ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਸਿੱਲ੍ਹੀ ਸਿੱਲ੍ਹੀ ਖ਼ਾਮੋਸ਼ੀ ਦੀ ਪੇਸ਼ਕਾਰੀ

Posted On March - 14 - 2020

ਰਾਸ ਰੰਗ

ਡਾ. ਸਾਹਿਬ ਸਿੰਘ

ਆਪਣੀ ਜਗ੍ਹਾ ਤੋਂ ਵਿਸਥਾਪਤ ਹੋ ਕੇ ਪਰਾਈ ਥਾਂ ਵਾਸ ਕਰਨ ਲਈ ਮਜਬੂਰ ਹੋਣਾ ਸਭ ਤੋਂ ਦੁਖਦਾਈ ਕਾਰਜ ਹੈ, ਪਰ ਮਨੁੱਖੀ ਇਤਿਹਾਸ ਨੇ ਇਹ ਵਿਸਥਾਪਨ ਵਾਰ ਵਾਰ ਦੇਖਿਆ ਤੇ ਹੰਢਾਇਆ ਹੈ। ਨੈਸ਼ਨਲ ਸਕੂਲ ਆਫ ਡਰਾਮਾ ਦੇ ਰੰਗ ਮੰਡਲ ਦੀ ਪੇਸ਼ਕਾਰੀ ‘ਖਾਮੋਸ਼ੀ ਸੀਲੀ ਸੀਲੀ’ ਕਸ਼ਮੀਰੀ ਪੰਡਤਾਂ ਦਾ ਦਰਦ ਪੇਸ਼ ਕਰ ਗਈ, ਪਰ ਇਹ ਵਧੇਰੇ ਗਹਿਰੇ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ। ਅਮਰੀਕੀ ਨਾਟਕਕਾਰ ਜੌਸਫ ਸਟੇਨ ਵੱਲੋਂ ਲਿਖਤ ਨਾਟਕ ‘ਫਿਡਲਰ ਆਨ ਦਿ ਰੂਫ’ ਨੂੰ ਆਸਿਫ ਅਲੀ ਨੇ ਰੁਪਾਂਤਰਿਤ ਕੀਤਾ ਅਤੇ ਸੁਰੇਸ਼ ਸ਼ਰਮਾ ਨੇ ਇਸਨੂੰ ਨਿਰਦੇਸ਼ਿਤ ਕੀਤਾ ਹੈ। ਕਾਜਲ ਘੋਸ਼ ਵੱਲੋਂ ਤਿਆਰ ਕੀਤਾ ਸੰਗੀਤ ਇੰਨਾ ਪ੍ਰਭਾਵਸ਼ਾਲੀ ਸੀ ਕਿ ਕਸ਼ਮੀਰ ਦੀ ਰੂਹ ਉਨ੍ਹਾਂ ਸਾਜ਼ਾਂ ’ਤੇ ਸਵਾਰ ਹੋ ਕੇ ਦਰਸ਼ਕ ਤਕ ਪਹੁੰਚ ਰਹੀ ਸੀ।
ਬੰਸੀ ਕੌਲ ਜਿਹੇ ਰੰਗਮੰਚ ਮਹਾਰਥੀ ਵੱਲੋਂ ਕੀਤੀ ਗਈ ਮੰਚ ਸੱਜਾ ਨਾਟਕ ਨੂੰ ਗਤੀ ਵੀ ਪ੍ਰਦਾਨ ਕਰ ਰਹੀ ਸੀ ਤੇ ਕਲਾਕਾਰਾਂ ਦੀ ਕਲਾ ਖਿੜਨ ’ਚ ਮਦਦ ਵੀ ਕਰ ਰਹੀ ਸੀ। ਕ੍ਰਿਤੀ ਵੀ. ਸ਼ਰਮਾ ਵੱਲੋਂ ਡਿਜ਼ਾਈਨ ਕੀਤਾ ਪਹਿਰਾਵਾ ਢੁਕਵਾਂ ਤੇ ਖਿੱਚ ਪਾਉਣ ਵਾਲਾ ਸੀ। ਨੌਰਬੂ ਸ਼ੇਰਿੰਗ ਨੇ ਨਾਟਕ ਦੌਰਾਨ ਪੇਸ਼ ਅਨੇਕਾਂ ਨ੍ਰਿਤ ਡਿਜ਼ਾਈਨ ਕੀਤੇ। ਗੋਵਿੰਦ ਸਿੰਘ ਯਾਦਵ ਵੱਲੋਂ ਕੀਤੀ ਗਈ ਰੋਸ਼ਨੀ ਵਿਉਂਤ ਨਾਟਕ ਦੀ ਕਹਾਣੀ ਨੂੰ ਅਰਥ ਪ੍ਰਦਾਨ ਕਰ ਰਹੀ ਸੀ। ਸ਼ਾਹਨਵਾਜ਼ ਖ਼ਾਨ, ਸ਼ਰੁਤੀ ਮਿਸ਼ਰਾ, ਅਪਰਾਜਿਤਾ, ਸੁਖਿਨਜੀਤ ਕੌਰ, ਅਪਰਨਾ ਮੈਨਨ, ਬਰੋਨਾਲੀ ਬੁਰਾਹ, ਸਾਂਪਾ ਮੰਡਲ, ਦੀਪ ਕੁਮਾਰ, ਰਾਜੀਵ ਕਾਲਿਤਾ, ਮਹੇਂਦਰ ਸਿੰਘ, ਮੋਹਨਲਾਲ ਸਾਗਰ, ਰੁਕਮਣੀ ਸਰਕਾਰ, ਸਿਕੰਦਰ ਕੁਮਾਰ ਜਿਹੇ ਸਿਖਲਾਈ ਯਾਫਤਾ ਅਦਾਕਾਰ ਨਿਪੁੰਨ ਅਦਾਕਾਰੀ ਦੇ ਜਲਵੇ ਬਿਖੇਰ ਰਹੇ ਸਨ। ਰੰਗ ਮੰਡਲ ਦੇ ਕਲਾਕਾਰ, ਹਰ ਤਰ੍ਹਾਂ ਦੀ ਸੁਵਿਧਾ ਨਾਲ ਸਪੰਨ ਟੀਮ, ਆਪਣੀ ਕਲਪਨਾਸ਼ੀਲਤਾ ਨੂੰ ਕਿਸੇ ਵੀ ਉਚਾਈ ਤਕ ਲੈ ਕੇ ਜਾਣ ਦੀ ਖੁੱਲ੍ਹ, ਤਜਰਬੇਕਾਰ ਤਕਨੀਸ਼ੀਅਨ ਇਕ ਅਜਿਹਾ ਖ਼ੂਬਸੂਰਤ ਸੁਮੇਲ ਹੈ ਕਿ ਪੇਸ਼ਾਵਰ ਰੰਗਮੰਚ ਦੀ ਬੁਲੰਦੀ ਤੱਕਦਾ ਦਰਸ਼ਕ ਅੱਖਾਂ ਟੱਡ ਕੇ ਬੈਠਦਾ ਹੈ। ਇਹ ਸਭ ਕੁਝ ਉਸ ਦੀਆਂ ਆਸਾਂ ਉਮੀਦਾਂ ਨੂੰ ਕਿਸੇ ਉੱਚੀ ਟੀਸੀ ’ਤੇ ਲੈ ਜਾਂਦਾ ਹੈ।

ਡਾ. ਸਾਹਿਬ ਸਿੰਘ

ਨਾਟਕ ਦੀ ਕਹਾਣੀ ਸਾਧਾਰਨ ਹੈ। ਨੰਦੀਗਰਾਮ ’ਚ ਰਹਿੰਦਾ ਇਕ ਪੰਡਿਤ ਪਰਿਵਾਰ, ਜਿਸਦਾ ਮੁਖੀ ਪ੍ਰਿਥਵੀ ਨਾਥ ਮਿਹਨਤ ਕਰਕੇ ਆਪਣੇ ਟੱਬਰ ਦਾ ਗੁਜ਼ਾਰਾ ਕਰਦਾ ਹੈ। ਉਸਦੀ ਪਤਨੀ ਦਿੱਦਾ ਸਾਥ ਦੇ ਰਹੀ ਹੈ। ਉਨ੍ਹਾਂ ਦੀਆਂ ਪੰਜ ਧੀਆਂ ਹਨ ਜਿਨ੍ਹਾਂ ਦੇ ਵਿਆਹ ਦਾ ਫਿਕਰ ਵੀ ਹੈ। ਧੀਆਂ ਜ਼ਿੰਦਗੀ ਦੀਆਂ ਸ਼ੋਖੀਆਂ, ਸ਼ਰਾਰਤਾਂ, ਹੱਸਣ, ਟੱਪਣ, ਰੋਸੇ, ਗਿਲੇ, ਮਾਸੂਮ ਅਦਾਵਾਂ ਨਾਲ ਲਬਰੇਜ਼ ਹਨ, ਘਰ ਦੀ ਰੌਣਕ ਹਨ। ਲੀਲਾ ਭੂਆ ਉਨ੍ਹਾਂ ਲਈ ਰਿਸ਼ਤੇ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਧੀਆਂ ਇਕ ਇਕ ਕਰਕੇ ਆਪਣੇ ਜੀਵਨ ਸਾਥੀ ਖ਼ੁਦ ਲੱਭ ਰਹੀਆਂ ਹਨ। ਪ੍ਰਿਥਵੀ ਇਤਰਾਜ਼ ਕਰਦਾ ਹੈ, ਪਰ ਧੀਆਂ ਦੀ ਖ਼ੁਸ਼ੀ ਲਈ ਇਹ ਰਿਸ਼ਤੇ ਕਬੂਲ ਕਰ ਲੈਂਦਾ ਹੈ। ਸਮੱਸਿਆ ਉਦੋਂ ਖੜ੍ਹੀ ਹੁੰਦੀ ਹੈ ਜਦੋਂ ਤੀਜੀ ਧੀ ਨੂੰ ਇਕ ਮੁਸਲਿਮ ਲੜਕੇ ਨਾਲ ਇਸ਼ਕ ਹੋ ਜਾਂਦਾ ਹੈ। ਹੁਣ ਰਵਾਇਤਾਂ ਦੀ ਦੀਵਾਰ ਆ ਖੜ੍ਹਦੀ ਹੈ ਤੇ ਪ੍ਰਿਥਵੀ ਇਨਕਾਰ ਕਰ ਦਿੰਦਾ ਹੈ। ਧੀ ਸ਼ੁਹਲ ਫਿਰਦੌਸ ਨਾਲ ਨਿਕਾਹ ਕਰ ਲੈਂਦੀ ਹੈ। ਇਨ੍ਹਾਂ ਹੀ ਸਮਿਆਂ ਵਿਚ ਤੋੜਫੋੜ ਦੀਆਂ ਖ਼ਬਰਾਂ ਫੈਲ ਜਾਂਦੀਆਂ ਹਨ, ਫਿਜ਼ਾ ’ਚ ਤਣਾਅ ਫੈਲਦਾ ਹੈ ਤੇ ਕਸ਼ਮੀਰੀ ਪੰਡਤ ਅਸੁਰੱਖਿਅਤ ਮਹਿਸੂਸ ਕਰਨ ਲੱਗਦੇ ਹਨ। ਹਾਲਾਤ ਇੰਨੇ ਦਰਦਨਾਕ ਬਣ ਜਾਂਦੇ ਹਨ ਕਿ ਉਹ ਇਨਸਾਨ ਜਿਨ੍ਹਾਂ ਨੇ ਇਸੇ ਮਿੱਟੀ ਵਿਚ ਜਨਮ ਲਿਆ ਸੀ, ਜਿਨ੍ਹਾਂ ਨੇ ਇਸੇ ਮਿੱਟੀ ’ਚ ਚਿਨਾਰ ਦੇ ਰੁੱਖ ਬੀਜੇ ਸਨ, ਚਿਨਾਰ ਦੇ ਸੁਰਖ ਫੁੱਲਾਂ ਦੀ ਖੇਤੀ ਕੀਤੀ ਸੀ, ਹੱਸਦੀ ਮਹਿਕਦੀ ਜ਼ਿੰਦਗੀ ਜੀਵੀ ਸੀ ਤੇ ਗਲਵੱਕੜੀਆਂ ਪਾ ਕੇ ਹਰ ਮਜ਼ਹਬ ਤੋਂ ਉੱਪਰ ਰਹਿ ਕੇ ਮਨੁੱਖੀ ਸਾਂਝਾਂ ਪਾਈਆਂ ਸਨ, ਅੱਜ ਇਸ ਮਿੱਟੀ ਤੋਂ ਨਾਤਾ ਤੋੜ ਕੇ ਕਿਸੇ ਓਪਰੀ ਥਾਂ ਵੱਲ ਯਾਤਰਾ ਕਰਨ ਦਾ ਸੰਤਾਪ ਭੋਗ ਰਹੇ ਹਨ। ਪੰਜਾਬੀ ਦਰਸ਼ਕ ਦੇ ਮਨ ਵਿਚ ਸੰਤਾਲੀ ਸਿਰ ਚੁੱਕਦਾ ਹੈ ਤੇ ਉਸਦਾ ਰੁੱਗ ਭਰਿਆ ਜਾਂਦਾ ਹੈ। ਕਾਜਲ ਘੋਸ਼ ਦਾ ਦਰਦਮੰਦ ਸੰਗੀਤ ਮਾਹੌਲ ਨੂੰ ਹੋਰ ਜਜ਼ਬਾਤੀ ਕਰ ਰਿਹਾ ਹੈ ਤੇ ਉੱਜੜਿਆ ਕਾਫਲਾ ਸਿਰਾਂ ’ਤੇ ਪੰਡਾਂ, ਟਰੰਕ, ਗਠੜੀਆਂ ਚੁੱਕੀ ਕਿਸੇ ਅਣਦਿਸਦੇ ਕਿਨਾਰੇ ਵੱਲ ਵਧਦੇ ਦਿਖਾਈ ਦਿੰਦੇ ਹਨ।
ਨਾਟਕ ਦਾ ਆਰੰਭ ਵੀ ਇਕ ਲੰਬੇ ਗੀਤ ਨਾਲ ਹੁੰਦਾ ਹੈ ਤੇ ਅੰਤ ਵੀ ਇਸੇ ਤਰ੍ਹਾਂ ਇਕ ਗੀਤ ਰਾਹੀਂ ਹੁੰਦਾ ਹੈ। ਸਾਰਾ ਨਾਟਕ ਗੀਤਾਂ ਨਾਲ ਅੱਟਿਆ ਪਿਆ ਹੈ ਤੇ ਇਨ੍ਹਾਂ ਗੀਤਾਂ ਦੌਰਾਨ ਕਲਾਕਾਰਾਂ ਦਾ ਨਾਚ ਅੱਖਾਂ ਨੂੰ ਚੰਗਾ ਲੱਗਦਾ ਹੈ, ਕੰਨ ਰਸ ਪ੍ਰਦਾਨ ਕਰਦਾ ਹੈ, ਪਰ ਕਈ ਗੀਤ ਅਜਿਹੇ ਹਨ ਜਿਨ੍ਹਾਂ ਨੂੰ ਦੇਖਦਾ ਸੁਣਦਾ ਦਰਸ਼ਕ ਸੱਜੇ ਖੱਬੇ ਦੇਖਦਾ ਹੈ, ਜਿਵੇਂ ਨਾਲ ਬੈਠੇ ਦਰਸ਼ਕ ਨੂੰ ਓਹੀ ਸਵਾਲ ਪੁੱਛਣਾ ਚਾਹੁੰਦਾ ਹੋਵੇ ਜੋ ਉਸਦੇ ਮਨ ’ਚ ਉੱਗਿਆ ਹੈ ਕਿ ਕੀ ਇਨ੍ਹਾਂ ਸਾਰੇ ਗੀਤਾਂ ਦੀ ਨਾਟਕ ਨੂੰ ਲੋੜ ਸੀ! ਕੀ ਇਹ ਗੀਤ ਲੋੜ ਤੋਂ ਉੱਪਰ ਕੁਝ ਹੋਰ ਤਾਂ ਨਹੀਂ ਸੀ ਸਿਰਜ ਰਹੇ? ਕੀ ਇਹ ਰੰਗਮੰਚ ਦਾ ਫ਼ਿਲਮਾਂ ਨਾਲ ਮੁਕਾਬਲਾ ਕਰਨ ਵੱਲ ਕੀਤੀ ਕੋਈ ਕਸਰਤ ਤਾਂ ਨਹੀਂ? ਕੀ ਗਹਿਰ ਗੰਭੀਰ ਵਿਸ਼ਲੇਸ਼ਣ ਮੰਗਦੇ ਵਿਸ਼ੇ ਦੀ ਸਰਲ ਤੇ ਆਸਾਨ ਕੰਨੀ ਫੜੀ ਰੱਖਣ ਲਈ ਇਹ ਗੀਤ ਆਸਰਾ ਤਾਂ ਨਹੀਂ ਬਣਾਏ ਗਏ? ਇਨ੍ਹਾਂ ਸਵਾਲਾਂ ਦੇ ਜਵਾਬ ਸਿਆਣੇ ਲੱਭ ਲੈਣਗੇ, ਪਰ ਜੋ ਮਜ਼ੇਦਾਰ ਹੈ, ਜੋ ਸਕੂਨ ਦੇਣ ਵਾਲਾ ਹੈ, ਉਹ ਸਮਝਣਾ ਵੀ ਜ਼ਰੂਰੀ ਹੈ। ਇਹ ਕਲਾਕਾਰ ਹਿੰਦੋਸਤਾਨ ਦੀ ਸਭ ਤੋਂ ਵੱਡੀ ਰੰਗਮੰਚ ਸੰਸਥਾ ਤੋਂ ਸਿੱਖ ਕੇ ਇੱਥੇ ਪਹੁੰਚੇ ਹਨ, ਉਹ ਅਦਾਕਾਰੀ ਦੀਆਂ ਰਾਸ਼ਟਰੀ ਅੰਤਰਰਾਸ਼ਟਰੀ ਥਿਊਰੀਆਂ ਤੇ ਅੰਦਾਜ਼ ਪੜ੍ਹ-ਹੰਢਾ ਚੁੱਕੇ ਹਨ, ਉਨ੍ਹਾਂ ਦੇ ਜਿਸਮ ਦਾ ਹਰ ਹਿੱਸਾ ਸੁਰ ਵਿਚ ਹੈ। ਉਹ ਤਾਲ ਬੇਤਾਲ ਦਾ ਫ਼ਰਕ ਸਮਝਦੇ ਹਨ, ਉਹ ਕਿਸੇ ਵੀ ਪ੍ਰਚੱਲਿਤ ਅੰਦਾਜ਼ ਨੂੰ ਉਲੰਘ ਕੇ ਕੋਈ ਸੰਵਾਦ ਵੱਖਰੀ ਤਰ੍ਹਾਂ ਬੋਲਣ ਦਾ ਕਸਬ ਜਾਣਦੇ ਹਨ, ਉਹ ਸਿਰਫ਼ ਬਾਹਾਂ ਚੁੱਕ ਨੱਚਣਾ ਨਹੀਂ ਜਾਣਦੇ ਬਲਕਿ ਉਨ੍ਹਾਂ ਨ੍ਰਿਤ ਨੂੰ ਅਦਾਇਗੀ ਦਾ ਲਿਬਾਸ ਪਹਿਨਾਉਣ ਦਾ ਹੁਨਰ ਸਾਧਿਆ ਹੋਇਆ ਹੈ। ਉਹ ਮੰਚ ’ਤੇ ਖੇਡਦੇ ਹਨ ਤੇ ਖੇਡ ਕਿਸ ਨੂੰ ਚੰਗੀ ਨਹੀਂ ਲੱਗਦੀ!
ਇਸ ਨਾਟਕ ਦੇ ਇਕ ਕਲਾਕਾਰ ਸਿਕੰਦਰ ਕੁਮਾਰ ਦਾ ਅੱਡਿਆ ਮੂੰਹ ਬਿਨਾਂ ਬੋਲਿਆਂ ਕੁਝ ਕਹਿ ਰਿਹਾ ਸੀ, ਪਰ ਨਾਟਕ ਕੁਝ ਇਵੇਂ ਵੀ ਬੋਲ ਰਿਹਾ ਸੀ ਕਿ ਮੁਸਲਮਾਨਾਂ ਕੋਲ ਖ਼ਤਰਨਾਕ ਹਥਿਆਰ ਹਨ ਤੇ ਅਸੀਂ ਮੁਕਾਬਲਾ ਨਹੀਂ ਕਰ ਸਕਦੇ। ਇਹ ਆਪਣੇ ਆਪ ’ਚ ਇਕ ਪੇਚੀਦਾ ਸਥਿਤੀ ਦਾ ਸਰਲ ਵਿਸਥਾਪਨ ਹੈ। ਸੱਤਾ ਇਕ ਖੇਡ ਖੇਡਦੀ ਹੈ ਕਿ ਅੱਗ ਦੇ ਢੇਰ ’ਤੇ ਬੈਠੀ ਸੁਲਘ ਰਹੀ ਹਾਲਤ ਦਾ ਇੰਨਾ ਸਰਲੀਕਰਨ ਕਰ ਦਿੱਤਾ ਜਾਵੇ ਕਿ ਰਿਆਇਆ ਨੂੰ ਇਹ ਇਕਹਿਰਾ ਸੱਚ ਅੰਤਿਮ ਸੱਚ ਲੱਗਣ ਲੱਗ ਪਵੇ। ਇਹ ਉਨ੍ਹਾਂ ਵਾਰ ਵਾਰ ਕੀਤਾ ਹੈ, ਪਰ ਸੱਚ ਤਾਂ ਇਹ ਹੈ ਕਿ ਪੰਜਾਬ ’ਚ ਜਦੋਂ ਬੱਸਾਂ ’ਚੋਂ ਕੱਢ ਕੇ ਹਿੰਦੂ ਮਾਰੇ ਜਾ ਰਹੇ ਸਨ ਤਾਂ ਕਾਤਲ ‘ਸਿੱਖ’ ਨਹੀਂ ਸਨ, ਦਿੱਲੀ ’ਚ ਜਦੋਂ ਸਿੱਖਾਂ ਦੇ ਗਲਾਂ ਵਿਚ ਬਲਦੇ ਟਾਇਰ ਪਾਏ ਜਾ ਰਹੇ ਸਨ ਤਾਂ ਹਤਿਆਰੇ ‘ਹਿੰਦੂ’ ਨਹੀਂ ਸਨ ਤੇ ਜਦੋਂ ਕਸ਼ਮੀਰੀ ਪੰਡਤ ਪਲਾਇਨ ਕਰ ਰਹੇ ਸਨ ਤਾਂ ਇਸਦਾ ਕਾਰਨ ‘ਮੁਸਲਮਾਨ’ ਨਹੀਂ ਸਨ। ਇਰਾਕ ’ਤੇ ਹੋ ਰਹੀ ਬੰਬਾਰੀ ਲਈ ਅਮਰੀਕਨ ਨਾਗਰਿਕ ਜ਼ਿੰਮੇਵਾਰ ਨਹੀਂ ਹਨ। ਰੰਗਮੰਚ ਜ਼ਿੰਦਗੀ ਦੀ ਬਾਤ ਪਾਉਂਦੀ ਵਿਧਾ ਹੈ। ਇਸਨੂੰ ਪੇਚੀਦਗੀਆਂ ਫੜਨ ਦੇ ਆਹਰ ’ਚ ਪੈਣਾ ਚਾਹੀਦਾ ਹੈ। ਇਹ ਸੱਤਾ ਵੱਲੋਂ ਸਿਰਜੀ ਤੇ ਪ੍ਰਚਾਰੀ ਸਰਲ ਪਰਿਭਾਸ਼ਾ ਨੂੰ ਆਪਣੇ ਨਾਟਕ ਦੇ ਨਾਜ਼ੁਕ ਪਿੰਡੇ ’ਤੇ ਹਮਲਾ ਕਰਨੋਂ ਸੁਚੇਤ ਰਹੇਗਾ ਜਾਂ ਨਹੀਂ, ਇਹ ਵੱਡੀ ਚੁਣੌਤੀ ਹੈ ਕਿਉਂਕਿ ਕੋਈ ਵੀ ਖਾਮੋਸ਼ੀ ਚਾਹੇ ਕਿੰਨੀ ਵੀ ਸਿੱਲ੍ਹੀ ਸਿੱਲ੍ਹੀ ਕਿਉਂ ਨਾ ਹੋਵੇ, ਅੰਦਰੋਂ ਧੁਖ ਰਹੀ ਹੁੰਦੀ ਹੈ। ਕਦੋਂ ਉਹ ਬਲ ਉੱਠੇ ਤੇ ਸਮੁੱਚੀ ਕਾਇਨਾਤ ਨੂੰ ਆਪਣੀ ਗਰਜ ਨਾਲ ਕੰਬਣ ਲਾ ਦੇਵੇ, ਕੋਈ ਨਹੀਂ ਜਾਣਦਾ।

ਸੰਪਰਕ: 98880-11096


Comments Off on ਸਿੱਲ੍ਹੀ ਸਿੱਲ੍ਹੀ ਖ਼ਾਮੋਸ਼ੀ ਦੀ ਪੇਸ਼ਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.