ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਸ਼ਹੀਦਾਂ ਦਾ ਪਿੰਡ ਹੈ ਗੁਆਰਾ

Posted On March - 7 - 2020

ਰਾਜਿੰਦਰ ਜੈਦਕਾ

ਸਕੂਲ ਵਿੱਚ ਬਣੀ ਸ਼ਹੀਦਾਂ ਦੀ ਯਾਦਗਾਰ ਨਾਲ ਸਕੂਲ ਸਟਾਫ।

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਉਹ ਕੌਮ ਕਦੇ ਤਰੱਕੀ ਨਹੀਂ ਕਰ ਸਕਦੀ ਜੋ ਆਪਣੇ ਸ਼ਹੀਦਾਂ ਨੂੰ ਭੁੱਲਾ ਦਿੰਦੀ ਹੈ। ਸ਼ਹੀਦਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਤੇ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਸਨ, ਉਨ੍ਹਾਂ ਨੂੰ ਯਾਦ ਕਰਨਾ ਤੇ ਢੁਕਵਾਂ ਮਾਣ ਸਤਿਕਾਰ ਦੇਣਾ ਹਰ ਭਾਰਤ ਵਾਸੀ ਦਾ ਫ਼ਰਜ਼ ਹੈ।
ਪਿੰਡ ਗੁਆਰਾ ਦੇ ਲੋਕਾਂ ਨੂੰ ਮਾਣ ਹੈ ਆਪਣੇ ਸ਼ਹੀਦਾਂ ਉੱਤੇ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਕੇ ਆਪਣੇ ਪਿੰਡ ਤੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ। ਸ਼ਹੀਦ ਮੇਜਰ ਹਰਦੇਵ ਸਿੰਘ ਗਰੇਵਾਲ ਨੇ ਛੰਭ ਸੈੱਕਟਰ ਵਿਚ 1971 ਦੇ ਭਾਰਤ ਪਾਕਿਸਤਾਨ ਜੰਗ ਦੌਰਾਨ ਥਲ ਸੈਨਾ ਦੀ ਇੱਕ ਟੁਕੜੀ ਦੀ ਅਗਵਾਈ ਕਰਦੇ ਹੋਏ ਪਾਕਿਸਤਾਨ ਫ਼ੌਜੀਆਂ ਹੱਥੋਂ 10 ਦਸੰਬਰ ਨੂੰ ਵੀਰ ਗਤੀ ਪ੍ਰਾਪਤ ਕੀਤੀ ਸੀ। ਮਰਨ ਉਪਰੰਤ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੰਦਿਆਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਵੀਰ ਚੱਕਰ ਪ੍ਰਦਾਨ ਕੀਤਾ ਸੀ। ਪਿੰਡ ਦੇ ਹੀ ਕੈਪਟਨ ਮੋਹਕਮ ਸਿੰਘ ਸੰਘਾ 1978 ਵਿਚ ਸਾਲਾਨਾ ਯੁੱਧ ਅਭਿਆਨ ਤਹਿਤ ਹੈਦਰਾਬਾਦ ਤੋਂ 40 ਕਿਲੋਮੀਟਰ ਦੂਰ ਸ਼ਹੀਦ ਹੋਏ ਸਨ। ਉਹ ਥਲ ਸੈਨਾ ਦੇ ਕਾਨੂੰਨੀ ਮਾਹਿਰ ਦੇ ਤੌਰ ’ਤੇ ਪ੍ਰਸਿੱਧ ਸਨ। ਇਨ੍ਹਾਂ ਆਪਣੇ ਜੀਵਨ ਵਿਚ ਦਰਜਨਾਂ ਐਵਾਰਡ ਪ੍ਰਾਪਤ ਕੀਤੇ ਸਨ। ਲਾਂਸ ਨਾਇਕ ਮੁਖਤਿਆਰ ਸਿੰਘ ਸੰਘਾ 1988 ਵਿਚ ਕਾਰਗਿੱਲ ਸੈੱਕਟਰ ਵਿਚ ਪਾਕਿਸਤਾਨੀ ਰੇਂਜਰਾਂ ਵਲੋਂ ਦੁਵੱਲੀ ਫਾਇਰਿੰਗ ਵਿਚ ਸ਼ਹੀਦ ਹੋਏ ਸਨ। ਸ਼ਹੀਦਾਂ ਨੂੰ ਹਰ ਸਾਲ 10 ਦਸੰਬਰ ਨੂੰ ਹਰਦੇਵ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਵਿਚ ਸ਼ਹੀਦੀ ਜੋੜ ਮੇਲਾ ਕਰਵਾ ਕੇ ਯਾਦ ਕੀਤਾ ਜਾਂਦਾ ਹੈ। ਇਸ ਵਿਚ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਲੋਕ, ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ, ਹਲਕਾ ਵਿਧਾਇਕ, ਸੰਸਦ ਮੈਂਬਰ ਅਤੇ ਸਿਆਸੀ ਪਾਰਟੀਆਂ ਦੇ ਮੁਖੀ ਵੀ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਰਿੰਦਰਜੀਤ ਕੌਰ ਹਨ ਜੋ ਸਕੂਲ ਦੀ ਬਿਹਤਰੀ ਲਈ ਯਤਨਸ਼ੀਲ ਹਨ। ਸਕੂਲ ਵਿੱਚ ਬਣੀ ਸ਼ਹੀਦਾਂ ਦੀ ਯਾਦਗਾਰ ਇਮਾਰਤ ਕਲਾ ਦਾ ਇੱਕ ਅਦਭੁੱਤ ਨਮੂਨਾ ਹੈ।

ਸਰਪੰਚ ਮਨਜੀਤ ਕੌਰ।

ਇਸੇ ਪਿੰਡ ਦੇ ਹੀ ਤਰਲੋਕ ਸਿੰਘ ਸੰਘਾ ਨੇ ਸੁਭਾਸ਼ ਚੰਦਰ ਬੋਸ਼ ਵੱਲੋਂ ਬਣਾਈ ਗਈ ਆਜ਼ਾਦ ਹਿੰਦ ਫ਼ੌਜ ਵਿਚ ਤਨ ਮਨ ਤੇ ਧਨ ਨਾਲ ਸੇਵਾ ਕੀਤੀ ਸੀ। ਗੁਰਦੁਆਰਾ ਸਾਹਿਬ ਦੇ ਨਾਲ ਸ਼ਹੀਦ ਸਿੰਘਾਂ ਦੀ ਸਮਾਧ ਹੈ ਜਿੱਥੇ ਹਰ ਮਹੀਨੇ 10ਵੀਂ ਨੂੰ ਮੇਲਾ ਲੱਗਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਇਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਦੇ ਸਿਪਾਹੀ ਸਨ ਜਿਨ੍ਹਾਂ ਨੂੰ ਮੁਗਲ ਫ਼ੌਜ ਨੇ ਇਸ ਜਗ੍ਹਾ ਘੇਰ ਕੇ ਸ਼ਹੀਦ ਕਰ ਦਿੱਤਾ ਸੀ। ਇਸ ਇਲਾਵਾ ਪਿੰਡ ਵਿਚ ਜੇ ਹੋਰ ਧਾਰਮਿਕ ਅਸਥਾਨਾਂ ਦੀ ਗੱਲ ਕਰੀਏ ਤਾਂ ਗੁਰਦੁਆਰਾ ਬੇਗਮ ਪੁਰਾ ਸਾਹਿਬ, ਗੁਰਦੁਆਰਾ ਰਮਾਣਾਸਰ ਸਾਹਿਬ, ਗੁੱਗਾ ਮਾੜੀ ਦਾ ਅਸਥਾਨ, ਬਾਬਾ ਸਿੱਧ ਦੀ ਸਮਾਧ, ਲਾਲਾਂ ਵਾਲੇ ਪੀਰ ਦੀ ਸਮਾਧ, ਸੀਤਲਾ ਮਾਤਾ ਦਾ ਮੰਦਿਰ, ਬਾਲਮੀਕਿ ਮੰਦਿਰ ਅਤੇ ਸਤੀ ਭੂਆ ਦਾ ਇੱਕ ਪ੍ਰਾਚੀਨ ਮੰਦਰ ਵੀ ਹੈ।
ਪਿੰਡ ਗੁਆਰਾ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸਮਸ਼ੇਰ ਸਿੰਘ ਅਸ਼ੋਕ ਦਾ ਨਾਂ ਵਰਨਣਯੋਗ ਹੈ। ਉਹ ਸਿੱਖ ਇਤਿਹਾਸ ਦੇ ਮਹਾਨ ਖ਼ੋਜੀ ਸਨ। ਉਨ੍ਹਾਂ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਪੰਜਾਬੀ ਸ਼ਬਦਕੋਸ਼ ਲਿਖਣ ਵਿਚ ਮਦਦ ਕੀਤੀ ਸੀ। ਇੱਥੋਂ ਦੇ ਹੀ ਸਾਹਿਤਕਾਰ ਮਲਕੀਤ ਸਿੰਘ ਨੇ ਪੰਜਾਬੀ ਸਾਹਿਤ ਦੀਆਂ ਕਈ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾਂ ਨੂੰ ਪ੍ਰੋ. ਮੋਹਨ ਸਿੰਘ ਫਾਊਂਡਏਸ਼ਨ ਵੱਲੋਂ ਲੋਕ ਕਵੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਸਾਬਕਾ ਵਿਧਾਇਕ ਕਾਮਰੇਡ ਅੱਛਰਾ ਸਿੰਘ ਗੁਆਰਾ ਇਸ ਪਿੰਡ ਦਾ ਮਾਣ ਸਨ ਜਿਨ੍ਹਾਂ ਆਪਣੀ ਸਾਰੀ ਉਮਰ ਆਮ ਲੋਕਾਂ ਦੀ ਭਲਾਈ ਲਈ ਲਗਾ ਦਿੱਤੀ। ਭਾਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਨੌਰੰਗ ਸਿੰਘ ਗੁਆਰਾ ਨੇ ਕਿਸਾਨ ਹਿੱਤਾਂ ਲਈ ਕੰਮ ਕੀਤਾ। ਸਾਬਕਾ ਵਿੱਤ ਸਕੱਤਰ ਰਮੇਸ਼ ਤਲਵਾਰ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੇਘ ਸਿੰਘ ਗੁਆਰਾ, ਐਕਸੀਅਨ ਹਰਕੇਸ ਸਿੰਘ ਮੰਡੀਬੋਰਡ, ਟੈਕਸਟਾਈਲ ਇੰਜਨੀਅਰ ਗੁਰਮੁਖ ਸਿੰਘ, ਕਰਨਲ ਬਲਦੇਵ ਸਿੰਘ, ਮੇਜਰ ਐੱਸ ਗਰੇਵਾਲ, ਸਾਬਕਾ ਸਰਪੰਚ ਅਮਰੀਕ ਸਿੰਘ, ਸਾਬਕਾ ਸਰਪੰਚ ਸਰਬਜੀਤ ਸਿੰਘ, ਐਡਵੋਕੇਟ ਨਿਰਭੈ ਸਿੰਘ, ਕੈਪਟਨ ਸੁਖਦੇਵ ਸਿੰਘ ਗਰੇਵਾਲ, ਐਸ.ਐਸ.ਪੀ. ਗੁਰਸ਼ਰਨਜੀਤ ਸਿੰਘ ਗਰੇਵਾਲ ਆਦਿ ਵੀ ਇਸ ਪਿੰਡ ਨਾਲ ਸਬੰਧਤ ਹਨ।
ਪਿੰਡ ਦੇ ਵਿਕਾਸ ਕਾਰਜ ਕਰਵਾਉਣ ਵਿਚ ਮਾਰਕੀਟ ਕਮੇਟੀ ਅਮਰਗੜ੍ਹ ਦੇ ਸਾਬਕਾ ਚੇਅਰਮੈਨ ਮੇਘ ਸਿੰਘ ਦਾ ਮਹਾਨ ਯੋਗਦਾਨ ਰਿਹਾ ਹੈ। ਅੱਜ ਪਿੰਡ ਦੇ ਆਲੇ-ਦੁਆਲੇ ਅਤੇ ਪਿੰਡ ਵਿੱਚ ਵੀ ਸੜਕਾਂ ਪੱਕੀਆਂ ਹਨ। ਇਸ ਤੋਂ ਇਲਾਵਾ ਪਿੰਡ ਨੂੰ ਗੁਆਂਢ ਦੇ ਪਿੰਡਾਂ ਨਾਲ ਜੋੜਨ ਵਾਲੀਆਂ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ। ਪਿੰਡ ਦੇ ਸੂਝਵਾਨ ਸਰਪੰਚ ਮਨਜੀਤ ਕੌਰ ਹਨ ਜੋ ਪਿੰਡ ਦੇ ਵਿਕਾਸ ਲਈ ਸੰਘਰਸ਼ਸੀਲ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪਿੰਡ ਵਿਚ ਵਿਕਾਸ ਕਾਰਜਾਂ ਨੂੰ ਬਿਨਾਂ ਭੇਦ-ਭਾਵ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਸਭ ਤੋਂ ਜ਼ਰੂਰੀ ਹੈ ਕਿ ਭਾਈਚਾਰਾ ਬਣਿਆ ਰਹੇ। ਜੇ ਪਿੰਡ ਵਿਚ ਸ਼ਾਂਤੀ ਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਮਾਹੌਲ ਹੋਵੇਗਾ ਤਾਂ ਹੀ ਪਿੰਡ ਦਾ ਸਰਬਪੱਖੀ ਵਿਕਾਸ ਹੋ ਸਕਦਾ ਹੈ। ਪਿੰਡ ਵਿੱਚ ਪੜ੍ਹੇ ਲਿਖੇ ਨੌਜਵਾਨ ਦੂਸਰਿਆਂ ਨੂੰ ਸੇਧ ਦੇਣ ਵਾਲੇ ਹਨ। ਲੜਾਈ ਝਗੜੇ ਤੋਂ ਦੂਰ ਰਹਿਣ ਵਾਲੇ ਸਾਰੀਆਂ ਜਾਤਾਂ ਤੇ ਧਰਮਾਂ ਦੇ ਲੋਕ ਆਪਸੀ ਮੇਲ ਮਿਲਾਪ ਨਾਲ ਰਹਿੰਦੇ ਹਨ। ਪਿੰਡ ਗੁਆਰਾ ਵਿਧਾਨ ਸਭਾ ਹਲਕਾ ਅਮਰਗੜ੍ਹ ਦਾ ਇੱਕ ਵੱਡਾ, ਉੱਘਾ ਅਤੇ ਰਾਜਨੀਤਕ ਤੌਰ ’ਤੇ ਚੇਤਨ ਪਿੰਡ ਮੰਨਿਆ ਜਾਂਦਾ ਹੈ।


Comments Off on ਸ਼ਹੀਦਾਂ ਦਾ ਪਿੰਡ ਹੈ ਗੁਆਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.