ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਕਰੋਨਾਵਾਇਰਸ: ਚਰਚਾ ’ਚੋਂ ਤੀਸਰੀ ਦੁਨੀਆਂ ਦੇ ਦੇਸ਼ ਗਾਇਬ?

Posted On April - 9 - 2020

ਡਾ. ਸ਼ਿਆਮ ਸੁੰਦਰ ਦੀਪਤੀ*
ਜਦੋਂ ਵੀ ਤੀਸਰੀ ਦੁਨੀਆਂ ਦੀ ਗੱਲ ਹੁੰਦੀ ਹੈ, ਇਸ ਵਿਚ ਵਧੇਰੇ ਦੇਸ਼ ਏਸ਼ੀਆ ਅਤੇ ਅਫ਼ਰੀਕਾ ਮਹਾਂਦੀਪ ਦੇ ਗਿਣੇ ਜਾਂਦੇ ਹਨ ਪਰ ਕਰੋਨਾਵਾਇਰਸ ਦੌਰਾਨ ਸਾਡੇ ਮੁਲਕ ਵਿਚ ਜਿੱਥੇ ਕਿਤੇ ਵੀ ਕਰੋਨਾਵਾਇਰਸ ਬਾਰੇ ਚਰਚਾ ਹੋ ਰਹੀ ਹੈ, ਅਸੀਂ ਬਿਮਾਰੀ ਦੇ ਹਾਲਾਤ ਅਤੇ ਤਿਆਰੀ ਪੱਖੋਂ ਆਪਣੇ ਦੇਸ਼ ਦੀ ਤੁਲਨਾ ਯੂਰੋਪ ਦੇ ਦੇਸ਼ਾਂ ਇਟਲੀ, ਜਰਮਨੀ, ਸਪੇਨ ਅਤੇ ਅਮਰੀਕਾ ਨਾਲ ਕਰਨ ਲੱਗੇ ਹੋਏ ਹਾਂ। ਇਹ ਠੀਕ ਹੈ ਕਿ ਅਸੀਂ ਦੁਨੀਆਂ ਦੀ ਪੰਜਵੀਂ ਅਰਥ-ਵਿਵਸਥਾ ਹਾਂ ਤੇ ਜਰਮਨੀ ਚੌਥੀ (ਅੱਗੜ-ਪਿੱਛੜ) ਪਰ ਜ਼ਮੀਨੀ ਹਕੀਕਤ ਵਿਚ ਅਸੀਂ ਅਫ਼ਰੀਕਾ ਦੇ ਨੇੜੇ-ਤੇੜੇ ਹੀ ਹਾਂ। ਆਰਥਿਕ ਤੇਜ਼ ਰਫ਼ਤਾਰੀ ਦੇ ਇਸ ਦੌਰ ਸਮੇਂ ਦੇਸ਼ ਵਿਚ ਕਰੋਨਾਵਾਇਰਸ ਦੀ ਗਿਣਤੀ ਵਿਚ ਕਈ ਗੁਣਾ ਵਾਧਾ ਹੋਇਆ ਹੈ ਤੇ ਅਰਬਪਤੀਆਂ ਨੇ ਵੀ ਬੇਇੰਤਹਾ ਦੌਲਤ ਇਕੱਠੀ ਕੀਤੀ ਹੈ। ਉਂਜ ਰੋਜ਼ਾਨਾ ਕੰਮ ਕਰ ਕੇ ਕਮਾਉਣ-ਖਾਣ ਵਾਲਿਆਂ ਦੀ ਹਾਲਤ ਵਿਚ ਕੋਈ ਵੱਡਾ ਸੁਧਾਰ ਨਹੀਂ ਆਇਆ। ਭੁੱਖਮਰੀ ਤੇ ਕੁਪੋਸ਼ਣ ਦੇ ਮਾਮਲੇ ਵਿਚ ਅਸੀਂ ਅਜੇ ਵੀ ਅਫ਼ਰੀਕਾ ਦੀ ਬਰਾਬਰੀ ਕਰ ਰਹੇ ਹਾਂ।
ਇਨ੍ਹਾਂ ਦੇਸ਼ਾਂ ਵਿਚ ਸਿਰਫ਼ ਕੁਪੋਸ਼ਣ ਦੀ ਹਾਲਤ ਹੀ ਸਾਂਝੀ ਨਹੀਂ, ਸਗੋਂ ਟੀ.ਬੀ. ਅਤੇ ਏਡਜ਼ ਵਰਗੀਆਂ ਬਿਮਾਰੀਆਂ ਵੀ ਵੰਗਾਰ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਹਰ ਸਾਲ ਮੌਸਮੀ ਬਿਮਾਰੀਆਂ ਆਪਣੀ ਹਾਜ਼ਰੀ ਲਵਾਉਂਦੀਆਂ ਹਨ।
ਜੇ ਕਰੋਨਾ ਦੀ ਮੌਜੂਦਾ ਹਾਲਤ ਨੂੰ ਸਮਝੀਏ ਤਾਂ ਇਨ੍ਹਾਂ ਦੇਸ਼ਾਂ ਵਿਚ ਗਿਣਤੀ ਅਜੇ ਹਜ਼ਾਰਾਂ ਵਿਚ ਹੈ ਅਤੇ ਮੌਤਾਂ ਸੈਂਕੜਿਆਂ ਵਿਚ। ਮੌਤ ਦਰ ਦਾ ਅੰਕੜਾ 3 ਫ਼ੀਸਦੀ ਦੇ ਕਰੀਬ ਹੈ। ਭਾਵੇਂ ਗੱਲ ਘੱਟ ਟੈਸਟ ਹੋਣ ਦੀ ਹੋ ਰਹੀ ਹੈ ਤੇ ਬਿਮਾਰੀ ਦਾ ਸਹੀ ਜਾਇਜ਼ਾ ਨਹੀਂ ਲੱਗ ਰਿਹਾ ਪਰ ਇਕ ਗੱਲ ਤਾਂ ਹੈ ਕਿ ਗੰਭੀਰ ਹਾਲਤ ਅਤੇ ਕੋਵਿਡ-19 ਤੋਂ ਮਰਨ ਵਾਲਿਆਂ ਦੀ ਗਿਣਤੀ ਤਾਂ ਲੁਕੀ ਨਹੀਂ ਰਹਿ ਸਕਦੀ, ਇਹ ਅੰਕੜੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਸਿਹਤ ਸੰਸਥਾ ਤੱਕ ਪਹੁੰਚਣਗੇ ਹੀ।
ਇਕ-ਦੋ ਪਹਿਲੂ ਜੋ ਸਾਡੇ ਪੱਖ ਵਿਚ ਭੁਗਤੇ ਹੋ ਸਕਦੇ ਹਨ, ਉਹ ਇਹ ਹਨ ਕਿ ਸਾਡੇ ਦੇਸ਼ ਦੀ ਔਸਤਨ ਉਮਰ 26.8 ਵਰ੍ਹੇ ਹੈ ਤੇ ਅਫ਼ਰੀਕਾ ਦੀ 27.6 ਅਤੇ ਜਿਨ੍ਹਾਂ ਨਾਲ ਅਸੀਂ ਤੁਲਨਾ ਕਰ ਰਹੇ ਹਾਂ, ਉਥੇ ਬੁੱਢਿਆਂ ਦੀ ਆਬਾਦੀ ਵੱਧ ਹੈ। ਇਟਲੀ ਦੀ ਔਸਤ ਉਮਰ-47 ਸਾਲ, ਜਰਮਨੀ ਦੀ 46 ਅਤੇ ਸਪੇਨ ਦੀ 44 ਸਾਲ ਹੈ। ਦੂਜਾ ਸਾਡੇ ਮੁਲਕਾਂ ਵਿਚ ਲਾਗ ਦੀਆਂ ਜੀਵਾਣੂਆਂ-ਵਿਸ਼ਾਣੂਆਂ ਦੀਆਂ ਬਿਮਾਰੀਆਂ ਲਗਾਤਾਰ ਰਹਿੰਦੀਆਂ ਹਨ। ਸਾਲ ਵਿਚ ਘੱਟੋ- ਘੱਟ ਦੋ ਵਾਰ ਗਰਮੀ ਅਤੇ ਸਰਦੀ ਵੇਲੇ ਫਲੂ ਅਤੇ ਵਾਇਰਲ ਬੁਖ਼ਾਰ ਵੱਡੀ ਗਿਣਤੀ ਵਿਚ ਦੇਖਣ ਨੂੰ ਆਉਂਦਾ ਹੈ ਤੇ ਇਹ ਵਿਸ਼ਾਣੂ ਦੀ ਕਿਸਮ ਕਰੋਨਾ ਕਾਰਨ ਹੀ ਹੁੰਦੀ ਹੈ। ਠੀਕ ਹੈ ਕਿ ਇਹ ਨਵਾਂ ਰੂਪ ਹੈ ਪਰ ਇਸ ਨਾਲ ਜੁੜੇ ਪਰਿਵਾਰ ਦੀ ਪੁਰਾਣੀ ਮਾਮੂਲੀ ਬਿਮਾਰੀ ਕਾਰਨ ਵੀ ਅਸੀਂ ਕੁਝ ਹੱਦ ਤੱਕ ਸੁਰੱਖਿਅਤ ਹਾਂ।
ਇਸ ਦਾ ਇਕ ਪੱਖ ਇਹ ਵੀ ਹੈ ਕਿ ਇਹ ਬਿਮਾਰੀ ਬਜ਼ੁਰਗਾਂ ਅਤੇ ਉਨ੍ਹਾਂ ਲੋਕਾਂ ਲਈ ਵੱਧ ਘਾਤਕ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਬਿਮਾਰੀ ਜਿਵੇਂ ਸ਼ੂਗਰ ਜਾਂ ਦਿਲ ਦੀ ਬਿਮਾਰੀ ਹੈ ਭਾਵ ਜਿਨ੍ਹਾਂ ਦੀ ਸੁਰੱਖਿਆ ਪ੍ਰਣਾਲੀ ਉਮਰ ਕਰਕੇ ਜਾਂ ਬਿਮਾਰੀ ਅਤੇ ਦਵਾਈਆਂ ਦਾ ਲਗਾਤਾਰ ਸੇਵਨ ਕਰਕੇ ਕਮਜ਼ੋਰ ਹੈ। ਇਹ ਦੋਹੇਂ ਯੂਰੋਪ ਵਿਚ ਵਾਧੂ ਮੌਤ ਦਰ ਦੇ ਕਾਰਨ ਹਨ, ਪਰ ਸਾਡਾ ਮੁਲਕ ਦੂਹਰੀ ਮਾਰ ਹੇਠ ਹੈ। ਸਾਡੇ ਬਹੁਤ ਸਾਰੇ ਲੋਕ ਸ਼ੂਗਰ ਰੋਗ ਅਤੇ ਦਿਲ ਦੇ ਰੋਗਾਂ ਦੇ ਸ਼ਿਕਾਰ ਹਨ ਤੇ ਕੁਪੋਸ਼ਣ ਦੀ ਹਾਲਤ ਵੀ ਗੰਭੀਰ ਹੱਦ ਤੱਕ ਹੈ। ਸਾਡੇ 5 ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣੀ ਉਮਰ ਮੁਤਾਬਕ ਕੱਦ ਤੋਂ ਛੋਟੇ ਹਨ ਅਤੇ ਸਾਡੀਆਂ ਅੱਧੀਆਂ ਤੋਂ ਵੱਧ ਔਰਤਾਂ (ਗਰਭ ਧਾਰਨ ਕਰਨ ਦੀ ਉਮਰ-15 ਤੋਂ 43 ਸਾਲ ਵਿਚਕਾਰ) ਅਨੀਮੀਆ-(ਖੂਨ ਦੀ ਘਾਟ) ਤੋਂ ਪ੍ਰਭਾਵਿਤ ਹਨ। ਇੰਜ ਸੁਰੱਖਿਆ ਪ੍ਰਣਾਲੀ ਦੀ ਕਮਜ਼ੋਰੀ ਕਰਕੇ ਉਨ੍ਹਾਂ ਉੱਪਰ ਇਸ ਵਾਇਰਸ ਦਾ ਅਸਰ ਵਧੇਰੇ ਹੋਣ ਦਾ ਖ਼ਦਸ਼ਾ ਹੈ।
ਇਸ ਲਈ ਬਚਾਅ ਤੇ ਸਾਵਧਾਨੀ ਹੀ ਇਕੋ-ਇਕ ਰਸਤਾ ਹੈ, ਜਿਸ ਤਹਿਤ ਇਸ ਵਾਇਰਸ ਦੇ ਫੈਲਣ ਦੀ ਗਤੀ ਨੂੰ ਤੋੜਿਆ-ਰੋਕਿਆ ਜਾਵੇ। ਘੱਟੋ-ਘੱਟ ਤਿੰਨ ਪੱਖਾਂ-ਸਮਾਜਿਕ ਦੂਰੀ, ਮਾਸਕ, ਹੱਥ ਧੋਣੇ ਆਦਿ ਦੀਆਂ ਆਦਤਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ। ਲੌਕਡਾਊਨ ਦੀ ਮਿਆਦ ਮੁੱਕਣ ਨੂੰ ਆ ਰਹੀ ਹੈ ਪਰ ਜਿਸ ਸੰਜੀਦਗੀ ਨਾਲ ਇਸ ਨੂੰ ਲੈਣਾ ਚਾਹੀਦਾ ਸੀ, ਉਸ ਭਾਵਨਾ ਨਾਲ ਨਹੀਂ ਹੋ ਸਕਿਆ। ਇਸ ਦੇ ਨਤੀਜੇ ਬਾਰੇ ਆਉਣ ਵਾਲੇ ਸਮੇਂ ਦੌਰਾਨ ਪਤਾ ਲੱਗੇਗਾ।
* ਪ੍ਰੋਫੈਸਰ, ਸਰਕਾਰੀ ਮੈਡੀਕਲ
ਕਾਲਜ ਅੰਮ੍ਰਿਤਸਰ
ਸੰਪਰਕ: 98158-08506


Comments Off on ਕਰੋਨਾਵਾਇਰਸ: ਚਰਚਾ ’ਚੋਂ ਤੀਸਰੀ ਦੁਨੀਆਂ ਦੇ ਦੇਸ਼ ਗਾਇਬ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.