ਜਲੰਧਰ: ਪਾਸਪੋਰਟ ਸੇਵਾ ਕੇਂਦਰ ਵਿੱਚ ਕੰਮ ਮੁੜ ਸ਼ੁਰੂ !    ਲੌਕਡਾਊਨ ਫੇਲ੍ਹ, ਸਰਕਾਰ ਅਗਲੀ ਰਣਨੀਤੀ ਦੱਸੇ: ਰਾਹੁਲ !    ਕੋਵਿਡ-19 ਦੇ ਸਮੁਦਾਇਕ ਫੈਲਾਅ ਦੀ ਜਾਂਚ ਲਈ ਹੋਵੇਗਾ ਦਸ ਸ਼ਹਿਰਾਂ ’ਚ ਸਰਵੇਖਣ !    ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪੁੱਜਾ !    ਦੇਸ਼ ’ਚ ਕਰੋਨਾ ਦੇ 6535 ਨਵੇਂ ਮਰੀਜ਼; ਕੁੱਲ ਕੇਸ 145380 !    ਕਾਰ ਦਰੱਖਤ ਨਾਲ ਟਰਕਾਈ, ਨੌਜਵਾਨ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ !    ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    

ਮੀਂਹ ਤੇ ਤੇਜ਼ ਹਵਾਵਾਂ ਨੇ ਅੰਨਦਾਤਾ ਡਰਾਇਆ

Posted On April - 8 - 2020

ਪਾਲ ਸਿੰਘ ਨੌਲੀ
ਜਲੰਧਰ, 7 ਅਪਰੈਲ
ਕਰੋਨਾਵਾਇਰਸ ਕਾਰਨ ਪੈਦਾ ਹੋਏ ਹਾਲਾਤ ਤੋਂ ਪੰਜਾਬ ਦਾ ਅੰਨਦਾਤਾ ਪਹਿਲਾਂ ਹੀ ਡਰਿਆ ਹੋਇਆ ਹੈ, ਪਰ ਮੌਸਮ ਦੇ ਬਦਲੇ ਮਿਜ਼ਾਜ ਨੇ ਹਾਲਾਤ ਹੋਰ ਵਿਗਾੜ ਦਿੱਤੇ ਹਨ। ਸਵੇਰ ਤੋਂ ਹੋਈ ਬੱਦਲਵਾਈ ਨੇ ਅੱਜ ਕਿਸਾਨਾਂ ਦੇ ਸਾਹ ਸੂਤੀ ਰੱਖੇ। ਬਾਅਦ ਦੁਪਹਿਰ ਮੀਂਹ ਦੇ ਨਾਲ-ਨਾਲ ਚੱਲੀ ਤੇਜ਼ ਹਵਾ ਨੇ ਜ਼ਿਲ੍ਹੇ ਦੇ ਮਹਿਤਪੁਰ, ਲੋਹੀਆਂ, ਨਕੋਦਰ ਅਤੇ ਹਰੀਪੁਰ ਆਦਿ ਪਿੰਡਾਂ ਵਿੱਚ ਪੱਕੀਆਂ ਕਣਕਾਂ ਨੂੰ ਨੁਕਸਾਨ ਪਹੁੰਚਾਇਆ ਹੈ। ਜਿਹੜੇ ਇਲਾਕਿਆਂ ਵਿੱਚ ਪੱਕੀਆਂ ਕਣਕਾਂ ਡਿੱਗ ਪਈਆਂ ਹਨ, ਉਥੇ ਕੰਬਾਈਨਾਂ ਨਾਲ ਵੀ ਕਟਾਈ ਨਹੀਂ ਹੋਣੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਵੀ ਪੰਜਾਬ ਦੀਆਂ ਇੱਕ-ਦੋ ਥਾਵਾਂ ’ਤੇ ਹੋਈ ਗੜੇਮਾਰੀ ਨਾਲ ਕਣਕਾਂ ਦਾ ਨੁਕਸਾਨ ਹੋਇਆ ਹੈ।
ਮੰਡ ਇਲਾਕੇ ਦੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 125 ਦੇ ਕਰੀਬ ਰਕਬੇ ਵਿੱਚ ਕਣਕ ਬੀਜੀ ਹੋਈ ਹੈ, ਜਿਹੜੀ ਹੁਣ ਸਾਰੀ ਪੱਕਣ ’ਤੇ ਹੈ। ਅੱਜ ਸਾਰਾ ਦਿਨ ਉਹ ਖੇਤਾਂ ਵਿੱਚ ਗੇੜਾ ਮਾਰਦਾ ਰਿਹਾ ਤੇ ਰੱਬ ਅੱਗੇ ਅਰਦਾਸਾਂ ਕਰਦਾ ਰਿਹਾ ਕਿ ਪੱਕੀ ਹੋਈ ਕਣਕ ਸੁਖੀਂ ਸਾਂਦੀ ਘਰ ਆ ਜਾਵੇ। ਉਸ ਦਾ ਕਹਿਣਾ ਸੀ ਕਿ ਪਹਿਲਾਂ ਹੀ ਕਰੋਨਾਵਾਇਰਸ ਕਾਰਨ ਕਣਕ ਵਿਕਣ ’ਤੇ ਸਵਾਲੀਆ ਨਿਸ਼ਾਨ ਲੱਗੇ ਹੋਏ ਹਨ। ਜਰਨੈਲ ਸਿੰਘ ਗੜ੍ਹਦੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਕਣਕ ਦੇ ਭੰਡਾਰਨ ਲਈ ਖੂਹ ’ਤੇ ਹੀ ਪ੍ਰਬੰਧ ਕੀਤੇ ਹੋਏ ਹਨ, ਪਰ ਜੇ ਮੀਂਹ ਨੇ ਹੀ ਕਣਕ ਦਾ ਨੁਕਸਾਨ ਕਰ ਦਿੱਤਾ ਤਾਂ ਫਿਰ ਅਗਾਊਂ ਪ੍ਰਬੰਧਾਂ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਣਾ। ਤਲਵੰਡੀ ਮਾਧੋ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਤਾਂ ਠੇਕੇ
’ਤੇ ਜ਼ਮੀਨ ਲੈ ਕੇ ਕਣਕ ਬੀਜੀ ਹੋਈ ਹੈ। ਜੇ ਮੌਸਮ ਇਸੇ ਤਰ੍ਹਾਂ ਦਾ ਹੀ ਰਿਹਾ ਤਾਂ ਕਣਕ ਦੇ ਝਾੜ ’ਤੇ ਵੀ ਅਸਰ ਪੈ ਸਕਦਾ ਹੈ। ਉਨ੍ਹਾਂ ਦੀ ਜਾਨ ਤਾਂ ਮੁੱਠ ਵਿੱਚ ਆਈ ਹੋਈ ਹੈ। ਉਹ ਡਰਦਾ ਮਾਰਾ ਖੇਤਾਂ ਵੱਲ ਹੀ ਨਹੀਂ ਗਿਆ ਕਿਉਂਕਿ ਪੁੱਤਾਂ ਵਾਂਗ ਪਾਲੀਆਂ ਕਣਕਾਂ ਦੀ ਬਰਬਾਦੀ ਦੇਖੀ ਨਹੀਂ ਜਾਣੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਕਈ ਥਾਵਾਂ ’ਤੇ ਤਾਂ ਕਿਸਾਨ ਹੱਥਾਂ ਨਾਲ ਵਾਢੀ ਕਰਵਾਉਣ ਲੱਗ ਪਏ ਹਨ।

ਲੇਟ ਵਾਢੀ ਦਾ ਅਸਰ ਦੂਜੀਆਂ ਫ਼ਸਲਾਂ ’ਤੇ ਪਏਗਾ
ਜਲੰਧਰ ਦੇ ਖੇਤੀਬਾੜੀ ਅਧਿਕਾਰੀ ਡਾ. ਨਰੇਸ਼ ਗੁਲਾਟੀ ਨੇ ਦੱਸਿਆ ਕਿ ਕਣਕ ਦੀ ਲੇਟ ਵਾਢੀ ਦਾ ਅਸਰ ਦੂਜੀਆਂ ਫ਼ਸਲਾਂ ’ਤੇ ਵੀ ਪਏਗਾ। ਠੰਡ ਦਾ ਮੌਸਮ ਕਣਕ ਦੀ ਪੈਦਾਵਾਰ ਲਈ ਤਾਂ ਠੀਕ ਹੁੰਦਾ ਹੈ, ਪਰ ਜਿਹੜਾ ਮੌਸਮ ਹੁਣ ਬਣਿਆ ਹੋਇਆ ਹੈ ਇਸ ਨਾਲ ਪੱਕੀਆਂ ਕਣਕਾਂ ਦਾ ਨੁਕਸਾਨ ਹੋਵੇਗਾ।

ਕਣਕ ਦੀ ਨਿਰਵਿਘਨ ਖ਼ਰੀਦ ਲਈ ਕੰਟਰੋਲ ਰੂਮ ਸਥਾਪਿਤ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਸਰਕਾਰ ਨੇ ਬੇਮਿਸਾਲ ਸੁਰੱਖਿਆ ਪ੍ਰਬੰਧਾਂ ਹੇਠ 15 ਅਪਰੈਲ ਨੂੰ ਸ਼ੁਰੂ ਹੋ ਰਹੀ ਕਣਕ ਦੀ ਵਾਢੀ ਤੇ ਇਸ ਦੇ ਮੰਡੀਕਰਨ ਲਈ ਤਾਲਮੇਲ ਬਣਾਉਣ ਅਤੇ ਹੋਰ ਲੋੜੀਂਦੀ ਸਹਾਇਤਾ ਵਾਸਤੇ ਮੰਡੀ ਬੋਰਡ ਦਾ 30-ਮੈਂਬਰੀ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖੁਰਾਕ ਤੇ ਸਿਵਲ ਸਪਲਾਈ, ਖੇਤੀਬਾੜੀ, ਪੁਲੀਸ ਅਤੇ ਹੋਰਨਾਂ ਅਧਿਕਾਰੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੰਡੀਕਰਨ ਲਈ ਪ੍ਰਬੰਧਾਂ ਦਾ ਮੁੜ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਖੁਰਾਕ ਤੇ ਸਿਵਲ ਸਪਲਾਈ ਅਤੇ ਖੇਤੀਬਾੜੀ ਵਿਭਾਗਾਂ ਨੂੰ ਖਰੀਦ ਕੇਂਦਰਾਂ ਦੀ ਗਿਣਤੀ ਮੌਜੂਦਾ 3761 ਕੇਂਦਰ ਜੋ ਪਿਛਲੇ ਸਾਲ ਨਾਲੋਂ ਦੁੱਗਣੇ ਹਨ, ਨੂੰ ਵਧਾ ਕੇ 4000 ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਪੱਛਮੀ ਬੰਗਾਲ ਵਿੱਚ ਆਪਣੇ ਹਮਰੁਤਬਾ ਮਮਤਾ ਬੈਨਰਜੀ ਨੂੰ ਅੱਜ ਪੱਤਰ ਲਿਖ ਕੇ ਪੰਜਾਬ ਸਰਕਾਰ ਦੇ ਬਰਦਾਨੇ ਲਈ ਬਕਾਇਆ ਆਰਡਰ ਪੂਰੇ ਕਰਨ ਲਈ ਜੂਟ ਮਿੱਲਾਂ ਨੂੰ ਮੁੜ ਚਲਾਉਣ ਅਤੇ ਲੋਡਿੰਗ ਕਰਨ ਲਈ ਉਨ੍ਹਾਂ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਖਰੀਦ ਕੇਂਦਰਾਂ ’ਤੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਮੰਡੀਆਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਤਾਪ ਤੇ ਜ਼ੁਕਾਮ ਵਰਗੇ ਲੱਛਣਾਂ ਦੀ ਵੀ ਜਾਂਚ ਕੀਤੀ ਜਾਇਆ ਕਰੇਗੀ। ਇਨ੍ਹਾਂ ਲਈ ਮਾਸਕ (ਕੱਪੜੇ ਦੇ ਮਾਸਕ ਸਮੇਤ) ਨੂੰ ਜ਼ਰੂਰੀ ਬਣਾਇਆ ਜਾਵੇਗਾ ਅਤੇ ਹਰੇਕ ਮੰਡੀ ਵਿੱਚ ਹੱਥ ਧੋਣ ਦੇ ਪ੍ਰਬੰਧ ਵੀ ਕੀਤੇ ਜਾਣਗੇ। ਇਕ ਪਿੰਡ ਤੋਂ ਦੂਜੇ ਪਿੰਡ ਜਾਣ ਵਾਲੇ ਟਰੱਕਾਂ/ਕੰਬਾਇਨਾਂ ਦੀ ਨਿਰੰਤਰ ਸਫਾਈ ਵੀ ਕਰਨੀ ਹੋਵੇਗੀ।

ਮੰਡੀ ’ਚ ਕਣਕ ਲਿਆਉਣ ਲਈ ਹੋਲੋਗ੍ਰਾਮ ਕੂਪਨ ਜਾਰੀ ਹੋਣਗੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਖ਼ਰੀਦ ਲਈ 14.2 ਲੱਖ ਵਰਕਰ ਉਪਲੱਬਧ ਹਨ ਅਤੇ ਮਜ਼ਦੂਰਾਂ ਦੀ ਕੋਈ ਕਿੱਲਤ ਨਹੀਂ ਹੈ। ਮਗਨਰੇਗਾ ਵਰਕਰਾਂ ਦੇ ਵੇਰਵੇ ਵੀ ਆੜ੍ਹਤੀਆ ਨਾਲ ਸਾਂਝੇ ਕੀਤੇ ਜਾ ਰਹੇ ਹਨ। 2-3 ਖਰੀਦ ਕੇਂਦਰਾਂ ਦੀ ਨਿਗਰਾਨੀ ਲਈ ਇਕ ਇੰਸਪੈਕਟਰ ਹੋਵੇਗਾ। ਹਰ ਰੋਜ਼ ਇਕ ਤਿਹਾਈ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਵਾਲੇ ਟਰੈਕਟਰ-ਟਰਾਲੀ ਦੇ ਨੰਬਰ ਅਤੇ ਹੋਲੋਗ੍ਰਾਮ ਨਾਲ ਕੂਪਨ ਜਾਰੀ ਕੀਤੇ ਜਾਣਗੇ। ਜਦੋਂ ਮੰਡੀਆਂ ਵਿੱਚ ਆਈ ਹੋਈ ਕਣਕ ਚੁੱਕੀ ਜਾਵੇਗੀ ਤਾਂ ਉਸ ਤੋਂ ਬਾਅਦ ਹੀ ਹੋਰ ਕੂਪਨ ਜਾਰੀ ਕੀਤੇ ਜਾਣਗੇ।


Comments Off on ਮੀਂਹ ਤੇ ਤੇਜ਼ ਹਵਾਵਾਂ ਨੇ ਅੰਨਦਾਤਾ ਡਰਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.