ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

‘ਨਿਹੱਥੇ’ ਜੰਗ ਲੜ ਰਹੇ ਨੇ ਡਾਕਟਰ ਤੇ ਹੋਰ ਅਮਲਾ

Posted On April - 9 - 2020

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਅਪਰੈਲ
ਸਥਾਨਕ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਇੱਥੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਸਥਾਪਿਤ ਆਈਸੋਲੇਸ਼ਨ ਵਾਰਡ ਵਿਚ ਅੱਗੇ ਹੋ ਕੇ ਕਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਜੂਨੀਅਰ ਰੈਜ਼ੀਡੈਂਟ ਡਾਕਟਰ, ਨਰਸਾਂ ਤੇ ਹੋਰ ਪੈਰਾ ਮੈਡੀਕਲ ਅਮਲੇ ਦਾ ਹਾਲ ਅਜਿਹਾ ਹੈ, ਜਿਵੇਂ ਬਿਨਾਂ ਹਥਿਆਰਾਂ ਦੇ ਇਕ ਸਿਪਾਹੀ ਨੂੰ ਸਰਹੱਦ ’ਤੇ ਜੰਗ ਲੜਨ ਲਈ ਭੇਜ ਦਿੱਤਾ ਹੋਵੇ। ਆਈਸੋਲੇਸ਼ਨ ਵਾਰਡ ਵਿਚ ਹੁਣ ਤੱਕ ਅੰਮ੍ਰਿਤਸਰ ਦੇ 10 ਕਰੋਨਾ ਪੀੜਤ ਮਰੀਜ਼ ਆ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 2 ਦੀ ਮੌਤ ਵੀ ਹੋ ਚੁੱਕੀ ਹੈ। ਮਿਲੀ ਜਾਣਕਾਰੀ ਅਨੁਸਾਰ ਇੱਥੇ ਆਈਸੋਲੇਸ਼ਨ ਵਾਰਡ ਵਿਚ ਵਧੇਰੇ ਡਿਊਟੀ ਜੂਨੀਅਰ ਰੈਜ਼ੀਡੈਂਟ ਡਾਕਟਰਾਂ, ਸਟਾਫ਼ ਨਰਸਾਂ ਤੇ ਹੋਰ ਪੈਰਾ ਮੈਡੀਕਲ ਸਟਾਫ਼ ਦੀ ਲਾਈ ਗਈ ਹੈ। ਤਿੰਨ ਸ਼ਿਫ਼ਟਾਂ ਵਿਚ 24 ਘੰਟੇ ਡਿਊਟੀ ਦਿੱਤੀ ਜਾ ਰਹੀ ਹੈ। ਰਾਤ ਦੀ ਡਿਊਟੀ ਵਾਲੇ ਅਮਲੇ ਨੂੰ 12 ਘੰਟੇ ਇੱਥੇ ਇਸੇ ਵਾਰਡ ਵਿਚ ਬਿਤਾਉਣੇ ਪੈਂਦੇ ਹਨ, ਜਦਕਿ ਬਾਕੀ ਦੋ ਸ਼ਿਫਟਾਂ ਵਿਚ 6-6 ਘੰਟੇ ਦੀ ਡਿਊਟੀ ਹੈ। ਸੀਨੀਅਰ ਡਾਕਟਰ ਸਿਰਫ਼ ਇੱਥੇ ਰਾਊਂਡ ਵਾਸਤੇ ਜਾਂ ਫਿਰ ਐਮਰਜੈਂਸੀ ਵੇਲੇ ਹੀ ਆਉਂਦੇ ਹਨ। ਵਧੇਰੇ ਜੋਖ਼ਮ ਭਰੀ ਇਹ ਡਿਊਟੀ ਕਰਨ ਵਾਲੇ ਅਮਲੇ ਨੂੰ ਤਾਂ ਇਸ ਵਾਇਰਸ ਤੋ ਬਚਾਅ ਵਾਸਤੇ ਹਰ ਤਰ੍ਹਾਂ ਦੀ ਸਹੂਲਤ ਮਿਲਣੀ ਚਾਹੀਦੀ ਹੈ ਪਰ ਅਮਲੇ ਨੂੰ ਬਚਾਅ ਵਾਲੇ ਸਾਜ਼ੋ-ਸਾਮਾਨ ਵਾਸਤੇ ਵੀ ਜੂਝਣਾ ਪੈ ਰਿਹਾ ਹੈ। ਅਮਲੇ ਨੇ ਇੱਥੇ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਕੋਲ ਇਹ ਮੰਗਾਂ ਰੱਖੀਆਂ ਹਨ ਅਤੇ ਇਸ ਬਾਰੇ ਬਹਿਸ ਵੀ ਕਰਨੀ ਪਈ ਸੀ। ਇਸ ਤੋਂ ਪਹਿਲਾਂ ਵੀ ਇਹ ਅਮਲਾ ਰੋਸ ਦਾ ਪ੍ਰਗਟਾਵਾ ਕਰ ਚੁੱਕਾ ਹੈ। ਆਈਸੋਲੇਸ਼ਨ ਵਾਰਡ ਵਿਚ ਕੰਮ ਕਰ ਰਹੀ ਇਕ ਸਟਾਫ਼ ਨਰਸ ਦਿਲਰਾਜ ਕੌਰ ਨੇ ਦੱਸਿਆ ਕਿ ਉਹ ਆਪਣੀ ਇਸ ਡਿਊਟੀ ਕਾਰਨ ਇਕ ਅਪਰੈਲ ਤੋਂ ਘਰ ਇਸ ਲਈ ਨਹੀਂ ਗਈ ਕਿਉਂਕਿ ਘਰ ਵਿਚ ਉਸ ਦੇ ਦੋ ਛੋਟੇ ਬੱਚੇ ਅਤੇ ਹੋਰ ਮੈਂਬਰ ਹਨ। ਵਾਇਰਸ ਦੀ ਲਾਗ ਲੱਗਣ ਦੇ ਡਰ ਕਾਰਨ ਉਹ ਬਾਹਰ ਰਹਿ ਰਹੀ ਹੈ। ਬਾਕੀ ਸਟਾਫ਼ ਨੇ ਕਿਹਾ ਕਿ ਅਜਿਹੀ ਜੋਖ਼ਮ ਵਾਲੀ ਸਥਿਤੀ ਵਿਚ ਕੰਮ ਕਰਨ ਲਈ ਅਮਲੇ ਨੂੰ ਪੀਪੀਈ ਕਿੱਟਾਂ, ਐੱਨ 95 ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰ ਦੀ ਲੋੜ ਹੈ। ਬਿਨਾਂ ਸਾਮਾਨ ਦੇ ਕਿਵੇਂ ਉਹ ਕੰਮ ਕਰ ਸਕਦੇ ਹਨ। ਜੂਨੀਅਰ ਰੈਜ਼ੀਡੈਂਟ ਡਾਕਟਰਾਂ ਨੇ ਕਿਹਾ ਕਿ ਆਈਸੋਲੇਸ਼ਨ ਵਾਰਡ ਤੋਂ ਇਲਾਵਾ ਐਮਰਜੈਂਸੀ ਵਾਰਡ ਵਿਚ ਕੰਮ ਕਰਨ ਵਾਲੇ ਅਮਲੇ ਨੂੰ ਵੀ ਪੀਪੀਈ ਕਿੱਟ, ਐੱਨ 95 ਮਾਸਕ ਦੀ ਲੋੜ ਹੈ ਕਿਉਂਕਿ ਅਜਿਹੇ ਮਰੀਜ਼ ਨੂੰ ਪਹਿਲਾਂ ਐਮਰਜੈਂਸੀ ਵਾਰਡ ਵਿਚ ਹੀ ਲਿਆਂਦਾ ਜਾਂਦਾ ਹੈ। ਤਾਲਮੇਲ ਕਮੇਟੀ ਪੈਰਾ ਮੈਡੀਕਲ ਜਥੇਬੰਦੀ ਦੇ ਆਗੂ ਪ੍ਰੇਮ ਨੇ ਦੱਸਿਆ ਕਿ ਮੈਡੀਕਲ ਸਿੱਖਿਆ ਮੰਤਰੀ ਨਾਲ ਹੋਈ ਗੱਲਬਾਤ ਤੋ ਬਾਅਦ ਅੱਜ ਕੁਝ ਐੱਨ 95 ਮਾਸਕ ਮਿਲੇ ਹਨ, ਪਰ ਲੋੜ ਬਰਕਰਾਰ ਹੈ। ਇਸ ਸਬੰਧੀ ਮੈਡੀਕਲ ਸੁਪਰਡੈਂਟ ਡਾ. ਰਮਨ ਨਾਲ ਗੱਲਬਾਤ ਨਹੀਂ ਹੋ ਸਕੀ। ਦੋ ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਕੋਈ ਹੁੰਗਾਰਾ ਨਹੀਂ ਦਿੱਤਾ। ਇਸੇ ਦੌਰਾਨ ਸਥਾਨਕ ਸਿਵਲ ਅਤੇ ਸੈਸ਼ਨ ਜੱਜ ਬੀਐੱਸ ਸੰਧੂ ਵਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਮਦਦ ਨਾਲ 200 ਪੀਪੀਈ ਕਿੱਟਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਵੀ ਡਾਕਟਰੀ ਤੇ ਪੈਰਾ ਮੈਡੀਕਲ ਅਮਲੇ ਵਾਸਤੇ ਕਿੱਟਾਂ, ਮਾਸਕ ਤੇ ਹੋਰ ਸਾਮਾਨ ਭੇਂਟ ਕਰ ਚੁੱਕੇ ਹਨ।

ਦਿੱਲੀ ਤੋਂ ਪੀਪੀਈ ਕਿੱਟਾਂ ਤੇ ਮਾਸਕ ਅੱਜ ਪੁੱਜਣਗੇ: ਔਜਲਾ

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜਿਨ੍ਹਾਂ ਅਖ਼ਤਿਆਰੀ ਫੰਡ ਵਿਚੋਂ ਅਜਿਹੇ ਅਤਿ ਜ਼ਰੂਰੀ ਸਾਮਾਨ ਦੀ ਖਰੀਦ ਵਾਸਤੇ ਇਕ ਕਰੋੜ ਰੁਪਏ ਦਿੱਤੇ ਸਨ, ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਦੇ ਸੁਸਤ ਰਵੱਈਏ ਕਾਰਨ ਇਹ ਸਾਮਾਨ ਹੁਣ ਤੱਕ ਨਹੀਂ ਪੁੱਜਾ ਹੈ। ਹੁਣ ਉਨ੍ਹਾਂ ਦਬਾਅ ਪਾ ਕੇ ਦਿੱਲੀ ਤੋਂ 1200 ਪੀਪੀਈ ਕਿੱਟਾਂ ਅਤੇ ਐਨੇ ਹੀ ਮਾਸਕ ਮੰਗਵਾਏ ਹਨ, ਜੋ ਕੱਲ੍ਹ ਪੁੱਜ ਜਾਣਗੇ। ਇਸ ਤੋਂ ਇਲਾਵਾ ਲਗਪਗ 95 ਲੱਖ ਰੁਪਏ ਦੀ ਲਾਗਤ ਨਾਲ 4500 ਕਿੱਟਾਂ ਦਾ ਆਰਡਰ ਭੇਜਿਆ ਗਿਆ ਹੈ ਅਤੇ ਇਹ ਸਾਮਾਨ ਵੀ ਜਲਦੀ ਮੰਗਵਾਉਣ ਲਈ ਯਤਨ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਅਗਾਂਹ ਹੋ ਕੇ ਇਸ ਬੀਮਾਰੀ ਨਾਲ ਲੜਣ ਵਾਲੇ ਅਮਲੇ ਕੋਲ ਸਹੂਲਤਾਂ ਘੱਟ ਹਨ। ਲੋੜ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦੀ ਲੋੜ ਹੈ। ਉਨ੍ਹਾਂ ਉੱਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਤੈਅ ਕਰਨ ਦੀ ਮੰਗ ਕੀਤੀ।


Comments Off on ‘ਨਿਹੱਥੇ’ ਜੰਗ ਲੜ ਰਹੇ ਨੇ ਡਾਕਟਰ ਤੇ ਹੋਰ ਅਮਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.