ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਕਰੋਨਾ: ਲੁਧਿਆਣਾ ’ਚ ਬਣ ਰਹੇ ਨੇ ਪੀਪੀਈ ਕਿੱਟਾਂ ਤੇ ਮਾਸਕ

Posted On April - 9 - 2020

ਪੀਪੀਈ ਕਿੱਟਾਂ ਪਹਿਨ ਕੇ ਖੜ੍ਹੇ ਹੋਏ ਪੁਲੀਸ ਦੇ ਜਵਾਨ। -ਫੋਟੋ: ਪੰਜਾਬੀ ਟ੍ਰਿਬਿਊਨ

ਗਗਨਦੀਪ ਅਰੋੜਾ
ਲੁਧਿਆਣਾ, 8 ਅਪਰੈਲ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਹੁਣ ਕਰੋਨਾਵਾਇਰਸ ਖ਼ਿਲਾਫ਼ ਮੂਹਰਲੀ ਕਤਾਰ ’ਚ ਹੋ ਕੇ ਲੜ ਰਹੇ ਲੋਕਾਂ ਦੀ ਸੁਰੱਖਿਆ ਲਈ ਪੀਪੀਈ (ਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ) ਕਿੱਟਾਂ ਤੇ ਮਾਸਕ ਬਣਾਏ ਜਾ ਰਹੇ ਹਨ। ਇਸ ਕੰਮ ਲਈ ਲੁਧਿਆਣਾ ਵਿੱਚ 5 ਯੂਨਿਟਾਂ ਨੂੰ ਮਨਜ਼ੂਰੀ ਮਿਲ ਗਈ ਹੈ, ਜਦਕਿ ਐੱਨ-95 ਮਾਸਕਾਂ ਲਈ ਸਥਾਨਕ ਦੋ ਸਨਅਤਾਂ ਨੂੰ ਮਨਜ਼ੂਰੀ ਮਿਲੀ ਹੈ। ਇੰਨਾ ਹੀ ਨਹੀਂ ਟੈਕਸਟਾਈਲ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੀਪੀਈ ਕਿੱਟਾਂ ਤੇ ਮਾਸਕ ਤਿਆਰ ਕਰ ਕੇ ਹੋਰ ਵੀ ਕਈ ਯੂਨਿਟਾਂ ਨੇ ਟੈਸਟਿੰਗ ਲਈ ਭੇਜੇ ਹੋਏ ਹਨ। ਜਿਹੜੇ ਯੂਨਿਟਾਂ ਨੂੰ ਮਨਜ਼ੂਰੀ ਮਿਲ ਗਈ ਹੈ, ਉਨ੍ਹਾਂ ਵੱਲੋਂ ਕਿੱਟਾਂ ਤੇ ਮਾਸਕ ਤਿਆਰ ਕਰ ਕੇ ਸੂਬਾ ਤੇ ਕੇਂਦਰ ਸਰਕਾਰ ਨੂੰ ਭੇਜੇ ਜਾ ਰਹੇ ਹਨ। ਲੁਧਿਆਣਾ ਵਿੱਚ ਸਭ ਤੋਂ ਪਹਿਲਾਂ ਪੀਪੀਈ ਕਿੱਟਾਂ ਵਾਂਗ ਸੂਟ ਤਿਆਰ ਕਰ ਕੇ ਪੰਜਾਬ ਪੁਲੀਸ ਨੂੰ ਦੇਣ ਵਾਲੇ ਸ਼ਿੰਗੋਰਾ ਸ਼ਾਲਜ਼ ਨੇ ਹੁਣ ਇਸ ਕਿੱਟ ਦੀ ਮਨਜ਼ੂਰੀ ਮਿਲਣ ਮਗਰੋਂ ਕਿੱਟਾਂ ਬਣਾਉਣ ਦਾ ਕੰਮ ਤੇਜ਼ ਕਰ ਦਿੱਤਾ ਹੈ। ਸ਼ਿੰਗੋਰਾ ਸ਼ਾਲ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਜੈਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਪਹਿਲਾਂ ਹੈਜ਼ਮੈਟ ਸੂਟ ਬਣਾਇਆ ਗਿਆ, ਜੋ ਕਿ ਪੀਪੀਈ ਕਿੱਟ ਵਿੱਚ ਸਭ ਤੋਂ ਅਹਿਮ ਯੋਗਦਾਨ ਪਾਉਂਦਾ ਹੈ। ਇਹ ਸੂਟ 10 ਦਿਨਾਂ ਵਿੱਚ ਤਿਆਰ ਕੀਤਾ ਗਿਆ। ਕੰਪਨੀ ਵੱਲੋਂ ਤਿਆਰ 40-50 ਸੂਟ ਪੰਜਾਬ ਪੁਲੀਸ ਨੂੰ ਦੇ ਦਿੱਤੇ ਗਏ ਸਨ। ਇਸ ਮਗਰੋਂ ਸੂਬਾ ਸਰਕਾਰ ਦੇ ਸਹਿਯੋਗ ਨਾਲ ਕੰਪਨੀ ਵੱਲੋਂ ਸਿਟਰਾ ਅਪਰੂਵਡ, ਸਿੰਥੈਟਿਕ ਬਲੱਡ ਪੈਨੀਟਰੇਸ਼ਨ ਅਪਰੂਵਡ ਇਹ ਕਿੱਟ ਤਿਆਰ ਕੀਤੀ ਗਈ ਜਿਸ ਦੀ ਮਨਜ਼ੂਰੀ ਮਿਲਣ ਮਗਰੋਂ ਹੁਣ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਨੂੰ ਆਰਡਰ ਮਿਲੇ ਹਨ।
ਇਸ ਤੋਂ ਇਲਾਵਾ ਗੰਗਾ ਇੰਟਰਨੈਸ਼ਨਲ ਤੇ ਇੰਦਰਾ ਵੈਲਯੂਜ਼ ਨੇ ਵੀ ਕਰੋਨਾ ਸੁਰੱਖਿਆ ਹੈਲਥ ਕਿੱਟਾਂ ਬਣਾ ਕੇ ਮਨਜ਼ੂਰੀ ਲਈ ਭੇਜੀਆਂ ਸਨ। ਜੀਐਮ ਇੰਡਸਟਰੀ ਮਹੇਸ਼ ਖੰਨਾ ਅਨੁਸਾਰ 13 ਯੂਨਿਟਾਂ ਨੇ ਪੀਪੀਈ ਦੇ ਸੈਂਪਲ ਭੇਜੇ ਸਨ, ਜਿਨ੍ਹਾਂ ਵਿੱਚੋਂ 4 ਯੂਨਿਟ ਲੁਧਿਆਣਾ ਤੇ ਇੱਕ ਕਪੂਰਥਲਾ ਦੀ ਸਨਅਤ ਨੂੰ ਮਨਜ਼ੂਰੀ ਮਿਲੀ ਹੈ। ਲੁਧਿਆਣਾ ਦੀਆਂ 2 ਸਨਅਤਾਂ ਦੇ ਐੱਨ-95 ਤੇ ਐੱਨ-99 ਦੇ ਮਾਸਕ ਮਨਜ਼ੂਰ ਹੋ ਚੁੱਕੇ ਹਨ। ਦੋ ਕੰਪਨੀਆਂ ਜੇਸੀਟੀ ਤੇ ਐਵਰਸ਼ਾਈਨ ਨੂੰ ਮਾਸਕ ਬਣਾਉਣ ਦੇ ਆਰਡਰ ਵੀ ਸਰਕਾਰ ਵੱਲੋਂ ਮਿਲ ਚੁੱਕੇ ਹਨ।

ਲੁਧਿਆਣਾ ਪੁਲੀਸ ਵੱਲੋਂ ‘ਕੋਵਿਡ-20 ਕਮਾਂਡੋ’ ਤਿਆਰ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਪਰੈਲ
ਕੋਵਿਡ-19 ਵਰਗੀ ਭਿਆਨਕ ਵਰਗੀ ਬਿਮਾਰੀ ਨਾਲ ਲੜਨ ਲਈ ਲੁਧਿਆਣਾ ਪੁਲੀਸ ਨੇ ਪਹਿਲ ਕਰਦਿਆਂ ਕੋਵਿਡ-20 ਕਮਾਂਡੋ ਫੋਰਸ ਤਿਆਰ ਕੀਤੀ ਹੈ। ਇਹ ਕਮਾਂਡੋ ਮੁਲਾਜ਼ਮਾਂ ਦੀ ਟੀਮ ਹੈ, ਜੋ ਕਿ ਕਰੋਨਾਵਾਇਰਸ ਨਾਲ ਲੜਨ ਵਾਲੇ ਸਾਰੇ ਹੀ ਹਥਿਆਰਾਂ ਨਾਲ ਲੈਸ ਹੋਵੇਗੀ ਅਤੇ ਇਸ ਨੂੰ ਵਿਸ਼ੇਸ਼ ਸਿਖਲਾਈ ਦੇ ਨਾਲ-ਨਾਲ ਪੀਪੀਈ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਕਮਾਂਡੋਜ਼ ਦੀ 20 ਮੈਂਬਰੀ ਇਸ ਟੀਮ ’ਚ ਮਹਿਲਾ ਕਮਾਂਡੋ ਵੀ ਸ਼ਾਮਲ ਹਨ। ਚਾਰ ਟੀਮਾਂ ਵਿੱਚ ਵੰਡੇ ਗਏ ਇਹ 20 ਮੈਂਬਰ ਪੂਰੇ ਲੁਧਿਆਣਾ ਵਿੱਚ ਸਿਹਤ ਵਿਭਾਗ ਦੀ ਟੀਮ ਦੇ ਨਾਲ ਕਰੋਨਾਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਣ ਤੇ ਪਾਜ਼ੇਟਿਵ ਮਰੀਜ਼ਾਂ ਨੂੰ ਲੱਭਣ ਵਿੱਚ ਮਦਦ ਕਰਨਗੇ। ਇਸ ਟੀਮ ਦਾ ਗਠਨ ਪਿਛਲੇ ਦਿਨੀਂ ’ਚ ਲੁਧਿਆਣਾ ਵਿੱਚ ਸਿਹਤ ਵਿਭਾਗ ਦੀ ਟੀਮ ’ਤੇ ਹੋਏ ਹਮਲੇ ਤੋਂ ਬਾਅਦ ਕੀਤਾ ਗਿਆ ਹੈ।
ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਕੋਵਿਡ-19 ਨਾਲ ਲੜਨ ਲਈ ਪੁਲੀਸ ਵੱਲੋਂ ‘ਕੋਵਿਡ-20 ਕਮਾਂਡੋ’ ਟੀਮ ਤਿਆਰ ਕੀਤੀ ਗਈ ਹੈ। ਇਸ ਵਿੱਚ 20 ਕਮਾਂਡੋ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਹਨ। ਹਰ ਜ਼ੋਨ ਦੇ ਲਈ ਪੰਜ ਕਮਾਂਡੋਜ਼ ਦੀ ਇੱਕ ਟੀਮ ਤਿਆਰ ਰਹੇਗੀ, ਜਿਨ੍ਹਾਂ ਦੇ ਕੋਲ ਕਰੋਨਾਵਾਇਰਸ ਦੀ ਪੂਰੀ ਕਿੱਟ ਹੋਵੇਗੀ ਤੇ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਪੂਰੀ ਸਿਖਲਾਈ ਦਿੱਤੀ ਗਈ ਹੈ। ਅਮਰਪੁਰਾ ਇਲਾਕੇ ’ਚ ਕਰੋਨਾ ਪਾਜ਼ੇਟਿਵ ਮਰੀਜ਼ ਮਿਲਣ ਮਗਰੋਂ ਪੁਲੀਸ ਮੁਲਾਜ਼ਮਾਂ ਕੋਲ ਪੂਰਾ ਸਾਮਾਨ ਨਾ ਹੋਣ ਕਾਰਨ ਉਹ ਅੱਗੇ ਨਹੀਂ ਜਾ ਸਕੇ ਸਨ, ਜਿਸ ਤੋਂ ਬਾਅਦ ਪ੍ਰਸ਼ਾਸਨ ਨਾਲ ਮਿਲ ਕੋਵਿਡ ਕਮਾਂਡੋ ਦੇ ਨਾਂ ਹੇਠ ਟੀਮ ਤਿਆਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸ਼ਹਿਰ ਦੇ ਕਿਸੇ ਇਲਾਕੇ ਵਿੱਚ ਵੀ ਕਰੋਨਾ ਪਾਜ਼ੇਟਿਵ ਮਰੀਜ਼ ਮਿਲਦਾ ਹੈ ਤਾਂ ਉਸ ਨੂੰ ਕਿਵੇਂ ਐਂਬੂਲੈਸ ਤੱਕ ਲੈ ਕੇ ਜਾਣਾ ਹੈ ਜਾਂ ਗੱਡੀ ’ਚ ਕਿਵੇਂ ਬਿਠਾਉਣਾ ਹੈ, ਇਸ ਦੀ ਸਾਰੀ ਟ੍ਰੇਨਿੰਗ ਡਾਕਟਰਾਂ ਵੱਲੋਂ ਟੀਮ ਨੂੰ ਦੇ ਦਿੱਤੀ ਗਈ ਹੈ।


Comments Off on ਕਰੋਨਾ: ਲੁਧਿਆਣਾ ’ਚ ਬਣ ਰਹੇ ਨੇ ਪੀਪੀਈ ਕਿੱਟਾਂ ਤੇ ਮਾਸਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.