ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

1699 ਦੀ ਇਤਿਹਾਸਕ ਵਿਸਾਖੀ

Posted On April - 8 - 2020

ਗੱਜਣਵਾਲਾ ਸੁਖਮਿੰਦਰ ਸਿੰਘ

ਅਲੌਕਿਕ ਕ੍ਰਾਂਤੀ ਦਾ ਇਸਤਕਬਾਲ ਕਰਨ ਲਈ ਦਸਵੇਂ ਗੁਰੂ ਗੋਬਿੰਦ ‘ਸਿੰਘ’ 1699 ਦੀ ਵਿਸਾਖੀ ਦੇ ਮੁਕੱਦਸ ਦਿਵਸ ਦੀ ਉਡੀਕ ਵਿਚ ਸਨ। ਉਸ ਵੇਲੇ ਕੌਮ ਸ਼ਸਤਰਬੱਧ ਹੋ ਕੇ ਜੰਗ-ਏ-ਮੈਦਾਨ ਵਿਚ ਦ੍ਰਿੜਤਾ ਨਾਲ ਕੁੱਦਣ ਯੋਗ ਹੋ ਚੁੱਕੀ ਸੀ। ਦਸਵੇਂ ਪਾਤਸ਼ਾਹ ਦੀ ਭੰਗਾਣੀ ਦੀ ਫ਼ਤਹਿ ਨੇ ਕੌਮ ਦੀ ਆਤਮਿਕ ਅਵਸਥਾ ਨੂੰ ਉੱਚੇ ਗਿਆਨ ਦੇ ਮੁਰਾਤਬੇ ’ਤੇ ਲੈ ਆਂਦਾ ਸੀ। ਸਾਮਰਾਜੀ ਸਲਤਨਤ ਦੇ ਹਮਲਿਆਂ ਨੂੰ ਪਛਾੜ ਕੇ ਸੱਚ ਦੇ ਮਾਰਗ ਦੇ ਜੂਝਾਰੂ ਪਾਂਧੀਆਂ ਅੰਦਰ ਆਤਮਿਕ ਬਲ ਰੂਪੀ ਚੜ੍ਹਦੀਕਲਾ ਵਧੀਕ ਪ੍ਰਚੰਡ ਹੋ ਚੁੱਕੀ ਸੀ। ਕੌਮ 230 ਸਾਲ ਦਾ ਪੰਧ ਤਹਿ ਕਰ ਚੁੱਕੀ ਸੀ। ਗੁਰੂ ਸਾਹਿਬ ‘ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ’ ਦੇ ਆਦੇਸ਼ ਹਿਤ ਕੌਮ ਵਿਚ ਨਵੀਂ ਰੂਹ ਦੇ ਪ੍ਰਵੇਸ਼ ਲਈ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਕਰਨ ਦੇ ਰੌਂਅ ਵਿਚ ਸਨ।
ਵਿਸਾਖੀ ਦਿਵਸ ਦੇ ਮੁੰਤਜ਼ਿਰ ਕਲਗੀਆਂ ਵਾਲੇ ਦੀ ਅਪਣੱਤ ਬੇਮਿਸਾਲ ਰਹੱਸਾਂ ਨਾਲ ਭਰਪੂਰ ਸੀ। ਗੁਰੂ ਸਾਹਿਬ ਦੇ ਅਪਣੱਤ ਦੀ ਛੋਹ ਸੂਰਮਿਆਂ ਵਿਚ ਲੱਖਾਂ ਵਾਰ ਹੱਸ ਕੇ ਮਰਨ ਦਾ ਚਾਅ ਪੈਦਾ ਕਰਦੀ। ਸੰਨ 1699 ਦੀ ਵਿਸਾਖੀ ਜ਼ੋਰਾਂ-ਸ਼ੋਰਾਂ ਨਾਲ ਆ ਰਹੀ ਸੀ। ਸ੍ਰੀ ਆਨੰਦਪੁਰ ਵਿਚ ਭਾਰੀ ਇਕੱਠ ਹੋਣਾ ਲਾਜ਼ਮ ਸੀ। ਮੁਅੱਰਿਖ ਲਿਖਦਾ ਹੈ ਗੁਰੂ ਕਲਗੀਆਂ ਵਾਲੇ ਨੇ ਆਪਣੇ ਪ੍ਰਯੋਜਨ ਹਿਤ ਕਈ ਮਹੀਨੇ ਪਹਿਲਾਂ ਹੀ ਦੂਰ ਦਰਾਡੇ ਸਿੱਖ ਸ਼ਰਧਾਲੂਆਂ ਵੱਲ ਕੇਸਧਾਰੀ ਸਰੂਪ ਵਾਲੇ ਹੋ ਕੇ ਆਉਣ ਦੇ ਸੰਦੇਸ਼ੇ ਭੇਜੇ ਸਨ ਤਾਂ ਜੋ ਨਿਆਰੇ ਸਰੂਪ ਵਿਚ ਇਤਿਹਾਸੀ ਮੰਜ਼ਰ ਸੁਸ਼ੋੋਭਿਤ ਹੋਵੇ। ਗੁਰੂ ਸਾਹਿਬ ਵੱਲੋਂ ਜਾਪੁ ਸਾਹਿਬ, ਅਕਾਲ ਉਸਤਤਿ ਤੇ ਨੌ ਸ਼ਬਦ ਹਜ਼ਾਰੇ; ਇਹ ਤਿੰਨ ਬਾਣੀਆਂ ਦੀ ਰਚਨਾ ਹੋ ਚੁੱਕੀ ਸੀ ਤੇ ਸਿੱਖ-ਮਨ ਵਿਚ ਗੁਰੂ ਗ੍ਰੰਥ ਸਾਹਿਬ ਪੂਰਨ ਰੂਪ ਵਿਚ ਵਸ (ਸਮਾ) ਚੁੱਕਾ ਸੀ।
ਧਰਮੀ ਅਕੀਦਿਆਂ ਤੋਂ ਹਿੱਲੀ ਮਸੰਦ ਪ੍ਰਥਾ ਜੋ ਫਰਜ਼ਾਂ, ਨੇਮਾਂ ’ਤੇ ਵਿਸਰ ਚੁੱਕੀ ਸੀ, ਜੋ ਸੱਚੇ ਸੰਕਲਪ ਨੂੰ ਤਿਆਗ ਕੇ ਆਪਣੇ ਨਿੱਜੀ ਸੁੱਖਾਂ ਵੱਲ ਹੋ ਤੁਰੀ ਸੀ, ਉਨ੍ਹਾਂ ਕੁਕਰਮੀ ਮਸੰਦਾਂ ਨੂੰ ਮਸਨਦੀ ਪਦਵੀ ਤੋਂ ਗੁਰੂ ਵੱਲੋਂ ਵੰਚਿਤ ਕਰ ਦਿੱਤਾ ਗਿਆ ਸੀ।
ਜਿਵੇਂ ਜਿਵੇਂ 1699 ਦੀ ਵਿਸਾਖੀ ਨੇੜੇ ਆ ਰਹੀ ਸੀ, ਦੂਰੋਂ-ਦੂਰੋਂ ਚਾਰੇ ਪਾਸਿਓਂ ਸ੍ਰੀ ਆਨੰਦਪੁਰ ਦੀ ਧਰਤੀ ਵੱਲ ਵਿਸ਼ਾਲ ਕਾਫਲੇ ਚੱਲੇ ਆ ਰਹੇ ਸਨ। ਕਿਸੇ ਦੇ ਚਿੱਤ-ਚੇਤੇ ਨਹੀਂ ਸੀ ਕਿ ਇਸ ਵਾਰ ਦੀ ਨਵੇਕਲੀ ਛਾਪ ਛੱਡਣ ਵਾਲੀ 1699 ਦੀ ਵਿਸਾਖੀ ’ਤੇ ਗੁਰੂ ਸਹਿਬ ਨੇ ਅਜਬ ਰੂਪ ਵਿਚ ਸੰਗ ਦੇ ਸਨਮੁੱਖ ਹੋਣਾ ਹੈ।
ਸੰਗਤ ਦੇ ਸਵਾਗਤ ਲਈ ਆਨੰਦਪੁਰ ਸਾਹਿਬ ਪੂਰੀ ਤਰ੍ਹਾਂ ਸਜ ਚੁੱਕਿਆ ਸੀ। ਗੁਰੂ ਸਾਹਿਬ ਗਹਿਰੇ ਰਹੱਸ ਵਿਚ ਗੜੂੰਦ ਹੋਏ, ਦੇਰ ਤਕ ਵਾਹਿਗੁਰੂ ਸਿਮਰਨ ਵਿਚ ਲੀਨ ਹੋਏ ਰਹਿੰਦੇ। ਉਨ੍ਹਾਂ ਦੇ ਚਿਹਰੇ ’ਤੇ ਡੂੰਘੀ ਸਮਾਧੀ ਦਾ ਜਲਾਲ ਸੀ। ਜਾਣੋ ਕਿਸੇ ਵੱਡੀ ਉਡੀਕ ਵਿੱਚ ਆਨੰਦਪੁਰ ਦੀ ਖਾਮੋਸ਼ ਪੌਣ ਕਿਸੇ ਵੱਡੇ ਇਨਕਲਾਬ ਦੇ ਹੋਣ ਦਾ ਸੁਨੇਹਾ ਦੇਣ ਲਈ ਤਿਆਰ ਹੋ ਰਹੀ ਹੋਵੇ।
ਉਡੀਕ ਦੀਆਂ ਘੜੀਆਂ ਖ਼ਤਮ ਤੇ ਖ਼ਾਲਸਾ ਪੰਥ ਦੀ ਸਿਰਜਣਾ ਹੋਣ ਵਾਲੀ ਸੀ। ਮੌਤ ਦੇ ਉਹ ਕਹਿਰ ਦੂਰ ਨਹੀਂ ਸਨ, ਜਿਸ ਵਿਚ ਨਾਦੌਣ, ਨਿਰਮੋਹਗੜ੍ਹ, ਆਨੰਦਪੁਰ ਸਾਹਿਬ, ਚਮਕੌਰ ਸਾਹਿਬ, ਖਿਦਰਾਣੇ ਦੀ ਢਾਬ ਅਤੇ ਚੱਪੜਚਿੜੀ ਦੀਆਂ ਇਤਿਹਾਸਕ ਜੰਗਾਂ ਵਿਚ ਸ਼ਹੀਦਾਂ ਦੀ ਉਸ ਬੇਮਿਸਾਲ ਪ੍ਰਭਾਤ ਨੇ ਚਮਕਣਾ ਸੀ। ਓੜਕ 1699 ਦੀ ਵਿਸਾਖੀ ਦਾ ਦਿਹਾੜਾ ਆ ਹੀ ਗਿਆ, ਜਿਸ ਨੇ ਜਗਤ ਇਤਿਹਾਸ ਦਾ ਵੱਡਾ ਵਰਕਾ ਬਣਨਾ ਸੀ। ਭਾਰੀ ਇਕੱਠ ਹੋਇਆ। ਸਿੱਖ ਸ੍ਰੋਤਾਂ ਦੁਆਰਾ ਸੰਗਤ ਦਾ ਜਮਾਵੜਾ 80,000 ਆਂਕਿਆ ਗਿਆ। ਮੁਅੱਰਿਖ ਅਨੁਸਾਰ ਗੁਰੂ ਸਾਹਿਬ ਅੰਮ੍ਰਿਤ ਵੇਲੇ ਤੋਂ ਹੀ ਵਾਹਿਗੁਰੂ ਬੰਦਗੀ ਵਿਚ ਲੀਨ ਹੋ ਚੁੱਕੇ ਸਨ। ਦਰਬਾਰ ਸਜ ਚੁੱਕਿਆ ਸੀ, ਅਲੌਕਿਕ ਵਰਤਾਰੇ ਹਿਤ ਪ੍ਰਬੰਧ ਮੁਕੰਮਲ ਸਨ। ਸਾਹ ਰੋਕ ਬੈਠੀ ਸੰਗਤ ਨੂੰ ਗੁਰੂ ਸਹਿਬ ਦੇ ਮੁੱਖ ਨੂੰ ਤੱਕਣ ਦੀ ਤੀਬਰ ਉਡੀਕ ਸੀ।
ਫਿਰ ਗੁਰੂ ਸਾਹਿਬ ਵਸਤਰ-ਸ਼ਸਤਰ ਸਜਾ ਤੰਬੂ ਵਾਲੇ ਪਾਸਿਓਂ ਦੀਵਾਨ ਵਿਚ ਆ ਦਾਖਲ ਹੋਏ। ਪ੍ਰੇਮੀਆਂ ਨੇ ਤੱਕਣ ਸਾਰ ਖੁਸ਼ੀ ਤੇ ਚਾਅ ਵਿਚ ਜੈਕਾਰੇ ਛੱਡੇ। ਕਿਸੇ ਨੂੰ ਕੋਈ ਇਲਮ ਨਹੀਂ ਸੀ ਕਿ ਅੱਜ ਦੇ ਗੁਰੂ-

ਗੱਜਣਵਾਲਾ ਸੁਖਮਿੰਦਰ ਸਿੰਘ

ਪਰਵਚਨ ਕਿੰਨੇ ਅਦਭੁਤ ਹੋਣਗੇ। ਹਜ਼ੂਰ ਨੇ ਉਸ ਥੜੇ ’ਤੇ ਖੜ੍ਹੇ ਹੋ ਕੇ ਸੰਗਤ ਨੂੰ ਕਿਸੇ ਡੂੰਘੀ ਅਪਣੱਤ ਨਾਲ ਵੇਖਿਆ; ਮਿਆਨ ’ਚੋਂ ਤੇਗ ਖਿੱਚੀ ਤੇ ਜਲਾਲ ਵਿਚ ਆ ਕੇ ਫਰਮਾਇਆ, ‘‘ਮੈਨੂੰ ਇਕ ਸੀਸ ਚਾਹੀਦਾ, ਮੇਰੇ ਸੱਚੇ ਸਿੱਖਾਂ ’ਚੋਂ ਕੋਈ ਅੱਗੇ ਆਵੇ।’’
ਸਨਮੁਖ ਪਰਾ ਸਿਖ ਹੈ ਕੋਈ।
ਸੀਸ ਭੇਟ ਕਰ ਦੇਵੇ ਸੋਈ। (ਗੁਰ ਬਿਲਾਸ ਪਾਤਸ਼ਾਹੀ 10ਵੀਂ)
ਬੁਲੰਦ-ਬਚਨ ਸੁਣ, ਦੂਰ ਦੂਰ ਤਕ ਵਿਸ਼ਾਲ ਚੁੱਪ ਵਰਤ ਗਈ। ਸੰਨਾਟਾ ਛਾ ਗਿਆ। ਕੋਈ ਨਾ ਉਠਿਆ। ਗੁਰੂ ਸਾਹਿਬ ਨੇ ਦੂਜੀ ਵਾਰ ਫਿਰ ਫਰਮਾਇਆ, ‘‘ਮੈਨੂੰ ਇਕ ਸੀਸ ਚਾਹੀਦਾ, ਮੇਰੇ ਸੱਚੇ ਸਿੱਖਾਂ ’ਚੋਂ ਕੋਈ ਅੱਗੇ ਆਵੇ।’’
ਫਿਰ ਵੀ ਕੋਈ ਨਾ ਉਠਿਆ ਤਾਂ ਤੀਜੀ ਵਾਰ ਪੁਕਾਰਨ ’ਤੇ ਪਾਤਸ਼ਾਹ ਦੇ ਹੁਕਮ ਦਾ ਤੇਜ ਝੱਲਣ ਲਈ ਲਾਹੌਰ ਦਾ ਦਇਆ ਰਾਮ ਉਠ ਖਲੋਤਾ। ਲੋਕਾਂ ਦੀਆਂ ਉਸ ਵੱਲ ਨਿਗਾਹਾਂ ਘੁੰਮ ਗਈਆਂ। ਦਇਆ ਰਾਮ ਬਾਜ਼ੀ ਲੈ ਗਿਆ। ਗੁਰੂ ਸਾਹਿਬ ਨੇ ਕੋਲ ਬੁਲਾਇਆ ਤੇ ਉਸ ਨੂੰ ਪਿਛੇ ਤੰਬੂ ਵਿਚ ਲੈ ਗਏ। ਗੁਰੂ ਸਾਹਿਬ ਨੇ ਫਿਰ ਖੂਨ ਭਿੱਜੀ ਕਿਰਪਾਨ ਲਹਿਰਾਈ। ਪਹਿਲਾਂ ਵਾਂਗ ਫਿਰ ਫਰਮਾਇਆ, ‘‘ਮੈਨੂੰ ਇਕ ਹੋਰ ਸੀਸ ਚਾਹੀਦਾ, ਮੇਰੇ ਸੱਚੇ ਸਿੱਖਾਂ ’ਚੋਂ ਕੋਈ ਅੱਗੇ ਆਵੇ।’’ ਫਿਰ ਪਹਿਲਾਂ ਵਾਂਗ ਦੂਜੀ-ਤੀਜੀ ਵਾਰ ਪੁਕਾਰਿਆ ਗਿਆ। ਦੂਜੀ ਵਾਰ ਹਸਤਨਾਪੁਰ (ਦਿੱਲੀ) ਦਾ ਰਹਿਣ ਵਾਲਾ ਧਰਮ ਦਾਸ ਉਠਿਆ। ਗੁਰੂ ਸਾਹਿਬ ਉਸ ਨੂੰ ਵੀ ਪਿੱਛੇ ਤੰਬੂ ਵਿਚ ਲੈ ਗਏ ਤੇ ਫਿਰ ਆ ਕੇ ਤੀਜੇ ਸੀਸ ਦੀ ਮੰਗ ਕੀਤੀ। ਤੀਜੀ ਵਾਰ ਜਗਨ ਨਾਥ ਪੁਰੀ ਦਾ ਹਿੰਮਤ ਰਾਇ ਉੱਠਿਆ। ਇਸ ਤਰ੍ਹਾਂ ਗੁਰੂ ਸਾਹਿਬ ਨੇ ਪੰਜ ਸੀਸ ਮੰਗੇ ਤਾਂ ਚੌਥੀ ਵਾਰ ਦਵਾਰਕਾ (ਗੁਜਰਾਤ) ਦਾ ਮੁਹਕਮ ਚੰਦ ਤੇ ਪੰਜਵੀਂ ਵਾਰ ਬਿਦਰ ਦਾ ਸਾਹਿਬ ਚੰਦ ਸੀਸ ਭੇਟ ਕਰਨ ਲਈ ਆਇਆ।
ਇਹ ਕੌਤਕ ਰਚਣ ਪਿਛੋਂ ਗੁਰੂ ਸਾਹਿਬ, ਪੰਜਾਂ ਦੇ ਨਵੇਂ ਪੌਸ਼ਾਕੇ ਪਹਿਨਾ ਕੇ ਉਨ੍ਹਾਂ ਨੂੰ ਤੰਬੂ ਤੋਂ ਬਾਹਰ ਲੈ ਆਏ। ਉੇਨ੍ਹਾਂ ਨੂੰ ਸੰਗਤ ਦੇ ਸਨਮੁੱਖ ਕੀਤਾ ਤਾਂ ਪੰਜਾਂ ਨੂੰ ਵੇਖ ਕੇ ਸਮੁੱਚੀ ਸੰਗਤ ਉਨ੍ਹਾਂ ਵਰਗੀ ਹੋ ਗਈ। ਜਾਣੋ ਸਿੱਖ ਪੰਥ ਉਨ੍ਹਾਂ ਪੰਜਾਂ ਵਿਚ ਅਭੇਦ ਹੋ ਗਿਆ। ਤਦ ਗੁਰੂ ਸਾਹਿਬ ਨੇ ਫਰਮਾਇਆ, ‘‘ਖਾਲਸਾ ਜੀ! ਇਹ ਪੰਜ ਮੇਰੇ ਪਿਆਰੇ ਹਨ; ਤੁਸੀਂ ਸਾਰੇ ਹੀ ਮੇਰੇ ਹੋ, ਮੇਰਾ ਸਭ ਕੁਝ ਤੁਹਾਡਾ ਹੈ।’’ ਗੁਰੂ ਸਾਹਿਬ ਦਾ ਇਹ ਬਚਨ ਸਿੁਣਆ ਤਾਂ ਸਿੱਖ ਕੌਮ ਨੇ ਦਸਾਂ ਪਾਤਸ਼ਾਹੀਆਂ ਦੇ ਆਖਰੀ ਰੂਪ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਸਿਜਦਾ ਕੀਤਾ, ਸਿਰ ਝੁਕਾ ਦਿੱਤਾ; ਗੁਰੂ ਦਾ ਆਦੇਸ਼ ਅੰਗੀਕਾਰ ਕਰ ਲਿਆ। ਫਿਰ ਗੁਰੂ ਸਾਹਿਬ ਫਰਮਾਇਆ, ‘‘ਖ਼ਾਲਸਾ ਜੀ ਆਪ ਲਈ ਮਂੈ ਅੰਮ੍ਰਿਤ ਤਿਆਰ ਕਰਾਂਗਾ।’’ ਗੁਰ ਬਿਲਾਸ ਪਾਤਸ਼ਾਹੀ 10ਵੀਂ ਦੇ ਰਚੇਤਾ ਭਾਈ ਕੁਇਰ ਸਿੰਘ ਲਿਖਦੇ ਹਨ, ‘‘ੳਪਰੋਕਤ ਕੌਤਕ ਤੋਂ ਬਾਅਦ ਜਦ ਪੰਜੇ ਸਿੱਖ ਤੰਬੂ ’ਚੋਂ ਬਾਹਰ ਆ ਗਏ ਸਨ, ਤਦ ਸਤਲੁਜ ਦਰਿਆ ਤੋਂ ਭਾਈ ਚਾਉਪਤ ਰਾਇ ਰਾਹੀਂ ਪਵਿੱਤਰ ਜਲ ਮੰਗਵਾ ਕੇ ਸਰਬ ਲੋਹ ਦੇ ਬਾਟੇ ਵਿਚ ਪਾਇਆ ਗਿਆ। ਉਸ ਵੇਲੇ ਅੰਮ੍ਰਿਤ ਵਿਧੀ ਵਿਚ ਜਪੁ ਸਾਹਿਬ, ਜਾਪੁ ਸਾਹਿਬ, ਸਵੈਯੇ, ਚੌਪਈ ਸਾਹਿਬ ਤੇ ਅਨੰਦੁ ਸਾਹਿਬ ਦਾ ਪਾਠ ਕੀਤਾ ਗਿਆ ਤੇ ਖਾਸ ਮਰਿਯਾਦਾ ਅਨੁਸਾਰ ਪੰਜਾਂ ਨੂੰ (ਖੰਡੇ ਦੀ ਪਾਹੁਲ) ਅੰਮ੍ਰਿਤ-ਪਾਨ ਕਰਵਾਇਆ ਗਿਆ ।
ਕਮਲ ਪਾਨ ਅੰਮ੍ਰਿਤ ਕੋ ਲੀਨੋ। ਦੇ ਕਰਿ ਤਿਨਹਿ ਪਿਆਵਨਿ ਕੀਨੋ। ਲੋਚਨ ਮਹਿੰ ਛਿਰਕੇ ਫੁਨ ਮਾਰੇ। ਕੇਸ ਜੂੜ ਮੈਂ ਅੰਜੁਲ ਡਾਰੇ। (ਗੁਰ ਪ੍ਰ੍ਰਕਾਸ਼ ਸੂਰਜ ਗ੍ਰੰਥ )
ਪੰਜਾਂ ਸਿੰਘਾਂ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਸਭ ਨੂੰ ‘ਸਿੰਘ’ ਦਾ ਲਕਬ (ਸ੍ਰੇਸ਼ਟ ਉਪ-ਨਾਮ) ਦਿੱਤਾ ਤੇ ਉਨ੍ਹਾਂ ਨੂੰ ਪੰਜ ਪਿਆਰਿਆਂ ਦੀ ਪਦਵੀ ਦਿੱਤੀ। ਸੱਭ ਨੂੰ ਰਹਿਤ ਮਰਯਾਦਾ ਤੇ ਉਪਦੇਸ਼ ਦ੍ਰਿੜ ਕਰਵਾਉਣ ਪਿਛੋਂ ਗੁਰੂ ਸਾਹਿਬ ਸਿੰਘਾਸਨ ਤੋਂ ਹੇਠ ਉੱਤਰ ਆਏ ਤੇ ਦੋਵੇਂ ਹੱਥ ਜੋੜ ਕੇ ‘ਪੰਜਾਂ ਪਿਆਰਿਆਂ’ ਅੱਗੇ ਨਿਮਰ ਹੋ ਬੇਨਤੀ ਕੀਤੀ, ‘‘ਅੰਮ੍ਰਿਤ ਦੀ ਦਾਤ ਹੁਣ ਮੈਨੂੰ ਵੀ ਬਖਸ਼ੋ। ਹੁਣ ਉੱਚੇ-ਨੀਵੇਂ, ਗੁਰੂ-ਚੇਲੇ, ਜਾਤ-ਪਾਤ ਦਾ ਫਰਕ ਨਹੀਂ ਰਿਹਾ ਹੈ। ਮੈਨੂੰ ਵੀ ਖਾਲਸਾ ਸਜਾਓ।’’
ਉਤਰ ਸਿੰਘਾਸਨ ਜੁਗ ਕਰ ਜੋਰੀ।
ਅੰਮ੍ਰਿਤ ਲੇਤ ਆਪ ਸੁਖ ਗੋਰੀ।56॥
ਸ੍ਰੀ ਗੁਰਸੋਭਾ ਦਾ ਕਰਤਾ ਸੈਨਾਪਤਿ ਲਿਖਦਾ ਹੈ ਕਿ ਖਾਲਸਾ ਸਾਜਣ ਨਾਲ, ਸਤਿਸੰਗਤ ਦਾ ‘ਖਾਲਸਾ’ ਬਣਾ ਕੇ ਗੁਰੂ ਨਾਲ ਸਿੱਧਾ ਸੰਪਰਕ ਹੋ ਗਿਆ। ਖ਼ਾਲਸਾ ਜਾਣੀ ਸਿੱਖ ਸਿੱਧਾ ਵਾਹਿਗੁਰੂ ਦਾ ਹੋ ਗਿਆ।
ਮੁਅੱਰਿਖ ਲਿੱਖਦਾ ਹੈ ਕਿ ਖ਼ਾਲਸਾ ਸਾਜਨਾ ਦਾ ਮਹਾਨ ਕੰਮ ਗੁਰੂ ਨਾਨਕ ਦੇਵ ਦਾ ਹੀ ਸੰਕਲਪ ਸੀ, ਜਿਨ੍ਹਾਂ ਨੇ ਸੁਧਾਰ ਦੀਆਂ ਵੱਡੀਆਂ ਬੁਨਿਆਦਾਂ ਰੱਖੀਆਂ ਤੇ ਗੁਰੂ ਗੋਬਿੰਦ ਸਿੰਘ ਨੇ ਇਕ ਨਵੀਂ ਕੌਮੀਅਤ ਦਾ ਰੂਪ ਦੇ ਕੇ ਉਨ੍ਹਾਂ ਨੂੰ ਅਮਲੀ ਤੌਰ ’ਤੇ ਸ਼ਕਲ ਪ੍ਰਦਾਨ ਕਰ ਦਿੱਤੀ। ਗੁਰੂ ਸਾਹਿਬ ਨੇ ਇਕ ਸ਼ਕਤੀਸ਼ਾਲੀ ਜਥੇਬੰਦੀ ਬਣਾਉਣ ਦੀ ਲੋੜ ਜਾਣ ਕੇ ਖ਼ਾਲਸੇ ਵਿਚ ਧਰਮ ਨਿਭਾਉਣ ਦੇ ਨਾਲ ਨਾਲ, ਸ਼ਹਾਦਤ ਦਾ ਜਜ਼ਬਾ ਭਰ ਦਿੱਤਾ। ਕਲਗੀਆਂ ਵਾਲੇ ਦੇ ਇਸ ਅਮਲ ਦੁਆਰਾ ਸਾਰੇ ਕਰਮ ਕਾਂਡੀ ਪ੍ਰਤੀਕ ਅਤੇ ਸਾਰੇ ਪੁਰਾਤਨ ਨਿਸ਼ਾਨ/ਪਖੰਡ ਗਾਇਬ ਹੋ ਗਏ। ਇਹ ਅਵਸਥਾ ਪਾਉਣ ਪਿੱਛੋਂਂ ਖ਼ਾਲਸਾ ਸਿੱਧਾ ਅਕਾਲ ਪੁਰਖ ਦੀ ਬਖਸ਼ਿ ਦਾ ਹਿੱਸਾ ਬਣ ਗਿਆ।
ਸੰਪਰਕ: 99151-06449


Comments Off on 1699 ਦੀ ਇਤਿਹਾਸਕ ਵਿਸਾਖੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.