ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਲੋਕ ਗੀਤਾਂ ਵਿਚ ਸੱਭਿਆਚਾਰ ਦੀ ਵੰਨ-ਸੁਵੰਨਤਾ

Posted On March - 14 - 2020

ਡਾ. ਜਸਵਿੰਦਰ ਸਿੰਘ

ਪੰਜਾਬ ਦੇ ਲੋਕ ਗੀਤ ਪੰਜਾਬੀ ਲੋਕ ਸਾਹਿਤ ਦਾ ਪ੍ਰਮੁੱਖ ਅੰਗ ਹਨ। ਪੰਜਾਬ ਦਾ ਲੋਕ ਜੀਵਨ ਇਨ੍ਹਾਂ ਵਿਚ ਧੜਕਦਾ ਸਾਫ਼ ਨਜ਼ਰ ਆਉਂਦਾ ਹੈ। ਇਨ੍ਹਾਂ ਵਿਚ ਇੰਨੀ ਵੰਨ-ਸੁਵੰਨਤਾ ਹੈ ਕਿ ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਵਿਸ਼ਾ ਹੋਵੇ, ਜਿਸ ਬਾਰੇ ਪੰਜਾਬੀ ਵਿਚ ਲੋਕ ਗੀਤ ਨਾ ਮਿਲਦੇ ਹੋਣ। ਇਹ ਹਜ਼ਾਰਾਂ ਦੀ ਗਿਣਤੀ ਵਿਚ ਉਪਲੱਬਧ ਹਨ। ਪੰਜਾਬੀ ਆਪਣਾ ਸਾਰਾ ਜੀਵਨ ਹੀ ਨੱਚਦੇ ਗਾਉਂਦੇ ਬਤੀਤ ਕਰਦੇ ਹਨ। ਇਸੇ ਕਰਕੇ ਹਰ ਪੰਜਾਬੀ ਤੁਹਾਨੂੰ ਖ਼ੁਸ਼ੀਆਂ ਵੰਡਦਾ ਖਿੜੇ ਮੱੱਥੇ ਮਿਲੇਗਾ।
ਪੰਜਾਬੀ ਲੋਕ ਗੀਤਾਂ ਦਾ ਜਨਮ ਬੱਚੇ ਦੇ ਜਨਮ ਨਾਲ ਹੀ ਹੋ ਜਾਂਦਾ ਹੈ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਦਾਈ ਤੇ ਬਾਕੀ ਸਾਰੇ ਰਿਸ਼ਤੇਦਾਰ ਬੱਚੇ ਦੇ ਜਨਮ ਦੀ ਖ਼ੁਸ਼ੀ ਮਨਾਉਂਦੇ ਹਨ ਤਾਂ ਉਨ੍ਹਾਂ ਵੱਲੋਂ ਆਪ ਮੁਹਾਰੇ ਲੋਕ ਗੀਤ ਸਿਰਜੇ ਜਾਂਦੇ ਹਨ:
ਧੰਨ ਤੇਰੀ ਮਾਂ ਭਲੀ ਵੇ ਮਹਾਰਾਜ,
ਜਿਨ ਤੂੰ ਬੇਟੜਿਆ ਜਾਇਆ।
ਧੰਨ ਤੇਰੀ ਚਾਚੀ ਭਲੀ ਵੇ ਮਹਾਰਾਜ,
ਜਿਨ ਤੇਰਾ ਛੱਜ ਰਖਾਇਆ।
ਧੰਨ ਤੇਰੀ ਭੈਣ ਭਲੀ ਵੇ ਮਹਾਰਾਜ,
ਜਿਨ ਤੈਨੂੰ ਕੁੱਛੜ ਖਿਡਾਇਆ।
ਧੰਨ ਤੇਰੀ ਮਾਮੀ ਭਲੀ ਵੇ ਮਹਾਰਾਜ,
ਜਿਨ ਤੇਰਾ ਸੋਹਲੜਾ ਗਾਇਆ।
ਘਰ ਦਾ ਕੰਮ ਕਰਦੇ ਸਮੇਂ ਬੱਚੇ ਨੂੰ ਵਰਚਾਉਣ ਤੇ ਪਾਲਣ ਪੋਸ਼ਣ ਵਿਚ ਲੋਕ ਗੀਤ ‘ਲੋਰੀਆਂ’ ਰਾਹੀਂ ਮਾਂ ਦੀ ਸਹਾਇਤਾ ਕਰਦੇ ਹਨ:
ਸੌਂ ਜਾ ਕਾਕਾ ਤੂੰ, ਤੇਰੇ ਬੋਦੇ ਲੜ ਗਈ ਜੂੰ।
ਕੱਢਣ ਤੇਰੀਆਂ ਮਾਮੀਆਂ, ਕਢਾਉਣ ਵਾਲਾ ਤੂੰ।
ਪੰਜਾਬੀ ਜੀਵਨ ਦੇ ਸਭ ਤੋਂ ਚੰਗੇ ਸੱਭਿਆਚਾਰਕ ਪ੍ਰੋਗਰਾਮ ਮੁੰਡਿਆਂ ਕੁੜੀਆਂ ਦੇ ਵਿਆਹ ਤੇ ਮੰਗਣੇ ਦੇ ਸਮੇਂ ਹੁੰਦੇ ਹਨ। ਵਿਆਹ ਦੇ ਨਿਸ਼ਚਿਤ ਦਿਨ ਤੋਂ ਪਹਿਲਾਂ ਵਿਆਹ ਵਾਲੇ ਘਰ ਗੀਤ ਗਾਏ ਜਾਣ ਲੱਗ ਪੈਂਦੇ ਹਨ। ਵਿਆਹ ਵਿਚ ਜੰਝ ਤੇ ਲਾੜੇ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ। ਕੁੜੀ ਵਾਲਿਆਂ ਦੇ ਘਰ ਸੁਹਾਗ ਗਾਏ ਜਾਂਦੇ ਹਨ:
ਬੇਟੀ ਚੰਨਣ ਦੇ ਓਹਲੇ ਓਹਲੇ ਕਿਉਂ ਖੜ੍ਹੀ?
ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਬਾਰ
ਬਾਬਲ, ਵਰ ਲੋੜੀਏ।
ਲੜਕੇ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ:
ਨਿੱਕੀ ਨਿੱਕੀ ਕਣੀ ਨਿੱਕਿਆ ਮੀਂਹ ਵਰ੍ਹੇ।
ਮਾਤਾ ਬੁਲਾਵੇ ਨਿੱਕਿਆ ਆਓ ਘਰੇ।
ਪੰਜਾਬੀ ਲੋਕ ਗੀਤਾਂ ਵਿਚ ਪੰਜਾਬ ਦੀਆਂ ਰੁੱਤਾਂ, ਤਿਓਹਾਰਾਂ ਤੇ ਮੇਲਿਆਂ ਬਾਰੇ ਅਨੇਕਾਂ ਗੀਤ ਮਿਲਦੇ ਹਨ। ਲੋਹੜੀ, ਤੀਆਂ, ਹੋਲੀ, ਵਿਸਾਖੀ, ਬਸੰਤ ਆਦਿ ਮੌਕਿਆਂ ’ਤੇ ਵੀ ਗੀਤ ਗਾਏ ਜਾਂਦੇ ਹਨ। ਪੰਜਾਬ ਦੇ ਬਹੁਤੇ ਤਿਓਹਾਰ ਤੇ ਮੇਲੇ ਰੁੱਤਾਂ ਦੀ ਤਬਦੀਲੀ ਸਮੇਂ ਹੁੰਦੇ ਹਨ।
ਤੇਰੀ ਵੇ ਸੰਧੂਰੀ ਪੱਗ ਦੇ, ਸਾਨੂੰ ਮੱਸਿਆਂ ’ਚ ਪੈਣ ਭੁਲੇਖੇ।
ਮੇਲੇ ਦੇ ਭੰਗੜੇ ਵਿਚ ਗੱਭਰੂ ਵੰਨ-ਸੁਵੰਨੀਆਂ ਬੋਲੀਆਂ ਪਾਉਂਦੇ ਅਤੇ ਆਪਣੇ ਦਿਲ ਹੌਲੇ ਕਰਦੇ ਹਨ:
ਅੰਬਰਸਰ ਦੇ ਮੁੰਡੇ ਸੁਣੀਂਦੇ, ਪੱਗਾਂ ਬੰਨ੍ਹਦੇ ਹਰੀਆਂ।
ਮਾੜੀ ਕੁੜੀ ਨਾਲ ਵਿਆਹ ਨਾ ਕਰਾਉਂਦੇ,
ਵਿਆਹ ਕੇ ਲਿਆਉਂਦੇ ਪਰੀਆਂ।
ਕੋਲ ਵਿਚੋਲੇ ਦੇ, ਦੋ ਮੁਟਿਆਰਾਂ ਖੜ੍ਹੀਆਂ।
ਤੀਆਂ ਵਿਚ ਜਾਣ ਸਮੇਂ ਕੁੜੀਆਂ ਘਰਾਂ ਤੋਂ ਨਿਕਲ ਕੇ ਝੁੰਡ ਬਣਾ ਕੇ ਤੁਰੀਆਂ ਜਾਂਦੀਆਂ ਇਕ ਦੂਜੇ ਨੂੰ ਬੋਲੀ ਦੇ ਰੂਪ ਵਿਚ ਆਵਾਜ਼ਾਂ ਮਾਰਦੀਆਂ ਹਨ:
ਆਉਂਦੀ ਕੁੜੀਏ ਜਾਂਦੀ ਕੁੜੀਏ,
ਚੱਕ ਲਿਆ ਬਾਜ਼ਾਰ ਵਿਚੋਂ ਝਾਵੇਂ।
ਨੀਂ ਕਾਹਲੀ ਕਾਹਲੀ ਪੈਰ ਪੱਟ ਲੈ,
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ।
ਲੋਕ ਗੀਤਾਂ ਵਿਚ ਰਿਸ਼ਤਿਆਂ ਨਾਲ ਸਬੰਧਿਤ ਵੀ ਬਹੁਤ ਸਾਰੇ ਲੋਕ ਗੀਤ ਮਿਲਦੇ ਹਨ। ਪਿਓ-ਧੀ, ਮਾਂ-ਧੀ, ਭੈਣ-ਭਰਾ, ਨਣਦ-ਭਰਜਾਈ, ਨੂੰਹ-ਸੱਸ, ਪਤੀ-ਪਤਨੀ, ਜੇਠ-ਜਠਾਣੀ, ਨੂੰਹ-ਸਹੁਰਾ ਆਦਿ ਰਿਸ਼ਤਿਆਂ ਬਾਰੇ ਬਹੁਤ ਗੀਤ ਗਾਏ ਜਾਂਦੇ ਹਨ। ਪਿਓ-ਧੀ ਨਾਲ ਸਬੰਧਿਤ ਲੋਕ ਗੀਤ ਹਨ:
ਧੀਆਂ ਹੁੰਦੀਆਂ ਜੇ ਦੌਲਤਾਂ ਬੇਗਾਨੀਆਂ,
ਹੱਸ-ਹੱਸ ਤੋਰੀਂ ਬਾਬਲਾ।
ਭੈਣ-ਭਰਾ ਨਾਲ ਸਬੰਧਿਤ ਲੋਕ ਗੀਤ ਹਨ:
ਮੇਰੇ ਵੀਰ ਜਿਹਾ ਨਾ ਕੋਈ, ਦੁਨੀਆਂ ਲੱਖ ਵਸਦੀ।
ਦਿਉਰ-ਭਰਜਾਈ ਨਾਲ ਸਬੰਧਿਤ ਲੋਕ ਗੀਤ ਹਨ:
ਬਾਰੀ ਬਰਸੀ ਖਟਣੇ ਨੂੰ ਘੱਲਿਆ,
ਖੱਟ ਕੇ ਲਿਆਂਦਾ ਆਰਾ।
ਨੌਕਰ ਹੋ ਜਾਊਂਗਾ,
ਭਾਬੀ ਤੇਰਿਆਂ ਦੁੱਖਾਂ ਦਾ ਮਾਰਾ।
‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਵਾਲਾ ਅਖਾਣ ਪੰਜਾਬੀਆਂ ਦੀ ਬਹਾਦਰੀ ਦੀ ਹਾਮੀ ਭਰਦਾ ਹੈ। ਸ਼ੁਰੂ ਤੋਂ ਹੀ ਪੰਜਾਬ ਦੀ ਧਰਤੀ ਦੇ ਬੀਰ ਸਪੂਤ ਬਾਹਰਲੇ ਹਮਲਾਵਰਾਂ ਦਾ ਮੁਕਾਬਲਾ ਕਰਦੇ ਰਹੇ ਹਨ। ਜਿਸ ਕਾਰਨ ਇਨ੍ਹਾਂ ਵਿਚ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਹਰ ਹਮਲਾਵਰ ਦਾ ਇਨ੍ਹਾਂ ਨੇ ਡੱਟ ਕੇ ਮੁਕਾਬਲਾ ਕੀਤਾ ਹੈ। ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਇਨ੍ਹਾਂ ਨੇ ਮੂੰਹ ਤੋੜ ਜੁਆਬ ਦਿੱਤਾ। ਇਸੇ ਟਾਕਰੇ ਸਦਕਾ ਹੀ ਪੰਜਾਬੀਆਂ ਵਿਚ ਸੂਰਬੀਰਤਾ, ਬਹਾਦਰੀ ਤੇ ਦੇਸ਼ ਭਗਤੀ ਘਰ ਕਰ ਗਈ। ਲੋਕ ਗੀਤਾਂ ਵਿਚ ਵੀ ਬੀਰ ਭਾਵਨਾ ਵੱਡੀ ਮਾਤਰਾ ਵਿਚ ਮਿਲਦੀ ਹੈ। ਪੰਜਾਬਣਾਂ ਆਪਣੇ ਢੋਲ ਸਿਪਾਹੀਆਂ ਨੂੰ ਬੜੇ ਚਾਅ ਨਾਲ ਲੜਾਈਆਂ ਵਿਚ ਭੇਜਦੀਆਂ ਆਖ ਰਹੀਆਂ ਹਨ:
ਜਾ ਵੇ ਸਿਪਾਹੀਆ ਜਾਵੀਂ ਛੇਤੀ, ਬਹੁਤੀ ਦੇਰ ਨਾ ਲਾਈਂ।
ਸ਼ੇਰਾਂ ਵਾਂਗੂ ਪਾਲੀ ਅਣਖ ਨੂੰ, ਪਿੱਠ ਨਾ ਕਦੇ ਵਿਖਾਈਂ।
ਪੰਜਾਬ ਵਿਚ ਅਨੇਕਾਂ ਧਰਮ ਅਤੇ ਪੀਰ ਫਕੀਰ ਹੋਏ ਹਨ, ਜਿਨ੍ਹਾਂ ਦੀਆਂ ਰਹੁ-ਰੀਤਾਂ ਤੇ ਪੂਜਾ ਵਿਧੀਆਂ ਨਿਵੇਕਲੀਆਂ ਹਨ। ਵੱਖੋ-ਵੱਖ ਧਰਮਾਂ ਦੇ ਲੋਕ ਸਾਰਿਆਂ ਧਰਮਾਂ ਦੇ ਦਿਨ-ਤਿਓਹਾਰ ਸਾਂਝੇ ਤੌਰ ’ਤੇ ਮਨਾਉਂਦੇ ਆਏ ਹਨ। ਪੰਜਾਬੀ ਲੋਕ ਗੀਤਾਂ ਵਿਚ ਵੀ ਇਹ ਸਾਂਝ ਦੇਖਣ ਨੂੰ ਮਿਲਦੀ ਹੈ।
ਦੇਵੀ ਦੀ ਮੈਂ ਕਰਾਂ ਕੜਾਹੀ ਪੀਰ ਫਕੀਰ ਧਿਆਵਾਂ।
ਹੈਦਰ ਸ਼ੇਖ ਦਾ ਦੇਵਾਂ ਬੱਕਰਾ ਨੰਗੇ ਪੈਰੀਂ ਜਾਵਾਂ।
ਹਨੂੰਮਾਨ ਦੀ ਦੇਵਾਂ ਮੰਨੀ, ਰਤੀ ਫਰਕ ਨਾ ਪਾਵਾਂ।
ਨੀਂ ਮਾਤਾ ਭਗਤੀਏ, ਮੈਂ ਤੇਰਾ ਜਸ ਗਾਵਾਂ।
ਉਪਰੋਕਤ ਵਿਸ਼ਲੇਸ਼ਣ ਤੋਂ ਸਪੱਸ਼ਟ ਹੈ ਕਿ ਲੋਕ ਗੀਤ ਪੰਜਾਬੀਆਂ ਦੇ ਰੋਮ-ਰੋਮ ਵਿਚ ਰਚੇ ਹੋਏ ਹਨ। ਉਨ੍ਹਾਂ ਦਾ ਕੋਈ ਅਜਿਹਾ ਮੌਕਾ ਨਹੀਂ, ਜਿੱਥੇ ਲੋਕ ਗੀਤ ਨਾ ਗਾਏ ਜਾਂਦੇ ਹੋਣ। ਪੰਜਾਬੀ ਲੋਕ ਗੀਤ ਪੰਜਾਬੀ ਜੀਵਨ ਤੇ ਸੱਭਿਆਚਾਰ ਦਾ ਦਰਪਣ ਹਨ। ਪੰਜਾਬ ਦੇ ਲੋਕਾਂ ਦੀ ਇਹ ਆਤਮਾ ਹਨ।

ਸੰਪਰਕ: +65 98951996


Comments Off on ਲੋਕ ਗੀਤਾਂ ਵਿਚ ਸੱਭਿਆਚਾਰ ਦੀ ਵੰਨ-ਸੁਵੰਨਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.