ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਕਰੋਨਾਵਾਇਰਸ: ਇਕੋ ਦਿਨ ’ਚ 773 ਨਵੇਂ ਕੇਸ, 32 ਮੌਤਾਂ

Posted On April - 9 - 2020

ਮੁੰਬਈ ਦੇ ਮਾਜ਼ਗਾਓਂ ਇਲਾਕੇ ਵਿਚ ਇਕ ਸਿਹਤ ਕਰਮੀ ਬੁੱਧਵਾਰ ਨੂੰ ਇਕ ਔਰਤ ਦੇ ਕੋਵਿਡ-19 ਟੈਸਟ ਲਈ ਸੈਂਪਲ ਲੈਂਦੀ ਹੋਈ। -ਫੋਟੋ: ਪੀਟੀਆਈ

ਨਵੀਂ ਦਿੱਲੀ, 8 ਅਪਰੈਲ
ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 32 ਵਿਅਕਤੀ ਕਰੋਨਾਵਾਇਰਸ ਕਰਕੇ ਦਮ ਤੋੜ ਗਏ ਹਨ ਜਦੋਂਕਿ ਮਹਾਮਾਰੀ ਦੀ ਜ਼ੱਦ ਵਿੱਚ ਆਉਣ ਵਾਲੇ 773 ਨਵੇਂ ਕੇਸ ਰਿਪੋਰਟ ਹੋਏ ਹਨ। ਅੱਜ ਹੋਈਆਂ ਮੌਤਾਂ ਨਾਲ ਕੋਵਿਡ-19 ਕਰਕੇ ਮਰਨ ਵਾਲਿਆਂ ਦਾ ਕੁੱਲ ਅੰਕੜਾ 149 ਤੇ ਕੁੱਲ ਕੇਸਾਂ ਦੀ ਗਿਣਤੀ 5,274 ਹੋ ਗਈ ਹੈ। ਉਂਜ ਵੱਖ ਵੱਖ ਰਾਜਾਂ ਤੋਂ ਪ੍ਰਾਪਤ ਅੰਕੜਿਆਂ ਨੂੰ ਸਹੀ ਮੰਨੀਏ ਤਾਂ ਦੇਸ਼ ਵਿੱਚ ਹੁਣ ਤਕ ਕੁੱਲ 181 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕਰੋਨਾਵਾਇਰਸ ਲਾਗ ਦੇ ਵਧਦੇ ਕੇਸਾਂ ਕਰਕੇ ਸਰਕਾਰ ਨੇ ਰਾਜਾਂ ਦੇ ਸਹਿਯੋਗ ਨਾਲ ਆਪਣੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।
ਸਰਕਾਰ ਵੱਲੋਂ ਕੋਵਿਡ-19 ਦੇ ਟਾਕਰੇ ਲਈ ਘੜੀ ਰਣਨੀਤੀ ਦੀ ਤਫ਼ਸੀਲ ਦਿੰਦਿਆਂ ਅਗਰਵਾਲ ਨੇ ਕਿਹਾ ਕਿ ਮਹਾਰਾਸ਼ਟਰ, ਜਿੱਥੇ ਹੁਣ ਤਕ ਸਭ ਤੋਂ ਵੱਧ ਮੌਤਾਂ ਦਰਜ ਹੋਈਆਂ ਹਨ, ਵਿੱਚ ਪੁਣੇ ਸੈਂਟਰਲ ਤੇ ਕੋਂਧਵਾ ਖੇਤਰ ਵਿੱਚ ਸਿਹਤ ਕਾਮਿਆਂ ਦੀ ਟੀਮ 35 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਘਰ-ਘਰ ਜਾ ਕੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮਰਜ਼ ਨਾਲ ਜੂਝ ਰਹੇ ਲੋਕਾਂ ਅਤੇ ਉਨ੍ਹਾਂ ਦੇ ਪੀੜਤ ਮਰੀਜ਼ ਦੇ ਸੰਪਰਕ ਵਿੱਚ ਆਉਣ ਜਾਂ ਵਿਦੇਸ਼ ਯਾਤਰਾ ਸਬੰਧੀ ਜਾਣਕਾਰੀ ਇਕੱਤਰ ਕਰ ਰਹੀ ਹੈ। ਇਸੇ ਤਰ੍ਹਾਂ ਕੇਰਲਾ ਦੇ ਪਠਾਨਮਥਿੱਟਾ ਵਿੱਚ ਪ੍ਰਸ਼ਾਸਨ ਨੇ ਚੌਕਸੀ ਵਧਾਉਂਦਿਆਂ ਪੀੜਤਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਦੀ ਨਿਸ਼ਾਨਦੇਹੀ ਦਾ ਕੰਮ ਵਿੱਢ ਦਿੱਤਾ ਹੈ। ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਨਿਸ਼ਾਨਾ ਸਮਾਜਿਕ ਦੂਰੀ ਤੇ ਲਾਗ ਨੂੰ ਫੈਲਣ ਤੋਂ ਰੋਕਣਾ ਤੇ ਵੱਡੀ ਗਿਣਤੀ ਮੈਡੀਕਲ ਅਮਲੇ ਨੂੰ ਤਿਆਰ ਕਰਨਾ ਹੈ। ਹਾਈਡਰੋਕਸੀਕਲੋਰੋਕੁਈਨ ਦੀ ਉਪਲੱਬਧਤਾ ਬਾਰੇ ਪੁੱਛੇ ਜਾਣ ’ਤੇ ਅਗਰਵਾਲ ਨੇ ਕਿਹਾ ਕਿ ਪੂਰੇ ਹਾਲਾਤ ਨੂੰ ਸਿਖਰਲੇ ਪੱਧਰ ’ਤੇ ਵਾਚਿਆ ਜਾ ਰਿਹੈ।
ਆਈਸੀਐੱਮਆਰ ਵਿੱਚ ਐਪੀਡੈਮੀਓਲੋਜੀ ਤੇ ਕਮਿਊਨੀਕੇਬਲ ਡਿਸੀਜ਼ਿਜ਼ ਵਿਭਾਗ ਦੇ ਮੁਖੀ ਰਮਨ ਆਰ.ਗੰਗਾਖੇਡਕਰ ਨੇ ਕਿਹਾ ਕਿ ਹੁਣ ਤਕ ਪੂਰੇ ਮੁਲਕ ਵਿੱਚ 1,21,271 ਨਮੂਨਿਆਂ ਦੀ ਕੋਵਿਡ-19 ਲਈ ਜਾਂਚ ਕੀਤੀ ਜਾ ਚੁੱਕੀ ਹੈ। ਮਹਾਰਾਸ਼ਟਰ ਵਿੱਚ ਮੌਤਾਂ ਦੀ ਗਿਣਤੀ ਵਧਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘ਅਸੀਂ ਮਹਿਜ਼ ਅੰਕੜਿਆਂ ਦੇ ਅਧਾਰ ’ਤੇ ਇਹ ਫੈਸਲਾ ਨਹੀਂ ਕਰ ਸਕਦੇ ਕਿ ਮੌਤਾਂ ਵੱਧ ਕਿਉਂ ਹੋ ਰਹੀਆਂ ਹਨ। ਜੇਕਰ ਤੁਸੀਂ ਪੂਰੇ ਦੇਸ਼ ਵਿੱਚ ਹੋਈਆਂ ਮੌਤਾਂ ਦੇ ਅੰਕੜੇ ਨੂੰ ਵੇਖੋ ਤਾਂ ਕੋਈ ਇਹ ਨਹੀਂ ਆਖੇਗਾ ਕਿ ਮਹਾਰਾਸ਼ਟਰ ਵਿੱਚ ਇਹ ਅੰਕੜਾ ਵੱਧ ਹੈ। ਇਹ ਮਹਿਜ਼ ਮੌਕਾ ਮੇਲ ਹੈ ਤੇ ਇਸ ਨੂੰ ਇਸੇ ਪਰਿਪੇਖ ਤੋਂ ਵੇਖਣਾ ਚਾਹੀਦਾ ਹੈ।’
-ਪੀਟੀਆਈ

ਕੋਵਿਡ-19 ਦੇ ਪਾਸਾਰ ਲਈ ਕਿਸੇ ਭਾਈਚਾਰੇ ਜਾਂ ਖੇਤਰ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ: ਸਰਕਾਰ

ਨਵੀਂ ਦਿੱਲੀ: ਸਰਕਾਰ ਨੇ ਅੱਜ ਇਕ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੋਵੇਲ ਕਰੋਨਾਵਾਇਰਸ ਦੇ ਪਾਸਾਰ ਲਈ ਕਿਸੇ ਭਾਈਚਾਰੇ ਜਾਂ ਖੇਤਰ ਨੂੰ ਨਿਸ਼ਾਨਾ ਨਾ ਬਣਾਉਣ। ਕਾਬਿਲੇਗੌਰ ਹੈ ਕਿ ਮਹਾਮਾਰੀ ਇਕ ਸਮਾਜਿਕ ਧੱਬਾ ਬਣਦੀ ਜਾ ਰਹੀ ਹੈ ਤੇ ਇਸ ਦੇ ਤੇਜ਼ੀ ਨਾਲ ਫੈਲਣ ਦਾ ਦੋਸ਼ ਇਕ ਖਾਸ ਫਿਰਕੇ ਸਿਰ ਮੜਿਆ ਜਾ ਰਿਹੈ। ਸਰਕਾਰ ਨੇ ਇਹ ਐਡਵਾਈਜ਼ਰੀ ਅਜਿਹੇ ਮੌਕੇ ਜਾਰੀ ਕੀਤੀ ਹੈ, ਜਦੋਂ ਦਿੱਲੀ ਦੇ ਨਿਜ਼ਾਮੂਦੀਨ ਖੇਤਰ ਵਿੱਚ ਤਬਲੀਗੀ ਜਮਾਤ ਦੇ ਇਕ ਧਾਰਮਿਕ ਇਕੱਠ ਲਈ ਜੁੜੇ ਮੈਂਬਰਾਂ ’ਚੋਂ ਵੱਡੀ ਗਿਣਤੀ ਕਰੋਨਾ ਪਾਜ਼ੇਟਿਵ ਨਿਕਲੇ ਹਨ। ਸਿਹਤ ਮੰਤਰਾਲੇ ਨੇ ਆਪਣੀ ਵੈੱਬਸਾਈਟ ’ਤੇ ਪਾਈ ਐਡਵਾਈਜ਼ਰੀ ’ਚ ਕਿਹਾ ਕਿ ਜਦੋਂ ਕਿਤੇ ਛੂਤ ਦਾ ਰੋਗ ਫੈਲਦਾ ਹੈ ਤਾਂ ਖੌਫ਼ ਤੇ ਫ਼ਿਕਰਮੰਦੀ ਕਰਕੇ ਲੋਕਾਂ ਤੇ ਭਾਈਚਾਰਿਆਂ ਖਿਲਾਫ਼ ਪੱਖਪਾਤ ਤੇ ਸਮਾਜਿਕ ਤੋੜ ਵਿਛੋੜੇ ਦੀ ਭਾਵਨਾ ਜਨਮ ਲੈਂਦੀ ਹੈ। ਅਜਿਹਾ ਵਿਹਾਰ ਬੇਲੋੜੇ ਸਮਾਜਿਕ ਅੜਿੱਕੇ ਦਾ ਕਾਰਨ ਬਣਦਾ ਹੈ।
-ਪੀਟੀਆਈ


Comments Off on ਕਰੋਨਾਵਾਇਰਸ: ਇਕੋ ਦਿਨ ’ਚ 773 ਨਵੇਂ ਕੇਸ, 32 ਮੌਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.