ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ

Posted On April - 9 - 2020

ਸੰਦੀਪ ਸਿੰਘ (ਡਾ.)

ਸੰਸਾਰ ਇਸ ਸਮੇਂ ਕਰੋਨਾ ਮਹਾਂਮਾਰੀ ਦੇ ਲਪੇਟ ਵਿਚ ਹੈ ਤੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਕਈ ਇਸ ਨੂੰ ਕੁਦਰਤ ਨਾਲ ਕੀਤੀ ਛੇੜ-ਛਾੜ ਦਾ ਨਤੀਜਾ ਦੱਸਦੇ ਹਨ ਤੇ ਕੋਈ ਕਿਸੇ ਖਾਸ ਮੁਲਕ ਦੇ ਖਾਣ-ਪੀਣ ਨਾਲ ਜੋੜ ਰਹੇ ਹਨ। ਇਹ ਗੱਲ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਇਹ ਇਕ ਦੇਸ਼ ਦਾ ਦੂਜੇ ਦੇਸ਼ਾਂ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ ਅਪਣਾਇਆ ਹੱਥਕੰਡਾ ਹੈ। ਚੀਨ ਇਸ ਦਾ ਸੰਤਾਪ ਹੰਢਾ ਚੁੱਕਾ ਜਾਪਦਾ ਹੈ ਤੇ ਇਟਲੀ, ਸਪੇਨ ਤੇ ਅਮਰੀਕਾ ਵੱਡੀ ਪੱਧਰ ’ਤੇ ਹੰਢਾ ਰਹੇ ਜਾਪ ਰਹੇ ਹਨ। ਜੇ ਭਾਰਤ ਜਾਂ ਹੋਰ ਗੁਆਂਢੀ ਮੁਲਕਾਂ ਜਿਵੇਂ ਪਾਕਿਸਤਾਨ, ਇਰਾਨ, ਬੰਗਲਾਦੇਸ਼, ਸ੍ਰੀਲੰਕਾ ਆਦਿ ਤੇ ਦੂਜੇ ਵਿਕਸਿਤ ਦੇਸ਼ਾਂ ਜਿਵੇਂ ਇੰਗਲੈਂਡ, ਫ਼ਰਾਸ, ਰੂਸ ਆਦਿ ਦੀ ਗੱਲ ਕਰੀਏ ਤਾਂ ਖ਼ਤਰੇ ਦੇ ਬਦੱਲ ਮੰਡਰਾ ਰਹੇ ਹਨ ਤੇ ਆਉਣ ਵਾਲੇ ਦਿਨ ਸੁਖਾਲੇ ਨਹੀਂ ਲੱਗਦੇ।
ਸਾਰੇ ਦੇਸ਼ਾਂ ਦੀਆਂ ਮੁਸ਼ਕਲਾਂ ਤਕਰੀਬਨ ਇਕੋ ਜਿਹੀਆਂ ਹਨ ਪਰ ਹਰੇਕ ਨੂੰ ਆਪਣੀਆਂ ਮੁਸ਼ਕਲਾਂ ਹੀ ਵੱਡੀਆਂ ਲੱਗਦੀਆਂ ਹਨ। ਇਸ ਮਹਾਂਮਾਰੀ ਦੇ ਸੰਦਰਭ ਵਿਚ ਕੇਂਦਰ ਸਰਕਾਰ ਨੇ ਪੂਰੇ ਭਾਰਤ ਵਿਚ ਲੌਕਡਾਊਨ ਕੀਤਾ ਹੋਇਆ ਹੈ ਤੇ ਸੂਬਾ ਸਰਕਾਰਾਂ ਨੇ ਕਰਫਿਊ। ਇਸ ਨਾਲ ਭਾਰਤ ਤੇ ਖ਼ਾਸਕਰ ਪੰਜਾਬ ਦੇ ਜ਼ਮੀਨੀ ਹਾਲਾਤ ਦੀ ਬਹੁਤ ਤਰਸਯੋਗ ਤਸਵੀਰ ਸਾਹਮਣੇ ਆ ਰਹੀ ਹੈ। ਇਸ ਭੈੜੀ ਤਸਵੀਰ ਦੇ ਮੁੱਖ ਕਾਰਨ ਸਮਾਜਿਕ ਢਾਂਚੇ ਤੇ ਪ੍ਰਸ਼ਾਸਨ ਦੀ ਅਸਫਲਤਾ ਨਜ਼ਰ ਆਉਂਦੀ ਹੈ। ਇੱਥੇ ਪ੍ਰਸ਼ਾਸਨ ਤੋਂ ਭਾਵ ਕੇਵਲ ਪ੍ਰਸ਼ਾਸ਼ਿਨਕ ਅਧਿਕਾਰੀਆਂ ਤੋਂ ਨਹੀਂ ਸਗੋਂ ਉਨ੍ਹਾਂ ਸਾਰਿਆਂ ਤੋਂ ਹੈ ਜਿਨ੍ਹਾਂ ਦੀ ਮਦੱਦ ਜਾਂ ਸਹਿਯੋਗ ਨਾਲ ਪ੍ਰਸ਼ਾਸਨ ਚੱਲਦਾ ਹੈ।

ਸੰਦੀਪ ਸਿੰਘ (ਡਾ.)

ਸੂਬੇ ਦੇ ਹਾਕਮਾਂ ਵੱਲੋਂ ਜਾਰੀ ਕੀਤੇ ਫ਼ੁਰਮਾਨਾਂ ਨੂੰ ਦੇਖੀਏ ਤਾਂ ਉਨ੍ਹਾਂ ਨੇ ਕਰਫਿਊ ਦਾ ਹੁਕਮ ਜਾਰੀ ਕਰ ਕੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਲਈ ਕਹਿ ਦਿੱਤਾ। ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਸਿੱਝਣ ਜਾਣ ਦੀ ਗੱਲ ਕਹੀ। ਆਪਣੇ ਹੁਕਮਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਡਿਪਟੀ ਕਮਸ਼ਿਨਰਾਂ ਆਦਿ ਨੂੰ ਆਦੇਸ਼ ਜਾਰੀ ਕਰ ਦਿੱਤੇ। ਇਨ੍ਹਾਂ ਆਦੇਸ਼ਾਂ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਮੰਡਲ ਤੇ ਤਹਿਸੀਲ ਅਧਿਕਾਰੀਆਂ ਦੀ ਵੀ ਬਣੀ, ਜਿਨ੍ਹਾਂ ਆਪਣੇ ਉਪਰਲੇ ਆਕਾਵਾਂ ਨੂੰ ਖੁਸ਼ ਕਰਨ ਲਈ ਇਕੋਂ ਝਟਕੇ ਸਭ ਕੁਝ ਬੰਦ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ। ਖ਼ਾਸਕਰ ਰਾਸ਼ਨ, ਸਬਜ਼ੀ ਤੇ ਦੁੱਧ, ਡਾਕਟਰਾਂ ਤੇ ਦਵਾਈਆਂ ਦੀ ਲੋੜ ਹਰ ਵੇਲੇ ਰਹਿੰਦੀ ਹੈ, ਪਰ ਉਨ੍ਹਾਂ ਇਸ ਬਾਰੇ ਇਕ ਵਾਰੀ ਵੀ ਨਹੀਂ ਸੋਚਿਆ। ਦਿਖਾਵੇ ਵੱਜੋਂ ਇਨ੍ਹਾਂ ਵਸਤਾਂ ਦੀ ਸਪਲਾਈ ਘਰ-ਘਰ ਪਹੁੰਚਾਉਣ ਲਈ ਮੋਬਾਈਲ ਨੰਬਰਾਂ ਦੀਆਂ ਲੰਮੀਆਂ-ਲੰਮੀਆਂ ਸੂਚੀਆਂ ਜਾਰੀ ਕੀਤੀਆਂ, ਪਰ ਬਹੁਤੇ ਨੰਬਰ ਬੰਦ ਹੀ ਮਿਲੇ ਜਾਂ ਮਿਲਦੇ ਹਨ। ਵੈਸੇ ਵੀ ਹਕੀਕੀ ਪੱਧਰ ’ਤੇ ਇਹ ਸੰਭਵ ਹੀ ਨਹੀਂ ਸੀ ਕਿ ਘਰ-ਘਰ ਇਨ੍ਹਾਂ ਜ਼ਰੂਰੀ ਵਸਤਾਂ ਦੀ ਸਪਲਾਈ ਕੀਤੀ ਜਾ ਸਕੇ। ਸਭ ਨੂੰ ਪਤਾ ਹੈ ਕਿ ਇਨ੍ਹਾਂ ਦੁਕਾਨਾਂ ’ਤੇ ਕੋਈ ਸੈਂਕੜੇ ਬੰਦੇ ਕੰਮ ਨਹੀਂ ਕਰਦੇ ਕਿ ਉਹ ਲੋਕਾਂ ਤੱਕ ਜ਼ਰੂਰੀ ਚੀਜ਼ਾਂ ਪਹੁੰਚਾ ਸਕਣ। ਇਹ ਵੀ ਸੰਭਵ ਨਹੀਂ ਉਹ ਅਜਿਹੇ ਹਾਲਾਤਾਂ ਵਿਚ ਫੌਰੀ ਕੰਮ ਕਰਨ ਵਾਲੇ ਬੰਦਿਆਂ ਦੀ ਭਰਤੀ ਕਰ ਲੈਣ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਅਤੇ ਉਸ ਤੋਂ ਵੀ ਜ਼ਿਆਦਾ ਆਪਣੀ ਨਲਾਇਕੀ ਨੂੰ ਛੁਪਾਉਣ ਲਈ ਕਰਫਿਊ ਵਿਚ ਢਿੱਲ ਦੇ ਕੇ ਸਵੇਰੇ ਸਵੇਰ ਦਾ ਕੁਝ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ, ਪਰ ਵਸਤਾਂ ਦੀ ਕਾਲਾ-ਬਜ਼ਾਰੀ ਤੇ ਤੰਗੀ ਸਭ ਦੇ ਸਾਹਮਣੇ ਹੈ। ਭਾਵੇਂ ਪ੍ਰਸ਼ਾਸਕੀ ਅਧਿਕਾਰੀ ਆਪਣੇ ਅੱਡਿਆ ’ਤੇ ਬੈਠੇ ਇਸ ਸਭ ਤੋਂ ਇਨਕਾਰ ਕਰਦੇ ਦਿਖਾਈ ਦਿੰਦੇ ਹਨ। ਲੋਕਾਂ ਦੀ ਅੱਖਾਂ ਵਿਚ ਘੱਟਾ ਪਾਉਣ ਲਈ ਕੁਝ ਜਗ੍ਹਾ ਇੱਕਾ-ਦੁੱਕਾ ਕਾਰਵਾਈਆਂ ਕਰ ਕੇ ਕਾਗਜ਼ੀ ਸ਼ੇਰ ਵੀ ਬਣ ਰਹੇ ਹਨ।
ਇਕ ਲੋਕਤੰਤਰੀ ਮੁਲਕ ਵਿਚ ਜਿੱਥੇ ਕਾਨੂੰਨ ਵਿਵਸਥਾ ਜ਼ਰੂਰੀ ਹੈ, ਉੱਥੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਉਸ ਤੋਂ ਜ਼ਿਆਦਾ ਜ਼ਰੂਰੀ ਹੈ। ਪਰ ਪਿਛਲੇ ਸਮੇਂ ਵਾਂਗ ਇਸ ਸਮੇਂ ਦੀ ਵੀ ਇਹ ਤ੍ਰਾਸਦੀ ਰਹੀ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਦੇ ਨਾਂ ‘ਤੇ ਪੁਲੀਸ ਨੇ ਸੋਸ਼ਲ ਦੇ ਪੁਰਾਣੇ ਸਾਰੇ ਰਿਕਾਰਡ ਵੀ ਤੋੜ ਦਿੱਤੇ। ਸੋਸ਼ਲ ਮੀਡੀਆ ’ਤੇ ਪੁਲੀਸ ਤਸ਼ੱਦਦ ਦੀਆਂ ਘੁੰਮਦੀਆਂ ਵੀਡਿਉਜ਼ ਵਿਚ ਪੁਲੀਸ ਮੁਲਾਜ਼ਮ ਕਿਸੇ ਨੂੰ ਡਾਂਗਾਂ ਨਾਲ ਕੁੱਟਦੇ, ਕਿਸੇ ਨੂੰ ਮੁਰਗੇ ਬਣਾਉਂਦੇ, ਕਿਸੇ ਕੋਲੋਂ ਪਲਸੇਟੀਆਂ ਲਵਾਉਂਦੇ, ਕਿਸੇ ਕੋਲੋਂ ਨੱਕ ਨਾਲ ਲੀਕਾਂ ਕਢਵਾਉਂਦੇ, ਛੋਟੇ ਕੋਲੋਂ ਵੱਡਿਆਂ ਨੂੰ ਚਪੇੜਾਂ ਮਰਵਾਉਂਦੇ ਅਤੇ ਖੁਦ ਮਾਵਾਂ-ਭੈਣਾਂ ਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਤੇ ਹੋਰ ਮਾੜਾ ਵਰਤਾਉ ਕਰਦੇ ਨਜ਼ਰ ਆ ਰਹੇ ਹਨ। ਲੱਗਦਾ ਹੈ ਸ਼ਾਇਦ ਪੁਲੀਸ ਵਿਭਾਗ ਇਸ ਵੇਲੇ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਨਵੇਂ ਭਰਤੀ ਹੋਇਆਂ ਨੂੰ ਵਹਿਸ਼ੀਪੁਣੇ ਦੀ ਟ੍ਰੇਨਿੰਗ ਦਿੱਤੀ ਜਾਵੇ। ਇਹ ਨਹੀਂ ਸੋਚਿਆ ਗਿਆ ਜਾਂ ਸੋਚਿਆ ਨਹੀਂ ਜਾ ਰਿਹਾ ਕਿ ਤੁਸੀ ਅਜਿਹੀਆਂ ਘਟੀਆਂ ਹਰਕਤਾਂ ਕਰਦੇ ਨਾ ਤਾਂ ਉਨ੍ਹਾਂ ਲੋਕਾਂ ਦੀ ਉਮਰ ਅਤੇ ਮਜਬੂਰੀ ਦਾ ਧਿਆਨ ਰੱਖ ਰਹੇ ਹੋ ਤੇ ਨਾ ਹੀ ਆਪਣੇ ਪਰਿਵਾਰਾਂ ਦਾ। ਕੀ ਕਦੇ ਸੋਚਿਆ ਕਿ ਤੁਹਾਡੇ ਬੱਚੇ ਜਾਂ ਮਾਪੇ ਤੁਹਾਡੀਆਂ ਇਹ ਹਰਕਤਾਂ ਦੇਖ ਕੇ ਕੀ ਸੋਚਣਗੇ। ਇਕ ਵਾਰੀ ਇਹ ਵੀ ਸੋਚ ਲੈਣਾ ਚਾਹੀਦਾ ਹੈ ਕਿ ਮਜਬੂਰ ਲੋਕਾਂ ਦੀ ਬਦਦੁਆਵਾਂ ਤੁਹਾਡੇ ਨਾਲ-ਨਾਲ ਤੁਹਾਡੇ ਪਰਿਵਾਰਾਂ ਨੂੰ ਪੈ ਰਹੀਆਂ ਹਨ। ਕਾਨੂੰਨ ਵਿਚ ਹਰ ਪੱਖ ਨਾਲ ਸਬੰਧਤ ਪ੍ਰਬੰਧ ਹਨ, ਤੁਸੀਂ ਉਸ ਮੁਤਾਬਕ ਕੰਮ ਕਰੋ। ਅਜਿਹੇ ਸਮੇਂ ਮਨੁੱਖੀ ਅਧਿਕਾਰ ਕਮਿਸ਼ਨ ਵੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹੀ ਹੈ। ਮਨੁੱਖੀ ਅਧਿਕਾਰ ਕਾਨੂੰਨ ਦੀ ਧਾਰਾ 12 ਅਧੀਨ ਜੇ ਕਮਿਸ਼ਨ ਚਾਹੇ ਤਾਂ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਨੂੰ ਰੋਕਣ ਲਈ ਖੁਦ ਵੀ ਕਾਰਵਾਈ ਕਰ ਸਕਦਾ ਹੈ। ਜਦੋਂ ਸਭ ਕੁਝ ਆਮ ਵਾਂਗ ਹੋ ਜਾਏਗਾ ਸ਼ਾਇਦ ਸੱਪ ਲੰਘਣ ਮਗਰੋਂ ਲਕੀਰਾਂ ਪਿੱਟਦਾ ਦਿਖਾਈ ਦੇਵੇ।
ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਣ ਵਾਲਾ ਮੀਡੀਆ ਵੀ ਕੁਝ ਕੁ ਨੂੰ ਛੱਡ ਕੇ ਪ੍ਰਸ਼ਾਸਨ ਜਾਂ ਪੁਲੀਸ ਅਧਿਕਾਰੀਆਂ ਦੇ ਸੋਹਲੇ ਗਾਉਂਦਾ ਹੀ ਨਜ਼ਰ ਆ ਰਿਹਾ ਹੈ। ਕੁਝ ਪੱਤਰਕਾਰ ਲੋਕਾਂ ਕੋਲੋਂ ਪੁਲੀਸ ਨਾਲੋਂ ਜ਼ਿਆਦਾ ਤਫ਼ਤੀਸ਼ ਕਰਦੇ ਤੇ ਉਪਦੇਸ਼ ਦਿੰਦੇ ਦਿਖਾਈ ਦੇ ਰਹੇ ਹਨ। ਮੀਡੀਆ ਇਹ ਤਾਂ ਦਿਖਾ ਰਿਹਾ ਹੈ ਕਿ ਪੁਲੀਸ ਕਿਵੇਂ ਕਰਫਿਊ ਤੋੜਨ ਵਾਲਿਆਂ ਨੂੰ ਬੇਇੱਜ਼ਤ ਕਰ ਰਹੀ ਹੈ, ਪਰ ਇਹ ਨਹੀਂ ਦਿਖਾ ਰਿਹਾ ਕਿ ਪ੍ਰਸ਼ਾਸਨ ਅਜੇ ਤੱਕ ਕਿੱਥੇ ਪਹੁੰਚ ਨਹੀਂ ਕਰ ਪਾ ਰਿਹਾ। ਮੀਡੀਆ ਆਪਣੀ ਨਾਂਹਪੱਖੀ ਭੂਮਿਕਾ ਅਦਾ ਕਰਦਾ ਹੋਇਆ ਕਿਸੇ ਖਾਸ ਫਿਰਕੇ ਦੇ ਲੋਕਾਂ ਨੂੰ ‘ਫਸੇ’ ਤੇ ਕਿਸੇ ਹੋਰ ਫਿਰਕੇ ਲੋਕਾਂ ਨੂੰ ‘ਲੁਕੇ’ ਦਿਖਾ ਕੇ ਹਾਕਮਾਂ ਦੀ ਸੋਚ ਪ੍ਰਤੀ ਵਫਾਦਾਰ ਹੋਣ ਦਾ ਸਬੂਤ ਦੇ ਰਿਹਾ ਹੈ।
ਰਾਜਨੇਤਾਵਾਂ ਨੇ ਇਕ ਵਾਰੀ ਫੇਰ ਆਪਣਾ ਅਸਲੀ ਰੂਪ ਦਿਖਾ ਦਿੱਤਾ, ਜਿਸ ਦੀ ਉਨ੍ਹਾਂ ਤੋਂ ਉਮੀਦ ਸੀ। ਉਹ ਸਿਰਫ਼ ਫੇਸਬੁੱਕ ’ਤੇ ਲਾਈਵ ਹੋ ਕੇ ਜਾਂ ਵੀਡੀਉ ਪਾ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰਦੇ ਹੀ ਦਿਖਾਈ ਦੇ ਰਹੇ ਹਨ। ਰਾਜਨੇਤਾਵਾਂ ਦੇ ਨਾਲ-ਨਾਲ ਕੁਝ ਸੈਲੀਬ੍ਰਿਟੀਜ਼ ਵੀ ਹਾਕਮਾਂ ਦੀਆਂ ਅਜਿਹੀਆਂ ਗੱਲਾਂ ’ਤੇ ਅਮਲ ਕਰਦੇ ਦਿਖਾਈ ਦੇ ਰਹੇ ਹਨ ਜਿਨ੍ਹਾਂ ਨੇ ਕੱਲ੍ਹ ਨੂੰ ਉਨ੍ਹਾਂ ਨੂੰ ਮਹਿੰਗੇ ਇਸ਼ਤਿਹਾਰ ਜਾਂ ਰਾਜਸੀ ਕੁਰਸੀਆਂ ਦਿਵਾਉਣੀਆਂ ਹਨ। ਜਦੋਂ ਧਾਰਮਿਕ ਸੰਸਥਾਵਾਂ ਤੇ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਦੀ ਸਾਰ ਲੈਣੀ ਸ਼ੁਰੂ ਕਰ ਦਿੱਤੀ ਤਾਂ ਕੁਝ ਨੇਤਾ ਲੋਕ ਵੀ ਬਰਸਾਤੀ ਡੱਡੂਆਂ ਵਾਂਗ ਬਾਹਰ ਆ ਕੇ ਆਪਣੀਆਂ ਵੋਟਾਂ ਪੱਕੀਆ ਲਈ ਚੌਧਰ ਜਮਾਉਣ ਲੱਗ ਪਏ। ਜੇ ਇਨ੍ਹਾਂ ਨੂੰ ਲੋਕਾਂ ਦੀ ਇੰਨੀ ਹੀ ਫਿਕਰ ਹੁੰਦੀ ਤਾਂ ਆਪਣਾ ਫਰਜ਼ ਸਮਝ ਕੇ ਪਹਿਲੇ ਦਿਨ ਤੋਂ ਹੀ ਉਹ ਕੰਮ ਕਰਨ ਲੱਗ ਪੈਂਦੇ ਜਿਸ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ।
ਇਸ ਸਾਰੇ ਘਟਨਾਕ੍ਰਮ ਵਿਚ ਰੱਬ ਦਾ ਦੂਜਾ ਨਾਂ ਕਹੇ ਜਾਣ ਵਾਲੇ ਡਾਕਟਰ ਤੇ ਉਨ੍ਹਾਂ ਦੀ ਸਹਾਇਤਾ ਕਰਨ ਵਾਲਾ ਸਬੰਧਤ ਸਟਾਫ਼ ਆਪਣੀ ਜਾਨ ਦੀ ਵੀ ਪ੍ਰਵਾਹ ਨਾ ਕਰ ਕੇ ਆਪਣਾ ਫਰਜ਼ ਨਿਭਾ ਰਿਹਾ ਹੈ। ਪਰ ਕੁਝ ਪ੍ਰਾਈਵੇਟ ਹਸਤਪਤਾਲਾਂ ਦੀਆਂ ਅਜਿਹੀਆਂ ਤਸਵੀਰਾਂ ਵੀ ਦਿਖਾਈ ਦੇ ਰਹੀਆਂ ਹਨ ਜਿਸ ਵਿਚ ਉਹ ਖਾਂਸੀ ਤੇ ਜ਼ੁਕਾਮ ਦੇ ਮਰੀਜ਼ਾਂ ਨੂੰ ਨਾ ਆਉਣ ਬਾਰੇ ਕਹਿ ਕੇ ਆਪਣਾ ਘ੍ਰਿਣਤ ਚਿਹਰਾ ਨੰਗਾ ਕਰ ਰਹੇ ਹਨ। ਬਿਨਾਂ ਸ਼ੱਕ ਸੜਕਾਂ, ਗਲੀ-ਮੁਹੱਲਿਆਂ ਤੇ ਘਰਾਂ ਬਾਹਰ ਬੈਠੇ ਕਈ ਲੋਕ ਬੇਵਜ੍ਹਾ ਤੇ ਲਾਪ੍ਰਵਾਹੀ ਦਿਖਾ ਕੇ ਖੁਦ ਨੂੰ ਹੀਰੋ ਦੀ ਤਰ੍ਹਾਂ ਪੇਸ਼ ਕਰਨ ਦਾ ਯਤਨ ਕਰ ਰਹੇ ਹਨ। ਬਿਨਾਂ ਕੰਮ ਤੋਂ ਅਵਾਰਗਰਦੀ ਕਰਦੇ ਇਨ੍ਹਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਹਾਲਤ ਯੂਪੀ, ਬਿਹਾਰ ਜਾਂ ਹੋਰ ਸੂਬਿਆਂ ਦੇ ਪਰਵਾਸੀ ਮਜ਼ਦੂਰਾਂ ਨਾਲੋਂ ਕਿਤੇ ਚੰਗੀ ਹੈ, ਜਿਨ੍ਹਾਂ ਨੂੰ ਭੁੱਖੇ-ਭਾਣੇ ਸੜਕਾਂ ’ਤੇ ਨਿਕਲਣਾ ਪੈ ਰਿਹਾ ਹੈ।
ਖੁਦ ਅਧਿਆਪਕ ਵਰਗ ਤੋਂ ਹੋਣ ਕਰਕੇ ਮੈਨੂੰ ਅੱਜ ਸਭ ਤੋਂ ਜ਼ਿਆਦਾ ਸ਼ਰਮ ਆਪਣੇ ਵਰਗ ’ਤੇ ਆ ਰਹੀ ਹੈ ਕਿ ਕੀ ਅਸੀਂ ਬੱਚਿਆਂ ਨੂੰ ਅਜਿਹਾ ਪੜ੍ਹਾਇਆ ਲਿਖਾਇਆ, ਸੰਸਕਾਰ ਦਿੱਤੇ ਕਿ ਉਹ ਸੜਕਾਂ ’ਤੇ ਜਾ ਕੇ ਅਤੇ ਜ਼ਿੰਮੇਵਾਰ ਅਹੁਦਿਆਂ ’ਤੇ ਬੈਠ ਕੇ ਮਨੁੱਖਤਾ ਦਾ ਘਾਣ ਕਰਨ ਵਾਲੀਆਂ ਹੋਛੀਆਂ ਹਰਕਤਾਂ ਕਰਨ। ਕਦੀ-ਕਦੀ ਲੱਗਦਾ ਹੈ ਕਿ ਅਸੀਂ ਵੀ ਸਮਾਜਿਕ ਢਾਂਚੇ ਦਾ ਉਹ ਅੰਗ ਹਾਂ ਜੋ ਸਮਾਜ ਦੀ ਬਰਬਾਦੀ ਦੇਖ ਕੇ ਵੀ ਚੁੱਪ ਹੈ।

*ਸਹਾਇਕ ਪ੍ਰਫੈਸਰ, ਕਾਨੂੰਨ ਵਿਭਾਗ,ਪੰਜਾਬੀ ਯੂਨੀਵਰਸਿਟੀ, ਪਟਿਆਲਾ।
-ਸੰਪਰਕ: 94171-99581


Comments Off on ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.