ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ

Posted On April - 8 - 2020

ਦਿਲਜੀਤ ਸਿੰਘ ਬੇਦੀ
ਖਾਲਸਾ ਸਿਰਜਣਾ ਰਾਹੀਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਮਨੁੱਖਤਾ ਨੂੰ ਸਵੈ-ਰੱਖਿਆ, ਆਤਮ ਵਿਸ਼ਵਾਸ, ਹਿੰਮਤ, ਅਣਖ ਅਤੇ ਦਲੇਰੀ ਦੇ ਰੂਬਰੂ ਕਰਵਾਇਆ। ਦਸਮ ਗੁਰੂ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਸਜੇ ਪੰਡਾਲ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੀ ਹੋਈ ਸੰਗਤ ਵਿਚਾਲੇ ਸਿਰਾਂ ਦੀ ਮੰਗ ਕੀਤੀ, ਜਿਸ ’ਤੇ ਪਹਿਰਾ ਦਿੰਦਿਆਂ ਪੰਜ ਗੁਰੂ ਪਿਆਰਿਆਂ ਨੇ ਸਿਰ ਵਾਰਨ ਦਾ ਸੰਕਲਪ ਲਿਆ ਤੇ ਇਨ੍ਹਾਂ ਪੰਜ ਪਿਆਰਿਆਂ ਦੀ ਗੁਰੂ ਨੂੰ ਸਮਰਪਿਤ ਹੋਣ ਦੀ ਸ਼ਰਧਾ ਅਤੇ ਸਮਰਪਣ ਭਾਵਨਾ ਨੇ ਖਾਲਸਾ ਪੰਥ ਨੂੰ ਜਨਮ ਦਿੱਤਾ। ਗੁਰੂ ਸਾਹਿਬ ਨੇ ਖ਼ਾਲਸਾ ਸਾਜਨ ਲਈ 1699 ਈਸਵੀ ਨੂੰ ਵਿਸਾਖੀ ਵਾਲਾ ਦਿਨ ਚੁਣਿਆ। ਖ਼ਾਲਸਾ ਦੀ ਸਿਰਜਣਾ ਸਬੰਧੀ ਕਵੀ ਸੈਨਾਪਤਿ ‘ਸ੍ਰੀ ਗੁਰ ਸੋਭਾ’ ਵਿਚ ਲਿਖਦਾ ਹੈ:
ਪੁਰ ਆਨੰਦ ਗੋਬਿੰਦ ਸਿੰਘ ਗੁਰ ਅਬਿ ਕਬਿ ਕਰਤ ਬਖਾਨ।
ਗਿਰਦ ਪਹਾਰ ਅਪਾਰ ਅਤਿ ਸਤਿਲੁੱਦ੍ਰ ਤਟਿ ਸੁਭ ਥਾਨ।
ਚੇਤ ਮਾਸ ਬੀਤਿਉ ਸਕਲ ਮੇਲਾ ਭਯੋ ਅਪਾਰ।
ਬੈਸਾਖੀ ਕੇ ਦਰਸ ਪੈ ਸਤਿਗੁਰ ਕੀਯੋ ਬਿਚਾਰ।…
ਗੋਬਿੰਦ ਸਿੰਘ ਕਰੀ ਖੁਸ਼ੀ ਸੰਗਤਿ ਕਰੀ ਨਿਹਾਲ।
ਕੀਉ ਪ੍ਰਗਟ ਤਬ ਖਾਲਸਾ ਚੁਕਿਓ ਸਕਲ ਜੰਜਾਲ।
ਖ਼ਾਲਸਾ ਪੰਥ ਦੀ ਸਾਜਨਾ ਨਾਲ ਭਾਰਤ ਦੇ ਧਾਰਮਿਕ ਅਤੇ ਰਾਜਨੀਤਕ ਇਤਿਹਾਸ ਵਿਚ ਵਿਲੱਖਣ ਸਿਧਾਂਤ ਅਤੇ ਵਿਚਾਰਧਾਰਾ ਦਾ ਜਨਮ ਹੋਇਆ। ਇਸ ਵਿਚਾਰਧਾਰਾ ਵਿਚ ਭਗਤੀ ਅਤੇ ਸ਼ਕਤੀ ਦਾ ਉਹ ਸੁਮੇਲ ਹੈ, ਜਿਸ ਨੇ ਮਨੁੱਖੀ ਆਜ਼ਾਦੀ ਅਤੇ ਨਿਆਂਸ਼ੀਲ ਸਮਾਜ ਦੀ ਘਾੜਤ ਘੜੀ। ਇਹ ਸਿੱਖ ਸਮਾਜ ਦੀ ਸੁਤੰਤਰ ਹੋਂਦ ਅਤੇ ਆਜ਼ਾਦੀ ਦੇ ਸੰਘਰਸ਼ ਦਾ ਖੁੱਲ੍ਹਾ ਐਲਾਨ ਸੀ। ਇਸੇ ਦਾ ਹੀ ਨਤੀਜਾ ਸੀ ਕਿ ਕਈ ਪੀੜ੍ਹੀਆਂ ਤੋਂ ਲਤਾੜੀ ਮਨੁੱਖਤਾ ਵਿਚ ਨਵਾਂ ਜੋਸ਼ ਪੈਦਾ ਹੋਇਆ ਅਤੇ ਸਮਾਂ ਆਉਣ ’ਤੇ ਲੱਖਾਂ ਦੁਸ਼ਮਣਾਂ ਨਾਲ ਮੁੱਠੀ-ਭਰ ਸਿੰਘਾਂ ਨੇ ਜ਼ਬਰਦਸਤ ਮੁਕਾਬਲਾ ਕੀਤਾ।
ਖ਼ਾਲਸਾ ਸਾਜਨਾ ਵੇਲੇ ਗੁਰੂ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਮਗਰੋਂ ਉਨ੍ਹਾਂ ਕੋਲੋਂਂ ਆਪ ਅੰਮ੍ਰਿਤ ਛਕਿਆ। ਖ਼ਾਲਸਾ ਸਾਜਨਾ ਸਮੇਂ ਗੁਰੂ ਜੀ ਨੇ ਸਿੱਖਾਂ ਦਾ ਨਾਤਾ ਸਦੀਵੀ ਤੌਰ ’ਤੇ ਸ਼ਸਤਰ ਨਾਲ ਜੋੜ ਦਿੱਤਾ। ਜਦ ਦਸਮ ਪਾਤਸ਼ਾਹ ਨੇ ਵੇਖਿਆ ਕਿ ਇਨ੍ਹਾਂ ਮਜ਼ਲੂਮਾਂ ਦਾ ਬਚਾਅ ਹੁਣ ਇਨ੍ਹਾਂ ਨਿਯਮਕ ਸਾਧਨਾਂ ਨਾਲ ਨਹੀਂ ਹੁੰਦਾ ਤਾਂ ਉਨ੍ਹਾਂ ਨੇ ਕਿਹਾ:
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸਤ॥
ਹਲਾਲਾ ਅਸਤ ਬੁਰਦਨ ਬ-ਸ਼ਮਸ਼ੀਰ ਦਸਤ॥
(ਜ਼ਫਰਨਾਮਾ)
ਜਦੋਂ ਨੇਕ ਕੰਮ ਕਰਨ ਵਿਚ ਪ੍ਰੇਮ ਭਰੇ ਸਾਧਨ ਫੇਲ੍ਹ ਹੋ ਜਾਣ ਤਾਂ ਵਿਅਕਤੀ ਨੂੰ ਹੱਕ ਹੈ ਕਿ ਉਹ ਸ਼ਸਤਰ ਹੱਥ ਵਿਚ ਲੈ ਕੇ ਮਜ਼ਲੂਮ ਦੀ ਰੱਖਿਆ ਕਰੇ। ਇਸੇ ਮਕਸਦ ਨਾਲ ਹੀ ਦਸਮ ਪਾਤਸ਼ਾਹ ਨੇ ‘ਪਾਹੁਲ’ ਛਕਾ ਕੇ ‘ਸਿੰਘ’ ਸਜਾ ਕੇ ਮਜ਼ਲੂਮਾਂ ਦੀ ਢਾਲ ਲਈ ‘ਖਾਲਸਾ ਪੰਥ’ ਤਿਆਰ ਕੀਤਾ। ਸੱਚਮੁਚ ਗੁਰੂ ਜੀ ਨੇ ਊਚ-ਨੀਚ ਤੇ ਅਭਿੱਟਤਾ ਦਾ ਭੇਦ ਮਿਟਾ ਕੇ ਸੱਚੀ ਆਤਮਿਕ ਏਕਤਾ ਤੇ ਪੰਚਾਇਤੀ ਨੀਤੀ ਦੀ ਨੀਂਹ ਰੱਖੀ, ਜਿਸ ਸਬੰਧੀ ਔਰੰਗਜ਼ੇਬ ਦੇ ਗੁਪਤਚਰਾਂ ਨੇ ਉਸ ਨੂੰ ਫ਼ਾਰਸੀ ਬੋਲੀ ਵਿਚ ਅੱਖੀਂ ਡਿੱਠਾ ਹਾਲ ਇਸ ਤਰ੍ਹਾਂ ਲਿਖ ਕੇ ਭੇਜਿਆ:
ਹਮਰਾ ਦਰ ਯਕ ਮਜ਼ੂਬ ਦਰ ਆਯਦ,
ਕਿ ਐਜ ਬਿਆਂ ਬਰਖੇਜ਼ਦ।
ਹਰ ਚਹਾਰ ਬਰਨ ਕੌਮੇ ਹਨੂਦ,
ਅਜ ਬ੍ਰਾਹਮਣ, ਕਸ਼ਤਰੀ, ਸ਼ੂਦ੍ਰ ਓ ਵੈਸ਼।
ਕਿ ਹਰ ਬਰਨ ਦਰ ਧਰਮ ਸ਼ਾਸਤ੍ਰ,
ਦੀਨ ਇਲਾਹਿਦਾਹ ਮੁਕੱਰਰ ਅਸਤ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਨੇ, ‘ਭਾਈ’ ਦੀ ਕ੍ਰਿਆਤਮਕ ਵਰਤੋਂ ਲਈ ਭਾਈ ਮਰਦਾਨਾ (ਜੋ ਮੁਸਲਮਾਨ ਸਨ) ਨੂੰ ‘ਭਾਈ’ ਸ਼ਬਦ ਨਾਲ ਨਿਵਾਜਿਆ, ਜੋ ਪੰਜਾਬੀ ਦੇ ‘ਵੀਰ’ ਸ਼ਬਦ ਦਾ ਵਾਚਕ ਹੈ। ਇਸ ਤਰ੍ਹਾਂ ਇਕ ਅਦੁੱਤੀ ਰੀਤ ਆਰੰਭੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਨੇ ਖੰਡੇ-ਬਾਟੇ ਦੀ ਪਾਹੁਲ ਦੇ ਰੂਪ ਵਿਚ ਸਾਕਾਰ ਕੀਤਾ। ਭਾਈ (ਭਰਾ) ਅਸਲ ਵਿਚ ਮਾਂ-ਪਿਓ ਜਾਏ ਨੂੰ ਕਹਿੰਦੇ ਹਨ। ਖੰਡੇ-ਬਾਟੇ ਦੀ ਪਾਹੁਲ ਛਕਣ ਮਗਰੋਂ ਵਿਅਕਤੀ ਦਾ ਦੂਜਾ ਜਨਮ ਹੁੰਦਾ ਹੈ, ਇਸੇ ਕਰਕੇ ਹਰ ਅੰਮ੍ਰਿਤਧਾਰੀ ਇਕ-ਦੂਜੇ ਦਾ ਸਕਾ ਭਰਾ ਗੁਰਭਾਈ ਹੁੰਦਾ ਹੈ। ਗਿਆਨੀ ਗਿਆਨ ਸਿੰਘ ‘ਪੰਥ ਪ੍ਰਕਾਸ਼’ ਵਿਚ ਲਿਖਦੇ ਹਨ:
ਚਾਰੋਂ ਵਰਣਾਂ ਮੇਂ ਜੇ ਕੋਈ।
ਆਵਤ ਹੋਤ ਖਾਲਸਾ ਸੋਈ।
ਆਬੇ ਹਯਾਤ ਪਿਲਾਵਤ ਤਾਂ ਹੂੰ।
ਇਕ ਹੀ ਬਰਤਨ ਮੈ ਸਭ ਕਾਹੂੰ।
ਖਾਣਾ ਭੀ ਸਭ ਇਕੱਠੇ ਖੈ ਹੈਂ।
ਏਕੈ ਬੀਰ ਆਪਸ ਮੈ ਬੈ ਹੈਂ।
ਜਾਤ ਗੋਤ ਕੁਲ, ਕਿਰਯਨਾ ਨਾਮ।
ਪਿਛਲੇ ਸੇ ਤਜ ਦੇਤ ਤਮਾਮ।
ਅੱਜ ਗੁਰੂ ਦਾ ਖ਼ਾਲਸਾ ਦੁਨੀਆਂ ਵਿਚ ਆਪਣੀਆਂ ਲਾਸਾਨੀ ਕੁਰਬਾਨੀਆਂ ਕਾਰਨ ਵਿਲੱਖਣ ਪਛਾਣ ਰੱਖਦਾ ਹੈ। ਸਮੁੱਚੀ ਦੁਨੀਆਂ ਅੰਦਰ ਜਿਥੇ-ਜਿਥੇ ਵੀ ਸਿੱਖ ਵੱਸਦੇ ਹਨ, ਵਿਸਾਖੀ ਨੂੰ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਵਜੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਖ਼ਾਲਸਾ ਸਿਰਜਣਾ ਦਿਵਸ ਇਨਕਲਾਬੀ ਸੰਦੇਸ਼ ਦਿੰਦਾ ਹੋਇਆ ਖ਼ਾਲਸਾਈ ਜਾਹੋ-ਜਲਾਲ ਅਤੇ ਕੌਮੀ-ਗੌਰਵ ਨੂੰ ਮਹਿਸੂਸ ਕਰਨ ਦੀ ਪ੍ਰੇਰਨਾ ਦਿੰਦਾ ਹੈ। ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਸਿੱਖ ਨੌਜਵਾਨੀ ਨੂੰ ਖਾਲਸਾ ਸਾਜਨਾ ਦੇ ਪਿਛੋਕੜ, ਇਤਿਹਾਸ ਅਤੇ ਇਸ ਦੀ ਵਿਲੱਖਣਤਾ ਤੋਂ ਜਾਣੂ ਕਰਾਇਆ ਜਾਵੇ। ਸਿੱਖੀ ਸਰੂਪ ਦੀ ਗੌਰਵਗਾਥਾ ਅਤੇ ਅੰਮ੍ਰਿਤ ਦੀ ਵਡਿਆਈ ਵੀ ਅਜੋਕੀ ਨੌਜਵਾਨੀ ਨਾਲ ਸਾਂਝੀ ਕਰਨੀ ਬਣਦੀ ਹੈ। ਇਸੇ ਨਾਲ ਹੀ ਅਕਾਲ ਪੁਰਖ ਦੀ ਵਿਲੱਖਣ ਫ਼ੌਜ ਖ਼ਾਲਸੇ ਦੀ ਚੜ੍ਹਦੀ ਕਲਾ ਦੇ ਨਜ਼ਾਰੇ ਦੁਨੀਆਂ ਦੇ ਰੂਬਰੂ ਹੋ ਸਕਣਗੇ:
ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮਹਿ ਹਉਂ ਕਰਹੁੰ ਨਿਵਾਸ।
ਖਾਲਸਾ ਅਕਾਲ ਪੁਰਖ ਕੀ ਫੌਜ।
ਪ੍ਰਗਟਯੋ ਖਾਲਸਾ ਪਰਮਾਤਮ ਕੀ ਮੌਜ।
(ਸਰਬ ਲੋਹ ਗ੍ਰੰਥ)
ਸੰਪਰਕ: 98148-98570


Comments Off on ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.