ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਹਾਫ ਬੈਕ ਖੇਡਣ ਵਾਲਾ ਓਲੰਪੀਅਨ ਕਰਨਲ ਬਲਬੀਰ ਸਿੰਘ ਕੁਲਾਰ

Posted On March - 21 - 2020

ਸੁਖਵਿੰਦਰਜੀਤ ਸਿੰਘ ਮਨੌਲੀ

ਕੌਮੀ ਤੇ ਕੌਮਾਂਤਰੀ ਹਾਕੀ ਦੇ ਮੈਦਾਨ ’ਚ ਪਿੰਡ ਸੰਸਾਰਪੁਰ ਦੇ ਤਿੰਨ ਬਲਬੀਰਾਂ ਨੂੰ ਖੇਡਣ ਦਾ ਸੁਭਾਗ ਪ੍ਰਪਾਤ ਹੋਇਆ। ਦੋ ਬਲਬੀਰਾਂ, ਕਰਨਲ ਬਲਬੀਰ ਸਿੰਘ ਸੈਨਾਵਾਲਾ ਅਤੇ ਬਲਬੀਰ ਸਿੰਘ ਪੰਜਾਬ ਪੁਲੀਸ ਵਾਲਾ ’ਤੇ ਓਲੰਪੀਅਨ ਹਾਕੀ ਖਿਡਾਰੀ ਬਣਨ ਦੀ ਮੋਹਰ ਲੱਗੀ ਜਦੋਂਕਿ ਤੀਜੇ ਬਲਬੀਰ ਸਿੰਘ ਕੁਲਾਰ (ਜੂਨੀਅਰ) ਨੇ ਬਲਬੀਰ ਸਿੰਘ (ਸੀਨੀਅਰ) ਦੀ ਕਪਤਾਨੀ ’ਚ ਟੋਕੀਓ-1958 ਦੀਆਂ ਏਸ਼ਿਆਈ ਖੇਡਾਂ ਦਾ ਪਹਿਲਾ ਅਡੀਸ਼ਨ ਖੇਡਣ ਦਾ ਮਾਣ ਖੱਟਿਆ। ਉਂਜ ਕੌਮੀ ਅਤੇ ਕੌਮਾਂਤਰੀ ਹਾਕੀ ਟੀਮ ਵਲੋਂ ਖੇਡਣ ਵਾਲੇ ਬਲਬੀਰਾਂ ਦੀ ਗਿਣਤੀ ਨੌਂ ਹੈ। ਇਨ੍ਹਾਂ ਮਾਣਮੱਤੇ ਹਾਕੀ ਦੇ ਬਲਬੀਰਾਂ ’ਚ ਕਰਨਲ ਬਲਬੀਰ ਸਿੰਘ ਕੁਲਾਰ ਦਾ ਨਾਂ ਮੁੱਢਲੀਆਂ ਸਫ਼ਾਂ ‘ਚ ਸ਼ੁਮਾਰ ਹੈ। ਹਾਕੀ ਦੇ ਕੌਮੀ ਅਤੇ ਕੌਮਾਂਤਰੀ ਹਲਕਿਆਂ ’ਚ ਸਰਵਿਸਿਜ਼ ਵਾਲੇ ਬਲਬੀਰ ਦੇ ਨਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਕਰਨਲ ਬਲਬੀਰ ਸਿੰਘ ਕੁਲਾਰ ਦਾ ਜਨਮ 5 ਅਪਰੈਲ 1945 ਵਿਚ ਦਰਬਾਰ ਕੌਰ ਕੁਲਾਰ ਤੇ ਗੱਜਣ ਕੁਲਾਰ ਦੇ ਘਰ ਜ਼ਿਲ੍ਹਾ ਜਲੰਧਰ ਦੇ ਪਿੰਡ ਸੰਸਾਰਪੁਰ ਵਿਚ ਹੋਇਆ।
74ਵੇਂ ਸਾਲ ਦੀ ਉਮਰ ’ਚ ਹਾਕੀ ਨਾਲ ਤੋੜ ਨਿਭਣ ਦੀਆਂ ਕਸਮਾਂ ਖਾਣ ਵਾਲੇ ਬਲਬੀਰ ਸਿੰਘ ਕੁਲਾਰ ਨੇ ਕੈਂਟ ਬੋਰਡ ਸਕੂਲ ਜਲੰਧਰ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਦੌਰਾਨ ਹਾਕੀ ਖੇਡਣ ਦਾ ਆਗਾਜ਼ ਕਰ ਕੇ ਇਸ ਖੇਡ ‘ਚ ਸਿਖਰੀ ਮੁਕਾਮ ਹਾਸਲ ਕੀਤਾ। ਪਹਿਲਾਂ-ਪਹਿਲ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀਆਂ ਟੀਮਾਂ ਨਾਲ ਹਾਕੀ ਖੇਡਣ ਵਾਲੇ ਕਰਨਲ ਬਲਬੀਰ ਸਿੰਘ ਨੂੰ 1962 ‘ਚ ਇੰਡੀਅਨ ਯੂਨੀਵਰਸਿਟੀ ਦੀ ਟੀਮ ਦੀ ਨੁਮਾਇੰਦਗੀ ‘ਚ ਅਫ਼ਗਾਨਿਸਤਾਨ ਵਿਰੁੱਧ ਖੇਡਣ ਕੌਮਾਂਤਰੀ ਹਾਕੀ ਦੇ ਮੈਦਾਨ ’ਚ ਨਿੱਤਰਨ ਦਾ ਹੱਕ ਹਾਸਲ ਹੋਇਆ।
ਸਮਕਾਲੀ ਟਾਪਰ ਹਾਣੀ ਖਿਡਾਰੀਆਂ ਦੀ ਸੂਚੀ ’ਚ ਸ਼ੁਮਾਰ ਕਰਨਲ ਬਲਬੀਰ ਸਿੰਘ ਦਾ ਹਾਕੀ ਸਫ਼ਰ ਸਿਖ਼ਰ ਤੋਂ ਸਿਖ਼ਰ ਹੋਣ ਕਰ ਕੇ ਉਸ ਦਾ ਹਾਕੀ ਦੇ ਕਾਦਰ ਅਤੇ ਕਾਇਨਾਤ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਭਾਰਤੀ ਖੇਡ ਮੰਤਰਾਲੇ ਵਲੋਂ 1968 ’ਚ ‘ਅਰਜੁਨਾ ਐਵਾਰਡ’ ਨਾਲ ਸਨਮਾਨਤ ਬਲਬੀਰ ਸਿੰਘ ਕੁਲਾਰ ਨੇ ਕਰੀਅਰ ਬਰੇਕ ਤੋਂ ਬਾਅਦ ਯੂਰੋਪੀਅਨ ਟੂਰ ‘ਚ ਜਰਮਨੀ, ਹਾਲੈਂਡ, ਸਪੇਨ ਦੀਆਂ ਟੀਮਾਂ ਨਾਲ ਹਾਕੀ ਟੈਸਟ ਲੜੀਆਂ ਖੇਡਣ ਤੋਂ ਇਲਾਵਾ ਜਾਪਾਨ, ਕੀਨੀਆ ਅਤੇ ਯੂਗਾਂਡਾ ਦੀਆਂ ਹਾਕੀ ਟੀਮਾਂ ਵਿਰੁੱਧ ਖੇਡਣ ਸਦਕਾ ਆਪਣੀ ਖੇਡ ਧਾਰ ਤਿੱਖੀ ਕਰਨ ਵਿਚ ਨਿਪੁੰਨਤਾ ਹਾਸਲ ਕੀਤੀ। ਗੋਡੇ ਦੀ ਸੱਟ ਦੀ ਮਜਬੂਰੀ ਕਰ ਕੇ 1970 ‘ਚ ਐਕਟਿਵ ਹਾਕੀ ਖੇਡਣ ਤੋਂ ਲਾਂਭੇ ਹੋਣ ਤੋਂ ਬਾਅਦ ਕਰਨਲ ਬਲਬੀਰ ਸਿੰਘ ਕੁਲਾਰ ਨੂੰ 1987 ‘ਚ ਕੌਮੀ ਹਾਕੀ ਟੀਮ ਦੀ ਚੋਣ ਕਮੇਟੀ ਵਿਚ ਸਿਲੈਕਟਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਬਲਬੀਰ ਸਿੰਘ ਕੁਲਾਰ ਨੂੰ ਸੰਸਾਰਪੁਰ ਹਾਕੀ ਐਸੋਸੀਏਸ਼ਨ ਦਾ ਪ੍ਰਧਾਨ ਥਾਪਿਆ ਗਿਆ। ਕਰਨਲ ਬਲਬੀਰ ਸਿੰਘ ਵਲੋਂ ਪਿੰਡ ਸੰਸਾਰਪੁਰ ਦੀ ਹਾਕੀ ਤੇ ਉਥੋਂ ਦੇ ਚਾਰ ਦੇਸ਼ਾਂ ਵਲੋਂ ਖੇਡਣ ਵਾਲੇ ਖਿਡਾਰੀਆਂ ਸਬੰਧੀ ਲਿਖੀ ਗਈ ਆਟੋਬਾਇਗ੍ਰਾਫੀ ਲੰਡਨ-2012 ਓਲੰਪਿਕ ਸਮੇਂ ਇੰਡੀਅਨ ਆਰਮੀ ਦੇ ਤੱਤਕਾਲੀ ਜਰਨਲ ਵੀ.ਕੇ. ਸਿੰਘ ਵਲੋਂ ਰਿਲੀਜ਼ ਕੀਤੀ ਗਈ। ਬਲਬੀਰ ਸਿੰਘ ਵੱਲੋਂ 1995 ‘ਚ ਚੰਡੀਗੜ੍ਹ ਵਿਚ ਖੇਡੀ ਗਈ ਇੰਡੋ-ਪੈਨ ਅਮੈਰੀਕਨ ਹਾਕੀ ਚੈਂਪੀਅਨਸ਼ਿਪ ਮੈਨੇਜ ਕਰਨ ਦੀ ਜ਼ਿੰਮੇਵਾਰੀ ਨੂੰ ਸਫ਼ਲਤਾਪੂਰਬਕ ਨੇਪਰੇ ਚਾੜ੍ਹਿਆ ਗਿਆ।
ਆਰਮੀ ਵਿਚ ਕਰਨਲ ਦੇ ਅਹੁਦੇ ਤੋਂ ਰਿਟਾਇਰ ਹੋਏ ਫੀਲਡ ਹਾਕੀ ਓਲੰਪੀਅਨ ਬਲਬੀਰ ਸਿੰਘ ਨੂੰ ਬੈਂਕਾਕ-1966 ਦੀ ਏਸ਼ਿਆਈ ਹਾਕੀ ‘ਚ ਪਹਿਲੀ ਵਾਰ ਗੋਲਡ ਮੈਡਲ ਜਿੱਤਣ ਵਾਲੀ ਦੇਸ਼ ਦੀ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਦਾ ਮਾਣ ਨਸੀਬ ਹੋਇਆ। ਬੈਂਕਾਕ ਦੇ ਖੇਡ ਮੈਦਾਨ ‘ਚ ਸ਼ੰਕਰ ਲਕਸਮਨ ਦੀ ਕਪਤਾਨੀ ‘ਚ ਇੰਡੀਅਨ ਟੀਮ ਨੇ ਪਾਕਿਸਤਾਨ ਦੀ ਟੀਮ ਦੀ ਪਿੱਠ ਲਾਉਂਦਿਆਂ ਏਸ਼ੀਅਨ ਹਾਕੀ ‘ਚ ਚੈਂਪੀਅਨ ਨਾਮਜ਼ਦ ਹੋਣ ਦਾ ਮਾਣ ਖੱਟਿਆ ਸੀ। ਮੈਦਾਨ ‘ਚ ਹਾਫ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਬਲਬੀਰ ਸਿੰਘ ਕੁਲਾਰ ਨੇ ਮੈਕਸਿਕੋ-1968 ਦੀਆਂ ਓਲੰਪਿਕ ਖੇਡਾਂ ‘ਚ ਤਾਂਬੇ ਦਾ ਤਗਮਾ ਜੇਤੂ ਟੀਮ ਲਈ ਤਿੰਨ ਗੋਲ ਸਕੋਰ ਕਰਨ ਦਾ ਜੱਸ ਖੱਟਿਆ। ਪ੍ਰਿਥੀਪਾਲ ਸਿੰਘ ਅਤੇ ਗੁਰਬਖਸ਼ ਸਿੰਘ ਦੀ ਸਾਂਝੀ ਕਪਤਾਨੀ ‘ਚ ਭਾਰਤੀ ਟੀਮ ਨੇ ਜਰਮਨੀ ਦੇ ਖਿਡਾਰੀਆਂ ਨੂੰ ਚੌਥੇ ਰੈਂਕ ’ਤੇ ਭੇਜਣ ਸਦਕਾ ਤਾਂਬੇ ਦਾ ਤਗਮਾ ਹਾਸਲ ਕੀਤਾ ਸੀ। 1964 ‘ਚ ਬਲਬੀਰ ਸਿੰਘ ਕੁਲਾਰ ਨੇ ਹਾਸ਼ਟਰੀ ਹਾਕੀ ਖੇਡਣ ‘ਚ ਪੰਜਾਬ ਦੀ ਪ੍ਰਤੀਨਿੱਧਤਾ ਕੀਤੀ। ਆਪਣੀ ਕਪਤਾਨੀ ‘ਚ ਸੈਨਾ ਦੀ ਹਾਕੀ ਟੀਮ ਨੂੰ ਮੁੰਬਈ ਗੋਲਡ ਹਾਕੀ ਕੱਪ-1971 ਜਿਤਾਉਣ ਵਾਲਾ ਕਰਨਲ ਬਲਬੀਰ ਸਿੰਘ 1965 ‘ਚ ਇੰਡੀਅਨ ਆਰਮੀ ‘ਚ ਭਰਤੀ ਹੋਇਆ। ਭਾਰਤੀ ਸੈਨਾ ‘ਚ ਕਮਿਸ਼ਨ ਲੈਣ ਤੋਂ ਬਾਅਦ 1965 ਤੋਂ 1974 ਤੱਕ ਲਗਾਤਾਰ 10 ਸਾਲ ਭਾਰਤੀ ਸੈਨਾ ਦੀ ਹਾਕੀ ਟੀਮ ਨਾਲ ਨੈਸ਼ਨਲ ਹਾਕੀ ਖੇਡਿਆ। ਇਸ ਤੋਂ ਬਾਅਦ ਬਤੌਰ ਕੋਚ ਕਰਨਲ ਬਲਬੀਰ ਸਿੰਘ ਨੇ 1981 ਤੱਕ ਆਰਕੀ ਸਰਵਿਸ ਕੋਰ ਦੀ ਹਾਕੀ ਟੀਮ ਨੂੰ ਟਰੇਂਡ ਕੀਤਾ। ਵਿਮੈਨ ਹਾਕੀ ਵਰਲਡ ਕੱਪ ਹਾਲੈਂਡ-1998 ਖੇਡਣ ਵਾਲੀ ਦੇਸ਼ ਦੀ ਮਹਿਲਾ ਹਾਕੀ ਦਾ ਸਿਖਲਾਇਰ ਰਹੇ ਬਲਬੀਰ ਸਿੰਘ ਨੇ ਦਿੱਲੀ ਏਸ਼ੀਆਡ-1982 ‘ਚ ਸਿਲਵਰ ਮੈਡਲ ਜੇਤੂ ਤੇ ਚੈਂਪੀਅਨਜ਼ ਹਾਕੀ ਟਰਾਫੀ ਐਮਸਟਰਡਮ-1971 ‘ਚ ਤਾਂਬੇ ਦਾ ਤਗਮਾ ਜੇਤੂ ਭਾਰਤ ਦੀ ਸੀਨੀਅਰ ਕੌਮੀ ਹਾਕੀ ਟੀਮ ਨੂੰ ਟਰੇਂਡ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਈ।
1999 ‘ਚ ਲਾਈਫ ਟਾਈਮ ਅਚੀਵਮੈਂਟ ਐਵਾਰਡ ਹਾਸਲ ਕਰਨਲ ਬਲਬੀਰ ਸਿੰਘ ਕੁਲਾਰ ਨੂੰ ਇੰਡੀਅਨ ਚੀਫ ਆਫ ਆਰਮੀ ਸਟਾਫ ਵਲੋਂ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ ਕੀਤਾ ਗਿਆ।

ਸੰਪਰਕ: 94171-82993


Comments Off on ਹਾਫ ਬੈਕ ਖੇਡਣ ਵਾਲਾ ਓਲੰਪੀਅਨ ਕਰਨਲ ਬਲਬੀਰ ਸਿੰਘ ਕੁਲਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.