ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਕਰੋਨਾ ਕਾਲ: ਸਹਿਮਣ ਨਹੀਂ ਸਮਝਦਾਰੀ ਦੀ ਜ਼ਰੂਰਤ

Posted On May - 23 - 2020

ਡਾ. ਸ਼ਿਆਮ ਸੁੰਦਰ ਦੀਪਤੀ*

ਕਰੋਨਾ ਕਾਰਨ ਹੋਈ ਤਾਲਾਬੰਦੀ ਦੇ ਚੌਥੇ ਦੌਰ ਦੌਰਾਨ ਰੁਕੀ ਹੋਈ ਜ਼ਿੰਦਗੀ ਮੁੜ ਸੜਕਾਂ ’ਤੇ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਕੁਝ ਕੁ ਹਦਾਇਤਾਂ ਨਾਲ, ਜਿਵੇਂ ਮਾਸਕ ਅਤੇ ਸਰੀਰਕ ਦੂਰੀ ਨਾਲ ਹੌਲੀ-ਹੌਲੀ ਮਹਿਜ਼ ਜੀਵਨ ਦੀ ਸ਼ੁਰੂਆਤ ਹੋ ਰਹੀ ਹੈ, ਭਾਵੇਂ ਇਕੱਠ ਅਤੇ ਭੀੜ-ਭੜੱਕੇ ਵਾਲੇ ਅਦਾਰੇ, ਜਿਵੇਂ ਮਾਲਜ਼, ਰੈਸਤਰਾਂ, ਪਾਰਕ ਆਦਿ ‘ਤਾਲਾਬੰਦੀ’ ਦੀ ਹੀ ਹਾਲਤ ਵਿਚ ਰੱਖੇ ਗਏ ਹਨ।
ਦੂਸਰੇ ਪਾਸੇ ਸੜਕਾਂ/ਦੁਕਾਨਾਂ ’ਤੇ ਵੈਸੇ ਵੀ ਲੋਕ ਆਮ ਨਾਲੋਂ ਘੱਟ ਹਨ। ਅਜੇ ਬਹੁਗਿਣਤੀ ਲੋਕਾਂ ਨੂੰ ਸਹਿਮ ਨੇ ਘਰੇ ਹੀ ਰੋਕਿਆ ਹੋਇਆ ਹੈ। ਇਕ ਡਰ ਹੈ ਕਿ ਕਿਤੇ ਗਏ ਤਾਂ ਕਰੋਨਾ ਨਾਲ ਹੀ ਨਾ ਆ ਜਾਵੇ ਜਾਂ ਕੋਈ ਸਾਡੇ ਕੋਲ ਆਇਆ ਤਾਂ ਉਹ ਕਰੋਨਾ ਨੂੰ ਇੱਥੇ ਹੀ ਨਾ ਛੱਡ ਜਾਵੇ। ਡਰ ਦੀ ਮਾਨਸਿਕਤਾ ਨੂੰ ਦਰੁਸਤ ਹੋਣ ਲਈ ਹਾਲੇ ਸਮਾਂ ਲੱਗੇਗਾ। ਚੌਥੇ ਦੌਰ ਵਿਚ ਭਾਵੇਂ ਕਾਫ਼ੀ ਖੁੱਲ੍ਹਾਂ ਹਨ। ਬੱਸਾਂ-ਆਟੋ, ਨਿੱਜੀ ਵਾਹਨਾਂ ਨੂੰ ਚੱਲਣ ਦੀ ਇਜਾਜ਼ਤ ਹੈ, ਪਰ ਸੜਕਾਂ ’ਤੇ ਪੁਲੀਸ ਦੀਆਂ ਰੋਕਾਂ ਅਤੇ ਪੁਲੀਸ ਕਰਮੀਆਂ ਦੀ ਡਿਊਟੀ ਉਸੇ ਤਰ੍ਹਾਂ ਹੀ ਹੈ। ਦੋ-ਮਾਰਗੀ ਸੜਕ ਦਾ ਇਕ ਪਾਸਾ ਬੰਦ ਹੈ, ਇਕ ਮਾਰਗ ਵਿਚ ਬੈਰੀਕੇਡ ਲਗਾਏ ਗਏ ਹਨ। ਇਹ ਇਸ ਡਰ ਦਾ ਪ੍ਰਭਾਵ ਸਿਰਜਣ ਤੋਂ ਇਲਾਵਾ ਹੋਰ ਕੋਈ ਮਕਸਦ ਪੂਰਾ ਨਹੀਂ ਕਰਦੇ। ਵੈਸੇ ਵੀ ਸਰਕਰ ਦੇ ਇਹ ਬਿਆਨ ਚੱਲਦੇ ਰਹਿੰਦੇ ਹਨ ਕਿ ਤਾਲਾਬੰਦੀ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਇਨ੍ਹਾਂ ਰੋਕਾਂ ਦਾ ਅਹਿਸਾਸ ਇਵੇਂ ਹੁੰਦਾ ਹੈ ਜਿਵੇਂ ਕਰੋਨਾ ਕੋਈ ਅਤਿਵਾਦੀ ਹੈ ਅਤੇ ਉਸ ਨੂੰ ਫੜਨਾ ਹੈ, ਜੋ ਰੋਕਾਂ ਕਾਰਨ ਤੇਜ਼ ਰਫ਼ਤਾਰ ਵਾਹਨ ਵਿਚ ਭੱਜ ਨਹੀਂ ਸਕੇਗਾ।
ਜੇ ਕਰੋਨਾ ਦੀ ਸ਼ੁਰੂਆਤ ਤੋਂ ਆਫ਼ਤ ਪ੍ਰਬੰਧਨ ਮਹਿਕਮੇ ਵੱਲੋਂ ਇਸ ਨਾਲ ਨਜਿੱਠਣ ਲਈ ‘ਮੌਕ ਡਰਿੱਲ’ ਕੀਤੀ ਗਈ ਤਾਂ ਉਸ ਵਿਚ ਇਕ ਮੁਹੱਲਾ ਚੁਣ ਕੇ ਪੁਲੀਸ ਕਰਮੀਆਂ ਨੂੰ ਟ੍ਰੇਨਿੰਗ ਦਿੱਤੀ ਗਈ। ਇਕ ਘਰ ਵਿਚ ਕਰੋਨਾ ਦਾ ਸ਼ੱਕੀ ਮਰੀਜ਼ ਬਣਾ ਕੇ ਬਿਠਾਇਆ ਗਿਆ। ਸੌ-ਡੇਢ ਸੌ ਪੁਲੀਸ ਵਾਲੇ ਐਂਬੂਲੈਂਸ ਨਾਲ ਆਏ, ਮਰੀਜ਼ ਚੁੱਕਿਆ, ਪੁਲੀਸ ਕਰਮੀ ਮੁਹੱਲੇ ਵਿਚ ਫੈਲ ਗਏ ਅਤੇ ਐਲਾਨ ਕਰ ਦਿੱਤਾ ਗਿਆ ਕਿ ਇਲਾਕਾ ਸੀਲ ਹੋ ਗਿਆ ਹੈ। ਇਸ ਦੀ ਵੀਡੀਓ ਬਣਾ ਕੇ ਸ਼ਹਿਰ ਵਾਸੀਆਂ ਨੂੰ ਦੱਸਿਆ ਗਿਆ।
ਉਸ ਤਿਆਰੀ ਤੋਂ ਲੈ ਕੇ ਹੁਣ ਤੱਕ ਇਸ ਤਰ੍ਹਾਂ ਦਾ ਮਹਿਸੂਸ ਕਰਵਾਇਆ ਜਾ ਰਿਹਾ ਹੈ ਅਤੇ ਸਭ ਦੇ ਮਨਾਂ ਵਿਚ ਵੀ ਘਰ ਕਰ ਗਿਆ ਹੈ ਕਿ ਕਰੋਨਾ ਨਾਲ ਨਜਿੱਠਣ ਲਈ ਪੁਲੀਸ ਪ੍ਰਸ਼ਾਸਨ ਦੀ ਇਹ ਭੂਮਿਕਾ ਹੈ। ਡਾਕਟਰ ਜਾਂ ਹੋਰ ਸਿਹਤ ਕਾਮੇ ਹਸਪਤਾਲਾਂ ਵਿਚ ਤਾਇਨਾਤ ਹਨ, ਪਰ ਸਿਹਤ ਦਾ ਵਿਸ਼ੇਸ਼ ਹਿੱਸਾ, ਜਿਸ ਦਾ ਮੁੱਖ ਕੰਮ ਸਿਹਤ ਸਿੱਖਿਆ ਹੀ ਹੈ, ਉਹ ਇਸ ਮੁਹਿੰਮ ਵਿਚ ਆਪਣੀ ਸਰਗਰਮੀ ਦਿਖਾਉਣ ਵਿਚ ਪਿੱਛੇ ਰਿਹਾ ਹੈ। ਮੋਬਾਈਲ ਫੋਨ ਦੀ ਕਾਲਰ-ਟੋਨ ਨੂੰ ਇਹ ਜ਼ਿੰਮੇਵਾਰੀ ਦੇ ਕੇ ਸੁਰਖਰੂ ਹੋਣਾ ਕੋਈ ਸਮਝਦਾਰੀ ਨਹੀਂ।
ਲੌਕਡਾਊਨ ਦੇ ਪਹਿਲੇ ਦਿਨ ਤੋਂ ਹੀ ਸਾਰੀ ਵਿਵਸਥਾ ਪੁਲੀਸ ਹਵਾਲੇ ਕਰ ਦਿੱਤੀ ਗਈ। ਇਸ ਦੀ ਭਾਵੇਂ ਜਿੰਨੀ ਕੁ ਭੂਮਿਕਾ ਸੀ, ਉਹ ਕਰਨੀ ਬਣਦੀ ਸੀ, ਪਰ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਮਾਰੀ ਦੀ ਸਮਝ ਨਾਲ ਜੋੜਨਾ ਚਾਹੀਦਾ ਸੀ। ਉਨ੍ਹਾਂ ਕੋਲ ਜੇਕਰ ਕਾਮੇ ਘੱਟ ਸੀ ਤਾਂ ਸਵੈ-ਸੇਵੀ ਸੰਸਥਾਵਾਂ/ਵਾਲੰਟੀਅਰ ਤਿਆਰ ਕਰ ਕੇ, ਉਨ੍ਹਾਂ ਨੂੰ ਵਿਗਿਆਨਕ ਆਧਾਰ ਵਾਲੀ ਸੂਝ ਦੇਣ ਦਾ ਕੰਮ ਦੇਣਾ/ਲੈਣਾ ਚਾਹੀਦਾ ਸੀ।
ਦੋ ਮਹੀਨੇ ਤੋਂ ਵੱਧ ਸਮੇਂ ਦੌਰਾਨ ਜੋ ਵੀ ਕਦਮ ਚੁੱਕੇ ਗਏ, ਉਸ ਬਾਰੇ ਲੋਕਾਂ ਨੂੰ ਅਜੇ ਵੀ ਸਮਝ ਨਹੀਂ ਹੈ। ਜਿਵੇਂ:-

  • ਪਹਿਲੇ 21 ਦਿਨਾਂ (ਤਿੰਨ ਹਫ਼ਤੇ) ਦੇ ਲੌਕਡਾਊਨ ਪਿੱਛੇ ਕੀ ਕਾਰਨ ਸੀ?
  • 21 ਦਿਨਾਂ ਮਗਰੋਂ ਅਗਾਂਹ ਇਸ ਨੂੰ ਵਾਰ-ਵਾਰ ਵਧਾਉਣ ਦੀ ਕੀ ਤੁਕ ਹੈ?
  • ਕੇਸ ਘੱਟ ਸੀ, ਲੌਕਡਾਊਨ ਕਰ ਦਿੱਤਾ, ਹੁਣ ਕੇਸ ਲੱਖ ਤੋਂ ਪਾਰ ਹੋ ਗਏ ਤਾਂ ਖੋਲ੍ਹ ਕਿਉਂ ਦਿੱਤਾ ਗਿਆ?
  • ਛੇ ਫੁੱਟ ਦੀ ਦੂਰੀ ਹੀ ਕਿਉਂ?
  • ਮਾਸਕ ਕਿਉਂ ਪਾਉਣਾ ਹੈ, ਕੀ ਮਕਸਦ ਹੈ ਤੇ ਪਾਉਣਾ ਕਿਵੇਂ ਹੈ?
  • ਇਕਾਂਤਵਾਸ ਅਤੇ ਵੱਖਰਾ ਰੱਖਣ ਦੇ ਕੀ ਅਰਥ ਹਨ ਤੇ ਕੀ ਮਕਸਦ ਹੈ?
  • ਟੈਸਟ ਕਿਉਂ ਜ਼ਰੂਰੀ ਹੈ, ਕਿਸ ਲਈ ਜ਼ਰੂਰੀ ਹੈ?

ਇਹ ਸਾਰੇ ਪਹਿਲੂ, ਜੇਕਰ ਪਹਿਲੇ ਦਿਨਾਂ ਤੋਂ ਪ੍ਰਧਾਨ ਮੰਤਰੀ ਆਪਣੇ ਸੁਨੇਹੇ ਜਾਂ ਸਿਹਤ ਮੰਤਰੀ ਜਾਂ ਸਿਹਤ ਵਿਭਾਗ ਦੇ ਨਿਰਦੇਸ਼ਕ/ਅਫਸਰ ਆ ਕੇ ਸਮਝਾਉਂਦੇ ਜਾਂ ਦੱਸਦੇ ਤਾਂ ਬਹੁਤ ਹੱਦ ਤੱਕ ਪੁਲੀਸ ਦਾ ਕੰਮ ਸੌਖਾ ਹੋ ਜਾਂਦਾ। ਇਕਾਂਤਵਾਸ ਲਈ ਲੋਕਾਂ ਨੂੰ ਪਤਾ ਹੁੰਦਾ ਤਾਂ ਉਹ ਖੁਦ ਇਸ ਦੀ ਪਾਲਣਾ ਕਰਦੇ ਅਤੇ ਅਨੁਸ਼ਾਸਨ ਬਣਾ ਕੇ ਰੱਖਦੇ। ਹਦਾਇਤਾਂ ਦਾ ਪਾਲਣ ਵੀ ਬਾਖੂਬੀ ਹੁੰਦਾ।
ਸਮਝਦਾਰੀ ਦਾ ਕੋਈ ਬਦਲ ਨਹੀਂ, ਨਾਲੇ ਇਸ ਦਾ ਅਸਰ ਲੰਮੇਰਾ ਹੁੰਦਾ ਹੈ। ਸਿਹਤ ਦੇ ਮਾਮਲੇ ਵਿਚ ਇਸ ਦੀ ਭੂਮਿਕਾ ਦੀ ਹਮੇਸ਼ਾ ਲੋੜ ਹੁੰਦੀ ਹੈ, ਕਿਉਂ ਜੋ ਇਹ ਰੋਜ਼ਮਰ੍ਹਾ ਦਾ ਵਿਸ਼ਾ ਹੈ।

* ਪ੍ਰੋਫੈਸਰ, ਸਰਕਾਰੀ ਮੈਡੀਕਲ
ਕਾਲਜ ਅੰਮ੍ਰਿਤਸਰ
ਸੰਪਰਕ: 98158-08506


Comments Off on ਕਰੋਨਾ ਕਾਲ: ਸਹਿਮਣ ਨਹੀਂ ਸਮਝਦਾਰੀ ਦੀ ਜ਼ਰੂਰਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.