ਭਾਰਤ ਤੋਂ ਬਾਅਦ ਚੀਨ ਨੇ ਨਕਾਰੀ ਅਮਰੀਕੀ ਵਿਚੋਲਗੀ ਪੇਸ਼ਕਸ਼ !    ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਦੇ ਪਿਤਾ ਦੀ ਗੱਡੀ ਘਰ ਦੇ ਬਾਹਰੋਂ ਚੋਰੀ !    ਠੇਕੇ ਤੋਂ ਸ਼ਰਾਬ ਤੇ ਨਗਦੀ ਚੋਰੀ !    ਤਾਲਾਬੰਦੀ ਬਾਰੇ ਸ਼ਾਹ ਦੀ ਮੋਦੀ ਨਾਲ ਮੀਟਿੰਗ !    ਸ਼ੋਪੀਆਂ ਦਾ ਵਾਸੀ ਹੈ ਸੈਂਟ੍ਰੋ ਕਾਰ ਦਾ ਮਾਲਕ !    ਚੰਡੀਗੜ੍ਹ ’ਚ 4 ਨਵੇਂ ਕੇਸ, ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ 293 !    ਪਿੰਡ ਡਾਲਾ ’ਚ ਸਰਕਾਰੀ ਸਕੂਲ ਦੇ ਬਜ਼ੁਰਗ ਚੌਕੀਦਾਰ ਦਾ ਕਤਲ !    ਰਾਜ ਸਭਾ ਦੇ ਅਧਿਕਾਰੀ ਨੂੰ ਕਰੋਨਾ, ਇਮਾਰਤ ਸੀਲ !    ਟਿੱਡੀ ਦਲ ਹਮਲਾ: ਪੰਜਾਬ ਵੱਲੋਂ ‘ਜੰਗੀ ਮਸ਼ਕਾਂ’ ਸ਼ੁਰੂ !    ਚੀਨ ਨਾਲ ਟਕਰਾਅ ’ਤੇ ਮੋਦੀ ਦੇ ਖ਼ਰਾਬ ਮੂਡ ਬਾਰੇ ਟਰੰਪ ਦਾ ਦਾਅਵਾ ਝੂਠ: ਭਾਰਤ !    

ਸਾਡੇ ਘਰ ਵੀ ਬਾਬੇ ਆਏ…

Posted On March - 29 - 2020

ਪਰਮਜੀਤ ਕੌਰ ਸਰਹਿੰਦ
ਆਪ ਬੀਤੀ

ਜਦੋਂ ਵੀ ਕੋਈ ਰਚਨਾ ਅਖ਼ਬਾਰ ਜਾਂ ਕਿਸੇ ਮੈਗਜ਼ੀਨ ਵਿਚ ਛਪਦੀ ਹੈ ਤਾਂ ਅਕਸਰ ਹੀ ਪਾਠਕਾਂ ਦੇ ਫ਼ੋਨ ਆਉਂਦੇ ਹਨ। ਇਉਂ ਹੀ ਮੈਨੂੰ ਕਿਸੇ ਲੜਕੀ ਦਾ ਫ਼ੋਨ ਆਇਆ ਕਿ ਮੇਰੇ ਦਾਦਾ ਜੀ ਨੇ ਤੁਹਾਡਾ ਕੋਈ ਲੇਖ ਪੜ੍ਹਿਆ ਹੈ ਤੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਨ। ਮੈਂ ਕਿਹਾ, ‘‘ਤੁਹਾਡੇ ਦਾਦਾ ਜੀ ਕਿੱਥੇ ਹਨ? ਮੇਰੀ ਉਨ੍ਹਾਂ ਨਾਲ ਗੱਲ ਕਰਾਓ। ਉਨ੍ਹਾਂ ਮੇਰਾ ਲੇਖ ਪਸੰਦ ਕੀਤਾ ਹੈ, ਮੈਂ ਧੰਨਵਾਦ ਕਰ ਦੇਵਾਂ।’’ ਪਰ ਉਸ ਲੜਕੀ ਨੇ ਆਪਣੇ ਸ਼ਹਿਰ ਦਾ ਨਾਂ ਲੈਂਦਿਆਂ ਕਿਹਾ ਕਿ ਉਹ ਏਥੇ ਹੀ ਕਿਸੇ ਹੋਰ ਥਾਂ ਰਹਿੰਦੇ ਹਨ। ਫ਼ੋਨ ’ਤੇ ਹੀ ਪਿੱਛੋਂ ਮੈਨੂੰ ਕਿਸੇ ਬੰਦੇ ਦੀ ਆਵਾਜ਼ ਸੁਣ ਰਹੀ ਸੀ। ਉਹ ਕਹਿ ਰਿਹਾ ਸੀ ਕਿ ਮੈਂ ਅਗਲੇ ਹਫ਼ਤੇ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਮੱਥਾ ਟੇਕਣ ਜਾਣਾ ਹੈ, ਤੂੰ ਉਨ੍ਹਾਂ ਦਾ ਪਤਾ ਟਿਕਾਣਾ ਪੁੱਛ ਲੈ ਮੈਂ ਉਨ੍ਹਾਂ ਦੇ ਘਰ ਜਾ ਆਵਾਗਾਂ। ਮੈਂ ਉਸ ਲੜਕੀ ਨੂੰ ਕਿਹਾ ਕਿ ਮੈਨੂੰ ਫ਼ੋਨ ਕੀਤੇ ਬਗੈਰ ਨਾ ਆਉਣ ਕਿਉਂਕਿ ਕਈ ਵਾਰ ਕੋਈ ਰੁਝੇਵਾਂ ਹੁੰਦਾ ਹੈ। ਮੈਨੂੰ ਅਜਿਹੇ ਫ਼ੋਨ ਬਹੁਤ ਵਾਰ ਆਉਂਦੇ ਹਨ ਤੇ ਮੈਂ ਅਣਜਾਣ ਲੋਕਾਂ ਨੂੰ ਮਿਲਣੋਂ ਪਾਸਾ ਵੱਟ ਜਾਂਦੀ ਹਾਂ। ਸੋ ਗੱਲ ਆਈ ਗਈ ਹੋ ਗਈ।
ਹਫ਼ਤੇ ਕੁ ਪਿੱਛੋਂ ਮੈਨੂੰ ਕਿਸੇ ਬੰਦੇ ਦਾ ਫ਼ੋਨ ਆਇਆ, ‘‘ਬਾਬਾ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਉਨ੍ਹਾਂ ਪਹਿਲਾਂ ਵੀ ਮੇਰੀ ਬੇਟੀ ਤੋਂ ਫ਼ੋਨ ਕਰਵਾਇਆ ਸੀ।’’ ਮੈਂ ਕਿਹਾ ਕਿ ਬਾਬਾ ਜੀ ਐਨੀ ਦੂਰੋਂ ਆਉਣ ਦੀ ਖੇਚਲ ਨਾ ਕਰਨ। ਮੇਰੇ ਪਤੀ ਨੇ ਮੈਨੂੰ ਕਿਹਾ, ‘‘ਕੋਈ ਗੱਲ ਨਹੀਂ, ਜੇ ਬਜ਼ੁਰਗ ਬੰਦਾ ਵਾਰ-ਵਾਰ ਕਹਿ ਰਿਹਾ ਹੈ ਤਾਂ ਆ ਜਾਣ ਦਿਓ। ਮਿਲ ਜਾਵੇਗਾ।’’ ਮੈਂ ਬੇਮਨੀ ਜਿਹੀ ਨਾਲ ਉਸ ਬੰਦੇ ਨੂੰ ਤਾਕੀਦ ਕੀਤੀ ਕਿ ਆਉਣ ਤੋਂ ਪਹਿਲਾਂ ਫ਼ੋਨ ਕਰਨਾ ਤੇ ਦਸ ਵਜੇ ਤੋਂ ਸਾਢੇ ਕੁ ਗਿਆਰਾਂ ਵਜੇ ਤੋਂ ਪਹਿਲਾਂ ਮਿਲ ਜਾਣਾ। ਮੈਂ ਉਨ੍ਹਾਂ ਨੂੰ ਤੀਜੇ ਦਿਨ ਦਾ ਸਮਾਂ ਦੇ ਦਿੱਤਾ। ਇਹ ਵੀ ਦੱਸ ਦਿੱਤਾ ਸੀ ਕਿ 12 ਵਜੇ ਮੈਂ ਡਾਕਟਰ ਤੋਂ ਸਮਾਂ ਲਿਆ ਹੋਇਆ ਹੈ, ਇਸ ਲਈ ਸਮੇਂ ਦਾ ਅੱਗਾ ਪਿੱਛਾ ਨਾ ਕਰਨਾ। ਕੁਦਰਤੀ ਉਸੇ ਦਿਨ ਸਾਡੇ ਕੋਈ ਨਜ਼ਦੀਕੀ ਰਿਸ਼ਤੇਦਾਰ ਸਵੇਰੇ-ਸਵੇਰੇ ਆ ਗਏ। ਉਹ ਸਾਡੇ ਵਿਛੜੇ ਪੁੱਤਰ ਦੀਆਂ ਗੱਲਾਂ ਕਰਨ ਲੱਗ ਪਏ ਤੇ ਮਾਹੌਲ ਬੜਾ ਹੀ ਗ਼ਮਗੀਨ ਜਿਹਾ ਹੋ ਗਿਆ। ਸਵਾ ਨੌਂ ਵਜੇ ਉਹ ਜਾਣ ਲੱਗੇ ਤਾਂ ਮੇਰੀਆਂ ਅੱਖਾਂ ਵੀ ਮੱਲੋ-ਮੱਲੀ ਭਰ ਆਈਆਂ। ਉਨ੍ਹਾਂ ਦੇ ਜਾਂਦਿਆਂ ਹੀ ਗੇਟ ਦੀ ਘੰਟੀ ਵੱਜੀ। ਮੇਰੇ ਪਤੀ ਨੇ ਗੇਟ ਖੋਲ੍ਹਿਆ ਤੇ ਬਾਬਾ ਜੀ ਪ੍ਰਗਟ ਹੋਏ। ਭਰੀਆਂ ਅੱਖਾਂ ਨਾਲ ਹੀ ਮੈਂ ਅਤੇ ਸਾਡੇ ਆਏ ਹੋਏ ਮਹਿਮਾਨਾਂ ਨੇ ਬਾਬਾ ਜੀ ਨੂੰ ‘ਸਤਿ ਸ੍ਰੀ ਅਕਾਲ’ ਆਖਿਆ, ਪਰ ਬਾਬਾ ਜੀ ਨੇ ਜਵਾਬ ਹੀ ਨਾ ਦਿੱਤਾ ਤੇ ਉਹ ਇਕ ਟੱਕ ਮੇਰੇ ਵੱਲ ਦੇਖਦੇ ਰਹੇ ਜਿਵੇਂ ਕੋਈ ਚਿਰਾਂ ਬਾਅਦ ਮਿਲੇ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਫਿਰ ਇਕਦਮ ਮੇਰੇ ਸਿਰ ’ਤੇ ਹੱਥ ਰੱਖ ਕੇ ਬੋਲੇ, ‘‘ਅੱਛਾ, ਤੂੰ ਏਂ ਮੇਰਾ ਬੱਚਾ, ਕਿੰਨੇ ਚਿਰ ਦਾ ਵਿੱਛੜਿਆ ਹੋਇਆ ਹੁਣ ਮਿਲਿਆ ਹੈ ਮੇਰਾ ਪੁੱਤਰ। ਮੇਰੀ ਬੱਚੀ ਤੌਂਹ ਕਿੱਥੇ ਚਲੀ ਗਈ ਤੀ?’’ ਜ਼ਿਕਰਯੋਗ ਹੈ ਕਿ ਉਨ੍ਹਾਂ ਮੇਰੀ ਤਸਵੀਰ ਅਖ਼ਬਾਰ ਵਿਚ ਜ਼ਰੂਰ ਦੇਖੀ ਹੋਵੇਗੀ ਜਿਸ ’ਚੋਂ ਉਨ੍ਹਾਂ ਮੇਰਾ ਮੋਬਾਈਲ ਨੰਬਰ ਲਿਆ ਹੋਵੇਗਾ। ਮੈਂ ਪ੍ਰੇਸ਼ਾਨੀ ਜਿਹੀ ਵਿਚ ਉਸ ਬੰਦੇ ਨੂੰ ਸੋਫ਼ੇ ’ਤੇ ਬੈਠਣ ਲਈ ਕਿਹਾ। ਐਨੇ ਨੂੰ ਇਹ ਵੀ ਬਾਹਰੋਂ ਆ ਗਏ ਤੇ ਮੈਨੂੰ ਚਾਹ ਪਾਣੀ ਲਿਆਉਣ ਲਈ ਕਿਹਾ, ਪਰ ਬਾਬਾ ਜੀ ਨੇ ਸਾਨੂੰ ਦੋਵਾਂ ਨੂੰ ਆਪਣੇ ਕੋਲ ਆਲੇ-ਦੁਆਲੇ ਬਿਠਾ ਲਿਆ। ਬਾਬਾ ਜੀ ਨੇ ਦੋ ਕੁ ਮਿੰਟ ਅੱਖਾਂ ਬੰਦ ਕਰੀ ਰੱਖੀਆਂ। ਫਿਰ ਮੈਨੂੰ ਬੋਲੇ, ‘‘ਮੈਨੂੰ ਚਾਹ ਪਾਣੀ ਦੀ ਕੋਈ ਲੋੜ ਨਹੀਂ। ਮੇਰੇ ਮਨ ਵਿਚ ਵੈਰਾਗ ਆਇਆ ਤੇ ਮੈਂ ਤੈਨੂੰ ਮਿਲਣ ਆ ਗਿਆ। ਆਪਾਂ ਪਿਛਲੇ ਜਨਮ ਦੇ ਵਿਛੜੇ ਹੋਏ ਹਾਂ ਤੂੰ ਮੇਰਾ ਬੱਚਾ ਹੈਂ।’’ ਬਾਬੇ ਦਾ ਪ੍ਰਭਾਵ ਮੇਰੇ ਮਨ ’ਤੇ ਪਹਿਲਾਂ ਹੀ ਮਾੜਾ ਪੈ ਚੁੱਕਿਆ ਸੀ, ਪਰ ਮੈਂ ਸ਼ਿਸ਼ਟਾਚਾਰ ਵਜੋਂ ਉਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕਿਹਾ, ‘‘ਦੱਸੋ ਤੁਸੀਂ ਚਾਹ ਠੰਢਾ ਕੀ ਲਓਗੇ। ਮੈਂ ਲੈ ਕੇ ਆਉਂਦੀ ਹਾਂ।’’ ਪਰ ਬਾਬਾ ਤਾਂ ਮੇਰੀ ਗੱਲ ਹੀ ਨਾ ਸੁਣੇ ਤੇ ਆਪਣੀ ਗੱਲ ਦੀ ਲੜੀ ਨਾ ਟੁੱਟਣ ਦੇਵੇ। ਮੈਂ ਪਾਣੀ ਲੈ ਕੇ ਆਈ ਤਾਂ ਬਾਬਾ ਅੱਖਾਂ ਬੰਦ ਕਰਕੇ ‘ਰੱਬ’ ਨਾਲ ਗੱਲਾਂ ਕਰ ਰਿਹਾ ਸੀ ਕਿ ‘‘ਮੇਰੇ ਚੋਜੀ ਪਿਤਾ ਤੇਰਾ ਹੁਕਮ ਹੋ ਗਿਆ ਹੈ, ਮੈਂ ਹੁਣ ਇਨ੍ਹਾਂ ਲਈ ਅਰਦਾਸ ਕਰਾਂਗਾ।’’ ਮੈਂ ਆਪਣਾ ਗੁੱਸਾ ਅੰਦਰ ਹੀ ਅੰਦਰ ਪੀ ਰਹੀ ਸਾਂ, ਪਰ ਮੇਰੇ ਪਤੀ ਬੜੇ ਸ਼ਾਂਤ ਚਿੱਤ ਬੈਠੇ ਬਾਬੇ ਦੀਆਂ ਗੱਲਾਂ ਸੁਣ ਰਹੇ ਸਨ ਕਿਉਂਕਿ ਉਹ ਬਹੁਤ ਸਹਿਜ ਮਤੇ ਤੇ ਠਰੰਮੇ ਵਾਲੇ ਸੁਭਾਅ ਦੇ ਹਨ।

ਪਰਮਜੀਤ ਕੌਰ ਸਰਹਿੰਦ

ਬਾਬੇ ਨੇ ਫਿਰ ਮੈਨੂੰ ਕਿਹਾ, ‘‘ਬੱਚਾ, ਅੰਤਰ ਧਿਆਨ ਹੋ ਕੇ ਆਪਣੇ ਅੰਦਰ ਝਾਤੀ ਮਾਰ ਤੈਨੂੰ ਦਿਸੇਗਾ ਪਿਛਲੇ ਜਨਮ ਵਿਚ ਆਪਾਂ ਕਦੋਂ ਤੇ ਕਿੱਥੇ ਵਿੱਛੜੇ ਸਾਂ।’’ ਮੈਂ ਉਸ ਦੀ ਗੱਲ ਅਣਸੁਣੀ ਕਰਦਿਆਂ ਆਪਣੇ ਪਤੀ ਨੂੰ ਕਿਹਾ ਕਿ ਆਪਾਂ ਡਾਕਟਰ ਕੋਲ ਜਾਣਾ ਹੈ, ਲੇਟ ਹੋ ਰਹੇ ਹਾਂ। ਪਰ ਬਾਬੇ ਨੇ ਮੈਨੂੰ ਕਿਹਾ, ‘‘ਬੱਚੀ, ਤੂੰ ਅੱਖਾਂ ਬੰਦ ਕਰਕੇ ਅੰਦਰ ਝਾਤੀ ਮਾਰ।’’ ਮੇਰੇ ਸਬਰ ਦਾ ਪਿਆਲਾ ਹੁਣ ਛਲਕ ਚੁੱਕਿਆ ਸੀ ਤੇ ਮੈਂ ਕੌੜੇ ਜਿਹੇ ਬੋਲਾਂ ਨਾਲ ਬਾਬੇ ਨੂੰ ਕਿਹਾ, ‘‘ਬਾਬਾ ਜੀ, ਅਸੀਂ ਸਾਧਾਰਨ ਇਨਸਾਨ ਹਾਂ ਕੋਈ ਭਗਤ ਜਨ ਨਹੀਂ ਤੇ ਅੰਤਰ ਧਿਆਨ ਹੋਣਾ ਐਨਾ ਸੌਖਾ ਕੰਮ ਨਹੀਂ ਜਿੰਨਾ ਤੁਸੀਂ ਦੱਸ ਰਹੇ ਹੋ।’’ ਬਾਬੇ ਨੇ ਝੱਟ ਅੱਖਾਂ ਖੋਲ੍ਹ ਲਈਆਂ ਤੇ ਮੈਨੂੰ ਬੋਲਿਆ, ‘‘ਬੱਚੇ, ਤੂੰ ਮੇਰੇ ਵੱਲ ਦੇਖ। ਮੇਰੀਆਂ ਅੱਖਾਂ ’ਚ ਝਾਕ। ਤੈਨੂੰ ਗਿਆਨ ਹੋ ਜਾਵੇਗਾ।’’ ਹੁਣ ਮੇਰਾ ਗੁੱਸਾ ਬੇਕਾਬੂ ਹੋ ਗਿਆ ਸੀ। ਮੈਂ ਉੱਠ ਕੇ ਖੜ੍ਹੀ ਹੁੰਦਿਆਂ ਤੇ ਉਸ ਅੱਸੀ-ਪੱਚਾਸੀ ਸਾਲਾਂ ਦੇ ਬਜ਼ੁਰਗ ਦੀ ਬਜ਼ੁਰਗੀ ਦਾ ਲਿਹਾਜ਼ ਨਾ ਕਰਦਿਆਂ ਸਖ਼ਤੀ ਨਾਲ ਉਸ ਨੂੰ ਕਿਹਾ, ‘‘ਬਾਬਾ ਜੀ, ਤੁਸੀਂ ਕਿਸੇ ਭੁਲੇਖੇ ਵਿਚ ਹੋ। ਤੁਹਾਡੀਆਂ ਗੱਲਾਂ ਦਾ ਮੇਰੇ ’ਤੇ ਕੋਈ ਅਸਰ ਨਹੀਂ ਹੋਣ ਵਾਲਾ ਤੇ ਇਕ ਗੱਲ ਧਿਆਨ ਨਾਲ ਸੁਣ ਲਓ ਮੇਰੀ ਮਰਜ਼ੀ ਵਿਰੁੱਧ ਮੈਨੂੰ ਕੇਵਲ ਪਰਮਾਤਮਾ ਹੀ ਚਲਾ ਸਕਦਾ ਹੈ ਹੋਰ ਕੋਈ ਨਹੀਂ। ਤੁਸੀਂ ਇਹ ਫਜ਼ੂਲ ਗੱਲਾਂ ਬੰਦ ਕਰੋ। ਜੇ ਚਾਹ ਪਾਣੀ ਪੀਣਾ ਹੈ ਪੀਓ, ਨਹੀਂ ਤਾਂ ਆਪਣਾ ਰਸਤਾ ਫੜੋ।’’ ਮੇਰੇ ਪਤੀ ਨੇ ਦੇਖ ਲਿਆ ਸੀ ਕਿ ਇਹ ਆਪਣੀ ਆਈ ’ਤੇ ਆ ਗਈ ਹੈ। ਉਨ੍ਹਾਂ ਮੈਨੂੰ ਕਿਹਾ, ‘‘ਕੋਈ ਨਾ, ਬਜ਼ੁਰਗ ਹਨ। ਗੁੱਸਾ ਨਹੀਂ ਕਰੀਦਾ। ਜਾਹ, ਚਾਹ ਪਾਣੀ ਬਣਾ ਕੇ ਲਿਆ।’’ ਇਨ੍ਹਾਂ ਦੀ ਗੱਲ ਸੁਣ ਕੇ ਬਾਬਾ ਫੇਰ ਹੌਸਲਾ ਫੜ ਗਿਆ ਤੇ ਬੋਲਿਆ, ‘‘ਮੈਨੂੰ ਹੁਕਮ ਹੋਇਆ ਹੈ ਤੂੰ ਆਪਣੇ ਵਿੱਛੜੇ ਬੱਚੇ ਨੂੰ ਮਿਲ ਤੇ ਉਸ ਲਈ ਅਰਦਾਸ ਕਰ।’’ ਮੇਰੇ ਸਬਰ ਦੀ ਹੱਦ ਹੋ ਗਈ ਸੀ। ਮੈਂ ਕੋਲ ਪਈ, ਆਪਣੇ ਦੁਨੀਆਂ ਤੋਂ ਤੁਰ ਗਏ ਜੁਆਨ ਪੁੱਤ ਦੀ ਫੋਟੋ ਵੱਲ ਇਸ਼ਾਰਾ ਕਰਕੇ ਬਾਬੇ ਨੂੰ ਕਿਹਾ, ‘‘ਬਾਬਾ ਜੀ ਜੇ ਐਨੇ ਪਹੁੰਚੇ ਹੋਏ ਹੋ ਤਾਂ ਪਹਿਲਾਂ ਇਹ ਕੜੀ ਵਰਗਾ ਜੁਆਨੀਓਂ ਟੁੱਟਾ ਮੇਰਾ ਪੁੱਤਰ, ਮੇਰਾ ਬੱਚਾ ਮੈਨੂੰ ਮਿਲਾਓ ਜਿਹੜਾ ਇਸੇ ਜਨਮ ’ਚ ਕੇਵਲ ਸੱਤ ਸਾਲ ਪਹਿਲਾਂ ਸਾਡੇ ਤੋਂ ਵਿੱਛੜ ਗਿਆ ਹੈ।’’ ਬਾਬੇ ਨੇ ਬੌਂਦਲਿਆਂ ਵਾਂਗ ਮੇਰੇ ਪਤੀ ਨੂੰ ਕਿਹਾ, ‘‘ਅੱਛਾ, ਤਾਂ ਜੌਹ ਬਾਤ ਐ, ਤਾਂ ਹੀ ਬੀਬੀ ਟੈਸ਼ਨ ਮਾ (ਵਿਚ) ਰਹਿੰਦੀ ਹੈ।’’ ਇਨ੍ਹਾਂ ਨੂੰ ਵੀ ਗੁੱਸਾ ਆ ਗਿਆ ਸੀ ਤੇ ਇਨ੍ਹਾਂ ਬਾਬੇ ਨੂੰ ਖਰ੍ਹਵੀ ਆਵਾਜ਼ ’ਚ ਕਿਹਾ, ‘‘ਤੁਸੀਂ ਵਾਧੂ ਗੱਲਾਂ ’ਚ ਸਮਾਂ ਖ਼ਰਾਬ ਨਾ ਕਰੋ। ਜੇ ਰੋਟੀ ਪਾਣੀ ਦੀ ਲੋੜ ਹੈ ਖਾਓ-ਪੀਓ ਤੇ ਜਾਓ।’’ ਪਰ ਉਹ ਢੀਠ ਹੋਇਆ ਬੈਠਾ ਸੀ।
ਅਸੀਂ ਸਮਝ ਗਏ ਸਾਂ ਕਿ ਬਾਬਾ ਕੱਚੀਆਂ ਗੋਲ਼ੀਆਂ ਨਹੀਂ ਸੀ ਖੇਡਿਆ ਹੋਇਆ। ਉਸ ਨੇ ਆਪਣੇ ਭੱਥੇ ਦਾ ਆਖ਼ਰੀ ਤੀਰ ਚਲਾਇਆ ਤੇ ਕਿਹਾ, ‘‘ਮੇਰੇ ਚੋਜੀ ਪਿਤਾ ਦਾ ਹੁਕਮ ਹੋਇਆ ਹੈ, ਤੁਸੀਂ ਮੈਨੂੰ ਗੁਰਦੁਆਰੇ ਮੱਥਾ ਟਿਕਾ ਕੇ ਲਿਆਓ, ਪੂਰੇ ਇਕ ਵਜੇ ਆ ਕੇ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਾਂਗਾ ਤੇ ਤੁਸੀਂ ਬੈਠ ਕੇ ਪਾਠ ਸੁਣਿਓ। ਮੇਰਾ ਬੈਗ ਏਥੇ ਹੀ ਰਹਿਣ ਦਿਓ ਚੱਲੋ ਗੁਰਦੁਆਰੇ ਚੱਲੀਏ।’’ ਮੈਨੂੰ ਆਪਣੇ ਪਤੀ ’ਤੇ ਵੀ ਗੁੱਸਾ ਆ ਰਿਹਾ ਸੀ ਕਿ ਇਸ ਬੰਦੇ ਨੂੰ ਬਾਂਹੋ ਫੜ ਕੇ ਬਾਹਰ ਕਿਉਂ ਨਹੀਂ ਕੱਢਦੇ। ਮੈਂ ਉੱਚੀ ਤੇ ਕੜਕ ਕੇ ਬੋਲੀ, ‘‘ਅਸੀਂ ਨਾ ਤੁਹਾਡੇ ਤੋਂ ਪਾਠ ਕਰਾਉਣਾ ਹੈ ਨਾ ਅਰਦਾਸ। ਮੇਰੇ ਪਤੀ ਖ਼ੁਦ ਨਿਤਨੇਮੀ ਹਨ ਤੇ ਮੈਂ ਖ਼ੁਦ ਸੈਂਚੀਆਂ ਤੋਂ ਅਰਥ ਸਮੇਤ ਪਾਠ ਕੀਤੇ ਹਨ। ਤੁਸੀਂ ਸਾਨੂੰ ਕੀ ਪਾਠ ਸੁਣਾਓਗੇ? ਇਹ ਪਾਖੰਡ ਅਸੀਂ ਨਹੀਂ ਕਰਦੇ।’’ ਮੈਂ ਗੱਲ ਮੁਕਾਉਂਦਿਆਂ ਕਿਹਾ, ‘‘ਮੈਂ ਤੁਹਾਨੂੰ ਦਸ ਤੋਂ ਸਾਢੇ ਗਿਆਰਾਂ ਦਾ ਸਮਾਂ ਦਿੱਤਾ ਸੀ, ਪਰ ਤੁਸੀਂ ਸਵਾ ਨੌਂ ਵਜੇ ਆ ਵੜੇ ਤੇ ਹੁਣ ਬਾਰਾਂ ਵੱਜਣ ਵਾਲੇ ਹਨ। ਕ੍ਰਿਪਾ ਕਰਕੇ ਏਥੋਂ ਚਲੇ ਜਾਓ।’’ ਮੇਰੀਆਂ ਖਰੀਆਂ-ਖਰੀਆਂ ਸੁਣ ਕੇ ਆਕਾਸ਼ ਉੱਡਦਾ ਤੇ ਰੱਬ ਨਾਲ ਗੱਲਾਂ ਕਰਦਾ ਬਾਬਾ ਧਰਤੀ ’ਤੇ ਆ ਗਿਆ ਸੀ। ਫਿਰ ਰੰਗ ਬਦਲਦਾ ਬੋਲਿਆ, ‘‘ਮੈਨੂੰ ਚੋਜੀ ਪਿਤਾ ਦਾ ਹੁਕਮ ਹੋਇਆ ਸੀ ਮੈਂ ਦੋ ਦਿਨ ਤੁਹਾਡੇ ਕੋਲ ਰਹਿਣ ਆਇਆ ਸਾਂ, ਤੁਹਾਡਾ ਭਲਾ ਕਰਨ ਆਇਆ ਸਾਂ। ਅਜੇ ਵੀ ਜੇ ਤੁਸੀਂ ਚਾਹੋਂ ਮੇਰਾ ਬੈਗ ਰੱਖ ਲਓ ਤੇ ਮੈਨੂੰ ਮੱਥਾ ਟਿਕਾ ਲਿਆਓ। ਮੈਂ ਅੱਜ ਦਾ ਦਿਨ ਤੁਹਾਡੇ ਕੋਲ ਅਟਕਾਂਗਾ।’’ ਹੁਣ ਮੇਰੇ ਪਤੀ ਨੂੰ ਗੁੱਸਾ ਆਇਆ ਤੇ ਉਹ ਵੀ ਸਖ਼ਤੀ ਨਾਲ ਬੋਲੇ, ‘‘ਬਾਬਾ, ਆਪਣਾ ਬੈਗ ਚੁੱਕੋ ਤੇ ਇੱਥੋਂ ਤੁਰੋ। ਮੈਂ ਤੁਹਾਡੀ ਉਮਰ ਦਾ ਲਿਹਾਜ਼ ਕਰਦਿਆਂ ਤੁਹਾਨੂੰ ਗੁਰਦੁਆਰੇ ਛੱਡ ਆਉਂਦਾ ਹਾਂ।’’ ਮੈਂ ਇਨ੍ਹਾਂ ਨੂੰ ਕਿਹਾ, ‘‘ਤੁਸੀਂ ਇਸ ਨੂੰ ਕਾਰ ’ਤੇ ਛੱਡਣ ਜਾਓਗੇ। ਜਿਵੇਂ ਆਇਆ ਹੈ ਚਲਾ ਜਾਵੇਗਾ।’’ ਪਰ ਸਰਦਾਰ ਸਾਹਿਬ ਬੋਲੇ, ‘‘ਘਰ ਆਏ ਬਜ਼ੁਰਗ ਨਾਲ ਇਉਂ ਨਹੀਂ ਕਰੀਦਾ।’’ ਹੁਣ ਬਾਬਾ ਸਮਝ ਗਿਆ ਸੀ ਕਿ ਉਸ ਦੇ ਸਾਰੇ ਹਥਿਆਰ ਏਥੇ ਖੁੰਢੇ ਸਾਬਤ ਹੋ ਗਏ ਹਨ। ਤੁਰਦਾ-ਤੁਰਦਾ ਬਾਬਾ ਪੰਜਾਹ ਦਾ ਇਕ ਨੋਟ ਕੱਢ ਕੇ ਮੈਨੂੰ ਫੜਾਉਣ ਲੱਗਾ ਤਾਂ ਮੈਂ ਫੜਨ ਤੋਂ ਨਾਂਹ ਕਰ ਦਿੱਤੀ। ਉਸ ਨੇ ਫਿਰ ਉਹੀ ਰਾਗ ਅਲਾਪਿਆ, ‘‘ਇਹ ਤਾਂ ਬੱਚੇ ਨੂੰ ਮੈਂ ਪਿਆਰ ਦੇ ਰਿਹਾ ਹਾਂ, ਇਹ ਨਹੀਂ ਮੋੜੀਦਾ।’’ ਜ਼ਬਰਦਸਤੀ ਫੜਾਇਆ ਉਸ ਦਾ ਨੋਟ ਮੈਂ ਉੱਥੇ ਹੀ ਮੇਜ਼ ’ਤੇ ਰੱਖ ਦਿੱਤਾ। ਉਸ ਨੇ ਅਜੇ ਵੀ ਆਸ ਦਾ ਪੱਲਾ ਨਹੀਂ ਸੀ ਛੱਡਿਆ। ਪਿੱਛੇ ਮੁੜ ਕੇ ਫਿਰ ਬੋਲਿਆ, ‘‘ਜੇ ਤੁਸੀਂ ਚਾਹੋ ਮੇਰੇ ਘਰ ਮੈਨੂੰ ਮਿਲਣ ਆਇਓ।’’ ਪਰ ਮੇਰੇ ਪਤੀ ਨੇ ਰੁੱਖੀ ਆਵਾਜ਼ ਨਾਲ ਬਾਬੇ ਨੂੰ ਕਿਹਾ, ‘‘ਤੁਰੋ ਹੁਣ।’’
ਇਸ ਘਟਨਾ ਨੇ ਮੈਨੂੰ ਬਹੁਤ ਪ੍ਰੇਸ਼ਾਨ ਕੀਤਾ। ਬਾਬੇ ਦੇ ਪਿਛਲੇ ਜਨਮ ਦੇ ਚੱਕਰ ਨੇ ਮੈਨੂੰ ਆਪਣੇ ਪੁੱਤਰ ਦਾ ਇਸੇ ਜਨਮ ਦਾ ਵਿਛੋੜਾ ਬੁਰੀ ਤਰ੍ਹਾਂ ਯਾਦ ਕਰਾ ਦਿੱਤਾ। ਦਿਲ ਦੇ ਜਿਹੜੇ ਡੂੰਘੇ ਜ਼ਖ਼ਮਾਂ ’ਤੇ ਮੈਂ ਸਬਰਾਂ ਤੇ ਫ਼ਰਜ਼ਾਂ ਦੀ ਮੱਲ੍ਹਮ ਲਾ-ਲਾ ਕੇ ਮਸਾਂ ਹੀ ਅੰਗੂਰ ਲਿਆਂਦਾ ਸੀ ਉਹ ਫਿਰ ਪੱਛੇ ਗਏ ਸਨ। ਹਫ਼ਤਾ ਭਰ ਮੈਂ ਆਪਣੇ ਆਪ ਨੂੰ ਸੰਭਾਲ ਨਾ ਸਕੀ। ਤੀਜੇ ਦਿਨ ਮੈਂ ਹਿੰਮਤ ਕਰਕੇ ਉਹ ਫ਼ੋਨ ਨੰਬਰ ਲੱਭਿਆ ਤੇ ਉਸ ਬੰਦੇ ਨੂੰ ਪੁੱਛਿਆ ਕਿ ਇਹ ਬਾਬਾ ਤੁਹਾਡਾ ਕੀ ਲੱਗਦਾ ਹੈ ਤੇ ਇਸ ਦਾ ਕੀ ਧੰਦਾ ਹੈ? ਮੈਂ ‘ਧੰਦਾ’ ਸ਼ਬਦ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਉਸ ਨੇ ਦੱਸਿਆ ਕਿ ਸਾਡੇ ਸ਼ਹਿਰ ਦਾ ਹੈ ਤੇ ਸਾਡਾ ਜਾਣੂੰ ਹੈ। ਮੈਂ ਉਸ ਨੂੰ ਕਿਹਾ ਕਿ ਤੁਸੀਂ ਕਿਉਂ ਫ਼ੋਨ ਕੀਤਾ, ਇਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਕਿਉਂ ਨਹੀਂ ਕੀਤਾ? ਉਸ ਨਿਮਰਤਾ ਨਾਲ ਕਿਹਾ, ‘‘ਬੀਬੀ ਜੀ, ਸਿਆਣਾ ਬੰਦਾ ਹੈ। ਆ ਕੇ ਕਹਿ ਦੇਂਦਾ ਹੈ ਮੇਰਾ ਇਹ ਸੁਨੇਹਾ ਫ਼ੋਨ ’ਤੇ ਦੇ ਦਿਓ।’’ ਮੈਂ ਉਸ ਨੂੰ ਸਪੱਸ਼ਟ ਹੀ ਆਖ ਦਿੱਤਾ, ‘‘ਪਹਿਲਾਂ ਅਗਲਿਆਂ ਤੁਹਾਨੂੰ ਘੇਰਨਾ ਹੈ ਬਾਬੇ ਨੂੰ ਬਾਅਦ ’ਚ ਪੁੱਛਣਾ ਹੈ ਕਿਉਂਕਿ ਕਾਲ ਤੁਹਾਡੇ ਫ਼ੋਨ ਤੋਂ ਆਉਂਦੀ ਹੈ।’’ ਮੈਂ ਉਸ ਨੂੰ ਸਾਰੀ ਕਹਾਣੀ ਦੱਸੀ ਤਾਂ ਉਹ ਬੰਦਾ ਵਾਰ-ਵਾਰ ਮੁਆਫ਼ੀ ਮੰਗ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਸਾਨੂੰ ਕੁਝ ਵੀ ਪਤਾ ਨਹੀਂ ਕਿ ਇਹ ਬਾਬਾ ਕੀ ਕਰਦਾ ਫਿਰਦਾ ਹੈ। ਮੈਂ ਉਸ ਨੂੰ ਕਿਹਾ, ‘‘ਪਹਿਲਾਂ ਤੂੰ ਮੈਨੂੰ ਬਾਬੇ ਦੇ ਸੁਨੇਹੇ ਦਿੱਤੇ ਸਨ। ਹੁਣ ਮੇਰਾ ਸੁਨੇਹਾ ਉਸ ਨੂੰ ਪੁਚਾ ਦੇਵੀਂ ਕਿ ਮੁੜ ਕੇ ਮੇਰੇ ਘਰ ਵੱਲ ਮੂੰਹ ਨਾ ਕਰੇ।’’
ਦੂਜੇ ਦਿਨ ਉਸ ਨੇ ਦੱਸਿਆ ਕਿ ਮੇਰਾ ਸੁਨੇਹਾ ਬਾਬੇ ਨੂੰ ਪਹੁੰਚਾ ਦਿੱਤਾ ਹੈ।
ਮੈਂ ਕਿੰਨੇ ਦਿਨ ਹੀ ਸੋਚਦੀ ਰਹੀ ਕਿ ਅਜਿਹੇ ਲੋਕ ਇਸੇ ਤਰ੍ਹਾਂ ਲੋਕਾਂ, ਵਿਸ਼ੇਸ਼ ਤੌਰ ’ਤੇ ਔਰਤਾਂ ਨੂੰ ਮੂਰਖ ਬਣਾਉਂਦੇ ਤੇ ਗੁੰਮਰਾਹ ਕਰਦੇ ਹਨ। ਅੱਜ ਦੇ ਦਿਖਾਵੇ ਦੇ ਯੁੱਗ ਵਿਚ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਤੇ ਤਿੜਕਦੇ-ਟੁੱਟਦੇ ਰਿਸ਼ਤਿਆਂ ਕਾਰਨ ਤਕਰੀਬਨ ਹਰ ਕੋਈ ਉਲਝਣਾਂ ਤੇ ਚਿੰਤਾਵਾਂ ਵਿਚ ਘਿਰਿਆ ਹੋਇਆ ਹੈ। ਇਹ ਲੋਕ ਬੜੇ ਸ਼ਾਤਰ ਹੁੰਦੇ ਹਨ ਤੇ ਕਿਸੇ ਦੀ ਮਾਨਸਿਕ ਪ੍ਰੇਸ਼ਾਨੀ ਜਾਂ ਕਮਜ਼ੋਰੀ ਨੂੰ ਲੱਭ ਕੇ ਉਸ ਨੂੰ ਕਠਪੁਤਲੀ ਵਾਂਗ ਨਚਾਉਂਦੇ ਹਨ। ਅਜੀਬ ਗੱਲ ਹੈ ਕਿ ਬਾਬੇ ਨੇ ਮੇਰੇ ਨਾਲ ਮੇਰੀ ਕਿਸੇ ਲਿਖਤ ਜਾਂ ਲੇਖ ਦਾ ਜ਼ਿਕਰ ਹੀ ਨਹੀਂ ਕੀਤਾ ਜਿਸ ਦੀ ਆੜ ਵਿਚ ਉਹ ਮੈਨੂੰ ਮਿਲਣ ਆਇਆ ਸੀ। ਬਸ ਕਿਸੇ ਅਖ਼ਬਾਰ ਜਾਂ ਮੈਗਜ਼ੀਨ ’ਚੋਂ ਮੇਰਾ ਫ਼ੋਨ ਨੰਬਰ ਲਿਆ ਤੇ ਪਿਛਲੇ ਜਨਮ ਦਾ ਵਿਛੜਿਆ ਬਾਬਾ ‘ਆਪਣੇ ਬੱਚੇ’ ਨੂੰ ਮਿਲਣ ਆ ਗਿਆ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਰੱਬ ਬਚਾਵੇ ਇਨ੍ਹਾਂ ਬਾਬਿਆਂ ਤੋਂ, ਪਰ ਮੈਂ ਕਹਿੰਦੀ ਹਾਂ ਕਿ ਆਪ ਬਚੋ ਇਨ੍ਹਾਂ ਬਾਬਿਆਂ ਤੋਂ ਕਿਉਂਕਿ ਰੱਬ ਨਾਲ ਤਾਂ ਇਹ ਸਿੱਧੀਆਂ ਗੱਲਾਂ ਕਰਦੇ ਹਨ। ਉਹ ਵੀ ਬਿਨਾਂ ਟੈਲੀਫ਼ੋਨ, ਮੋਬਾਈਲ ਜਾਂ ਵਾਇਰਲੈੱਸ ਤੋਂ…।

ਸੰਪਰਕ: 98728-98599


Comments Off on ਸਾਡੇ ਘਰ ਵੀ ਬਾਬੇ ਆਏ…
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.