ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਹੱਥ ਖਾਲੀ, ਚੁੱਲ੍ਹੇ ਠੰਢੇ: ਚੱਕੀ ਦੇ ਪੁੜਾਂ ’ਚ ਪਿਸ ਗਈ ਜ਼ਿੰਦਗੀ

Posted On March - 26 - 2020

ਗਿੱਦੜਬਾਹਾ ਦੀ ਗਰੀਬ ਬਸਤੀ ’ਚ ਰਾਸ਼ਨ ਉਡੀਕ ਰਿਹਾ ਇੱਕ ਪਰਿਵਾਰ। -ਫੋਟੋ: ਦਵਿੰਦਰ ਮੋਹਨ ਬੇਦੀ

ਚਰਨਜੀਤ ਭੁੱਲਰ
ਚੰਡੀਗੜ੍ਹ, 25 ਮਾਰਚ
ਪੰਜਾਬ ’ਚ ਇੱਕ ਬੰਨ੍ਹੇ ਖੂਹ ਅਤੇ ਦੂਜੇ ਪਾਸੇ ਖਾਈ ਹੈ। ਕਰੋਨਾ ਦੀ ਅਲਾਮਤ ਵੀ ਵੱਡੀ ਹੈ ਅਤੇ ਭੁੱਖ ਦਾ ਮਸਲਾ ਵੀ ਛੋਟਾ ਨਹੀਂ। ਗਰੀਬ ਪੁੱਛ ਰਹੇ ਹਨ ਕਿ ਉਹ ਕਿਧਰ ਜਾਣ।
ਕਰੋਨਾ ਤੋਂ ਬਚ ਗਏ ਤਾਂ ਭੁੱਖ ਤੋਂ ਕਿਵੇਂ ਬਚਾਂਗੇ। ਹੱਥ ਖਾਲੀ ਹਨ ਤੇ ਚੁੱਲ੍ਹੇ ਠੰਢੇ ਹਨ। ਹੱਥ ਧੋਣ ਲਈ ਸਾਬਣ ਤਾਂ ਦੂਰ ਦੀ ਗੱਲ, ਪੀਪਿਆਂ ’ਚ ਆਟਾ ਵੀ ਨਹੀਂ। ਬਰਨਾਲੇ ਦੀ ਮਹਿਲਾ ਆਸ਼ਾ ਨੂੰ ਕੋਈ ਉਮੀਦ ਨਹੀਂ ਬਚੀ। ਦੋ ਦਿਨਾਂ ਤੋਂ ਬੱਚੇ ਭੁੱਖੇ ਹਨ। ਅੱਜ ਪਤੀ ਨੂੰ ਲੈ ਕੇ ਗੁਰੂ ਘਰ ਵੱਲ ਗਈ ਤਾਂ ਪੁਲੀਸ ਨੇ ਮੋੜ ਦਿੱਤਾ। ਇਕੱਲੀ ਆਸ਼ਾ ਨਹੀਂ, ਕਰੀਬ ਦੋ ਸੌ ਝੁੱਗੀ-ਝੌਂਪੜੀ ਵਾਲੇ ਨਿਹੱਥੇ ਹੋ ਗਏ ਹਨ। ਵਿਧਵਾ ਰਾਣੀ ਦੇਵੀ ਗਠੀਏ ਦੀ ਮਰੀਜ਼ ਹੈ। ਦੋਵੇਂ ਬੱਚੇ ਬਿਮਾਰ ਪੈ ਗਏ ਹਨ ਅਤੇ ਘਰ ਦਾ ਚੁੱਲ੍ਹਾ ਠੰਢਾ ਹੈ। ਮਜ਼ਦੂਰ ਦਿਆ ਰਾਮ ਪੁੱਛਦਾ ਹੈ ਕਿ ਘਰ ’ਚ ਆਟਾ ਨਹੀਂ, ਬੱਚੇ ਰੋਟੀ ਮੰਗਦੇ ਹਨ, ਕਿਧਰ ਜਾਈਏ। ਮੋਹਾਲੀ ਦੇ ਫੇਜ਼ ਛੇ ਦੇ ਨੇੜੇ ਜੁਝਾਰ ਨਗਰ ’ਚ ਸਿਕਲੀਗਰਾਂ ਦੇ 150 ਘਰ ਹਨ। ਦਿਹਾੜੀਦਾਰ ਮਹਾਂ ਸਿੰਘ ਦੱਸਦਾ ਹੈ ਕਿ ਕਰੋਨਾ ਤੋਂ ਪਹਿਲਾਂ ਭੁੱਖ ਹੀ ਕਿਤੇ ਚਪੇਟ ’ਚ ਨਾ ਲੈ ਲਵੇ। ਨਾ ਸ਼੍ਰੋਮਣੀ ਕਮੇਟੀ ਬਹੁੜੀ ਹੈ ਅਤੇ ਨਾ ਹੀ ਸਰਕਾਰ। ਗਿੱਦੜਬਾਹਾ ਦੇ ਭਾਰੂ ਚੌਕ ’ਚ 25 ਪਰਵਾਸੀ ਪਰਿਵਾਰ ਹਨ। ਰਿਕਸ਼ਾ ਚਾਲਕ ਮਹਿਤਾਬ ਬਿਮਾਰ ਹੈ ਤੇ ਅਪਰੇਸ਼ਨ ਦੀ ਫੌਰੀ ਲੋੜ ਹੈ। ਉਹ ਸਿਰਫ਼ ਰੋਟੀ ਮੰਗਦਾ ਹੈ। ‘ਖ਼ੁਸ਼ੂ ਫਾਊਂਡੇਸ਼ਨ’ ਵਾਲੇ ਜਦੋਂ ਰੋਟੀ ਦੇ ਗਏ ਤਾਂ ਉਹ ਲੂਣ ਨਾਲ ਖਾਣ ਲੱਗ ਪਿਆ। ਚੀਮਾ ਮੰਡੀ (ਸੰਗਰੂਰ) ਦੀ ਝੁੱਗੀ-ਝੌਂਪੜੀ ’ਚ ਸਮਾਜ ਸੇਵੀ ਮਾਸਕ ਵੰਡਣ ਗਏ। ਅੱਗਿਓਂ ਔਰਤਾਂ ਨੇ ਕਿਹਾ ਕਿ ਪਹਿਲਾਂ ਭੁੱਖ ਵਾਲੀ ਭੱਠੀ ਬੁਝਾਓ।
ਮੁਕਤਸਰ ਦੀ ਚੱਕ ਬੀੜ ਸਰਕਾਰ ਬਸਤੀ ’ਚ ਕਰੀਬ 44 ਘਰ ਹਨ। ਨਿੱਤ ਕਮਾ ਕੇ ਖਾਣ ਵਾਲਾ ਹਰੀ ਚੰਦ ਅੱਜ ਸਾਥੀਆਂ ਨਾਲ ਡਿਪਟੀ ਕਮਿਸ਼ਨਰ ਦੇ ਦਫ਼ਤਰ ਰਾਸ਼ਨ ਮੰਗਣ ਗਿਆ। ਕਿਸੇ ਨੇ ਦਰਖਾਸਤ ਹੀ ਨਹੀਂ ਫੜੀ। ਖੁੰਡੇ ਹਲਾਲ ਦਾ ਹਰਜਿੰਦਰ ਸਿੰਘ ਦਾ ਸੱਤ ਜੀਆਂ ਦਾ ਪਰਿਵਾਰ ਇੱਕੋ ਕਮਰੇ ’ਚ ਰਹਿੰਦਾ ਹੈ, ਕਿਵੇਂ ਦੂਰੀ ਬਣਾ ਕੇ ਰੱਖੇ। ਨਵੇਂ ਸਰਵੇ ਅਨੁਸਾਰ ਮਜ਼ਦੂਰਾਂ ਦੇ 39 ਫੀਸਦੀ ਪਰਿਵਾਰਾਂ ਕੋਲ ਇੱਕ-ਇੱਕ ਕਮਰਾ ਹੈ। ਪਰਹੇਜ਼ ਅਤੇ ਘਰਾਂ ’ਚ ਰਹਿਣ ਤੋਂ ਸਭ ਪੂਰੀ ਤਰ੍ਹਾਂ ਨਾਲ ਸਹਿਮਤ ਹਨ। ਮਸਲਾ ਬੱਸ ਰੋਟੀ-ਪਾਣੀ ਦੇ ਗੁਜ਼ਾਰੇ ਦਾ ਹੈ। ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜੱਸੀ ਪੇਧਨੀ ਦੀ ਮੰਗ ਹੈ ਕਿ ਸਰਕਾਰ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਮਾਸਕ ਵੀ ਵੰਡੇ ਤੇ ਰਾਸ਼ਨ ਵੀ।
ਪੰਜਾਬ ’ਚ ਕਰੀਬ 7.50 ਲੱਖ ਖੇਤ ਮਜ਼ਦੂਰ ਪਰਿਵਾਰ ਹਨ। ਆਗੂ ਲਛਮਣ ਸੇਵੇਵਾਲਾ ਆਖਦਾ ਹੈ ਕਿ ਕਰੋਨਾ ਦੀ ਆਫਤ ਵਾਂਗ ਮਜ਼ਦੂਰਾਂ ਦੀਆਂ ਲੋੜਾਂ ਦਾ ਮਸਲਾ ਵੀ ਵੱਡਾ ਹੈ। ਆਲੂ ਕਾਸ਼ਤਕਾਰ ਹਰਚਰਨ ਢਿੱਲੋਂ (ਕਰਾੜ ਵਾਲਾ) ਆਖਦਾ ਹੈ ਕਿ ਆਲੂ ਦੀ ਪੁਟਾਈ ਲਈ ਮਜ਼ਦੂਰ ਨਹੀਂ ਮਿਲ ਰਹੇ ਹਨ। ਅਬੋਹਰ ’ਚ ਸਰ੍ਹੋਂ ਦੀ ਪੱਕੀ ਫਸਲ ਝੜਨ ਲੱਗੀ ਹੈ ਅਤੇ ਕਿੰਨੂ ਦੇ ਬਾਗਾਂ ਨੂੰ ਲੇਬਰ ਦਾ ਤੋਟਾ ਹੈ। ਪਿੰਡ ਰਾਜਪੁਰਾ ਦੇ ਨਸ਼ੀਰ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਲੇਬਰ ਨੂੰ ਰੋਕ ਰਹੀ ਹੈ। ਕਿਸਾਨ ਵਿਨੋਦ ਨੇ ਦੱਸਿਆ ਕਿ ਖੇਤਾਂ ਵਿਚ ਆਵਾਰਾ ਪਸ਼ੂ ਫਸਲਾਂ ਨੂੰ ਚਪਟ ਕਰਨ ਲੱਗੇ ਹਨ ਅਤੇ ਕਿਸਾਨ ਪੁਲੀਸ ਦੇ ਡਰੋਂ ਖੇਤ ਨਹੀਂ ਜਾਂਦੇ। ਰਾਖੇ ਵੀ ਭੱਜ ਗਏ ਹਨ।
ਦੁੱਧ, ਸਬਜ਼ੀਆਂ ਅਤੇ ਦਵਾਈਆਂ ਦੀ ਡਲਿਵਰੀ ਦੇ ਸਰਕਾਰੀ ਦਾਅਵੇ ਹਨ। ਤਸਵੀਰਾਂ ਵਿਚ ਸਰਕਾਰ ਮੁਸਤੈਦ ਹੈ ਪ੍ਰੰਤੂ ਜ਼ਮੀਨੀ ਹਕੀਕਤ ਏਦਾਂ ਦੀ ਨਹੀਂ। ਪੰਜਾਬ ਦੇ ਕਰੀਬ 35 ਹਜ਼ਾਰ ਕੈਂਸਰ ਮਰੀਜ਼ ਬਿਪਤਾ ’ਚ ਹਨ। ਰਾਮਪੁਰਾ ਦੀ ਕੈਂਸਰ ਮਰੀਜ਼ ਕਿਰਨਜੀਤ ਕੌਰ ਸਧਾਣਾ ਓਪੀਡੀ ਬੰਦ ਹੋਣ ਕਰਕੇ ਕੀਮੋਥੈਰੇਪੀ ਨਹੀਂ ਕਰਾ ਸਕੀ। ਓਪੀਡੀ ਬੰਦ ਹੋਣ ਕਰਕੇ ਕੈਂਸਰ ਮਰੀਜ਼ਾਂ ਨੂੰ ਜ਼ਿੰਦਗੀ ਛੋਟੀ ਜਾਪਣ ਲੱਗੀ ਹੈ। ਮੈਡੀਕਲ ਸਟੋਰ ਵੀ ਬੰਦ ਹਨ। ਪਿੰਡ ਸ਼ਾਹਪੁਰ (ਸੰਗਰੂਰ) ’ਚ ਪੁਲੀਸ ਨੇ ਆਰਐੱਮਪੀ ਡਾਕਟਰ ਕੁੱਟੇ ਜਿਸ ਮਗਰੋਂ ਸਭ ਦੁਕਾਨਾਂ ਬੰਦ ਹਨ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਧੰਨਾ ਮੱਲ ਗੋਇਲ ਆਖਦੇ ਹਨ ਕਿ ਉਹ ਸਰਕਾਰੀ ਮਦਦ ਲਈ ਬਤੌਰ ਵਾਲੰਟੀਅਰ ਕੰਮ ਕਰਨ ਲਈ ਤਿਆਰ ਹਨ।
ਪਿੰਡ ਤੂੰਗਾਂ (ਪਟਿਆਲਾ) ’ਚ ਕੋਈ ਮੈਡੀਕਲ ਸਹੂਲਤ ਨਹੀਂ। ਕਿਸਾਨ ਭੁਪਿੰਦਰ ਸਿੰਘ ਨੂੰ ਫੌਰੀ ਇਲਾਜ ਵਾਸਤੇ ਥਾਣੇ ਤੋਂ ਪ੍ਰਵਾਨਗੀ ਲੈਣੀ ਪਈ। ਗੋਨਿਆਣਾ ਦੇ ਸਾਬਕਾ ਚੇਅਰਮੈਨ ਸੁਖਮਿੰਦਰ ਸਿੰਘ ਦਾ ਕਹਿਣਾ ਸੀ ਕਿ ਮੈਡੀਕਲ ਸਟੋਰ ਨਾ ਖੁੱਲ੍ਹੇ ਤਾਂ ਲੋਕਾਂ ਦੀ ਜ਼ਿੰਦਗੀ ਦਾਅ ’ਤੇ ਲੱਗ ਜਾਵੇਗੀ। ਕਪੂਰਥਲਾ ਦੇ ਪਿੰਡਾਂ ਵਿਚ ਦੁੱਧ ਖਰਾਬ ਹੋਣ ਲੱਗਾ ਹੈ। ਪਿੰਡ ਖੱਸਣ ਦੇ ਸਾਬਕਾ ਸਰਪੰਚ ਐੱਨ ਐੱਸ ਕੰਗ ਨੇ ਦੱਸਿਆ ਕਿ ਪਹਿਲਾਂ ਰੋਜ਼ਾਨਾ 50 ਕੁਇੰਟਲ ਦੁੱਧ ਪਿੰਡੋਂ ਸ਼ਹਿਰ ਜਾਂਦਾ ਸੀ। ਹੁਣ ਦੋਧੀ ਨਹੀਂ ਆ ਰਹੇ ਜਿਸ ਕਰ ਕੇ ਘਰਾਂ ਵਿਚ ਦੁੱਧ ਸੰਭਾਲਣਾ ਔਖਾ ਹੋ ਗਿਆ ਹੈ। ਦੋਧੀ ਸਸਤੇ ਭਾਅ ਦੁੱਧ ਖਰੀਦਣ ਲੱਗੇ ਹਨ।
ਰਾਮਪੁਰਾ ਦਾ ਡੇਅਰੀ ਮਾਲਕ ਜਸਵਿੰਦਰ ਬੱਲ੍ਹੋ ਕਰੀਬ ਡੇਢ ਦਰਜਨ ਪਿੰਡਾਂ ਚੋਂ ਪਹਿਲਾਂ ਦੁੱਧ ਇਕੱਠਾ ਕਰਦਾ ਸੀ। ਹੁਣ ਸਭ ਕੁਝ ਬੰਦ ਹੈ। ਦੋਧੀ ਯੂਨੀਅਨ ਪੰਜਾਬ ਦੇ ਸਾਬਕਾ ਪ੍ਰਧਾਨ ਸੋਹਣ ਸਿੰਘ ਦੱਸਦੇ ਹਨ ਕਿ ਪੰਜਾਬ ’ਚ ਕਰੀਬ ਢਾਈ ਲੱਖ ਦੋਧੀ ਹਨ ਜਿਨ੍ਹਾਂ ਵੱਲੋਂ 60 ਫੀਸਦੀ ਦੁੱਧ ਦੀ ਕੁਲੈਕਸ਼ਨ ਕੀਤੀ ਜਾਂਦੀ ਹੈ। ਹੁਣ ਦੁੱਧ ਘਰਾਂ ਵਿਚ ਖਰਾਬ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਪਲਾਈ ਦਾ ਸੀਮਿਤ ਸਮਾਂ ਕਰਕੇ ਕੋਈ ਢੁਕਵਾਂ ਹੱਲ ਕੱਢੇ। ਪੇਂਡੂ ਲੋਕ ਆਖਦੇ ਹਨ ਕਿ ਪੁਲੀਸ ਦਹਿਸ਼ਤ ਕਰਕੇ ਕਿਸਾਨ ਖੇਤਾਂ ਨੂੰ ਪਾਣੀ ਵੀ ਲਾਉਣ ਤੋਂ ਡਰਦੇ ਹਨ। ਹਾਲਾਂਕਿ ਸਰਕਾਰੀ ਸਖ਼ਤੀ ਜਾਇਜ਼ ਹੈ ਅਤੇ ਲੋਕ ਆਫਤ ਨੂੰ ਸਮਝਦੇ ਵੀ ਹਨ। ਲੋਕ ਇਸ ਗੱਲੋਂ ਦੁੱਖੀ ਹਨ ਕਿ ਬਦਲਵੇਂ ਪ੍ਰਬੰਧ ਨਹੀਂ ਕੀਤੇ ਗਏ। ਸ਼ਹਿਰਾਂ ’ਚ ਸਬਜ਼ੀਆਂ ਦੀ ਸਪਲਾਈ ਨਹੀਂ ਹੋ ਰਹੀ।
ਡਿਪਟੀ ਕਮਿਸ਼ਨਰ ਆਖਦੇ ਹਨ ਕਿ ਸਬਜ਼ੀਆਂ ਦੀ ਹੋਮ ਡਲਿਵਰੀ ਹੈ। ਬਠਿੰਡਾ ਦੇ ਜ਼ਿਲ੍ਹਾ ਮੰਡੀ ਅਫਸਰ ਪ੍ਰੀਤ ਕੰਵਰ ਸਿੰਘ ਨੇ ਕਿਹਾ ਕਿ ਸ਼ਹਿਰ ਵਿਚ 250 ਰੇਹੜੀਆਂ ਤੇ ਟਰਾਲੀਆਂ ਹੋਮ ਡਲਿਵਰੀ ਲਈ ਭੇਜੀਆਂ ਹਨ। ਹਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਨੰਬਰ ਵੀ ਜਾਰੀ ਕੀਤੇ ਗਏ ਹਨ। ਭਗਤਾ ਭਾਈ ਦੇ ਨਛੱਤਰ ਸਿੱਧੂ ਇਸ ਗੱਲੋਂ ਪ੍ਰੇਸ਼ਾਨ ਹਨ ਕਿ ਦੋ ਦਿਨਾਂ ਤੋਂ ਫੋਨ ਨਹੀਂ ਲੱਗ ਰਿਹਾ। ਇੱਥੋਂ ਦਾ ਹੀ ਪੋਲਟਰੀ ਮਾਲਕ ਰਾਜਵਿੰਦਰ ਸਿੰਘ ਪੁਲੀਸ ਡਰੋਂ ਫਾਰਮ ’ਤੇ ਜਾ ਨਹੀਂ ਸਕਿਆ। ਦੂਸਰੇ ਸੂਬਿਆਂ ਤੋਂ ਸਬਜ਼ੀਆਂ ਦੀ ਆਮਦ ਰੁਕ ਗਈ ਹੈ। ਜਲੰਧਰ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਡਿੰਪੀ ਸਚਦੇਵਾ ਨੇ ਕਿਹਾ ਕਿ ਗੁਜਰਾਤ, ਮਹਾਰਾਸ਼ਟਰ ਤੇ ਕਰਨਾਟਕ ਤੋਂ ਆਉਣ ਵਾਲੀ ਸਬਜ਼ੀ ਦੀ ਆਮਦ ਘਟੀ ਹੈ ਜਿਸ ਦਾ ਕੋਈ ਹੱਲ ਕੱਢਣਾ ਪਵੇਗਾ। ਪ੍ਰਸ਼ਾਸਨ ਨੇ ਰੇਹੜੀ ਵਾਲਿਆਂ ਨੂੰ ਪਾਸ ਜਾਰੀ ਕੀਤੇ ਹਨ ਪ੍ਰੰਤੂ ਹਾਲੇ ਗੱਡੀ ਲੀਹ ਨਹੀਂ ਪਈ ਹੈ।

ਸਖ਼ਤੀ ਮਨੁੱਖੀ ਭਲੇ ਲਈ: ਸਿਹਤ ਮੰਤਰੀ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਪ੍ਰਤੀਕਰਮ ਸੀ ਕਿ ਕੌਮਾਂਤਰੀ ਆਫ਼ਤ ਦੇ ਟਾਕਰੇ ਲਈ ਪੰਜਾਬੀਆਂ ਨੂੰ ਕੁਝ ਤੰਗੀ ਕੱਟਣੀ ਪੈ ਸਕਦੀ ਹੈ ਪ੍ਰੰਤੂ ਇਹ ਸਭ ਕੁਝ ਮਨੁੱਖੀ ਭਲੇ ਲਈ ਹੈ। ਅਗਰ ਕੈਂਸਰ ਮਰੀਜ਼ਾਂ ਨੂੰ ਕੋਈ ਮੁਸ਼ਕਲ ਹੈ ਤਾਂ ਉਹ ਫੌਰੀ ਮਹਿਕਮੇ ਨਾਲ ਸੰਪਰਕ ਕਰਨ। ਮਹਿਕਮਾ ਦਵਾਈ ਦੀ ਹੋਮ ਡਲਿਵਰੀ ਦੇਵੇਗਾ। ਉਨ੍ਹਾਂ ਕਿਹਾ ਕਿ ਦੋਧੀਆਂ ਨੂੰ ਰਿਆਇਤ ਦਿੱਤੀ ਗਈ ਹੈ ਅਤੇ ਸਬਜ਼ੀ ਉਤਪਾਦਕਾਂ ਲਈ ਨਵੀਂ ਅਡਵਾਈਜ਼ਰੀ ਜਾਰੀ ਹੋਵੇਗੀ। ਗਰੀਬ ਬਸਤੀਆਂ ਵਿਚ ਪ੍ਰਸ਼ਾਸਨ ਤਰਫ਼ੋਂ ਰਾਸ਼ਨ ਵਗੈਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਕਰੋਨਾ ਦੇ ਕਹਿਰ ਨੂੰ ਸਮਝਣ ਅਤੇ ਆਪਣੀ ਜ਼ਿੰਦਗੀ ਲਈ ਸਹਿਯੋਗ ਕਰਨ।

ਸੈਂਕੜੇ ਸ਼ਹਿਦ ਮੱਖੀ ਪਾਲਕ ਕਸੂਤੇ ਫਸੇ

ਪੰਜਾਬ ਦੇ ਸੈਂਕੜੇ ਸ਼ਹਿਦ ਮੱਖੀ ਪਾਲਕ ਦੂਜੇ ਰਾਜਾਂ ਵਿਚ ਫਸ ਗਏ ਹਨ। ਪ੍ਰੋਗਰੈਸਿਵ ਬੀ-ਕੀਪਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਰਪਿੰਦਰ ਧਾਲੀਵਾਲ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮਧੂ ਮੱਖੀ ਪਾਲਕਾਂ ਦੀ ਸੁਰੱਖਿਅਤ ਘਰ ਵਾਪਸੀ ਦੀ ਮੰਗ ਕੀਤੀ ਹੈ। ਇਹ ਮੱਖੀ ਪਾਲਕ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਯੂਪੀ ਵਿਚ ਸਰ੍ਹੋਂ ਦੀ ਫਸਲ ਕਰਕੇ ਗਏ ਹੋਏ ਸਨ ਪ੍ਰੰਤੂ ਹੁਣ ਆਵਾਜਾਈ ਬੰਦ ਹੋਣ ਕਰਕੇ ਫਸ ਗਏ ਹਨ। ਉਨ੍ਹਾਂ ਨੂੰ ਤਾਪਮਾਨ ਕਰਕੇ ਮਧੂ ਕਲੋਨੀਆਂ ਦੇ ਖਤਮ ਹੋਣ ਦਾ ਡਰ ਵੀ ਬਣਿਆ ਹੋਇਆ ਹੈ। ਫਿਰੋਜ਼ਪੁਰ, ਬਠਿੰਡਾ ਤੇ ਮਾਨਸਾ ਦੇ ਮਧੂ ਮੱਖੀ ਪਾਲਕਾਂ ਨੂੰ ਦੂਸਰੇ ਰਾਜਾਂ ਵਿਚ ਰਾਸ਼ਨ ਦੀ ਮੁਸ਼ਕਲ ਵੀ ਆ ਗਈ ਹੈ।


Comments Off on ਹੱਥ ਖਾਲੀ, ਚੁੱਲ੍ਹੇ ਠੰਢੇ: ਚੱਕੀ ਦੇ ਪੁੜਾਂ ’ਚ ਪਿਸ ਗਈ ਜ਼ਿੰਦਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.