੇਤੀ ਵਾਧੇ ਕਾਰਨ ਕਿਸਾਨ ਡਰੇ ਹੋਏ ਹਨ ਕਿ ਕਿਧਰੇ ਅਗੇਤੇ ਨਰਮੇ ਨੂੰ ਗਰਮੀ ਸਾੜ ਨਾ ਦੇਵੇ। ਪੰਜਾਬ ’ਚ ਹੁਣ ਤੱਕ 3.80 ਲੱਖ ਹੈਕਟੇਅਰ ਨਰਮੇ ਦੀ ਬਿਜਾਂਦ ਹੋ ਚੁੱਕੀ ਹੈ ਅਤੇ ਵਿਭਾਗ ਨੇ ਪੰਜ ਲੱਖ ਹੈਕਟੇਅਰ ਦਾ ਟੀਚਾ ਮਿਥਿਆ ਹੈ। ਖੇਤੀ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਤੰਤਰ ਐਰੀ ਨੇ ਕਿਹਾ ਕਿ ਗਰਮੀ ਲੇਟ ਸ਼ੁਰੂ ਹੋਣ ਦਾ ਨਰਮੇ ਦੀ ਫਸਲ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਦੱਸਿਆ ਕਿ ਹਫ਼ਤਾ ਭਰ ਹੋਰ ਬਿਜਾਈ ਚੱਲੇਗੀ। ਪੰਜਾਬ ਖੇਤੀ ’ਵਰਸਿਟੀ ਦੇ ਮਾਹਿਰ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਆਖਿਆ ਕਿ ਬਿਜਾਈ ਦਾ ਕੰਮ ਨਿੱਬੜ ਗਿਆ ਹੈ। ਸਬਜ਼ੀਆਂ ’ਤੇ ਗਰਮੀ ਦਾ ਅਸਰ ਪੈਣ ਦੀ ਸੰਭਾਵਨਾ ਹੈ।

ਤਾਪਮਾਨ ਹੋਰ ਵਧੇਗਾ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਲੰਘੇ 24 ਘੰਟਿਆਂ ਵਿਚ ਤਾਪਮਾਨ ਵਿਚ ਤਿੰਨ ਡਿਗਰੀ ਸੈਲਸੀਅਸ ਦਾ ਸਿੱਧਾ ਵਾਧਾ ਹੋਇਆ ਹੈ ਅਤੇ ਆਉਂਦੇ ਤਿੰਨ ਦਿਨਾਂ ਦੌਰਾਨ ਇੱਕ ਤੋਂ ਦੋ ਡਿਗਰੀ ਸੈਲਸੀਅਸ ਤਾਪਮਾਨ ਹੋਰ ਵਧੇਗਾ। ਬੱਦਲਵਾਈ ਆਰਜ਼ੀ ਹੈ ਅਤੇ ਰਾਜਸਥਾਨ ’ਚ ਗਰਮੀ ਦੇ ਵਾਧੇ ਨੇ ਵੱਡਾ ਅਸਰ ਪਾਇਆ ਹੈ। ਮਈ ਦੇ ਅਖੀਰ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਵਿੱਚ ਅਗਲੇ 12 ਤੋਂ 24 ਘੰਟਿਆਂ ਵਿੱਚ ਗਰਜ਼ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਬਾਅਦ ਅਗਲੇ ਚਾਰ ਦਿਨ ਮੌਸਮ ਖੁਸ਼ਕ ਰਹੇਗਾ ਤੇ ਗਰਮੀ ਵਧੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦੌਰਾਨ ਕੁਝ ਇਲਾਕਿਆਂ ਵਿੱਚ ਤਾਪਮਾਨ ਵਧ ਕੇ 43 ਤੋਂ 46 ਡਿਗਰੀ ਸੈਲਸੀਅਸ ਤਕ ਪੁੱਜ ਜਾਵੇਗਾ।

ਕੌਮੀ ਰਾਜਧਾਨੀ ’ਚ ਗਰਮੀ ਦਾ ਕਹਿਰ ਸ਼ੁਰੂ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਸਮੇਤ ਐੱਨਸੀਆਰ ਵਿੱਚ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅਤਿ ਦੀ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਦੇ ਅਧਿਕਾਰੀ ਕੁਲਦੀਪ ਸ੍ਰੀਵਾਸਤਵ ਅਨੁਸਾਰ ਉੱਤਰ-ਪੱਛਮ ਵਿਗਿਆਨ ਕੇਂਦਰ ਵਿੱਚ ਪਾਲਮ ਤੇ ਲੋਧੀ ਰੋਡ ਇਲਾਕੇ ਵਿੱਚ ਤਾਪਮਾਨ 45.4 ਤੇ 44.4 ਡਿਗਰੀ ਦਰਜ ਕੀਤਾ ਗਿਆ। ਸ਼ੁੱਕਰਵਾਰ ਨੂੰ ਪਾਰਾ 45 ਡਿਗਰੀ ਤੱਕ ਪੁੱਜ ਗਿਆ ਸੀ, ਜੋ ਇਸ ਸਾਲ ਦਾ ਸਭ ਤੋਂ ਗਰਮ ਦਿਨ ਰਿਹਾ। ਮੌਸਮ ਵਿਭਾਗ ਨੇ ਅਗਲੇ ਦਿਨਾਂ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਪ੍ਰਗਟਾਈ।


Comments Off on ਗਰਮੀ ਦੀ ਪਿਛੇਤ: ਪੰਜਾਬ, ਹਰਿਆਣਾ ਤਪਣ ਲੱਗੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.