ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਲੋੜਵੰਦਾਂ ਨੂੰ ਖਾਣਾ ਅਤੇ ਦਵਾਈਆਂ ਮੁਹੱਈਆ ਕਰਾਉਣਗੀਆਂ ਪੰਚਾਇਤਾਂ

Posted On March - 29 - 2020

ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 28 ਮਾਰਚ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮਗਰੋਂ ਪੰਚਾਇਤ ਵਿਭਾਗ ਨੇ ਪੰਚਾਇਤਾਂ ਨੂੰ ਪਿੰਡਾਂ ਦੇ ਗਰੀਬ ਲੋੜਵੰਦਾਂ ਲਈ ਖਾਣਾ ਅਤੇ ਦਵਾਈਆਂ ਮੁਹੱਈਆ ਕਰਨ ਦੇ ਅਧਿਕਾਰ ਦੇ ਦਿੱਤੇ ਹਨ। ਇਸ ਮਕਸਦ ਲਈ ਪਿੰਡਾਂ ਦੀਆਂ ਪੰਚਾਇਤਾਂ ਆਪਣੀ ਆਮਦਨ ਵਿੱਚੋਂ ਰੋਜ਼ਾਨਾ ਪੰਜ ਹਜ਼ਾਰ ਅਤੇ ਕਰਫ਼ਿਊ ਦੇ ਦਿਨਾਂ ਦੌਰਾਨ ਵੱਧ ਤੋਂ ਵੱਧ ਪੰਜਾਹ ਹਜ਼ਾਰ ਰੁਪਏ ਤੱਕ ਦੀ ਰਾਸ਼ੀ ਖਰਚ ਕਰ ਸਕਣਗੀਆਂ।
ਵਿਭਾਗ ਦੇ ਡਾਇਰੈਕਟਰ ਡੀਪੀਐਸ ਖਰਬੰਦਾ ਨੇ ਅੱਜ ਰਾਜ ਦੇ ਡਿਪਟੀ ਕਮਿਸ਼ਨਰਾਂ ਅਤੇ ਪੰਚਾਇਤ ਵਿਭਾਗ ਦੇ ਜ਼ਿਲ੍ਹਾ ਤੇ ਬਲਾਕ ਪੱਧਰੀ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨਿਯਮਾਂ ਦਾ ਹਵਾਲਾ ਦੇ ਕੇ ਦੱਸਿਆ ਹੈ ਕਿ ਪੰਚਾਇਤਾਂ ਕੋਲ ਅਜਿਹਾ ਅਧਿਕਾਰ ਹੈ ਉਹ ਰਾਸ਼ਟਰੀ ਆਫ਼ਤ ਦੌਰਾਨ ਆਪਣੀ ਆਮਦਨ ਵਿੱਚੋਂ ਲੋੜਵੰਦਾਂ ਲਈ ਖਰਚ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਕਾਰਨ ਪਿੰਡਾਂ ਦੇ ਗਰੀਬ ਵਿਅਕਤੀਆਂ ਅਤੇ ਦਿਹਾੜੀਦਾਰਾਂ ਦਾ ਜੀਵਨ ਨਿਰਬਾਹ ਰੁਕ ਗਿਆ ਹੈ। ਰੋਜ਼ਾਨਾ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਅਜਿਹੇ ਵਿਅਕਤੀਆਂ ਨੂੰ ਕਰਫ਼ਿਊ ਅਤੇ ਲੌਕਡਾਊਨ ਕਾਰਨ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਵਿਚ ਮੁਸ਼ਕਿਲ ਆ ਰਹੀ ਹੈ।
ਡਾਇਰੈਕਟਰ ਨੇ ਆਖਿਆ ਕਿ ਸਮੁੱਚੇ ਦਿਨਾਂ ਦੌਰਾਨ ਇਹ ਖਰਚਾ ਪੰਜਾਹ ਹਜ਼ਾਰ ਤੋਂ ਵੱਧ ਨਹੀਂ ਹੋਣਾ ਚਾਹੀਦਾ। ਪੰਚਾਇਤਾਂ ਜਿਨ੍ਹਾਂ ਵਿਅਕਤੀਆਂ ਨੂੰ ਖਾਣਾ ਜਾਂ ਦਵਾਈਆਂ ਮੁਹੱਈਆ ਕਰਵਾਏਗੀ ਉਸ ਦਾ ਪੂਰਾ ਰਿਕਾਰਡ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੂੰ ਦਿੱਤੀਆਂ ਦਵਾਈਆਂ ਅਤੇ ਖਾਣੇ ਦਾ ਰਿਕਾਰਡ, ਸਬੰਧਿਤ ਵਿਅਕਤੀ ਦਾ ਆਧਾਰ ਕਾਰਡ ਨੰਬਰ, ਦਿੱਤੀ ਗਈ ਸਹਾਇਤਾ ਦਾ ਵੇਰਵਾ ਅਤੇ ਖਰਚੇ ਦੇ ਬਿੱਲ ਤੇ ਵਾਊਚਰ ਰੱਖਣੇ ਜ਼ਰੂਰੀ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਜਿਨ੍ਹਾਂ ਪੰਚਾਇਤਾਂ ਉੱਤੇ ਪ੍ਰਬੰਧਕ ਲੱਗੇ ਹੋਏ ਹਨ ਉਹ ਹੀ ਅਜਿਹੀ ਰਾਸ਼ੀ ਖਰਚ ਕਰ ਸਕਣਗੇ।

ਬਹੁਤੀਆਂ ਪੰਚਾਇਤਾਂ ਆਪਣੀ ਆਮਦਨ ਤੋਂ ਸੱਖਣੀਆਂ

ਪੰਜਾਬ ਦੀਆਂ ਬਹੁਤ ਸਾਰੀਆਂ ਪੰਚਾਇਤਾਂ ਕੋਲ ਸ਼ਾਮਲਾਤ ਜ਼ਮੀਨਾਂ ਅਤੇ ਕਿਰਾਏ ਵਗੈਰਾ ਦੀ ਆਪਣੀ ਆਮਦਨ ਨਹੀਂ ਹੈ। ਅਜਿਹੀਆਂ ਪੰਚਾਇਤਾਂ ਆਪਣੇ ਪਿੰਡਾਂ ਦੇ ਲੋੜਵੰਦਾਂ ਦੀ ਚਾਹੁੰਦੇ ਹੋਏ ਵੀ ਸਹਾਇਤਾ ਨਹੀਂ ਕਰ ਸਕਣਗੀਆਂ। ਬਿਨਾਂ ਆਮਦਨ ਵਾਲੀਆਂ ਪੰਚਾਇਤਾਂ ਵਾਲੇ ਕਈ ਸਰਪੰਚਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਨੇੜਲੀਆਂ ਆਪਣੀ ਆਮਦਨ ਵਾਲੀਆਂ ਪੰਚਾਇਤਾਂ ਕੋਲੋਂ ਅਜਿਹੀ ਰਾਸ਼ੀ ਮੁਹੱਈਆ ਕਰਾਈ ਜਾਵੇ।

ਰਾਤ ਨੂੰ ਐਮਰਜੈਂਸੀ ਵੇਲੇ ਸਰਪੰਚ ਜਾਰੀ ਕਰਨਗੇ ਕਰਫ਼ਿਊ ਪਾਸ

ਪੰਜਾਬ ਸਰਕਾਰ ਨੇ ਰਾਤ ਸਮੇਂ ਸਿਹਤ ਸਬੰਧੀ ਐਮਰਜੈਂਸੀ ਲਈ ਪਿੰਡਾਂ ਦੇ ਸਰਪੰਚਾਂ ਨੂੰ ਕਰਫ਼ਿਊ ਪਾਸ ਜਾਰੀ ਕਰਨ ਦੇ ਅਧਿਕਾਰ ਦੇ ਦਿੱਤੇ ਹਨ। ਵਿਭਾਗ ਦੇ ਡਾਇਰੈਕਟਰ ਡੀਪੀਐੱਸ ਖਰਬੰਦਾ ਨੇ ਸਰਕਾਰ ਦੇ ਇਸ ਫੈਸਲੇ ਸਬੰਧੀ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਹੈ। ਸਰਪੰਚ ਨੂੰ ਇਸ ਸਬੰਧੀ ਸਬੰਧਿਤ ਵਿਅਕਤੀ ਦੀ ਰਿਹਾਇਸ਼ ਦਾ ਸਬੂਤ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਮਰੀਜ਼ ਨਾਲ ਇੱਕ ਸਹਾਇਕ ਲਈ ਵੀ ਕਰਫ਼ਿਊ ਪਾਸ ਜਾਰੀ ਹੋ ਸਕੇਗਾ। ਇਹ ਪਾਸ ਰਾਤੀਂ ਸੱਤ ਵਜੇ ਤੋਂ ਸਵੇਰੇ ਛੇ ਵਜੇ ਤੱਕ ਚੱਲੇਗਾ। ਇਸ ਤੋਂ ਇਲਾਵਾ ਪੰਚਾਇਤ ਵਿਭਾਗ ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਪਿੰਡਾਂ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਨਿਗਰਾਨੀ ਲਈ ਵਿਭਾਗ ਦੇ ਸੱਤ ਡਿਪਟੀ ਡਾਇਰੈਕਟਰਾਂ ਨੂੰ ਵੱਖ ਵੱਖ ਜ਼ਿਲ੍ਹਿਆਂ ਦੇ ਨਿਗਰਾਨ ਨਿਯੁਕਤ ਕੀਤਾ ਹੈ।


Comments Off on ਲੋੜਵੰਦਾਂ ਨੂੰ ਖਾਣਾ ਅਤੇ ਦਵਾਈਆਂ ਮੁਹੱਈਆ ਕਰਾਉਣਗੀਆਂ ਪੰਚਾਇਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.