ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ

Posted On April - 9 - 2020

ਹਰਨੰਦ ਸਿੰਘ ਬੱਲਿਆਂਵਾਲਾ

ਕਰੋਨਾ ਕਰਫਿਊ ਲੱਗਣ ਦੇ ਦੋ ਦਿਨ ਬਾਅਦ ਹੀ ਮੈਨੂੰ ਵੱਖ-ਵੱਖ ਦੋਸਤਾਂ ਦੇ ਫੋਨ ਕਰ ਕੇ ਚੰਗੀਆਂ ਸਾਹਿਤਕ ਕਿਤਾਬਾਂ ਪੜ੍ਹਨ ਲਈ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਦਿਓ, ਤਾਂ ਜੋ ਵਿਹਲੇ ਸਮੇਂ ਨੂੰ ਬਤੀਤ ਕਰਨ ਦੇ ਨਾਲ-ਨਾਲ, ਸਹੀ ਗਿਆਨ ਹਾਸਲ ਕਰਕੇ, ਜ਼ਿੰਦਗੀ ਨੂੰ ਸਹੀ ਸੇਧ ਦਿੱਤੀ ਜਾ ਸਕੇ। ਮੈਂ ਉਨ੍ਹਾਂ ਦੀ ਇਹ ਗੱਲ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਈ ਅਤੇ ਉਸੇ ਸਮੇਂ ਉਨ੍ਹਾਂ ਦੇ ਮੋਬਾਈਲ ਫੋਨ ਰਾਹੀਂ ਕੁਝ ਚੰਗੀਆਂ ਕਿਤਾਬਾਂ ਦੇ ਪੀਡੀਐਫ ਭੇਜ ਦਿੱਤੇ। ਅਗਲੇ ਦਿਨ ਕਈ ਦੋਸਤ ਮੇਰੇ ਤੋਂ ਕਿਤਾਬਾਂ ਵੀ ਲੈ ਗਏ।
ਦਰਅਸਲ ਕਿਤਾਬਾਂ ਬਹੁਤ ਵਧੀਆ ਦੋਸਤ ਵਾਂਗ ਹੁੰਦਿਆਂ ਹਨ, ਜੋ ਵਿਹਲੇ ਸਮੇਂ ਨੂੰ ਗਿਆਨਵਧਾਊ ਢੰਗ ਨਾਲ ਬਤੀਤ ਕਰਨ ਦਾ ਚੰਗਾ ਸਾਧਨ ਹਨ। ਇੱਥੋਂ ਤੱਕ ਕਿ ਇਹ ਸਾਡੇ ਦੁੱਖ-ਸੁੱਖ ਵਿੱਚ ਵੀ ਸਹਾਈ ਹੁੰਦੀਆਂ ਹਨ। ਇਸ ਸਮੇਂ ਕਰੋਨਾ ਮਹਾਂਮਾਰੀ ਦੇ ਚੱਲਦੇ ਸਾਰੇ ਦੇਸ਼ ਵਿੱਚ ਕਰਫਿਊ ਲੱਗਾ ਹੋਇਆ ਹੈ ਅਤੇ ਮਹਾਂਮਾਰੀ ਦੇ ਡਰ ਕਾਰਨ ਕਈ ਲੋਕ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਕਈ ਘਰਾਂ ਵਿੱਚ ਲੜਾਈ-ਝਗੜੇ ਦੀਆਂ ਖਬਰਾਂ ਆ ਰਹੀਆਂ ਹਨ ਅਤੇ ਕਈ ਸ਼ਰਾਰਤੀ ਲੋਕ ਵਿਹਲੇ ਸਮੇਂ ਵਿੱਚ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾ ਕੇ ਲੋਕਾਂ ਦੇ ਮਨਾਂ ਵਿੱਚ ਸਹਿਮ ਪੈਦਾ ਕਰ ਰਹੇ ਹਨ। ਇਸ ਲਈ ਇਸ ਵਿਹਲੇ ਸਮੇਂ ਦੀ ਸਹੀ ਵਰਤੋਂ ਕਰਨ ਲਈ ਸਾਨੂੰ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ।
ਗ਼ਦਰੀ ਲਹਿਰ ਦੇ ਆਗੂ ਲਾਲਾ ਹਰਦਿਆਲ ਨੇ ਇਕ ਵਾਰ ਕਿਹਾ ਸੀ, ‘‘ਇਕ ਕਿਤਾਬ ਪੜ੍ਹਨ ਨਾਲ ਸਾਡੇ ਮਾਨਸਿਕ ਕੱਦ ਵਿੱਚ ਇਕ ਕਿਲੋਮੀਟਰ ਦਾ ਵਾਧਾ ਹੋ ਜਾਂਦਾ ਹੈ।’’ ਉਨ੍ਹਾਂ ਵੱਲੋਂ ਅਮਰੀਕਾ ਦੇ ਕਾਲਜ ਵਿੱਚ ਦਿੱਤੇ ਭਾਸ਼ਣ ਤੋਂ ਹੀ ਪ੍ਰਭਾਵਿਤ ਹੋ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਗ਼ਦਰੀ ਲਹਿਰ ਨਾਲ ਜੁੜੇ ਸਨ। ਸ਼ਹੀਦ ਭਗਤ ਸਿੰਘ ਵੀ ਹਰ ਵਕਤ ਆਪਣੀ ਜੇਬ ਵਿੱਚ ਕੋਈ ਕਿਤਾਬ ਰੱਖਦੇ ਸਨ। ਭਗਤ ਸਿੰਘ ਨੇ ਆਪਣੇ ਵਿਸ਼ਾਲ ਅਧਿਐਨ ਕਾਰਨ ਹੀ ਇਨਕਲਾਬੀ ਸਰਗਰਮੀਆਂ ਨੂੰ ਨਵੀਂ ਦਿਸ਼ਾ ਦੇ ਸਕੇ ਅਤੇ ਆਜ਼ਾਦੀ ਦੇ ਬਾਅਦ ਬਰਾਬਰੀ ਵਾਲਾ ਸਮਾਜ ਸਿਰਜਣ ਦਾ ਸੁਪਨਾ ਲਿਆ। ਕਿਤਾਬਾਂ ਪ੍ਰਤੀ ਉਨ੍ਹਾਂ ਦੇ ਲਗਾਅ ਦਾ ਇਥੋਂ ਵੀ ਪਤਾ ਲੱਗਦਾ ਹੈ ਕਿ ਫਾਂਸੀ ਲੱਗਣ ਤੋਂ ਕੁਝ ਸਮਾਂ ਪਹਿਲਾਂ ਉਹ ਰੂਸ ਦੇ ਇਨਕਲਾਬੀ ਆਗੂ ਲੈਨਿਨ ਦੀ ਕਿਤਾਬ ਪੜ੍ਹ ਰਹੇ ਸਨ।
ਕਿਤਾਬਾਂ ਨਾਲ ਅਸੀਂ ਸਮਾਜਿਕ, ਰਾਜਨੀਤਿਕ, ਵਿਗਿਆਨ ਅਤੇ ਆਰਥਿਕ ਆਦਿ ਵਰਤਾਰੇ ਨੂੰ ਡੂੰਘਾਈ ਨਾਲ ਸਮਝਣ ਲਗਦੇ ਹਾਂ। ਇਨ੍ਹਾਂ ਨਾਲ ਅਸੀਂ ਆਪਣੇ ਆਲੇ-ਦੁਆਲੇ ਨੂੰ ਗੰਭੀਰਤਾ ਨਾਲ ਸਮਝ ਕੇ ਸਹੀ-ਗਲਤ ਦਾ ਫੈਸਲਾ ਕਰ ਸਕਦੇ ਹਾਂ। ਅੱਜ ਪੂੰਜੀਵਾਦੀ ਸੱਭਿਆਚਾਰ ਵੱਲੋਂ ਬਾਜ਼ਾਰ ਵਿੱਚ ਪੈਦਾ ਕੀਤਿਆਂ ਜਾ ਰਹੀਆਂ ਲੋੜੀਂਦੀਆਂ ਤੇ ਬੇਲੋੜੀਆਂ ਵਸਤਾਂ ਸਾਡੇ ਲਈ ਕਿੰਨੀਆਂ ਕੁ ਸਾਰਥਿਕ ਹਨ, ਇਸ ਬਾਰੇ ਵੀ ਅਸੀਂ ਗੰਭੀਰ ਹੁੰਦੇ ਹਾਂ। ਦੂਸਰਾ, ਸਾਡੇ ਸਮਾਜ ਵਿੱਚ ਕਈ ਤਾਂਤਰਿਕ ਬਾਬੇ ਗ਼ੈਰ-ਵਿਗਿਆਨਕ ਸੋਚ ਪੈਦਾ ਕਰਕੇ ਲੋਕਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨ। ਕਿਤਾਬਾਂ ਸਾਡੀ ਸੋਚ ਤਰਕਸ਼ੀਲ ਬਣਾਉਂਦੀਆਂ ਹਨ ਤੇ ਅਸੀਂ ਸਮਾਜ ਵਿੱਚ ਫੈਲਾਈਆਂ ਜਾ ਰਹੀਆਂ ਅਫਵਾਹਾਂ, ਅਵਿਗਿਆਨਕ ਸੋਚ, ਮਾਨਸਿਕ ਗੁਲਾਮੀ, ਚਿੰਤਾ ਅਤੇ ਹੋਰ ਬੁਰਾਈਆਂ ਪ੍ਰਤੀ ਸੁਚੇਤ ਹੋ ਸਕਦੇ ਹਾਂ। ਇਸ ਲਈ ਆਓ ਸਭ ਇਸ ਮੁਸ਼ਕਲ ਭਰੇ ਸਮੇਂ ਵਿਚ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਨਾਲ ਨਾਲ ਕਿਤਾਬਾਂ ਰਾਹੀਂ ਆਪਣੇ ਮਾਨਸਿਕ ਕੱਦ ਨੂੰ ਉੱਚਾ ਕਰੀਏ ਅਤੇ ਇਸ ਮਹਾਂਮਾਰੀ ਨੂੰ ਇਕਜੁੱਟ ਹੋ ਕੇ ਟੱਕਰ ਦੇਈਏ।

*ਪਿੰਡ ਬੱਲਿਆਂਵਾਲਾ, ਜ਼ਿਲ੍ਹਾ ਤਰਨ ਤਾਰਨ।
-ਸੰਪਰਕ: 70870-70050


Comments Off on ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.