ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ

Posted On April - 9 - 2020

ਪੜ੍ਹੇ-ਲਿਖੇ ਨੌਜਵਾਨਾਂ ਦਾ ਸਿਆਸਤ ’ਚ ਆਉਣਾ ਸਵਾਗਤਯੋਗ

ਵਿਦਿਆਰਥੀਆਂ ਦਾ ਸਿਆਸਤ ਵਿਚ ਆਉਣਾ ਸਮੇਂ ਦੀ ਮੰਗ ਹੈ। ਸਾਡੇ ਦੇਸ਼ ਵਿਚ ਲੰਮਾ ਸਮਾਂ ਇਕੋ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਰਾਜ ਕਰਦਾ ਆਇਆ ਹੈ। ਖੇਤਰੀ ਪਾਰਟੀਆਂ ਦੇ ਆਗੂ ਵੀ ਇਸੇ ਰਾਹ ਤੁਰੇ ਰਹੇ ਹਨ। ਉਨ੍ਹਾਂ ਦਾ ਪੁੱਤਰ ਭਾਵੇਂ ਕਿੰਨਾ ਵੀ ਨਾਲਾਇਕ ਕਿਉਂ ਨਾ ਹੋਵੇ, ਉਹ ਪੁੱਤਰ ਮੋਹ ‘ਚ ਆ ਕੇ ਆਪਣੀ ਪਾਰਟੀ ਦੀ ਵਾਗਡੋਰ ਆਪਣੇ ਪੁੱਤਰ ਦੇ ਹੱਥ ਵਿਚ ਹੀ ਦਿੰਦੇ ਹਨ, ਭਾਵੇਂ ਇਸ ਨਾਲ ਪਾਰਟੀ ਹੀ ਕਿਉਂ ਨਾ ਖ਼ਤਮ ਹੋ ਜਾਵੇ। ਆਮ ਜਨਤਾ ਪਰਿਵਾਰਵਾਦ ਦੀ ਸਿਆਸਤ ਤੋਂ ਨਿਜਾਤ ਪਾਉਣਾ ਚਾਹੁੰਦੀ ਹੈ ਪਰ ਇਹ ਤਾਂ ਹੀ ਸੰਭਵ ਹੋ ਸਕਦਾ ਜੇ ਵੱਧ ਤੋਂ ਵੱਧ ਨੌਜਵਾਨ ਵਿਦਿਆਰਥੀ ਸਿਆਸਤ ਵਿਚ ਆਉਣਗੇ।

ਲਖਵਿੰਦਰ ਸਿੰਘ, ਪਿੰਡ ਨੰਗਲੀ, ਜ਼ਿਲ੍ਹਾ ਅੰਮ੍ਰਿਤਸਰ। ਸੰਪਰਕ: 98552-71004

ਛੋਟੀ ਉਮਰੇ ਅਗਵਾਈ ਦੇ ਗੁਰ ਸਿੱਖਣਾ ਵਧੀਆ ਗੱਲ

ਪੜ੍ਹੇ-ਲਿਖੇ ਨੌਜਵਾਨ ਵਰਗ ਦਾ ਸਿਆਸਤ ਦੇ ਖੇਤਰ ‘ਚ ਉਭਾਰ ਚੰਗੀ ਗੱਲ ਹੈ। ਅੱਜ ਦੇ ਨੌਜਵਾਨ ਆਉਣ ਵਾਲੇ ਸਮੇਂ ਦੇ ਚੰਗੇ ਅਤੇ ਅਨੁਭਵੀ ਨੇਤਾ ਬਣ ਸਕਣਗੇ। ਵਿਦਿਆਰਥੀ ਜੀਵਨ ‘ਚ ਕਿਸੇ ਮੰਚ ‘ਤੇ ਇਕੱਤਰ ਹੋਣਾ, ਕਿਸੇ ਜਥੇਬੰਦੀ ਨਾਲ ਜੁੜ ਕੇ ਵਿਦਿਆਰਥੀਆਂ ਦੇ ਮਸਲੇ ਹੱਲ ਕਰਵਾਉਣਾ ਤੇ ਛੋਟੀ ਉਮਰੇ ਅਗਵਾਈ ਦੇ ਗੁਣ ਸਿੱਖਣੇ ਚੰਗੀ ਪਿਰਤ ਹੈ। ਅਜਿਹੇ ਜ਼ਮੀਨੀ ਪੱਧਰ ਨਾਲ ਜੁੜੇ ਵਿਅਕਤੀਆਂ ਦਾ ਮਨੋਬਲ ਉੱਚਾ ਹੁੰਦਾ ਹੈ ਅਤੇ ਉਹ ਕਦੇ ਘਬਰਾਉਂਦੇ ਨਹੀਂ, ਸਗੋਂ ਤਹੱਮਲ, ਧੀਰਜ ਨਾਲ ਜੀਵਨ ਦੀਆਂ ਗੰਭੀਰ ਚੁਣੌਤੀਆਂ ਨੂੰ ਸਵੀਕਾਰ ਕਰਦੇ ਹਨ। ਨਾਲ ਹੀ ਨੌਜਵਾਨਾਂ ਨੂੰ ਲਾਈਲੱਗ ਬਣਨ ਦੀ ਬਜਾਏ, ਸੁਚੇਤ ਹੋ ਕੇ ਦੇਸ਼, ਵਿਦਿਆਰਥੀ ਅਤੇ ਜਨਤਕ ਪੱਖੀ ਰਾਜਨੀਤੀ ਦਾ ਹਿੱਸਾ ਬਣਨਾ ਚਾਹੀਦਾ ਹੈ।

ਮੋਹਰ ਗਿੱਲ ਸਿਰਸੜੀ, ਪਿੰਡ ਸਿਰਸੜੀ, ਫ਼ਰੀਦਕੋਟ। ਸੰਪਰਕ: 98156-59110

ਦੇਸ਼ ਹਿੱਤ ਵਿਚ ਹੋਣੀ ਚਾਹੀਦੀ ਵਿਦਿਆਰਥੀ ਸਿਆਸਤ

ਅੱਜ ਦਾ ਵਿਦਿਆਰਥੀ ਭਵਿੱਖ ਦਾ ਨੇਤਾ ਹੈ। ਸੋ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਿਆਸੀ ਸਰਗਰਮੀਆਂ ਦੇ ਸਨਮੁੱਖ ਵੀ ਹੋਣਾ ਚਾਹੀਦਾ ਹੈ, ਤਾਂ ਕਿ ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ ਜਿਹੀਆਂ ਸਮੱਸਿਆਵਾਂ ਤੋਂ ਦੇਸ਼ ਨੂੰ ਨਿਜਾਤ ਦਵਾਈ ਜਾ ਸਕੇ। ਅੱਜ ਸਾਡੇ ਵਿਦਿਆਰਥੀਆਂ ਨੂੰ ਸਹੀ ਸੇਧ ਦੀ ਬਹੁਤ ਲੋੜ ਹੈ। ਜ਼ਰੂਰੀ ਹੈ ਕਿ ਵਿਦਿਆਰਥੀ ਸਿਆਸਤ ਵਿਚ ਆਉਣ ਤੇ ਵਿਦਿਆਰਥੀ ਸਮੱਸਿਆਵਾਂ ਦਾ ਖਾਤਮਾ ਕਰਨ ਦੀ ਕੋਸ਼ਿਸ਼ ਕਰਨ। ਵਿਦਿਆਰਥੀ ਸਿਆਸਤ ਵਿਚ ਉਭਾਰ ਬਣ ਕੇ ਸਨਮੁੱਖ ਹੋਣ ਨਾ ਕਿ ਨਿਘਾਰ। ਹਮੇਸ਼ਾ ਇਕ ਪੜ੍ਹਿਆ-ਲਿਖਿਆ ਵਰਗ ਹੀ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲਿਜਾ ਸਕਦਾ ਹੈ।

ਹਰਜੋਤ ਕੌਰ ਕੰਗ, ਪਿੰਡ ਬਾਜਕ, ਬਠਿੰਡਾ।

ਨੌਜਵਾਨਾਂ ਦੀ ਸਿਆਸਤ ਮਜ਼ਬੂਤ ਲੋਕਤੰਤਰ ਲਈ ਜ਼ਰੂਰੀ

ਪਿਛਲੇ ਸਮੇਂ ਤੋਂ ਭਾਰਤ ਦੀ ਰਾਜਨੀਤੀ ‘ਚ ਭਾਰੀ ਨਿਘਾਰ ਆ ਰਿਹਾ, ਜਿਸ ਕਾਰਨ ਨੌਜਵਾਨਾਂ ਦੀ ਸਿਆਸਤ ਵਿਚ ਭਾਗੀਦਾਰੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਦੇਸ਼ ਦੀ ਸਿਆਸਤ ‘ਚ ਧਰਮ ਦੀ ਰਾਜਨੀਤੀ ਦਾ ਪਰਛਾਵਾਂ ਸਿਰਫ਼ ਪੜ੍ਹੇ-ਲਿਖੇ ਨੌਜਵਾਨ ਹੀ ਦੂਰ ਕਰ ਸਕਦਾ ਹੈ। ਜਿਸ ਤਰ੍ਹਾਂ ਨਾਲ ਰਾਜਨੀਤਿਕ ਪਾਰਟੀਆਂ ਲੋਕਾਂ ਨੂੰ ਧਰਮ ਦੇ ਅਧਾਰ ’ਤੇ ਵੰਡ ਰਹੀਆਂ ਹਨ, ਇਸ ਨਾਲ ਦੇਸ਼ ਦੇ ਲੋਕਤੰਤਰ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ। ਜੇ ਆਉਣ ਵਾਲੇ ਸਮੇਂ ’ਚ ਨੌਜਵਾਨ ਆਪਣੇ ਨਿੱਜੀ ਹਿੱਤ ਤਿਆਗ ਕੇ ਸਿਆਸਤ ’ਚ ਸਰਗਰਮ ਨਾ ਹੋਏ, ਤਾਂ ਦੇਸ਼ ਦੇ ਲੋਕਤੰਤਰ ’ਤੇ ਮੰਡਰਾ ਰਹੇ ਖ਼ਤਰੇ ਦੇ ਬੱਦਲ ਕਿਸੇ ਵੀ ਸਮੇਂ ਵਰ੍ਹ ਸਕਦੇ ਹਨ, ਜਿਸ ਨਾਲ ਨੌਜਵਾਨ ਪੀੜ੍ਹੀ ਦਾ ਭਵਿੱਖ ਹੋਰ ਧੁੰਦਲਾ ਹੋ ਜਾਵੇਗਾ।

ਗੁਰਵਿੰਦਰ ਸਿੰਘ ਸਿੱਧੂ, ਪਿੰਡ ਭਗਵਾਨਪੁਰਾ,
ਜ਼ਿਲ੍ਹਾ ਬਠਿੰਡਾ। ਸੰਪਰਕ: 94658-26040

ਨੌਜਵਾਨ ਦੇ ਸਕਣਗੇ ਮੁਲਕ ਨੂੰ ਪ੍ਰਭਾਵਸ਼ਾਲੀ ਸਿਆਸੀ ਪ੍ਰਬੰਧ

ਬੇਸ਼ੱਕ ਅੱਜ ਦੇ ਸਮੇਂ ਦੀ ਸਿਆਸਤ ਪੜ੍ਹੇ-ਲਿਖੇ ਨੌਜਵਾਨਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰ ਰਹੀ। ਹਰ ਪਾਸੇ ਬੇਰੁਜ਼ਗਾਰਾਂ ਦੀ ਭਰਮਾਰ ਹੈ। ਮਾਨਸਿਕ ਤਣਾਅ ਕਾਰਨ ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ। ਸੂਝਵਾਨ ਨੇਤਾਵਾਂ ਦੀ ਕਮੀ ਅਤੇ ਸਰਕਾਰ ਦੀਆਂ ਘਟੀਆ ਰਣਨੀਤੀਆਂ ਕਾਰਨ ਦੇਸ਼ ਦੀ ਜਵਾਨੀ ਵਿਦੇਸ਼ਾਂ ਵੱਲ ਨੂੰ ਉਡਾਰੀਆਂ ਮਾਰ ਰਹੀ ਹੈ। ਪਰ ਜੇ ਨੌਜਵਾਨ ਵਰਗ ਅਜੋਕੀ ਸਿਆਸਤ ਵਿਚ ਆਪਣੀ ਪੂਰੀ ਲਗਨ, ਮਿਹਨਤ, ਤਾਕਤ ਅਤੇ ਨਿਰਪੱਖਤਾ ਦੇ ਅਧਾਰ ’ਤੇ ਹਿੱਸਾ ਲਵੇ ਤਾਂ ਦੇਸ਼ ਦੇ ਪ੍ਰਬੰਧ ਵਿਚ ਤਬਦੀਲੀ ਹੋਣੀ ਸੰਭਵ ਹੈ। ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਦੇ ਨਾਲ-ਨਾਲ ਰਾਜਨੀਤੀ ਦੇ ਹਰ ਚੰਗੇ-ਮਾੜੇ ਪੱਖ ਤੋਂ ਜਾਣੂ ਹੋਣਾ ਜ਼ਰੂਰੀ ਹੈ। ਨੌਜਵਾਨਾਂ ਦੀ ਸਿਆਸਤ ਪ੍ਰਤੀ ਉਸਾਰੂ ਸੋਚ ਹੀ ਪ੍ਰਭਾਵਸ਼ਾਲੀ ਰਾਜਨੀਤਕ ਪ੍ਰਬੰਧ ਸਿਰਜ ਸਕਦੀ ਹੈ।

ਗੁਰਮੇਲ ਸਿੰਘ, ਪਿੰਡ ਨੇਹੀਆਂਵਾਲਾ, ਜ਼ਿਲ੍ਹਾ ਬਠਿੰਡਾ।

ਨੌਜਵਾਨਾਂ ਦਾ ਸਿਆਸਤ ਵਿਚ ਆਉਣਾ ਬਹੁਤ ਜ਼ਰੂਰੀ

ਕੋਈ ਵੀ ਦੇਸ਼ ਤਦ ਹੀ ਤਰੱਕੀ ਦੇ ਰਾਹਾਂ ਵਿਚ ਸਫਲ ਹੋਵੇਗਾ, ਜਦ ਉਥੋਂ ਦੀ ਸਿਆਸਤ ਵਿਚ ਚੰਗੇ ਗੁਣ ਸ਼ਾਮਿਲ ਹੋਣਗੇ। ਸਾਡੇ ਦੇਸ਼ ਦੀ ਅੱਜ ਹੋ ਚੁੱਕੀ ਬਹੁਤ ਹੀ ਮਾੜੀ ਸਿਆਸਤ ਕਾਰਨ ਅੱਜ ਦਾ ਸਮਾਂ ਦੇਸ਼ ਦੇ ਭੱਵਿਖ ਲਈ ਭਿਆਨਕ ਸੰਕਟ ਬਣਦਾ ਜਾ ਰਿਹਾ ਹੈ। ਦੇਸ਼ ਦੇ ਮੌਜੂਦਾ ਸਿਆਸੀ ਢਾਂਚੇ ਨੇ ਦੇਸ਼ ਦੇ ਭੱਵਿਖ ਨੂੰ ਹਨੇਰੇ ਖੂਹ ਵਿਚ ਪਹੁੰਚਾ ਦਿੱਤਾ ਹੈ। ਸਿਆਸੀ ਲੀਡਰ ਆਪਣੇ ਸੁਆਰਥ ਲਈ ਵਿਦਿਆਰਥੀਆਂ ਦੇ ਜੋਸ਼ ਦਾ ਲਾਹਾ ਲੈ ਰਹੇ ਹਨ। ਇਸ ਲਈ ਅੱਜ ਲੋੜ ਹੈ ਕਿ ਸੂਝਵਾਨ ਨੌਜਵਾਨ ਸਿਖਿਆਰਥੀ ਸਿਆਸਤ ਵਿਚ ਅੱਗੇ ਆਉਣ ਅਤੇ ਇਸ ਨੂੰ ਚੰਗੀ ਰੰਗਤ ਦੇਣ, ਜਿਸ ਨਾਲ ਦੇਸ਼ ਦਾ ਭਵਿੱਖ ਸੁਰੱਖਿਅਤ ਹੋਵੇ ਤੇ ਆਪਸੀ ਭਾਈਚਾਰਾ ਵਧੇ, ਕਿਉਂਕਿ ਭਾਈਚਾਰਕ ਸਾਂਝ ਮਜ਼ਬੂਤ ਹੋਣ ਨਾਲ ਹੀ ਦੇਸ਼ ਮਜ਼ਬੂਤ ਹੋਵੇਗਾ।

ਨਵਦੀਪ ਸਿੰਘ ਸੰਧੂ, ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ। ਸੰਪਰਕ: 88423-16001

ਵਿਦਿਆਰਥੀ ਉਦਾਰਵਾਦੀ ਸਿਆਸਤ ਦੇ ਪੱਖੀ ਹੋਣ

ਵਿਦਿਆਰਥੀ ਸਮਾਜ ਦਾ ਅਹਿਮ ਅੰਗ ਹਨ, ਜਿਨ੍ਹਾਂ ’ਤੇ ਸਾਡਾ ਭਵਿੱਖ ਨਿਰਭਰ ਹੈ। ਵਿਦਿਆਰਥੀਆਂ ਨੂੰ ਜ਼ਰੂਰ ਸਿਆਸਤ ਵਿਚ ਸਰਗਰਮ ਹਿੱਸਾ ਲੈਣਾ ਚਾਹੀਦਾ ਹੈ, ਜੋ ਵਿਦਿਆਰਥੀ ਆਮ ਜੀਵਨ ਨੂੰ ਘੋਖਦੇ, ਵਾਚਦੇ ਅਤੇ ਹੰਢਾਉਂਦੇ ਹਨ ਤੇ ਉਨ੍ਹਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਗਿਆਨ ਹੁੰਦਾ ਹੈ। ਪਰ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਸਿਆਸਤ ਦਾ ਅੱਡਾ ਨਹੀਂ ਬਣਨ ਦੇਣੀਆਂ ਚਾਹੀਦੀਆਂ। ਉਨ੍ਹਾਂ ਭਾਰਤੀ ਸੰਵਿਧਾਨ ਅਤੇ ਇਸ ਦੀ ਭਾਵਨਾ ਜ਼ਰੂਰ ਸਮਝਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਕੱਟੜਵਾਦੀ ਨਹੀਂ ਸਗੋਂ ਉਦਾਰਵਾਦੀ ਸਿਆਸਤ ਪੱਖੀ ਹੋਣ। ਚਲਾਕ ਅਤੇ ਦੰਭੀ ਨੇਤਾ ਲੋਕ ਵਿਦਿਆਰਥੀ ਆਗੂਆਂ ਨੂੰ ਵਰਤ ਜਾਂਦੇ ਹਨ ਅਤੇ ਕਈ ਵਾਰੀ ਉਨ੍ਹਾਂ ਦੇ ਕਰੀਅਰ ’ਤੇ ਸਵਾਲੀਆ ਨਿਸ਼ਾਨ ਵੀ ਲੱਗ ਜਾਂਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਬਹੁਤ ਚੌਕਸ ਹੋ ਕੇ ਸਿਆਸਤ ਵਿਚ ਹਿੱਸਾ ਲੈਣਾ ਚਾਹੀਦਾ ਹੈ।

ਸਤਨਾਮ ਉੱਭਾਵਾਲ, ਪਿੰਡ ਤੇ ਡਾਕਖਾਨਾ ਉੱਭਾਵਾਲ, ਜ਼ਿਲ੍ਹਾ ਸੰਗਰੂਰ। ਸੰਪਰਕ: 90232-90500

ਵਿਦਿਆਰਥੀ ਸਿਆਸਤ ਧੜੇਬੰਦੀ ਤੋਂ ਮੁਕਤ ਹੋਣੀ ਚਾਹੀਦੀ

ਵਿਦਿਆਰਥੀ ਸਿਆਸਤ ਦੇਸ਼ ਲਈ ਬਹੁਤ ਜ਼ਰੂਰੀ ਹੈ ਪਰ ਵਿਦਿਆਰਥੀ ਸਿਆਸਤ ਦਾ ਪਾਰਟੀਬਾਜ਼ੀ ਜਾਂ ਧੜੇਬਾਜ਼ੀ ਦੀ ਸਿਆਸਤ ਤੋਂ ਉੱਪਰ ਉੱਠਣਾ ਉਸ ਤੋਂ ਵੀ ਵੱਧ ਜ਼ਰੂਰੀ ਹੈ। ਅਜੋਕੇ ਬਹੁਤ ਸਾਰੇ ਵਿਦਿਆਰਥੀ ਸੰਗਠਨ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੁੰਦੇ ਅਤੇ ਉਹ ਉਸੇ ਪਾਰਟੀ ਦੀ ਵਿਚਾਰਧਾਰਾ ’ਤੇ ਚੱਲਦੇ ਹੋਏ ਉਸ ਪਾਰਟੀ ਦੇ ਵਿਦਿਆਰਥੀ ਵਿੰਗ ਵਜੋਂ ਹੀ ਕੰਮ ਕਰਦੇ ਹਨ। ਅਜਿਹੇ ਵਿਦਿਆਰਥੀ ਵਿੰਗ ਜਾਂ ਸੰਗਠਨ ਵਿਦਿਆਰਥੀ ਮੁੱਦਿਆਂ ਨੂੰ ਵੀ ਸਿਆਸੀ ਪਾਰਟੀ ਦੇ ਵਿਚਾਰਧਾਰਕ ਚਸ਼ਮੇ ਵਿਚੋਂ ਦੇਖਦੇ ਹਨ ਤੇ ਉਹ ਕਦੇ ਵੀ ਆਜ਼ਾਦ ਰੂਪ ਵਿਚ ਵਿਦਿਆਥੀ ਮੁੱਦਿਆਂ ’ਤੇ ਸਿਆਸਤ ਨਹੀਂ ਕਰ ਪਾਉਂਦੇ, ਜਿਸ ਕਾਰਨ ਵਿਦਿਆਰਥੀ ਆਪਣੇ ਸਾਂਝੇ ਮੁੱਦਿਆਂ ’ਤੇ ਵੀ ਇਕਮੁੱਠ ਨਹੀਂ ਹੁੰਦੇ। ਇਸ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪਾਰਟੀ ਸਿਆਸਤ ਅਤੇ ਵਿਦਿਆਰਥੀ ਸਿਆਸਤ ਵਿਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਤੇ ਉਹ ਸਿਆਸਤ ਤੋਂ ਦੂਰੀ ਬਣਾਈ ਰੱਖਦੇ ਹਨ।

ਸੁਖਦਰਸ਼ਨ ਸਿੰਘ, ਖੋਜਾਰਥੀ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਸੰਪਰਕ: 94645-94206

 


Comments Off on ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.