ਜਲੰਧਰ: ਪਾਸਪੋਰਟ ਸੇਵਾ ਕੇਂਦਰ ਵਿੱਚ ਕੰਮ ਮੁੜ ਸ਼ੁਰੂ !    ਲੌਕਡਾਊਨ ਫੇਲ੍ਹ, ਸਰਕਾਰ ਅਗਲੀ ਰਣਨੀਤੀ ਦੱਸੇ: ਰਾਹੁਲ !    ਕੋਵਿਡ-19 ਦੇ ਸਮੁਦਾਇਕ ਫੈਲਾਅ ਦੀ ਜਾਂਚ ਲਈ ਹੋਵੇਗਾ ਦਸ ਸ਼ਹਿਰਾਂ ’ਚ ਸਰਵੇਖਣ !    ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪੁੱਜਾ !    ਦੇਸ਼ ’ਚ ਕਰੋਨਾ ਦੇ 6535 ਨਵੇਂ ਮਰੀਜ਼; ਕੁੱਲ ਕੇਸ 145380 !    ਕਾਰ ਦਰੱਖਤ ਨਾਲ ਟਰਕਾਈ, ਨੌਜਵਾਨ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ !    ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ 350 ਕਰੋੜ ਰੁਪਏ ਦੀ ਰਾਹਤ

Posted On April - 8 - 2020

ਬਲਵਿੰਦਰ ਜੰਮੂ
ਚੰਡੀਗੜ੍ਹ, 7 ਅਪਰੈਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾਵਾਇਰਸ ਨਾਲ ਉਪਜੇ ਸੰਕਟ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਬਿਜਲੀ ਖ਼ਪਤਕਾਰਾਂ ਲਈ ਨਿਰਧਾਰਿਤ ਦਰਾਂ ਵਿੱਚ 350 ਕਰੋੜ ਰੁਪਏ ਦੀ ਕਟੌਤੀ ਕਰਕੇ ਰਾਹਤ ਦੇਣ ਦਾ ਐਲਾਨ ਕੀਤਾ ਹੈ। ਬਿੱਲ ਨਾ ਭਰਨ ਵਾਲਿਆਂ ਨੂੰ 20 ਅਪਰੈਲ ਤੱਕ ਮੋਹਲਤ ਦੇਣ ਦਾ ਫ਼ੈਸਲਾ ਕੀਤਾ ਹੈ। ਕਰਫ਼ਿਊ ਅਤੇ ਲੌਕਡਾਊਨ ਦੀਆਂ ਪਾਬੰਦੀਆਂ ਖ਼ਤਮ ਨਾ ਹੋਣ ਤੱਕ ਕਿਸੇ ਵੀ ਖ਼ਪਤਕਾਰ ਦਾ ਕੁਨੈਕਸ਼ਨ ਨਾ ਕੱਟਣ ਲਈ ਕਿਹਾ ਹੈ। ਇਸ ਰਾਹਤ ਬਦਲੇ ਪਾਵਰਕੌਮ ਨੂੰ ਵਾਧੂ ਵਿੱਤੀ ਭਾਰ ਸਹਿਣਾ ਪਏਗਾ। ਮੁੱਖ ਮੰਤਰੀ ਨੇ ਪੀਐੱਸਪੀਸੀਐੱਲ ਅਤੇ ਪੀਐੱਸਟੀਸੀਐੱਲ ਦੇ ਕਰਮਚਾਰੀਆਂ ਦੀ ਲਗਾਤਾਰ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਸ਼ਲਾਘਾ ਕੀਤੀ ਹੈ। ਮੁੱਖ ਮੰਤਰੀ ਦੇ ਐਲਾਨ ਤੋਂ
ਬਾਅਦ ਜਿਹੜੇ ਘਰੇਲੂ ਅਤੇ ਵਪਾਰਕ ਖ਼ਪਤਕਾਰ 20 ਮਾਰਚ ਨੂੰ ਜਾਂ ਇਸ ਤੋਂ ਬਾਅਦ ਅਦਾਇਗੀ ਕਰਨ ਵਾਲੇ ਸਨ, ਲਈ ਮੌਜੂਦਾ ਮਹੀਨਾਵਾਰ, ਦੋ-ਮਹੀਨਿਆਂ ਦੇ 10,000 ਰੁਪਏ ਤੱਕ ਦੇ ਬਿੱਲ ਦੀ ਨਿਰਧਾਰਿਤ ਮਿਤੀ ਬਿਨਾਂ ਕਿਸੇ ਲੇਟ ਫੀਸ ਦੇ 20 ਅਪਰੈਲ ਤੱਕ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਉਨ੍ਹਾਂ ਖ਼ਪਤਕਾਰਾਂ ਨੂੰ (ਪਹਿਲਾਂ ਦੇ ਬਕਾਇਆ ਤੋਂ ਇਲਾਵਾ) 1 ਫੀਸਦੀ ਛੋਟ ਦਿੱਤੀ ਜਾਵੇਗੀ ਜੋ ਡਿਜੀਟਲ ਤਰੀਕੇ ਰਾਹੀਂ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਿਰਧਾਰਿਤ ਮਿਤੀ ’ਤੇ ਕਰਨਗੇ। ਇਹ ਰਿਆਇਤਾਂ ਸਾਰੇ ਉਦਯੋਗਿਕ ਖ਼ਪਤਕਾਰਾਂ- ਮੀਡੀਅਮ ਤੇ ਵੱਡੇ ਪੱਧਰ ’ਤੇ ਸਪਲਾਈ ਵਾਲੇ ਉਦਯੋਗਿਕ ਖ਼ਪਤਕਾਰਾਂ ਦੇ 20 ਮਾਰਚ ਜਾਂ ਇਸ ਤੋਂ ਬਾਅਦ ਦੇ ਬਿਜਲੀ ਬਿੱਲਾਂ ਦੀ ਅਦਾਇਗੀ ’ਤੇ ਵੀ ਲਾਗੂ ਰਹਿਣਗੀਆਂ। ਉਦਯੋਗਿਕ ਖਪਤਕਾਰਾਂ ਨੂੰ 23 ਮਾਰਚ ਤੋਂ ਬਾਅਦ ਅਗਲੇ ਦੋ ਮਹੀਨਿਆਂ ਲਈ ਨਿਰਧਾਰਿਤ ਖਰਚਿਆਂ ਤੋਂ ਛੋਟ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਬਿਜਲੀ ਬਿੱਲ ਸਥਿਰ ਖ਼ਰਚਿਆਂ (ਇਕਹਿਰੀ ਕੀਮਤ) ਦੇ ਵਿੱਚ ਕਟੌਤੀ ਮੁਤਾਬਕ ਹੋ ਸਕਦੇ ਹਨ। ਸੋਧੇ ਹੋਏ ਬਿਜਲੀ ਬਿੱਲਾਂ ਦਾ ਖਪਤਕਾਰਾਂ ਵੱਲੋਂ ਭੁਗਤਾਨ ਕੀਤਾ ਜਾਵੇਗਾ ਅਤੇ ਸਬਸਿਡੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ, ਇਸ ਲਈ ਮੀਡੀਅਮ ਤੇ ਵੱਡੇ ਪੱਧਰ ’ਤੇ ਸਪਲਾਈ ਵਾਲੇ ਉਦਯੋਗਿਕ ਖਪਤਕਾਰਾਂ ਜਿਨ੍ਹਾਂ ਦੇ ਯੂਨਿਟ ਇਸ ਸਮੇਂ ਦੌਰਾਨ ਬੰਦ ਰਹਿਣਗੇ, ਨੂੰ ਕੋਈ ਵੀ ਬਿਜਲੀ ਦੇ ਬਕਾਏ ਦੀ ਅਦਾਇਗੀ ਦੀ ਲੋੜ ਨਹੀਂ ਪਵੇਗੀ। ਇਸ ਦੇ ਨਾਲ ਹੀ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਏ. ਵੇਣੂ ਪ੍ਰਸਾਦ ਨੂੰ ਹੁਕਮ ਦਿੱਤਾ ਹੈ ਕਿ ਸੂਬੇ ਦੀਆਂ ਸਿਹਤ ਸੰਭਾਲ ਸੰਸਥਾਵਾਂ ਜਿਨ੍ਹਾਂ ਵਿੱਚ ਮੈਡੀਕਲ ਕਾਲਜ, ਹਸਪਤਾਲ, ਡਿਸਪੈਂਸਰੀਆਂ, ਮੈਡੀਕਲ ਸੰਸਥਾਵਾਂ ਤੇ ਇਕਾਂਤਵਾਸ ਕੇਂਦਰ ਸ਼ਾਮਲ ਹਨ, ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਜਾਵੇ। ਇਸ ਅਰਸੇ ਦੌਰਾਨ ਮੀਟਰ ਰੀਡਿੰਗ ਤੇ ਬਿੱਲਾਂ ਲਈ ਖ਼ਪਤਕਾਰਾਂ ਦੀਆਂ ਥਾਵਾਂ ਦਾ ਦੌਰਾ ਕਰਨਾ, ਨਵੇਂ ਕੁਨੈਕਸ਼ਨ ਜਾਰੀ ਕਰਨ ਦੇ ਕੰਮ ਨੂੰ ਲੌਕਡਾਊਨ ਦੇ ਸਮੇਂ ਦੌਰਾਨ ਬੰਦ ਕਰਨ ਲਈ ਕਿਹਾ ਗਿਆ ਹੈ।

ਪਾਵਰਕੌਮ ਨੂੰ ਰੋਜ਼ਾਨਾ 25-30 ਕਰੋੜ ਦਾ ਨੁਕਸਾਨ, ਵਿੱਤੀ ਹਾਲਤ ਬੇਹੱਦ ਮਾੜੀ
ਪੰਜਾਬ ਵਿਚ ਲੌਕਡਾਊਨ ਅਤੇ ਕਰਫਿਊ ਸ਼ੁਰੂ ਹੋਣ ਤੋਂ ਬਾਅਦ ਸਨਅਤਾਂ ਅਤੇ ਵਪਾਰਕ ਅਦਾਰੇ ਬੰਦ ਹੋਣ ਕਰਕੇ ਪੰਜਾਬ ਰਾਜ ਬਿਜਲੀ ਨਿਗਮ ਲਿਮਿਟਡ ਨੂੰ ਰੋਜ਼ਾਨਾ ਪੱਚੀ ਤੋਂ ਤੀਹ ਕਰੋੜ ਰੁਪਏ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ। ਇਸ ਕਾਰਨ ਬਿਜਲੀ ਨਿਗਮ ਲਿਮਿਟਡ ਦੀ ਵਿੱਤੀ ਹਾਲਤ ਬਹੁਤ ਮਾੜੀ ਹੋ ਗਈ ਹੈ। ਅਦਾਰਾ ਇਸ ਸੰਕਟ ਵਿਚੋ ਕਿਵੇਂ ਬਾਹਰ ਆਵੇਗਾ ਕਹਿਣਾ ਮੁਸ਼ਕਲ ਹੈ। ਸਾਢੇ ਤਿੰਨ ਸੌ ਕਰੋੜ ਦੀ ਰਾਹਤ ਨਾਲ ਸਥਿਤੀ ਹੋਰ ਵਿਗੜੇਗੀ। 23 ਮਾਰਚ ਤੋਂ ਲੈ ਕੇ ਸੱਤ ਅਪਰੈਲ ਤੱਕ ਇਸ ਨੂੰ ਚਾਰ ਸੌ ਕਰੋੜ ਤੋਂ ਲੈ ਕੇ ਸਾਢੇ ਚਾਰ ਸੌ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਗਰਮੀ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਦੀ ਮੰਗ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਅਜੇ ਤੱਕ ਲੌਕਡਾਊਨ ਕਦੋਂ ਤੱਕ ਜਾਰੀ ਰਹੇਗਾ, ਬਾਰੇ ਜਾਣਕਾਰੀ ਨਹੀਂ ਹੈ।

ਮੋਟੇ ਬਿੱਲਾਂ ਤੋਂ ਪ੍ਰੇਸ਼ਾਨ ਅਸਲੀ ਹੱਕਦਾਰ ਸਹੂਲਤ ਤੋਂ ਬਾਹਰ
ਪਟਿਆਲਾ (ਰਵੇਲ ਸਿੰਘ ਭਿੰਡਰ): ਪੰਜਾਬ ਸਰਕਾਰ ਨੇ ਸਾਰੇ ਘਰੇਲੂ ਤੇ ਵਪਾਰਕ ਖ਼ਪਤਕਾਰਾਂ ਲਈ 10 ਹਜ਼ਾਰ ਰੁਪਏ ਤੱਕ ‘ਦੋਮਾਹੀ’ ਬਿੱਲਾਂ ਦੀ ਅਦਾਇਗੀ 20 ਮਾਰਚ ਤੋਂ ਵਧਾ ਕੇ 20 ਅਪਰੈਲ ਕਰਨ ਨਾਲ ਰਾਹਤ ਤਾਂ ਦਿੱਤੀ ਹੈ, ਪਰ ਇਸ ਫੈਸਲੇ ’ਚ ਜਿਹੜਾ ਖ਼ਪਤਕਾਰ ਮੌਜੂਦਾ ਬਿੱਲ ਦੀ ਸਮੇਂ ਸਿਰ ਡਿਜੀਟਲ ਵਿਧੀ ਰਾਹੀਂ ਅਦਾਇਗੀ ਕਰੇਗਾ ਉਸ ਨੂੰ ਇੱਕ ਫੀਸਦੀ ਛੋਟ ਦੇਣ ਦਾ ਵੀ ਫੈਸਲਾ ਲਿਆ ਗਿਆ ਹੈ। ਦੂਜੇ ਪਾਸੇ ਚਿੰਤਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਅਜਿਹੀ ਸਹੂਲਤ ਦੇ ਫੈਸਲੇ ਵੇਲੇ ਅਸਲੀ ਖ਼ਪਤਕਾਰਾਂ ਨੂੰ ਵਿਚਾਰਿਆ ਨਹੀਂ, ਲਿਹਾਜ਼ਾ ਤਿੰਨ ਤੋਂ ਚਾਰ ਮਹੀਨੇ ਦੇ ਡਿਫਾਲਟਰਾਂ ਨੂੰ ਇਨੀਂ ਦਿਨੀਂ ਪੈਂਦੀ ਅੰਤਿਮ ਤਾਰੀਕ ’ਤੇ ਬਿੱਲ ਦੀ ਅਦਾਇਗੀ ਕਰਨੀ ਪਵੇਗੀ। ਅਜਿਹਾ ਨਾ ਹੋਣ ’ਤੇ ਖਪਤਕਾਰਾਂ ਉਤੇ ਪਾਵਰਕੌਮ 2 ਫੀਸਦ ਹੋਰ ਜੁਰਮਾਨਾ ਥੋਪ ਦੇਵੇਗੀ। ‘ਲੌਕਡਾਊਨ’ ਦੌਰਾਨ ਅਜਿਹੇ ਖ਼ਪਤਕਾਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟਣ ਤੋਂ ਫਿਲਹਾਲ ਟਾਲਾ ਵੱਟਿਆ ਜਾਵੇਗਾ। ਛੋਟ ਦੇ ਫ਼ੈਸਲੇ ’ਚ ਸਾਰੇ ਉਦਯੋਗਿਕ ਖ਼ਪਤਕਾਰ ਸਮੇਤ ਮੀਡੀਅਮ ਸਪਲਾਈ ਤੇ ਲਾਰਜ ਸਲਪਾਈ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਲਿਹਾਜ਼ਾ ਮੀਡੀਅਮ ਸਪਲਾਈ ‘ਐਮ.ਐੱਸ.’ ਅਤੇ ਲਾਰਜ ਸਪਲਾਈ ‘ਐਲ.ਐੱਸ ਵਾਲੇ ਉਦਯੋਗਿਕ ਖਪਤਕਾਰਾਂ ਲਈ ਫਿਕਸ ਚਾਰਜਿਜ਼ 23 ਮਾਰਚ 2020 ਤੋ ਦੋ ਮਹੀਨੇ ਲਈ ਮੁਆਫ਼ ਹੋਣਗੇ। ਸਰਕਾਰ ਨੇ ਮਹਿਜ਼ ਤਿੰਨ ਚਾਰ ਮਹੀਨੇ ਪਹਿਲਾਂ ਤਾਜ਼ਾਤਰੀਨ ਡਿਫਾਲਟਰ ਖ਼ਪਤਕਾਰਾਂ ਲਈ ਬਿੱਲ ਭਰਨ ਦੀ ਤਾਰੀਕ ’ਚ ਉੱਕਾ ਹੀ ਵਾਧਾ ਨਹੀ ਕੀਤਾ, ਲਿਹਾਜ਼ਾ ਉਨ੍ਹਾਂ ਲਈ ਦੂਜੇ ਬਿੱਲ ਦੀ ਆਖ਼ਰੀ ਤਾਰੀਕ ਹੀ ਅੰਤਿਮ ਰੱਖੀ ਗਈ ਹੈ। ਕਿਉਂਕਿ ਫੈਸਲੇ ’ਚ ਦੋਮਾਹੀ ਬਿੱਲਾਂ ਦੀ ਸ਼ਰਤ ਅੰਕਿਤ ਹੈ। ਅਜਿਹੇ ’ਚ ਪਹਿਲੇ ਦੋ ਮਹੀਨੇ ਦੇ ਡਿਫਾਲਟਰ ਖ਼ਪਤਕਾਰਾਂ, ਜਿੱਥੇ ਨਾ ਤਾਰੀਕ ਵਾਧੇ ਦੀ ਸਹੂਲਤ ਮਿਲ ਸਕੀ ਹੈ ਤੇ ਨਾ ਹੀ ਡਿਜੀਟਲ ਪੱਧਰ ਦੀ ਇੱਕ ਫੀਸਦੀ ਛੋਟ ਮਿਲ ਸਕੇਗੀ, ਉਹ ਦੋਹਰੇ ਜੁਰਮਾਨੇ ਦੀ ਗ੍ਰਿਫ਼ਤ ’ਚ ਆ ਗਏ ਹਨ। ਜਦਕਿ ਰਾਹਤ ਦੀ ਵੱਡੀ ਲੋੜ ਹੀ ਅਜਿਹੇ ਪੀੜਤ ਖ਼ਪਤਕਾਰ ਵਰਗ ਨੂੰ ਸੀ ਜਿਹੜਾ ਵਿੱਤੀ ਤੰਗੀਆਂ ਕਾਰਨ ਪਿਛਲਾ ਦੋ ਮਹੀਨੇ ਦਾ ਬਿੱਲ ਅਦਾ ਨਹੀਂ ਕਰ ਸਕਿਆ।


Comments Off on ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ 350 ਕਰੋੜ ਰੁਪਏ ਦੀ ਰਾਹਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.