ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !     !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਐਤਕੀਂ ਚੌਲ ਮਿੱਲਾਂ ’ਚ ਕਣਕ ਵੇਚ ਸਕਣਗੇ ਕਿਸਾਨ

Posted On April - 9 - 2020

ਚਰਨਜੀਤ ਭੁੱਲਰ
ਚੰਡੀਗੜ੍ਹ, 8 ਅਪਰੈਲ
ਪੰਜਾਬ ਸਰਕਾਰ ਨੇ ਰਾਜ ਭਰ ’ਚ ਕਰੀਬ 1900 ਚੌਲ ਮਿੱਲਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਨੂੰ ਆਰਜ਼ੀ ਤੌਰ ’ਤੇ ਮੰਡੀ ਯਾਰਡ ਦਾ ਦਰਜਾ ਦਿੱਤਾ ਜਾਣਾ ਹੈ। ਕਿਸਾਨ ਹਾੜੀ ਦੀ ਫਸਲ ਇਨ੍ਹਾਂ ਚੌਲ ਮਿੱਲਾਂ ਵਿਚ ਸਿੱਧੀ ਉਤਾਰ ਸਕਣਗੇ। ਖਰੀਦ ਏਜੰਸੀਆਂ ਇਨ੍ਹਾਂ ਸ਼ੈਲਰਾਂ ’ਚ ਫਸਲ ਦੀ ਬੋਲੀ ਲਾਉਣਗੀਆਂ। ਪੰਜਾਬ ਸਰਕਾਰ ਨੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਮਾਜਿਕ ਫਾਸਲਾ ਕਾਇਮ ਰੱਖਣ ਲਈ ਇਹ ਨਵਾਂ ਰਾਹ ਕੱਢਿਆ ਹੈ। ਅਜਿਹੇ 1897 ਸ਼ੈੱਲਰਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਨੂੰ ਖਰੀਦ ਕੇਂਦਰ ਦਾ ਦਰਜਾ ਦਿੱਤਾ ਜਾਣਾ ਹੈ। ਖੁਰਾਕ ਤੇ ਸਪਲਾਈ ਵਿਭਾਗ ਨੇ ਅੱਜ ਮੰਡੀ ਬੋਰਡ ਪੰਜਾਬ ਨੂੰ ਇਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਵਾਸਤੇ ਸੂਚੀ ਭੇਜ ਦਿੱਤੀ ਹੈ। ਭਲਕੇ ਇਨ੍ਹਾਂ ਸ਼ੈੱਲਰਾਂ ਦੀ ਮੰਡੀ ਯਾਰਡ ਵਿਚ ਤਬਦੀਲ ਹੋਣ ਦੀ ਸੰਭਾਵਨਾ ਹੈ।
ਵੇਰਵਿਆਂ ਅਨੁਸਾਰ ਪੰਜਾਬ ਵਿੱਚ 1820 ਖਰੀਦ ਕੇਂਦਰ ਹਨ, ਜਿਨ੍ਹਾਂ ਵਿਚ ਹਰ ਵਰ੍ਹੇ ਫਸਲਾਂ ਦੀ ਵੇਚ ਵੱਟਤ ਹੁੰਦੀ ਹੈ। ਕਣਕ ਦੀ ਸਰਕਾਰੀ ਖਰੀਦ 15 ਅਪਰੈਲ ਤੋਂ ਸ਼ੁਰੂ ਹੋਣੀ ਹੈ ਅਤੇ ਸਰਕਾਰ ਨੂੰ ਖ਼ਦਸ਼ਾ ਹੈ ਕਿ ਮੰਡੀਆਂ ਵਿਚ ਕਿਸਾਨਾਂ ਦੀ ਭੀੜ ਜਮ੍ਹਾਂ ਨਾ ਹੋ ਜਾਵੇ ਜੋ ਕਰੋਨਾ ਦੇ ਪਸਾਰ ਦਾ ਮੁੱਢ ਬੰਨ੍ਹ ਦੇਵੇ। ਬਦਲ ਵਜੋਂ ਪਿੰਡਾਂ ਨੇੜਲੇ ਸ਼ੈੱਲਰਾਂ ਨੂੰ ਸਬ ਯਾਰਡ ਵਿੱਚ ਬਦਲਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ’ਚ ਰੋਜ਼ਾਨਾ 18 ਲੱਖ ਕਣਕ ਦੀਆਂ ਢੇਰੀਆਂ (50 ਕੁਇੰਟਲ ਦੀ ਢੇਰੀ) ਲੱਗ ਸਕਣਗੀਆਂ। ਪਤਾ ਲੱਗਾ ਹੈ ਕਿ ਹਰ ਚੌਲ ਮਿੱਲ ਵਿਚ ਕਰੀਬ 15 ਹਜ਼ਾਰ ਕੁਇੰਟਲ ਕਣਕ ਦੀ ਸਫਲ ਭੰਡਾਰ ਕੀਤੀ ਜਾਣੀ ਹੈ।
ਪੰਜਾਬ ਵਿਚ ਬਹੁਤੇ ਸ਼ੈਲਰ ਆੜ੍ਹਤੀਆਂ ਵੱਲੋਂ ਹੀ ਚਲਾਏ ਜਾ ਰਹੇ ਹਨ। ਪੰਜਾਬ ਵਿੱਚ 3172 ਆੜ੍ਹਤੀਆਂ ਦੇ ਖੁਦ ਦੇ ਸ਼ੈੱਲਰ ਹਨ ਜਾਂ ਫਿਰ ਸ਼ੈਲਰ ਵਿਚ ਹਿੱਸੇਦਾਰੀ ਹੈ। ਮੁਕਤਸਰ, ਬਠਿੰਡਾ,ਪਟਿਆਲਾ ਅਤੇ ਸੰਗਰੂਰ ਵਿਚ ਬਹੁਤੇ ਸ਼ੈੱਲਰ ਆੜ੍ਹਤੀਆਂ ਦੇ ਹੀ ਹਨ। ਜਿਥੇ ਸ਼ੈੱਲਰਾਂ ਵਿਚ ਫਸਲ ਉਤਾਰਨ ਕਰਕੇ ਕਿਸਾਨਾਂ ਨੂੰ ਸੌਖ ਹੋਵੇਗੀ, ਉਥੇ ਪੰਜਾਬ ਸਰਕਾਰ ਨੂੰ ਵੀ ਭਾੜੇ ਦੀ ਬੱਚਤ ਹੋ ਜਾਵੇਗੀ। ਮੰਡੀ ਯਾਰਡ ਵਿੱਚ ਹੀ ਫਸਲ ਦੀ ਸਫਾਈ, ਤੁਲਾਈ ਅਤੇ ਲਵਾਈ ਹੋਵੇਗੀ। ਇਨ੍ਹਾਂ ਸ਼ੈਲਰਾਂ ਹੀ ਸਰਕਾਰੀ ਬੋਲੀ ਲੱਗੇਗੀ ਅਤੇ ਕਣਕ ਸ਼ੈਲਰਾਂ ਵਿਚ ਹੀ ਭੰਡਾਰ ਹੋਵੇਗੀ। ਬਾਰਦਾਨਾ ਵੀ ਸ਼ੈਲਰ ਹੀ ਪੁੱਜਦਾ ਕੀਤਾ ਜਾਣਾ ਹੈ।
ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦਾ ਕਹਿਣਾ ਸੀ ਕਿ ਸ਼ੈੱਲਰਾਂ ਨੂੰ ਸਬ ਯਾਰਡ ਬਣਾਏ ਜਾਣ ਨਾਲ ਕਰੋਨਾ ਦੇ ਪਸਾਰ ਦਾ ਖਤਰਾ ਘਟੇਗਾ ਅਤੇ ਕਿਸਾਨਾਂ ਨੂੰ ਫਸਲ ਵੇਚਣ ਵਿਚ ਕੋਈ ਦਿੱਕਤ ਵੀ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਲੇਬਰ ਦਾ ਸੰਕਟ ਹੱਲ ਕਰਨ ਵਾਸਤੇ ਮਗਨਰੇਗਾ ਦੀ ਲੇਬਰ ਵੀ ਲਈ ਜਾਣੀ ਹੈ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਕਣਕ ਦੀ ਖਰੀਦ ਦੇ ਕੰਮ ਲਈ 14.2 ਲੱਖ ਵਰਕਰਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਪੰਜਾਬ ਵਿਚ ਇਸ ਵਾਰ 180 ਤੋਂ 185 ਲੱਖ ਮੀਟਰਿਕ ਟਨ ਕਣਕ ਦੀ ਪੈਦਾਵਾਰ ਹੋਣ ਦਾ ਅਨੁਮਾਨ ਹੈ ਜਿਸ ’ਚੋਂ ਕਰੀਬ 70 ਫੀਸਦੀ ਖਰੀਦ ਕੇਂਦਰਾਂ ਵਿਚ ਪੁੱਜਦੀ ਹੈ। ਪੰਜਾਬ ਸਰਕਾਰ ਨੇ ਤਾਂ ਮੰਡੀਆਂ ਵਿਚ ਭੀੜ ਘਟਾਉਣ ਵਾਸਤੇ ਕੇਂਦਰ ਸਰਕਾਰ ਨੂੰ ਨਵੀਂ ਤਜਵੀਜ਼ ਵੀ ਭੇਜੀ ਹੋਈ ਹੈ ਕਿ ਜੇ ਕਿਸਾਨ ਆਪਣੇ ਘਰਾਂ ਵਿਚ ਕਣਕ ਭੰਡਾਰ ਕਰ ਲੈਣ ਤਾਂ ਉਨ੍ਹਾਂ ਨੂੰ ਬੋਨਸ ਦੇ ਦਿੱਤਾ ਜਾਵੇ।

ਸ਼ੈੱਲਰ ਸਬ ਯਾਰਡਾਂ ’ਚ ਤਬਦੀਲ

ਸੰਗਰੂਰ ਦੇ 255, ਬਠਿੰਡਾ ਦੇ 353, ਲੁਧਿਆਣਾ ਦੇ 128, ਪਟਿਆਲਾ ਦੇ 178, ਬਰਨਾਲਾ ਦੇ 96, ਕਪੂਰਥਲਾ ਦੇ 56, ਮੋਗਾ ਦੇ 121, ਫਤਹਿਗੜ੍ਹ ਸਾਹਿਬ ਦੇ 18, ਫਿਰੋਜ਼ਪੁਰ ਦੇ 68, ਜਲੰਧਰ ਦੇ 74, ਗੁਰਦਾਸਪੁਰ ਦੇ 28, ਹੁਸ਼ਿਆਰਪੁਰ ਦੇ 15, ਤਰਨਤਾਰਨ ਦੇ 19, ਮਾਨਸਾ ਦੇ 233, ਮੁਕਤਸਰ ਦੇ 124 ਅਤੇ ਅੰਮ੍ਰਿਤਸਰ ਦੇ 9 ਸ਼ੈੱਲਰਾਂ ਨੂੰ ਸਬ ਯਾਰਡਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਮੁੱਖ ਮਕਸਦ ਇਹੋ ਹੈ ਕਿ ਮੰਡੀਆਂ ’ਚੋਂ ਭੀੜ ਨੂੰ ਘਟਾਇਆ ਜਾ ਸਕੇ। ਜਿਸ ਪਿੰਡ ਦੇ ਨੇੜੇ ਸ਼ਨਾਖ਼ਤ ਕੀਤਾ ਸ਼ੈੱਲਰ ਪੈਂਦਾ ਹੈ, ਉਸ ਪਿੰਡ ਦੇ ਕਿਸਾਨ ਆਪਣੀ ਫਸਲ ਸਿੱਧੀ ਸ਼ੈਲਰ ਵਿਚ ਉਤਾਰ ਸਕਣਗੇ। ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਇਸ ਬਾਰੇ ਜਾਣੂ ਕਰਾਇਆ ਜਾਵੇਗਾ।

ਲੇਬਰ ਨੂੰ ਖਾਣਾ ਵੀ ਮਿਲੇਗਾ: ਆਸ਼ੂ

ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਕਰੀਬ 1800 ਸ਼ੈੱਲਰਾਂ ਨੂੰ ਮੰਡੀ ਯਾਰਡ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਸ਼ੈੱਲਰਾਂ ਨਾਲ ਪਿੰਡ ਅਟੈਚ ਕੀਤੇ ਜਾ ਰਹੇ ਹਨ। ਹਰ ਸ਼ੈੱਲਰ ਇੱਕ ਇੱਕ ਖਰੀਦ ਏਜੰਸੀ ਨੂੰ ਅਲਾਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਮੰਡੀ ਯਾਰਡ ਵਿੱਚ ਸਫਾਈ ਤੇ ਪਾਣੀ ਦੇ ਪ੍ਰਬੰਧ ਕੀਤੇ ਜਾਣੇ ਹਨ। ਲੇਬਰ ਨੂੰ ਮੰਡੀ ਯਾਰਡ ਵਿਚ ਖਾਣਾ ਵੀ ਦਿੱਤਾ ਜਾਵੇਗਾ। ਖਰੀਦ ਕੇਂਦਰਾਂ ਵਿਚ ਭੀੜ ਘਟਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ।


Comments Off on ਐਤਕੀਂ ਚੌਲ ਮਿੱਲਾਂ ’ਚ ਕਣਕ ਵੇਚ ਸਕਣਗੇ ਕਿਸਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.